ਅਮਰੀਕਾ ਤੋਂ

ਸੁਪਨੈ ਊਭੀ ਭਈ

ਸੁਪਨੈ ਊਭੀ ਭਈ

ਅਮਨਦੀਪ ਸਿੰਘ

ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥

ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥

ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥

ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥

ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਮੁਖਾਰਬਿੰਦ ਤੋਂ ਫੁਰਮਾਉਂਦੇ ਹਨ ਕਿ ਸੁਪਨੇ ਵਿਚ ਮੈਂ (ਜੀਵ ਇਸਤਰੀ) ਪ੍ਰਭੂ-ਪਤੀ ਨੂੰ ਵੇਖ ਕੇ ਉੱਭੜ ਵਾਹੇ ਉੱਠ ਖਲੋਤੀ, ਮੈਂ ਉਸ ਦਾ ਆਂਚਲ ਕਿਉਂ ਨਾ ਫੜਿਆ? ਉਸ ਦੇ ਸੁੰਦਰ ਨੂਰੀ ਮੁੱਖੜੇ ਨੂੰ ਤੱਕ ਕੇ ਮੇਰਾ ਮਨ ਮੋਹ ਨਾਲ ਭਿੱਜਿਆ ਗਿਆ, ਤੇ ਮੈਨੂੰ ਆਪਣੇ ਆਪ ਦੀ ਸੁਰਤ ਨਾ ਰਹੀ। ਹੁਣ ਮੈਂ ਉਸ ਦੇ ਪਗ-ਚਿੰਨ੍ਹਾਂ ਨੂੰ ਖੋਜਦੀ ਫਿਰਦੀ ਹਾਂ। ਹੇ ਹਰੀ, ਹੇ ਸਖੀ, ਮੈਨੂੰ ਕੋਈ ਅਜਿਹਾ ਤਰੀਕਾ ਦੱਸੋ ਜਿਸ ਨਾਲ ਮੈਨੂੰ ਮੇਰਾ ਪ੍ਰੀਤਮ ਪਿਆਰਾ ਮਿਲ ਜਾਏ।

ਇਹ ਤਾਂ ਪਰਮਾਤਮਾ ਦੇ ਰੰਗ ਵਿਚ ਰੰਗੇ ਜੁੱਗ-ਪੁਰਸ਼ ਗੁਰੂ ਜੀ ਦੇ ਮਨ ਦੀ ਆਤਮਿਕ ਅਵਸਥਾ ਹੈ, ਜਿਸ ਨੂੰ ਅਸੀਂ ਸੰਸਾਰੀ ਜੀਵ ਨਹੀਂ ਸਮਝ ਸਕਦੇ ਹਾਂ, ਪਰ ਅਸੀਂ ਸੰਸਾਰੀ ਜੀਵ ਵੀ ਸੁਪਨੇ ਵਿਚ ਉੱਭੜ ਵਾਹੇ ਉੱਠਦੇ ਹਾਂ, ਕਹਿੰਦੇ ਹਨ ਉਹ ਸੁਪਨਾ ਅਕਸਰ ਯਾਦ ਰਹਿੰਦਾ ਹੈ, ਜਿਸ ਵਿਚੋਂ ਅਸੀਂ ਇਕਦਮ ਜਾਗ ਉੱਠਦੇ ਹਾਂ। ਅਕਸਰ ਉਹ ਕੋਈ ਡਰਾਉਣਾ ਸੁਪਨਾ ਹੁੰਦਾ ਹੈ, ਜਾਂ ਫਿਰ ਜਿਸ ਵਿਚ ਕੋਈ ਵਿਰੋਧਾਭਾਸ ਹੋਵੇ। ਡਰਾਉਣਾ ਸੁਪਨਾ ਜਿਸ ਨੂੰ ਦਬਾਅ (Nightmare) ਵੀ ਕਹਿੰਦੇ ਹਾਂ। ਇਕ ਤਾਜ਼ਾ ਖ਼ਬਰ ਅਨੁਸਾਰ ਅੱਜਕੱਲ੍ਹ ਕਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਜ਼ਿਆਦਾਤਰ ਡਰਾਉਣੇ ਸੁਪਨੇ ਆ ਰਹੇ ਹਨ, ਕਿਉਂਕਿ ਘਰ ਬੰਦ ਰਹਿਣ ਦੇ ਕਾਰਨ ਉਨ੍ਹਾਂ ਦੇ ਸੌਣ ਤੇ ਜਾਗਣ ਦਾ ਸਮਾਂ ਬਦਲ ਗਿਆ ਹੈ। ਉਸ ਤੋਂ ਹੋਣ ਵਾਲੇ ਦੁਸ਼-ਪ੍ਰਭਾਵਾਂ ਕਰਕੇ ਜੋ ਮਾਨਸਿਕ ਤਣਾਅ ਹੋ ਰਿਹਾ ਹੈ, ਉਹ ਡਰਾਉਣੇ ਸੁਪਨਿਆਂ ਦਾ ਕਾਰਨ ਬਣ ਰਿਹਾ ਹੈ। ਕੈਲੀਫੋਰਨੀਆ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਰਾਜ ਦਾਸਗੁਪਤਾ ਜੋ ਨੀਂਦ ਦੇ ਮਾਹਿਰ ਹਨ, ਕਹਿੰਦੇ ਹਨ ਕਿ ਉਨ੍ਹਾਂ ਦੇ ਮਰੀਜ਼ ਦੱਸਦੇ ਹਨ ਕਿ ਉਨ੍ਹਾਂ ਨੂੰ ਅੱਜਕੱਲ੍ਹ ਸਾਫ਼ ਤੇ ਸਪੱਸ਼ਟ ਸੁਪਨੇ ਆ ਰਹੇ ਹਨ, ਜੋ ਉਨ੍ਹਾਂ ਨੂੰ ਯਾਦ ਰਹਿੰਦੇ ਹਨ, ਜੋ ਡਰਾਉਣੇ ਵੀ ਹਨ। ਅਜਿਹਾ ਅਕਸਰ ਕਿਸੇ ਸਦਮੇ ਦੌਰਾਨ, ਐਕਸੀਡੈਂਟ ਤੋਂ ਬਾਅਦ ਜਾਂ ਫਿਰ ਕਿਸੇ ਭਿਆਨਕ ਬਿਮਾਰੀ ਵਿਚ ਹੋ ਸਕਦਾ ਹੈ। ਮਹਾਮਾਰੀ ਜਾਂ ਹੋਰ ਰਾਸ਼ਟਰੀ ਸੰਤਾਪ ਕਰਕੇ ਵੀ ਡਰਾਉਣੇ ਸੁਪਨੇ ਸੰਭਵ ਹਨ, ਜੋ ਅਕਸਰ ਲੋਕਾਂ ਨੂੰ ਯਾਦ ਰਹਿੰਦੇ ਹਨ।

ਰਾਤ ਨੂੰ ਦੇਰ ਨਾਲ ਸੌਣ ਕਰਕੇ ਅਸੀਂ ਦੇਰ ਨਾਲ ਉੱਠਦੇ ਵੀ ਹਾਂ, ਕਦੇ ਕਦੇ ਰਾਤ ਨੂੰ ਵੀ ਨੀਂਦ ਖੁੱਲ੍ਹ ਜਾਂਦੀ ਹੈ ਤੇ ਮੁੜ ਕੇ ਘੰਟਿਆਂ ਵੱਧੀ ਦੁਬਾਰਾ ਨੀਂਦ ਨਹੀਂ ਆਉਂਦੀ, ਫੇਰ ਤੜਕੇ ਗੂੜ੍ਹੀ ਅੱਖ ਲੱਗ ਜਾਂਦੀ ਹੈ ਤੇ ਅਸੀਂ ਸਵੇਰੇ ਦੇਰ ਤਕ ਸੌਂਦੇ ਹਾਂ, ਜਿਸ ਕਰਕੇ ਦਿਮਾਗ਼ ਨੂੰ ਅੱਖਾਂ ਦੀ ਤੇਜ਼ ਚਾਲ ਨੀਂਦ (Rapid Eye Movement - REM Sleep) ਦੀ ਅਵਸਥਾ ਲਈ ਜ਼ਿਆਦਾ ਸਮਾਂ ਮਿਲਦਾ ਹੈ। ਅੱਖਾਂ ਦੀ ਤੇਜ਼ ਚਾਲ ਅਵਸਥਾ ਸਮੇਂ ਹੀ ਸਾਡਾ ਦਿਮਾਗ਼ ਯਾਦਾਂ ਨੂੰ ਦ੍ਰਿੜ੍ਹ ਕਰਦਾ ਹੈ ਤੇ ਮਹੱਤਵਪੂਰਨ ਯਾਦਾਂ ਨੂੰ ਥੋੜ੍ਹੇ ਸਮੇਂ ਦੀ ਯਾਦ-ਸ਼ਕਤੀ (Short-term Memory) ਤੋਂ ਲੰਮੇ ਸਮੇਂ ਦੀ ਪੱਕੀ ਯਾਦ-ਸ਼ਕਤੀ (Long-term Memory) ਵਿਚ ਸੰਗਠਿਤ (Store) ਕਰਦਾ ਹੈ। ਨੀਂਦ ਦੀ ਇਹ ਅਵਸਥਾ ਅਕਸਰ ਰਾਤ ਦੇ ਚੌਥੇ ਪਹਿਰ ਹੁੰਦੀ ਹੈ, ਸਵੇਰੇ ਨੀਂਦ ਖੁੱਲ੍ਹਣ ਤੋਂ ਪਹਿਲਾਂ। ਜੇ ਉਸ ਵਿਚ ਚਿੰਤਾ, ਬੇਚੈਨੀ ਤੇ ਮਹਾਮਾਰੀ ਦਾ ਮਾਨਸਿਕ ਤਣਾਅ ਪਾ ਦੇਈਏ ਤਾਂ ਡਰਾਉਣੇ ਸੁਪਨਿਆਂ ਦਾ ਸੰਪੂਰਨ ਨੁਸਖਾ ਤਿਆਰ ਹੋ ਜਾਂਦਾ ਹੈ।

ਅੱਜਕੱਲ੍ਹ ਦੇ ਤਣਾਅ ਦੀ ਸਥਿਤੀ ਵਿਚ ਜਦੋਂ ਅੱਖਾਂ ਦੀ ਤੇਜ਼ ਚਾਲ ਨੀਂਦ (REM) ਦੀ ਅਵਸਥਾ ਜ਼ਿਆਦਾ ਸਮਾਂ ਰਹਿੰਦੀ ਹੈ ਤਾਂ ਸਾਨੂੰ ਡਰਾਉਣੇ ਸੁਪਨੇ ਵੀ ਜ਼ਿਆਦਾ ਆਉਂਦੇ ਹਨ। ਅਸੀਂ ਕਰੋਨਾ ਮਹਾਮਾਰੀ ਨੂੰ ਇਨ੍ਹਾਂ ਡਰਾਉਣੇ ਸੁਪਨਿਆਂ ਦੀ ਵਜ੍ਹਾ ਕਹਿ ਸਕਦੇ ਹਾਂ। ਜਿਹੜੇ ਲੋਕ ਘਰਾਂ ਵਿਚ ਲੌਕਡਾਊਨ ਕਾਰਨ ਬੰਦ ਹਨ, ਉਨ੍ਹਾਂ ਨੂੰ ਅਜਿਹੇ ਸੁਪਨੇ ਆਉਂਦੇ ਹਨ ਕਿ ਜਿਵੇਂ ਉਹ ਕਿਸੇ ਜੇਲ੍ਹ ਵਿਚ ਬੰਦ ਹੋਣ ਜਾਂ ਫਿਰ ਉਨ੍ਹਾਂ ਦੇ ਪਰਿਵਾਰ ਦੇ ਜੀ ਜਾਂ ਸਬੰਧੀ ਮੁਸੀਬਤ ਵਿਚ ਹੋਣ। ਜਾਂ ਫਿਰ ਕੋਰੋਨਾ ਹੋ ਜਾਣ ਦੇ ਡਰ ਸਬੰਧੀ ਸੁਪਨੇ ਆਉਂਦੇ ਹਨ। ਡਾਕਟਰ, ਨਰਸਾਂ ਤੇ ਹੋਰ ਮੈਡੀਕਲ ਸਟਾਫ਼ ਜੋ ਇਸ ਮਹਾਮਾਰੀ ਨਾਲ ਸਭ ਤੋਂ ਅੱਗੇ ਹੋ ਕੇ ਆਪਣੀਆਂ ਜਾਨਾਂ ਜੋਖ਼ਮ ਵਿਚ ਪਾ ਕੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਉੱਪਰ ਮਾਨਸਿਕ ਤਣਾਅ ਸਭ ਤੋਂ ਵੱਧ ਹੈ, ਪਰ ਉਨ੍ਹਾਂ ਨੂੰ ਮਰ ਰਹੇ ਮਰੀਜ਼ਾਂ ਨੂੰ ਬਚਾਉਣ ਦੇ ਸੁਪਨੇ ਹੀ ਆਉਂਦੇ ਹਨ। ਜਿਵੇਂ ਕੋਈ ਮਰੀਜ਼ ਬਿਮਾਰੀ ਨਾਲ ਜੂਝ ਰਿਹਾ ਹੈ, ਆਪਣੇ ਆਖਰੀ ਸਾਹਾਂ ’ਤੇ ਹੈ ਤੇ ਡਾਕਟਰ ਤੇ ਨਰਸਾਂ ਉਸ ਨੂੰ ਬਚਾਉਣ ਦਾ ਪੂਰਾ ਜ਼ੋਰ ਲਗਾ ਰਹੇ ਹਨ।

ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਦਾ ਇਕ ਹੋਰ ਕਾਰਨ ਵੀ ਸ਼ਾਮਲ ਹੋ ਰਿਹਾ ਹੈ। ਸਰਮਾਏਦਾਰ ਆਮ ਕਿਰਤੀ ਕਿਸਾਨਾਂ ਦੀ ਹੋਰ ਲੁੱਟ-ਖਸੁੱਟ ਕਰਨ ਦਾ ਰਸਤਾ ਲੱਭ ਰਹੇ ਹਨ। ਕਿਤੇ ਨਸਲਕੁਸ਼ੀ ਦੇ ਆਧਾਰ ’ਤੇ ਭੇਦਭਾਵ ਤੇ ਮਾਰਾਮਾਰੀ ਹੋ ਰਹੀ ਹੈ। ਕਿਤੇ ਤਾਨਾਸ਼ਾਹ ਜਾਂ ਫ਼ੌਜੀ ਹਕੂਮਤ ਲੋਕਾਂ ਦੀ ਕਤਲੋਗ਼ਾਰਤ ਕਰ ਰਹੇ ਹਨ। ਮਹਾਮਾਰੀ ਕਰਕੇ ਲੋਕਾਂ ਦੇ ਅਸਲੀ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਹਨ। ਇਸ ਸਭ ਕਰਕੇ ਆਮ ਇਨਸਾਨ ਦੀ ਮਾਨਸਿਕ ਸਥਿਤੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਇਸ ਕਠੋਰ ਯਥਾਰਥ ਕਰਕੇ ਡਰਾਉਣੇ ਸੁਪਨਿਆਂ ਕਾਰਨ ਵਿਚ ਇਕ ਹੋਰ ਕਾਰਨ ਸ਼ਾਮਲ ਹੋ ਰਿਹਾ ਹੈ। ਜਪਾਨੀ ਲੇਖਕ ਹਾਰੂਕੀ ਮੁਰਾਕਮੀ ਆਪਣਾ ਸੁਪਨਾ ਇੰਜ ਬਿਆਨ ਕਰਦਾ ਹੈ:

ਇਕ ਸ਼ਹਿਰ ਹੈ ਜਿੱਥੇ ਰੇਲਗੱਡੀ ਰੁਕਦੀ ਹੈ, ਉਹ ਉੱਥੇ ਉੱਤਰਦਾ ਹੈ ਤੇ ਦੇਖਦਾ ਹੈ ਕਿ ਸ਼ਹਿਰ ਬਿਲਕੁਲ ਖਾਲੀ ਹੈ। ਹਰ ਪਾਸੇ ਸੁੰਨ-ਮਸਾਨ ਪਸਰੀ ਹੋਈ ਹੈ। ਲੋਕ ਕਿਧਰੇ ਚਲੇ ਗਏ ਹਨ, ਮਹਾਮਾਰੀ ਦੇ ਕਾਰਨ ਜਾਂ ਫਿਰ ਤਾਨਾਸ਼ਾਹੀ ਹਕੂਮਤ ਦੇ ਡਰ ਕਾਰਨ। ਸ਼ਹਿਰ ਵਿਚ ਹੁਣ ਕੁਝ ਜਾਨਵਰ ਰਹਿੰਦੇ ਹਨ, ਜੋ ਮੌਜਾਂ ਲੁੱਟ ਰਹੇ ਹਨ। ਉਹ ਉਨ੍ਹਾਂ ਜਾਨਵਰਾਂ ਤੋਂ ਡਰਦਾ ਤੇ ਬਚਦਾ ਵਾਪਸ ਜਾਣ ਲਈ ਸਟੇਸ਼ਨ ’ਤੇ ਆ ਜਾਂਦਾ ਹੈ, ਪਰ ਸਟੇਸ਼ਨ ਵੀ ਖਾਲੀ ਹੈ, ਕੋਈ ਗੱਡੀ ਨਹੀਂ ਆਉਂਦੀ, ਉਹ ਉੱਥੇ ਸਮੇਂ ਦੇ ਚੱਕਰ ਵਿਚ ਫਸ ਜਾਂਦਾ ਹੈ ਤੇ ਸਾਲਾਂ ਬੱਧੀ ਇੰਤਜ਼ਾਰ ਕਰਦਾ ਰਹਿੰਦਾ ਹੈ।

ਕਿਸੇ ਨੂੰ ਅੰਗਰੇਜ਼ਾਂ ਦੇ ਜ਼ਮਾਨੇ ਦੇ ਸੁਪਨੇ ਆਉਂਦੇ ਹਨ, ਜਿਵੇਂ ਕੋਈ ਰੇਲਗੱਡੀ ਜਾ ਰਹੀ ਹੋਵੇ, ਪਰ ਉਸ ਦਾ ਕੋਈ ਡਰਾਈਵਰ ਨਾ ਹੋਵੇ ਤੇ ਰੇਲਗੱਡੀ ਪਟੜੀ ਤੋਂ ਉਤਰਨ ਤੋਂ ਬਚਾਉਣ ਲਈ ਉਸ ਨੂੰ ਆਪ ਚਲਾਉਣੀ ਪਵੇ। ਸੱਚਮੁੱਚ ਜ਼ਿੰਦਗੀ ਦੀ ਵਾਗਡੋਰ ਵੀ ਸਾਨੂੰ ਆਪਣੇ ਹੱਥ ਵਿਚ ਆਪ ਲੈਣੀ ਚਾਹੀਦੀ ਹੈ ਤੇ ਭਿਆਨਕ ਡਰਾਉਣੇ ਸੁਪਨਿਆਂ ਨੂੰ ਸੁਖਦ ਸੁਪਨਿਆਂ ਵਿਚ ਬਦਲ ਦੇਣਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਸੁਪਨੇ ਦਾ ਅਹਿਸਾਸ ਕਰ ਸਕਦੇ ਹਾਂ ਤਾਂ ਉਸ ਨੂੰ ਵਿਅਕਤ ਸੁਪਨੇ (Lucid Dreaming) ਆਖਦੇ ਹਨ।

ਜੇ ਕਿਸੇ ਵਿਅਕਤੀ ਨੂੰ ਕਦੇ ਕਦੇ ਡਰਾਉਣੇ ਸੁਪਨੇ ਆਉਣ ਤਾਂ ਆਮ ਜਿਹੀ ਗੱਲ ਹੈ, ਪਰ ਜੇ ਕਿਸੇ ਨੂੰ ਕਾਫ਼ੀ ਦੇਰ ਤੋਂ ਰੋਜ਼ ਹੀ ਡਰਾਉਣੇ ਸੁਪਨੇ ਆਉਣ ਜਾਂ ਦਬਾਅ ਪੈਂਦਾ ਹੋਵੇ ਤਾਂ ਸੌਣ ਵਾਲੇ ਕਮਰੇ ਦਾ ਤਾਪਮਾਨ ਚੈੱਕ ਕਰਨਾ ਚਾਹੀਦਾ ਹੈ, ਸੌਣ ਵਾਲਾ ਕਮਰਾ ਬਹੁਤਾ ਗਰਮ ਨਹੀਂ ਹੋਣਾ ਚਾਹੀਦਾ, ਪਰ ਜੇ ਕਿਸੇ ਦੇ ਸੌਣ ਦੇ ਕਮਰੇ ਦਾ ਤਾਪਮਾਨ ਸਹੀ ਹੋਵੇ ਤੇ ਫੇਰ ਵੀ ਡਰਾਉਣੇ ਸੁਪਨੇ ਆਉਣ ਤੇ ਉਹ ਹਮੇਸ਼ਾਂ ਨਿਰਾਸ਼ ਜਾਂ ਉਪਰਾਮ ਹੋਵੇ, ਤਾਂ ਆਪਣੇ ਡਾਕਟਰ ਨਾਲ ਜਾਂ ਦਿਮਾਗ਼ੀ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਉਸ ਦਾ ਕਾਰਨ ਬੇਚੈਨੀ ਜਾਂ ਨਿਰਾਸ਼ਾ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੇ ਰੋਗ ਚੰਗੀ ਤਰ੍ਹਾਂ ਨੀਂਦ ਨਾ ਆਉਣ ਕਰਕੇ ਵੀ ਹੋ ਸਕਦੇ ਹਨ। ਇਸ ਨਾਲ ਦਿਮਾਗ਼ੀ ਰੋਗ, ਸਰੀਰਿਕ ਰੋਗ (ਜਿਵੇਂ ਬਲੱਡ ਪ੍ਰੈਸ਼ਰ ਆਦਿ) ਵੀ ਬਣ ਸਕਦੇ ਹਨ।

ਕਈ ਦਵਾਈਆਂ ਜਿਵੇਂ ਬਲੱਡ ਪ੍ਰੈਸ਼ਰ ਲਈ ਬੇਟਾ-ਬਲੌਕਰ ਦਵਾਈਆਂ ਦਿਮਾਗ਼ ਦੇ ਉਸ ਹਿੱਸੇ ’ਤੇ ਦੁਸ਼ਪ੍ਰਭਾਵ ਪਾ ਸਕਦੀਆਂ ਹਨ ਜੋ ਨੋਰੇਪਰੈਫਰੀਨ ਰਸਾਇਣ ਨੂੰ ਕੰਟਰੋਲ ਕਰਦਾ ਹੈ। ਨੋਰੇਪਰੈਫਰੀਨ ਇਕ ਤੰਤਰਿਕਾ-ਸੰਚਾਰਕ (Neurotransmitter) ਹੈ, ਜੋ ਮਾਨਸਿਕ ਤਣਾਅ ਪ੍ਰਤੀ ਸਾਡੇ ‘ਲੜੋ ਜਾਂ ਭੱਜੋ’

ਜਵਾਬ ਲਈ ਜ਼ਿੰਮੇਵਾਰ ਹੁੰਦਾ ਹੈ। ਕਈ ਅਲਰਜ਼ੀ, ਨਿਰਾਸ਼ਾ, ਨੀਂਦ ਲਿਆਉਣ ਵਾਲੀਆਂ ਦਵਾਈਆਂ ਵੀ ਡਰਾਉਣੇ ਸੁਪਨਿਆਂ ਦਾ ਕਾਰਨ ਬਣ ਸਕਦੀਆਂ ਹਨ। ਸ਼ਰਾਬ ਤੇ ਹੋਰ ਨਸ਼ੇ ਵੀ ਇਹੋ ਜਿਹਾ ਦੁਸ਼ਪ੍ਰਭਾਵ ਪੈਦਾ ਕਰ ਸਕਦੇ ਹਨ।

ਡਰਾਉਣੇ ਸੁਪਨਿਆਂ ਤੋਂ ਨਿਜਾਤ ਪਾਉਣ ਲਈ ਜਾਂ ਫਿਰ ਚੰਗੀ ਨੀਂਦ ਲਿਆਉਣ ਲਈ ਸਾਨੂੰ ਹਰ ਰੋਜ਼ ਸੌਣ ਤੇ ਜਾਗਣ ਦਾ ਇਕ ਸਮਾਂ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਸਰੀਰ ਦਾ ਕੁਦਰਤੀ ਚੱਕਰ ਸਹੀ ਰਹਿੰਦਾ ਹੈ, ਜੋ ਕਿ ਸਾਡੇ ਸਰੀਰ ਦੇ ਹਾਰਮੋਨ, ਤਾਪਮਾਨ, ਪਾਚਣ ਸ਼ਕਤੀ ਤੇ ਨੀਂਦ ਦੇ ਚੱਕਰ ਨੂੰ ਕੰਟਰੋਲ ਕਰਦਾ ਹੈ। ਜੇ ਇਹ ਚੱਕਰ ਵਿਗੜ ਜਾਵੇ ਤਾਂ ਸਾਡਾ ਸਰੀਰ ਤੰਦਰੁਸਤ ਨਹੀਂ ਰਹਿੰਦਾ।

ਸੌਣ ਤੋਂ ਇਕ ਦੋ ਘੰਟੇ ਪਹਿਲਾਂ ਨੀਲੀ ਰੌਸ਼ਨੀ ਛੱਡਣ ਵਾਲੇ ਉਪਕਰਣ ਜਿਵੇਂ ਟੀਵੀ, ਮੋਬਾਈਲ ਫੋਨ, ਕੰਪਿਊਟਰ ਸਕਰੀਨ ਆਦਿ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਸੌਣ ਤੋਂ ਪਹਿਲਾਂ ਸੋਸ਼ਲ-ਮੀਡੀਆ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਤੇ ਉਸ ਉੱਤੇ ਹੋ ਰਹੀ ਚਰਚਾ ਵਿਚ ਬਹੁਤਾ ਹਿੱਸਾ ਨਹੀਂ ਲੈਣਾ ਚਾਹੀਦਾ। ਸਾਰਥਿਕ ਚਰਚਾ ਵਿਚ ਦਿਨ ਵੇਲੇ ਭਾਗ ਲੈਣਾ ਫੇਰ ਵੀ ਠੀਕ ਹੈ, ਪਰ ਬਹੁਤਾ ਸਮਾਂ ਸੋਸ਼ਲ-ਮੀਡੀਆ ’ਤੇ ਬਰਬਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਜਿੰਨੀ ਦੇਰ ਅਸੀਂ ਸੋਸ਼ਲ-ਮੀਡੀਆ ’ਤੇ ਬਿਤਾਉਂਦੇ ਹਾਂ, ਉਹ ਸਮਾਂ ਤਾਂ ਬੇਅਰਥ ਜਾਂਦਾ ਹੀ ਹੈ, ਉਸ ਤੋਂ ਬਾਅਦ ਦੀਆਂ ਸੋਚਾਂ ਹੋਰ ਪਰੇਸ਼ਾਨ ਕਰਦੀਆਂ ਰਹਿੰਦੀਆਂ ਹਨ। ਉਹ ਸਮਾਂ ਜੇ ਅਸੀਂ ਆਪਣੇ ਕਿਸੇ ਸ਼ੌਕ ਦਾ ਵਿਕਾਸ ਕਰਨ ਲਈ ਬਿਤਾਈਏ ਤਾਂ ਅਸੀਂ ਕੁਝ ਰਚਨਾਤਮਕ ਕੰਮ ਕਰ ਸਕਦੇ ਹਾਂ ਤੇ ਆਪਣੇ ਸ਼ੌਕ ਨੂੰ ਹੋਰ ਗੂੜ੍ਹਾ ਤੇ ਪ੍ਰਬੀਨ ਕਰ ਸਕਦੇ ਹਾਂ। ਰਾਤ ਨੂੰ ਸੌਣ ਤੋਂ ਪਹਿਲਾਂ ਜੇ ਅਸੀਂ ਰੋਜ਼ ਕੋਈ ਇਕ ਰੀਤ ਰੱਖੀਏ, ਜਿਵੇਂ ਕਿ ਕੋਈ ਕਿਤਾਬ ਪੜ੍ਹਨਾ, ਸੰਗੀਤ ਸੁਣਨਾ, ਪਾਠ ਕਰਨਾ, ਅਰਦਾਸ ਕਰਨੀ, ਧਿਆਨ ਲਗਾਉਣਾ, ਯੋਗ-ਆਸਣ ਜਾਂ ਹਲਕੀ-ਫੁਲਕੀ ਕਸਰਤ, ਡਾਇਰੀ ਲਿਖਣਾ ਆਦਿ ਤਾਂ ਸਾਡਾ ਸਰੀਰ ਬੇਚੈਨੀ ਤੇ ਮਾਨਸਿਕ ਤਣਾਅ ਤੋਂ ਰਾਹਤ ਪਾ ਸਕਦਾ ਹੈ ਤੇ ਸਾਨੂੰ ਆਪ ਮੁਹਾਰੇ ਨੀਂਦ ਆ ਸਕਦੀ ਹੈ। ਇਹ ਲਿਖਣਾ ਸੌਖਾ ਹੈ, ਪਰ ਕਰਨਾ ਬਹੁਤ ਔਖਾ ਕਿਉਂਕਿ ਅਸੀਂ ਸੰਸਾਰਿਕ ਜੀਵ ਜਲਦੀ ਹੀ ਮੁੱਦੇ ਤੋਂ ਭਟਕ ਜਾਂਦੇ ਹਾਂ। ਨਵੀਂ ਤਕਨਾਲੋਜੀ ਨੇ ਸਾਡੇ ਜੀਵਨ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆ ਦਿੱਤੀ ਹੈ, ਜਿਸ ਦੇ ਬਹੁਤ ਫਾਇਦੇ ਹਨ, ਪਰ ਨੁਕਸਾਨ ਵੀ ਬਹੁਤ ਹਨ- ਖ਼ਾਸ ਤੌਰ ’ਤੇ ਬੱਚਿਆਂ ’ਤੇ ਬਹੁਤ ਮਾੜਾ ਅਸਰ ਹੋ ਰਿਹਾ ਹੈ, ਉਹ ਦਿਨ ਵਿਚ 6-8 ਘੰਟੇ ਫੋਨ, ਟੀਵੀ, ਕੰਪਿਊਟਰ ਆਦਿ ’ਤੇ ਹੀ ਬਤੀਤ ਕਰਦੇ ਹਨ। ਜਿਸ ਦੇ ਮਾੜੇ ਅਸਰ ਹਨ - ਉਨ੍ਹਾਂ ਵਿਚ ਵਧ ਰਹੀ ਬੇਚੈਨੀ, ਵਤੀਰੇ ਤੇ ਆਚਾਰ-ਵਿਹਾਰ ਵਿਚ ਬਦਲਾਅ ਆਦਿ। ਪਰ ਜੋ ਮਾੜੇ ਅਸਰ ਅੱਜ ਤੋਂ 10-15 ਸਾਲ ਬਾਅਦ ਹੋਣੇ ਹਨ ਉਨ੍ਹਾਂ ਦਾ ਸਾਨੂੰ ਕੋਈ ਵੀ ਅੰਦਾਜ਼ਾ ਨਹੀਂ - ਜਿਵੇਂ ਗਰਦਨ, ਹੱਥ ਜਾਂ ਗੁੱਟ, ਬਾਂਹ ਦਾ ਦਰਦ ਆਦਿ ਦੀਰਘ ਬਿਮਾਰੀਆਂ ਹੋ ਸਕਦੀਆਂ ਹਨ।

ਦਰਅਸਲ, ਸੁਪਨੇ ਤੇ ਆਸ ਇਕ ਦੂਸਰੇ ਦੇ ਪੂਰਕ ਹਨ ਤੇ ਸਾਡੀ ਜ਼ਿੰਦਗੀ ਵਿਚ ਰਾਹਤ ਦਾ ਸਰੋਤ ਹਨ। ਇਨ੍ਹਾਂ ਤੋਂ ਬਿਨਾਂ ਅਸੀਂ ਜੀਵਨ ਦੇ ਦੁੱਖਾਂ ਦੀ ਅੱਗ ਵਿਚ ਪਿਘਲ ਸਕਦੇ ਹਾਂ, ਦਰਦ ਦੀ ਕਸ਼ਮਕਸ਼ ਵਿਚ ਫਸ ਸਕਦੇ ਹਾਂ। ਸੁਪਨੇ ਆਉਣ ਵਾਲੀ ਜ਼ਿੰਦਗੀ ਨੂੰ ਨਵੀਂ ਤਰਤੀਬ ਦਿੰਦੇ ਹਨ ਤੇ ਆਸ ਉਨ੍ਹਾਂ ਨੂੰ ਸਾਕਾਰ ਕਰਨ ਦਾ ਬੱਲ ਦਿੰਦੀ ਹੈ। ਇਸ ਕਰਕੇ ਸਾਨੂੰ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਹਨ, ਪਰ ਖ਼ੂਬਸੂਰਤ ਤੇ ਜਾਨਦਾਰ ਸੁਪਨੇ, ਡਰਾਉਣੇ ਨਹੀਂ। ਅਸੀਂ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਕਹਿ ਸਕਦੇ ਹਾਂ ਕਿ ਅੱਜ ਕੋਈ ਚੰਗਾ ਸੁਪਨਾ ਆਏ। ਤੁਸੀਂ ਕੋਈ ਵੀ ਵਿਅਕਤੀ ਜਾਂ ਜਗ੍ਹਾ ਜੋ ਵੀ ਤੁਹਾਨੂੰ ਚੰਗੇ ਲੱਗਦੇ ਹਨ, ਉਨ੍ਹਾਂ ਬਾਰੇ ਸੋਚ ਸਕਦੇ ਹੋ, ਆਪਣੇ ਮਨ ਵਿਚ ਉਸ ਦਾ ਆਕਾਰ ਬਣਾ ਸਕਦੇ ਹੋ ਤੇ ਹੋ ਸਕਦਾ ਹੈ ਕਿ ਉਸ ਰਾਤ ਨੀਂਦ ਵਿਚ ਤੁਹਾਨੂੰ ਉਹ ਹੀ ਸੁਪਨਾ ਆਵੇ। ਜੇ ਤੁਹਾਡਾ ਕੋਈ ਮਨਪਸੰਦ ਸੁਪਨਾ ਹੈ ਜੋ ਤੁਸੀਂ ਵਾਰ ਵਾਰ ਲੈਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਬਾਰੇ ਸੋਚੋ ਤੇ ਆਪਣੇ ਮਨ ਵਿਚ ਉਸ ਦੀ ਤਸਵੀਰ ਬਣਾਓ। ਤੁਹਾਡਾ ਮਨਭਾਉਂਦਾ ਸੁਪਨਾ ਤੁਹਾਨੂੰ ਜ਼ਰੂਰ ਆਏਗਾ। ਹੋ ਸਕਦਾ ਹੈ ਜਿਵੇਂ ਗੁਰੂ ਜੀ ਲਿਖਦੇ ਹਨ ‘ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥’ ਤੁਹਾਨੂੰ ਉਸ ‘ਸੋਹਣੇ’ ਦੇ ਦੀਦਾਰ ਹੋ ਜਾਣ ਜਿਸ ਦੇ ਮੋਹ ਵਿਚ ਤੁਹਾਡਾ ਮਨ ਰੰਗਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All