ਡਾ. ਗੁਰਵਿੰਦਰ ਸਿੰਘ
ਕੈਨੇਡਾ ਵਿਚ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਦੀਆਂ ਮਿਸਾਲਾਂ ਪੰਜਾਬ ਦੀ ਧਰਤੀ ’ਤੇ ਵੀ ਦਿੱਤੀਆਂ ਜਾਂਦੀਆਂ ਹਨ। ਇੱਥੇ ਵਸਦੇ ਪੰਜਾਬੀਆਂ ਅੰਦਰ ਮਾਂ ਬੋਲੀ ਲਈ ਪਿਆਰ ਦੀ ਗੱਲ ਕਰਦਿਆਂ ਆਮ ਕਿਹਾ ਜਾਂਦਾ ਹੈ ਕਿ ਕੈਨੇਡਾ ਵਿਚ ‘ਦੂਜਾ ਪੰਜਾਬ’ ਵੱਸਦਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਸੌ ਸਾਲ ਤੋਂ ਵੱਧ ਸਮੇਂ ਤੋਂ ਇੱਥੇ ਵਸੇ ਪੰਜਾਬੀਆਂ ਨੇ ਆਪਣੀ ਬੋਲੀ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ। ਇੱਥੋਂ ਦੇ ਕਈ ਸ਼ਹਿਰਾਂ ’ਚ ਪੰਜਾਬ ਤੋਂ ਆਇਆ ਕੋਈ ਵਿਅਕਤੀ ਜਦੋਂ ਘਰੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਭੁਲੇਖਾ ਪੈਣ ਲੱਗ ਪੈਂਦਾ ਹੈ ਕਿ ਉਹ ਸ਼ਾਇਦ ਪੰਜਾਬ ਦੇ ਕਿਸੇ ਸ਼ਹਿਰ ’ਚ ਘੁੰਮ ਰਿਹਾ ਹੋਵੇ।
ਕੈਨੇਡਾ ਦੀਆਂ ਵੱਖ- ਵੱਖ ਸਮੇਂ ਦੀਆਂ ਮਰਦਮਸ਼ੁਮਾਰੀਆਂ ਦੇ ਅੰਕੜੇ ਇੱਥੇ ਪੰਜਾਬੀ ਦੀ ਤਰੱਕੀ ਦੀ ਗਵਾਹੀ ਭਰਦੇ ਹਨ। ਇਨ੍ਹਾਂ ਅਨੁਸਾਰ ਪਿਛਲੇ ਤਿੰਨ ਦਹਾਕਿਆਂ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕੈਨੇਡਾ ਦੀ ਕੁੱਲ ਗਿਣਤੀ ਦੇ ਹਿਸਾਬ ਨਾਲ 0.43 ਫੀਸਦੀ ਤੋਂ ਵਧ ਕੇ 1.7 ਫੀਸਦੀ ਦੇ ਨੇੜੇ ਜਾ ਪਹੁੰਚੀ ਹੈ। ਜੇਕਰ ਕੈਨੇਡਾ ’ਚ ਪੰਜਾਬੀਆਂ ਵੱਲੋਂ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਹ 1991 ਵਿਚ 113, 220 (0.43%), 1996 ਵਿਚ 201, 780 (0.70%), 2001 ਵਿਚ 271, 200 (0.90%), 2006 ਵਿਚ 367, 505 (1.18%), 2011 ਵਿਚ 459,990 (1.30 %) ਅਤੇ 2016 ਵਿਚ 543, 495 (1.7%) ਤਕ ਪਹੁੰਚ ਚੁੱਕੀ ਹੈ।
ਅੰਕੜਿਆਂ ਦੇ ਹਿਸਾਬ ਨਾਲ ਅਸੀਂ ਬਹੁਤ ਖ਼ੁਸ਼ ਹੁੰਦੇ ਹਾਂ ਕਿ ਪੰਜਾਬੀ ਕੈਨੇਡਾ ’ਚ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਹੀ ਹੈ, ਜਿਵੇਂ ਕਿ ਆਮ ਹੀ ਪ੍ਰਚਾਰਿਆਂ ਜਾਂਦਾ ਹੈ, ਪਰ ਇਹ ਸਹੀ ਨਹੀਂ ਹੈ। ਇਹ ਵੀ ਆਮ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਕੈਨੇਡਾ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਬੋਲੀ ਹੈ। ਪਹਿਲਾਂ ਪੰਜਾਬੀ ਦਾ ਸਥਾਨ ਤੀਜਾ ਜ਼ਰੂਰ ਹੁੰਦਾ ਸੀ, ਪਰ ਹੁਣ ਇਹ ਨਹੀਂ ਰਿਹਾ, ਜਿਸ ਦੀ ਸਹੀ ਤਸਵੀਰ ਪੰਜਾਬੀਆਂ ਤਕ ਪਹੁੰਚਾਉਣੀ ਜ਼ਰੂਰੀ ਹੈ।
ਹੁਣ ਕੈਨੇਡਾ ’ਚ ਪੰਜਾਬੀ ਬੋਲੀ ਤੀਜੇ ਸਥਾਨ ਤੋਂ ਖਿਸਕ ਕੇ ਪੰਜਵੇਂ ’ਤੇ ਪਹੁੰਚ ਗਈ ਹੈ। ਬੋਲੀ ਆਧਾਰਿਤ ਅੰਕੜਿਆਂ ਅਨੁਸਾਰ 2011 ਦੀ ਜਨਗਣਨਾ ਅਨੁਸਾਰ ਅੰਗਰੇਜ਼ੀ ਤੇ ਫਰੈਂਚ ਮਗਰੋਂ ਇੰਮੀਗਰੰਟ ਭਾਈਚਾਰਿਆਂ ਦੀਆਂ ਮਾਂ ਬੋਲੀਆਂ ਦੀ ਸੂਚੀ ’ਚ ਪੰਜਾਬੀ ਪਹਿਲੇ ਥਾਂ ’ਤੇ ਸੀ, ਭਾਵ ਕੁੱਲ ਮਿਲਾ ਕੇ ਕੈਨੇਡਾ ਵਿਚ ਤੀਜੇ ਸਥਾਨ ’ਤੇ। 2011 ਦੇ ਅੰਕੜਿਆਂ ਮੁਤਾਬਿਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 459,990 ਸੀ, ਜਦੋਂਕਿ ਚੀਨੀ ਭਾਈਚਾਰੇ ਵੱਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚ ਕੈਂਟਨੀਜ਼ ਬੋਲਣ ਵਾਲੇ 388,935 ਅਤੇ ਮੈਂਡਰੀਨ ਬੋਲਣ ਵਾਲੇ 255,160 ਸਨ, ਪਰ ਪੰਜ ਸਾਲਾਂ ਮਗਰੋਂ 2016 ਦੇ ਅੰਕੜਿਆਂ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 543,495 ਹੋ ਗਈ ਤੇ ਪੰਜ ਸਾਲਾਂ ਵਿਚ ਸਿਰਫ਼ 85,505 ਹੋਰ ਪੰਜਾਬੀਆਂ ਨੇ ਹੀ ਮਾਂ ਬੋਲੀ ਪੰਜਾਬੀ ਲਿਖਵਾਈ। ਦੂਜੇ ਪਾਸੇ ਮੈਂਡਰੀਨ ਬੋਲਣ ਵਾਲੇ 610,835 ਅਤੇ ਕੈਂਟਨੀਜ਼ ਬੋਲਣ ਵਾਲੇ 594,030 ਦੀ ਗਿਣਤੀ ਤਕ ਪਹੁੰਚ ਗਏ। ਇਉਂ ਪੰਜਾਬੀ ਬੋਲਣ ਵਾਲੇ ਤੀਜੇ ਥਾਂ ਤੋਂ ਪੰਜਵੇਂ ’ਤੇ ਆ ਪਹੁੰਚੇ ਹਨ, ਜਦੋਂਕਿ ਤੀਜੀ ਤੇ ਚੌਥੀ ਥਾਂ ਮੈਂਡਰੀਨ ਤੇ ਕੈਂਟਨੀਜ਼ ਨੇ ਲੈ ਲਈ ਹੈ। ਛੇਵੇਂ ਤੇ ਸੱਤਵੇਂ ਥਾਂ ’ਤੇ ਕ੍ਰਮਵਾਰ ਫਿਲਪੀਨੋ ਭਾਈਚਾਰੇ ਦੀ ਬੋਲੀ ਟੈਗਾਲੋਗ (510,420) ਅਤੇ ਸਪੈਨਿਸ਼ (495,090) ਆਉਂਦੀਆਂ ਹਨ। ਪੰਜਾਬੀ ਬੋਲਣ ਵਾਲਿਆਂ ਦੀ ਲਗਾਤਾਰ ਘੱਟ ਰਹੀ ਗਿਣਤੀ ਕੁੱਲ ਪੰਜਾਬੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ।
ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ’ਤੇ ‘ਜਸ਼ਨ’ ਮਨਾਉਣ ਨਾਲੋਂ ਇਸ ਗੱਲ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਕਾਰਨ ਹੈ ਕਿ ਕੈਨੇਡਾ ’ਚ ਪੰਜਾਬੀਆਂ ਦੀ ਗਿਣਤੀ ਤਾਂ ਬੜੀ ਤੇਜ਼ੀ ਨਾਲ ਵਧ ਰਹੀ ਹੈ, ਪਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪੱਛੜ ਰਹੀ ਹੈ। ਇਨ੍ਹਾਂ ਕਾਰਨਾਂ ਨੂੰ ਖੁੱਲ੍ਹੇ ਮਨ ਨਾਲ ਵਿਚਾਰਨ ਦੀ ਲੋੜ ਹੈ ਤੇ ਇਹ ਵੀ ਵਿਚਾਰਨਾ ਜ਼ਰੂਰੀ ਹੈ ਕਿ ਅੱਜ ਹਾਲਾਤ ਹੋਰ ਵੀ ਚਿੰਤਾਜਨਕ ਬਣਦੇ ਜਾ ਰਹੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਮਰਦਸ਼ਸ਼ੁਮਾਰੀ ਸਮੇਂ ਪੰਜਾਬੀਆਂ ਵੱਲੋਂ ਮਾਂ ਬੋਲੀ ਲਿਖਵਾਉਣ ਲਈ ਉਤਸ਼ਾਹ ਓਨਾ ਨਹੀਂ ਦਿਸਦਾ, ਜਿੰਨਾ ਹੋਣਾ ਚਾਹੀਦਾ ਹੈ। ਕੈਨੇਡਾ ਦੇ ਪੰਜਾਬੀ ਮੀਡੀਆ ਵੱਲੋਂ ਵਾਰ-ਵਾਰ ਪ੍ਰਚਾਰਨ ਦੇ ਬਾਵਜੂਦ ਬਹੁਤ ਸਾਰੇ ਪੰਜਾਬੀ ਮਰਦਮਸ਼ੁਮਾਰੀ ਮੌਕੇ ਫਾਰਮ ਭਰਨ ਦੌਰਾਨ ਆਪਣੀ ਮਾਂ ਬੋਲੀ ਲਿਖਵਾਉਣ ਤੋਂ ਹੀ ਘੇਸਲ ਮਾਰ ਜਾਂਦੇ ਹਨ। ਜੇ ਰੁਝਾਨ ਇਹੀ ਰਿਹਾ ਤਾਂ 2021 ਦੀ ਮਰਦਸਸ਼ੁਮਾਰੀ ਵਿਚ ਪੰਜਾਬੀ ਬੋਲੀ ਦਾ ਪੰਜਵਾਂ ਸਥਾਨ ਵੀ ਖੁੱਸਣ ’ਚ ਦੇਰ ਨਹੀਂ ਲੱਗਣੀ।
ਦੂਜੀ ਗੱਲ ਇਹ ਹੈ ਕਿ ਪੰਜਾਬੀ ਕੈਨੇਡਾ ’ਚ ਅਜੇ ਵੀ ਵਿਦੇਸ਼ੀ ਭਾਸ਼ਾ ਹੀ ਹੈ, ਇਹ ਕੈਨੇਡੀਅਨ ਭਾਸ਼ਾ ਵਜੋਂ ਮਾਨਤਾ ਹਾਸਲ ਨਹੀਂ ਕਰ ਸਕੀ। ਇਹ ਗੱਲ ਜ਼ਿਕਰਯੋਗ ਹੈ ਕਿ ਕੈਨੇਡਾ ’ਚ ਦੋ ਮੁੱਖ ਭਾਸ਼ਾਵਾਂ ਅੰਗਰੇਜ਼ੀ ਤੇ ਫਰੈਂਚ ਦਫ਼ਤਰੀ ਰੂਪ ’ਚ ਸਰਕਾਰੀ ਭਾਸ਼ਾਵਾਂ ਹਨ, ਪਰ ਇੱਥੇ ਰਾਸ਼ਟਰੀ ਭਾਸ਼ਾ ਦੇ ਨਾਂ ’ਤੇ ਝਗੜੇ ਖੜ੍ਹੇ ਕਰਨ ਵਾਲਾ ਅਜਿਹਾ ਕੋਈ ਰੇੜਕਾ ਨਹੀਂ, ਜਿਵੇਂ ਕਿ ਭਾਰਤ ’ਚ ਹਿੰਦੀ ਨੂੰ ਲੈ ਕੇ ‘ਇਕ ਭਾਸ਼ਾ ਤੇ ਇਕ ਰਾਸ਼ਟਰ’ ਆਦਿ ਦੇ ਬੇਤੁਕੇ ਨਾਅਰੇ ਲਾਏ ਜਾਂਦੇ ਹਨ। ਇੱਥੇ ਚੁਣੌਤੀ ਇਹ ਹੈ ਕਿ ਇੰਮੀਗਰੰਟ ਭਾਈਚਾਰੇ ਦੀ ਬੋਲੀ ਹੋਣ ਕਾਰਨ ਪੰਜਾਬੀ ਅਜੇ ਵੀ ਸੰਘਰਸ਼ ਦੇ ਦੌਰ ’ਚੋਂ ਗੁਜ਼ਰ ਰਹੀ ਹੈ।
ਅੱਜ ਕੈਨੇਡਾ ’ਚ ਵਸਦੇ ਪੰਜਾਬੀ ਜੇਕਰ ਆਪਣੀ ਨਾਗਰਿਕਤਾ ਕਾਰਨ ਕੈਨੇਡੀਅਨ ਹਨ ਤਾਂ ਫਿਰ ਉਨ੍ਹਾਂ ਦੀ ਬੋਲੀ ਵਿਦੇਸ਼ੀ ਕਿਵੇਂ ਹੋਈ? ਜੇਕਰ ਪਾਰਲੀਮੈਂਟ ’ਚ ਪੰਜਾਬੀਆਂ ਦੀ ਗਿਣਤੀ ਡੇਢ ਦਰਜਨ ਹੈ ਤੇ ਕਈ ਸੂਬਿਆਂ ’ਚ ਵੀ ਪੰਜਾਬੀ ਸਿਆਸਤਦਾਨਾਂ ਦਾ ਬੋਲਬਾਲਾ ਹੈ, ਫਿਰ ਉਹ ਆਪਣੀ ਮਾਂ ਬੋਲੀ ਪੰਜਾਬੀ ਲਈ ਦ੍ਰਿੜ ਇਰਾਦਾ ਕਿਉਂ ਨਹੀਂ ਰੱਖਦੇ? ਯਕੀਨੀ ਤੌਰ ’ਤੇ ਜੇਕਰ ਸਾਡੇ ਰਾਜਸੀ ਲੀਡਰ ਪ੍ਰਣ ਕਰਨ ਕਿ ਉਨ੍ਹਾਂ ਪੰਜਾਬੀ ਨੂੰ ਕੈਨੇਡੀਅਮ ਬੋਲੀ ਵਜੋਂ ਮਾਨਤਾ ਦਿਵਾਉਣੀ ਹੈ ਤੇ ਵਿਦੇਸ਼ੀ ਬੋਲੀ ਨਹੀਂ ਰਹਿਣ ਦੇਣਾ ਤਾਂ ਪੰਜਾਬੀ ਵੀ ਕੈਨੇਡਾ ’ਚ ਬੇਗਾਨੀ ਨਹੀਂ ਰਹੇਗੀ ਤੇ ਉਹ ਕੈਨੇਡਾ ਦੀ ਬੋਲੀ ਵਜੋਂ ਮਾਨਤਾ ਹਾਸਲ ਕਰ ਲਵੇਗੀ।
ਤੀਜੀ ਗੱਲ, ਪੰਜਾਬੀ ਮਾਪਿਆਂ ’ਤੇ ਆਉਂਦੀ ਹੈ। ਜੇਕਰ ਬੀ.ਸੀ. ਸੂਬੇ ਦੀ ਹੀ ਗੱਲ ਕਰੀਏ ਤਾਂ ਇੱਥੋਂ ਦੇ ਸਾਬਕਾ ਵਿੱਦਿਆ ਮੰਤਰੀ ਮਨਮੋਹਣ ਸਿੰਘ ਮੋਅ ਸਹੋਤਾ ਦੇ ਉੱਦਮ ਨਾਲ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲ ਗਿਆ ਸੀ ਤੇ ਪੰਜਾਬੀ ਸਕੂਲਾਂ ’ਚ ਪੜ੍ਹਾਉਣ ਦਾ ਰਾਹ ਪੱਧਰ ਹੋ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਪੜ੍ਹਾਉਣ ਵਾਲੇ ਸਕੂਲ, ਅਕਾਦਮੀਆਂ ਤੇ ਹੋਰ ਅਦਾਰੇ ਆਪੋ- ਆਪਣੇ ਉਪਰਾਲੇ ਕਰ ਲਹੇ ਹਨ, ਪਰ ਪਬਲਿਕ ਸਕੂਲਾਂ ’ਚ ਪੰਜਾਬੀ ਪੜ੍ਹਾਏ ਜਾਣ ਲਈ ਬੱਚਿਆਂ ਦਾ ਨਾਂ ਪੰਜਾਬੀ ਲਈ ਖਾਸ ਤੌਰ ’ਤੇ ਦਾਖਲ ਕਰਨ ਦੀ ਲੋੜ ਹੁੰਦੀ ਹੈ। ਦੁੱਖ ਇਸ ਗੱਲ ਦਾ ਹੈ ਕਿ ਲਗਾਤਾਰ ਪ੍ਰਚਾਰ ਦੇ ਬਾਵਜੂਦ ਲੋੜੀਂਦੀ ਗਿਣਤੀ ਤਕ ਨਾਂ ਰਜਿਸਟਰ ਨਹੀਂ ਹੁੰਦੇ ਤੇ ਪੰਜਾਬੀ ਪੜ੍ਹਾਉਣ ਦਾ ਮੌਕਾ ਹੱਥੋਂ ਖੁੰਝ ਜਾਂਦਾ ਹੈ। ਇੱਥੇ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਅੰਦਰ ਉਤਸ਼ਾਹ ਦੀ ਘਾਟ ਵੱਡਾ ਨੁਕਸਾਨ ਕਰਵਾ ਰਹੀ ਹੈ ਤੇ ਪੰਜਾਬੀ ਪੜ੍ਹਾਉਣ ਦੀ ਮਿਲ ਰਹੀ ਸਹੂਲਤ ਤੋਂ ਬੱਚੇ ਵਾਂਝੇ ਰਹਿ ਰਹੇ ਹਨ। ਉਂਜ ਸਰਕਾਰੀ ਪਹੁੰਚ ਦੀ ਵੀ ਇਹ ਖੋਟ ਹੈ ਕਿ ਬੱਚਿਆਂ ਦੀ ਗਿਣਤੀ ਦੀ ਸ਼ਰਤ ਲਾ ਕੇ ‘ਗੱਡੇ ਨਾਲ ਕੱਟਾ ਬੰਨ੍ਹਣ’ ਵਾਲੀ ਨੀਤੀ ਵਰਤੀ ਜਾ ਰਹੀ ਹੈ ਤੇ ਇਹ ਸ਼ਰਤ ਹਟਾਉਣ ਲਈ ਵੀ ਕਦਮ ਚੁੱਕਣੇ ਚਾਹੀਦੇ ਹਨ।
ਕੈਨੇਡਾ ’ਚ ਪੰਜਾਬੀ ਬੋਲੀ ਲਈ ਸਭ ਤੋਂ ਵੱਧ ਚਿੰਤਾ ਦੀ ਗੱਲ ਅੱਜ ਇਹ ਹੈ ਕਿ ਇੱਥੇ ਪੰਜਾਬੀ ਨੂੰ ਗਿਣੇ-ਮਿੱਥੇ ਢੰਗ ਨਾਲ ਖੂੰਜੇ ਲਾਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਪੰਜਾਬੀ ਬੋਲੀ ਦੇ ਨਾਂ ’ਤੇ ਪੰਜਾਬੀ ਸੂਬਾ ਬਣਨ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਤੇ ਫਿਰਕੂ ਵਿਚਾਰ ਪੰਜਾਬੀ ਵਿਚ ਜ਼ੋਰ ਫੜ ਰਹੇ ਸਨ, ਅੱਜ ਉਹੀ ਸਥਿਤੀ ਕੈਨੇਡਾ ਵਿਚ ਬਣਦੀ ਜਾ ਰਹੀ ਹੈ। ਕੈਨੇਡਾ ’ਚ ਜੇਕਰ ਸੰਘਣੀ ਪੰਜਾਬੀ ਵਸੋਂ ਵਾਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਿੱਖ, ਹਿੰਦੂ, ਮੁਸਲਮਾਨ ਭਾਵ ਵੱਖ – ਵੱਖ ਧਰਮਾਂ, ਰੰਗਾਂ, ਨਸਲਾਂ ਤੇ ਫਿਰਕਿਆਂ ਦੇ ਲੋਕ ਵਸਦੇ ਹਨ। ਇੱਥੋਂ ਤਕ ਕਿ ‘ਭਾਰਤੀ ਪੰਜਾਬੀ’ ਤੇ ‘ਪਾਕਿਸਤਾਨੀ ਪੰਜਾਬੀ’ ਵਾਲਾ ਫ਼ਰਕ ਵੀ ਇੱਥੇ ਨਜ਼ਰ ਨਹੀਂ ਆਉਂਦਾ, ਬਲਕਿ ਸਾਰੇ ਪੰਜਾਬੀ ‘ਕੈਨੇਡੀਅਨ ਪੰਜਾਬੀ’ ਹੀ ਅਖਵਾਉਂਦੇ ਹਨ। ਉਂਜ ਵੀ ਅਸੀਂ ਅਕਸਰ ਆਖਦੇ ਹਾਂ ਕਿ ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਸੰਖਿਆ ਚੜ੍ਹਦੇ ਪੰਜਾਬ ਨਾਲੋਂ ਕਿਤੇ ਵੱਧ ਹੈ। ਕੈਨੇਡਾ ਵਿਚ ਪੰਜਾਬੀ ਆਬਾਦੀ ਵਾਲੇ ਸ਼ਹਿਰਾਂ ’ਚ ਵਸਣ ਵਾਲੇ ਲਹਿੰਦੇ ਪੰਜਾਬ ਦੇ ਪੰਜਾਬੀ, ਜ਼ਿਆਦਾਤਰ ਲਾਹੌਰ ਦੇ ਨੇੜੇ-ਤੇੜੇ ਦੇ ਹੀ ਹਨ। ਉਨ੍ਹਾਂ ’ਚੋਂ ਵਧੇਰੇ ਬੋਲਦੇ ਵੀ ਪੰਜਾਬੀ ਹੀ ਹਨ, ਪਰ ਸਭ ਤੋਂ ਵੱਧ ਦੁੱਖ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਜਦੋਂ ਉਨ੍ਹਾਂ ਮਾਂ ਬੋਲੀ ਲਿਖਵਾਉਣੀ ਹੁੰਦੀ ਹੈ ਤਾਂ ਇੱਕਾ-ਦੁੱਕਾ ਨੂੰ ਛੱਡ ਕੇ ਕੋਈ ਵੀ ਮਾਂ ਬੋਲੀ ਪੰਜਾਬੀ ਨਹੀਂ ਲਿਖਦਾ ਅਤੇ ਜ਼ਿਆਦਾਤਰ ਉਰਦੂ ਹੀ ਲਿਖਦੇ ਹਨ। ਉਨ੍ਹਾਂ ਵੱਲੋਂ ਪੰਜਾਬੀ ਹੋਣ ਅਤੇ ਪੰਜਾਬੀ ਬੋਲਣ ਦੇ ਬਾਵਜੂਦ ਮਾਂ ਬੋਲੀ ਪੰਜਾਬੀ ਨਾ ਲਿਖਵਾਉਣਾ ਕੈਨੇਡਾ ’ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਨੂੰ ਭਾਰੀ ਸੱਟ ਮਾਰ ਰਿਹਾ ਹੈ।
ਹੁਣ ਗੱਲ ਕਰੀਏ ਭਾਰਤੀ ਪੰਜਾਬ ਦੇ ਕੈਨੇਡਾ ਵਸਦੇ ਭਾਈਚਾਰਿਆਂ ਦੀ। ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ’ਚ ਪੰਜਾਬ ਦੇ ਪਿੰਡਾਂ- ਸ਼ਹਿਰਾਂ ਨਾਲ ਸਬੰਧਿਤ ਸਿੱਖ ਤੇ ਹਿੰਦੂ ਹੀ ਵਧੇਰੇ ਹਨ, ਜਦੋਂਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆਏ ਪਰਵਾਸੀ ਭਾਰਤੀ ਭਾਈਚਾਰੇ ’ਚੋਂ ਵੀ ਕੇਰਲਾ, ਤਾਮਿਲ, ਗੁਜਰਾਤੀ, ਬੰਗਾਲੀ ਆਦਿ ਵਸਦੇ ਹਨ, ਜਿਨ੍ਹਾਂ ਦੀਆਂ ਆਪਣੀਆਂ ਭਾਸ਼ਾਵਾਂ ਹਨ। ਉਹ ਕੈਨੇਡਾ ਤੇ ਭਾਰਤ ਵਿਚ ਵੀ ਉਨ੍ਹਾਂ ਭਾਸ਼ਾਵਾਂ ਨੂੰ ਹੀ ਮਾਨਤਾ ਦਿੰਦੇ ਹਨ। ਇਨ੍ਹਾਂ ਦੇ ਮੁਕਾਬਲਤਨ ਯੂ.ਪੀ., ਬਿਹਾਰ, ਮੱਧ ਪ੍ਰਦੇਸ਼ ਆਦਿ ਸੂਬਿਆਂ ’ਚੋਂ ਕੈਨੇਡਾ ਵਸਣ ਵਾਲਿਆਂ ਦੀ ਗਿਣਤੀ ਘੱਟ ਹੈ, ਜਿਹੜੇ ਹਿੰਦੀ ਨੂੰ ਆਪਣੀ ਮਾਂ ਬੋਲੀ ਸਵਿਕਾਰਦੇ ਹਨ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਅੰਦਰਲੇ ਭਾਰਤੀ ਸਫ਼ਾਰਤਖ਼ਾਨੇ ਹਿੰਦੀ ਨੂੰ ਮੁਫ਼ਤ ਪੜ੍ਹਾਉਣ ਲਈ ਤਾਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਜਦੋਂਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੰਜਾਬੀ ਨਾਲ ਵਿਤਕਰਾ ਕਰ ਰਹੇ ਹਨ। ਅੱਜਕੱਲ੍ਹ ਇਹ ਰੁਝਾਨ ਭਾਰਤ ਅੰਦਰ ਫੈਲ ਰਹੇ ਹਿੰਦੂਤਵ ਦੇ ਏਜੰਡੇ ਕਾਰਨ ਕੈਨੇਡਾ ਵਿਚ ਵੀ ਏਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਪੰਜਾਬ ਦੇ ਮੋਗਾ, ਬਠਿੰਡਾ, ਬਰਨਾਲਾ ਆਦਿ ਨਾਲ ਸਬੰਧਤ ਠੇਠ ਪੰਜਾਬੀ ਬੋਲਣ ਵਾਲੇ ਹਿੰਦੂ ਭਾਈਚਾਰੇ ਦੇ ਪੰਜਾਬੀ ਵੀ ਇਸਦਾ ਸ਼ਿਕਾਰ ਹੋ ਰਹੇ ਹਨ।
ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਸਥਾਨਕ ਮੰਦਰਾਂ ਵਿਚ ਹਿੰਦੀ ਸਕੂਲ ਸਥਾਪਿਤ ਕਰਕੇ, ਹਿੰਦੀ ਪੜ੍ਹਾਉਣ ਦਾ ਰੁਝਾਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਪਹਿਲਾਂ ਏਨਾ ਨਹੀਂ ਸੀ। ਇਨ੍ਹਾਂ ਧਾਰਮਿਕ ਸਥਾਨਾਂ ਦੇ ਸਾਰੇ ਪ੍ਰਬੰਧਕ ਪੰਜਾਬ ਤੋਂ ਆ ਕੇ ਹੀ ਕੈਨੇਡਾ ਵਸੇ ਹਨ, ਪਰ ਉਨ੍ਹਾਂ ਵੱਲੋਂ ਵੀ ਆਪਣੀ ਮਾਂ ਬੋਲੀ ਪੰਜਾਬੀ ਨਾ ਲਿਖਵਾ ਕੇ ਹਿੰਦੀ ਲਿਖਵਾਉਣ ਦਾ ਫੈਸਲਾ ਪੰਜਾਬੀ ਬੋਲੀ ਨਾਲ ਵਿਸ਼ਵਾਸਘਾਤ ਸਿੱਧ ਹੋ ਰਿਹਾ ਹੈ। ਭਾਰਤੀ ਸਿਆਸਤ ’ਚ ਵਧ ਰਿਹਾ ਫਾਸ਼ੀਵਾਦ, ਧਰੁਵੀਕਰਨ ਅਤੇ ‘ਇਕ ਬੋਲੀ ਤੇ ਇਕ ਰਾਸ਼ਟਰ’ ਦਾ ਨਾਅਰਾ ਕੈਨੇਡਾ ’ਚ ਪੰਜਾਬੀ ਬੋਲੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਸਭ ਤੋਂ ਵੱਧ ਘਾਤਕ ਬਣ ਰਿਹਾ ਹੈ। ਕੈਨੇਡਾ ’ਚ ਹੀ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਦਿੱਤਾ ਵਿਵਾਦਗ੍ਰਸਤ ਬਿਆਨ ‘ਇਕ ਬੋਲੀ ਇਕ ਦੇਸ਼’ ਅਤੇ ‘ਮਾਂ- ਮਾਸੀ’ ਦਾ ਰੇੜਕਾ ਖੜ੍ਹਾ ਕਰਨ ਦੀ ਗਿਣੀ ਮਿੱਥੀ ਸਾਜ਼ਿਸ਼ ਵੀ ਪੰਜਾਬੀ ਮਾਂ ਬੋਲੀ ਦੀ ਪਿੱਠ ’ਚ ਛੁਰਾ ਮਾਰਨ ਅਤੇ ਪੰਜਾਬੀਆਂ ਅੰਦਰ ਬੋਲੀ ਦੇ ਆਧਾਰ ’ਤੇ ਪਾੜਾ ਪਾਉਣ ਵਾਲਾ ਘਾਤਕ ਪ੍ਰਚਾਰ ਹੋ ਨਿੱਬੜਿਆ ਹੈ।
ਕੈਨੇਡਾ ਵਾਸਦੇ ਪੰਜਾਬੀਆਂ ਨੂੰ ਇਨ੍ਹਾਂ ਵਲਗਣਾਂ ਤੋਂ ਉੱਪਰ ਉਠ ਕੇ ਸੱਚ ’ਤੇ ਪਹਿਰਾ ਦੇਣ ਦੀ ਲੋੜ ਹੈ। ਜੇਕਰ ਉਹ ਪੰਜਾਬੀ ਹਨ ਤਾਂ ਆਪਣੀ ਬੋਲੀ ਪੰਜਾਬੀ ਹੀ ਲਿਖਵਾਉਣ, ਨਾ ਕਿ ਆਪਣੇ ਫਿਰਕੇ, ਜਾਤ ਜਾਂ ਸਿਆਸੀ ਪ੍ਰਭਾਵ ਅਧੀਨ ਮਾਂ ਬੋਲੀ ਨਾਲ ਧੋਖਾ ਕਰਨ।