ਉਂਝ ਆਉਂਦੀ ਏ ਵਿਸਾਖੀ ਹਰ ਵਾਰ ਮੇਰੇ ਪਿੰਡ...
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਅਪਰੈਲ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਸਵੰਤ ਰਾਏ ਸ਼ਰਮਾ ਅਤੇ ਸੁਖਪਾਲਵੀਰ ਸਿੰਘ ਨੇ ਕੀਤੀ। ਸ਼ੁਰੂ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਅਮਰ ਕੋਮਲ ਅਤੇ ਲਾਲ...
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਅਪਰੈਲ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਸਵੰਤ ਰਾਏ ਸ਼ਰਮਾ ਅਤੇ ਸੁਖਪਾਲਵੀਰ ਸਿੰਘ ਨੇ ਕੀਤੀ। ਸ਼ੁਰੂ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਅਮਰ ਕੋਮਲ ਅਤੇ ਲਾਲ ਸਿੰਘ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਲਾਲ ਸਿੰਘ ਦੇ ਸਪੁੱਤਰ ਸੁਖਪਾਲਵੀਰ ਨੇ ਉਨ੍ਹਾਂ ਦੇ ਸਾਹਿਤਕ ਜੀਵਨ ’ਤੇ ਝਾਤ ਪੁਆਈ। ਸਕੱਤਰ ਬਲਜਿੰਦਰ ਕੌਰ ਉਰਫ਼ ਸੋਨੀ ਮਾਂਗਟ ਨੇ ਵਿਸਾਖੀ, ਖ਼ਾਲਸਾ ਸਾਜਨਾ ਦਿਵਸ, ਜਲ੍ਹਿਆਂ ਵਾਲਾ ਬਾਗ ਦਾ ਖੂਨੀ ਕਾਂਡ ਅਤੇ ਸਿੱਖ ਵਿਰਾਸਤ ਮਹੀਨੇ ਦੇ ਅਹਿਮ ਪੱਖਾਂ ਬਾਰੇ ਜਾਣਕਾਰੀ ਦਿੱਤੀ।
ਪਰਮਜੀਤ ਭੰਗੂ ਨੇ ਖ਼ਾਲਸਾ ਸਾਜਨਾ ਬਾਰੇ ਵਾਰ ਸੁਣਾਈ। ਡਾ. ਮਨਮੋਹਨ ਬਾਠ ਨੇ ‘ਦੀਵਾ ਬਲੇ ਸਾਰੀ ਰਾਤ’, ਹਰਮਿੰਦਰਪਾਲ ਸਿੰਘ ਨੇ ‘ਗੁਜਰੀ ਦਾ ਚੰਨ, ਚੰਨਾਂ ’ਚੋਂ ਚੰਨ’, ਗਿੱਲ ਸੁਖਮੰਦਰ ਨੇ ‘ਸੱਚੇ ਆਸ਼ਕ ਮੁਨਾਫ਼ਾ ਕਦੇ ਤੱਕਦੇ ਨ੍ਹੀਂ ਹੁੰਦੇ’ ਅਤੇ ਸੁਖਵਿੰਦਰ ਤੂਰ ਨੇ ‘ਉਂਝ ਆਉਂਦੀ ਏ ਵਿਸਾਖੀ ਹਰ ਵਾਰ ਮੇਰੇ ਪਿੰਡ’ ਗੀਤਾਂ ਰਾਹੀਂ ਸਿਰੇ ਦਾ ਸੰਗੀਤਕ ਮਾਹੌਲ ਸਿਰਜਿਆ। ਸੋਹਣ ਸਿੰਘ ਭੁੱਚੋ ਨੇ ਖ਼ਾਲਸਾ ਸਾਜਨਾ ਬਾਰੇ ਡਿਉਢਾ ਛੰਦ ਗਾ ਕੇ ਬੁਲੰਦ ਆਵਾਜ਼ ਵਿੱਚ ਕਵੀਸ਼ਰੀ ਕੀਤੀ ਜਿਸ ਦੇ ਬੋਲ ਸਨ, ‘ਥੋਡੇ ਕੋਲੋਂ ਅੱਜ ਇੱਕ ਸੀਸ ਮੰਗਦੀ ਮੇਰੀ ਤਲਵਾਰ ਜੀ।’ ਦਰਸ਼ਨ ਬਰਾੜ ਨੇ ਨਿਵੇਕਲੀ ਤਰਜ਼ ਰਾਹੀਂ ਕਵੀਸ਼ਰੀ ਸੁਣਾਈ, ਜਿਸ ਦੇ ਬੋਲ ਸਨ, ‘ਤੂੰ ਲੜਦੀ ਖਾਹ-ਮਖਾਹ, ਐਵੇਂ ਭਾਂਡੇ ਨਾ ਖੜਕਾ, ਤੂੰ ਕੱਲ੍ਹ ਜਾਂਦੀ ਅੱਜ ਜਾਹ, ਗੁੱਸੇ ਵਿੱਚ ਫਿਰੇਂ ਭਰੀ ਨੀਂ।’ ਜਸਵੰਤ ਸਿੰਘ ਸੇਖੋਂ ਨੇ ਬਹੱਤਰ ਕਲਾ ਛੰਦ ਗਾ ਕੇ ਕਵੀਸ਼ਰੀ ਪੇਸ਼ ਕੀਤੀ।
ਜਰਨੈਲ ਤੱਗੜ ਨੇ ਪੰਜਾਬ ਫੇਰੀ ਦੌਰਾਨ ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਗ਼ਦਰੀ ਬਾਬਿਆਂ ਦੇ ਤਿੰਨ-ਦਿਨਾਂ ਮੇਲੇ ਦਾ ਅੱਖੀਂ ਵੇਖਿਆ ਹਾਲ ਸੁਣਾਇਆ। ਪ੍ਰਕਾਸ਼ ਕੌਰ ਅਤੇ ਬਲਵਿੰਦਰ ਸਿੰਘ ਮਾਨ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਹਵਾਲਿਆਂ ਨਾਲ ਨਸੀਹਤਾਂ ਪਰੋਸੀਆਂ। ਜਸਵੀਰ ਸਿਹੋਤਾ ਨੇ ਆਪਣੀ ਕਵਿਤਾ, ‘ਮਾਣ ਕਰੇਗਾ ਜਹਾਨ ਕੱਲ੍ਹ ਤੇਰੀ ਗੜ੍ਹੀ ਉੱਤੇ’, ਗੁਰਚਰਨ ਕੌਰ ਥਿੰਦ ਨੇ ਗੀਤ, ਚਰਨਦੀਪ ਕੌਰ ਨੇ ਆਪਣੀ ਕਵਿਤਾ ‘ਚਾਹੁੰਦਾ ਜੋ ਖ਼ਾਲਸਾ ਬਣਨਾ ਆ ਜੋ ਹਿੰਮਤ ਕਰ ਕੇ’ ਅਤੇ ਜਗਦੇਵ ਸਿੱਧੂ ਨੇ ਮਨੁੱਖ ਦੁਆਰਾ ਪੁਲਾੜ ਨੂੰ ਗਾਹੁਣ ਅਤੇ ਧਰਤੀ ਉੱਪਰ ਵਸੋਂ ਦੀ ਦੁਰਦਸ਼ਾ ਹੋਣ ਬਾਰੇ ਆਪਣੀ ਕਵਿਤਾ, ‘ਮਾਏ ਨੀਂ ਅੱਜ ਸ਼ਗਨਾਂ ਮੌਕੇ ਸੌਣ ਕੁਵੱਲੜੇ ਹੋਏ’ ਦੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਵਿਚਾਰ-ਮਗਨ ਕੀਤਾ। ਬਲਦੇਵ ਸਿੰਘ ਦੁੱਲਟ ਨੇ ਗ਼ਦਰੀ ਯੋਧਿਆਂ ਦੀ ਵਾਰਤਾ ਸੁਣਾਈ। ਜਸਵੰਤ ਰਾਏ ਸ਼ਰਮਾ ਨੇ ਗੁਰੂ ਨਾਨਕ ਦੇਵ ਜੀ ਦੇ ਜੰਝੂ ਬਾਰੇ ਤਰਕਪੂਰਨ ਸੰਕਲਪ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੁਆਰਾ ਤਿਲਕ-ਜੰਝੂ ਦੇ ਰਾਖੋ ਹੋਣ ਤੱਕ ਨੂੰ ਬਾਖੂਬੀ ਬਿਆਨਿਆ।
ਸਤਨਾਮ ਢਾਅ ਨੇ ਸਭਾ ਦੀ ਚੜ੍ਹਦੀ ਕਲਾ ਬਾਰੇ ਤਸੱਲੀ ਪ੍ਰਗਟ ਕਰਦਿਆਂ ਹਾਜ਼ਰੀਨ ਦਾ ਧੰਨਵਾਦ ਕੀਤਾ। ਤਰਲੋਕ ਚੁੱਘ ਦਰਸ਼ਕਾਂ ਨੂੰ ਹਸਾਉਣ ਤੋਂ ਬਾਜ਼ ਨਹੀਂ ਆਇਆ। ਸਤਨਾਮ ਸ਼ੇਰਗਿੱਲ ਨੇ ਇੰਗਲੈਂਡ ਵਿਚਲੀਆਂ ਇਤਿਹਾਸਕ ਯਾਦਗਾਰਾਂ ਬਾਰੇ ਅਨੁਭਵ ਸਾਂਝੇ ਕੀਤੇ। ਜਸਵੰਤ ਸਿੰਘ ਸੇਖੋਂ ਨੇ ਆਪਣੀ ਲਿਖੀ ਇੱਕ ਰਚਨਾ, ‘ਵਾਸੀ ਮੇਰੇ ਪਿੰਡ ਦੇ’ ਸਾਂਝੀ ਕੀਤੀ। ਗੁਰਦੀਪ ਸਿੰਘ, ਮਹਿੰਦਰ ਕੌਰ ਕਾਲੀਰਾਏ, ਚਰਨਜੀਤ ਕੌਰ ਸੰਧੂ, ਬੇਅੰਤ ਕੌਰ ਭੱਠਲ, ਸੁਖਦੇਵ ਕੌਰ ਢਾਅ, ਸੁਖਵਿੰਦਰ ਸਿੰਘ ਥਿੰਦ, ਭੁਪਿੰਦਰ ਸਿੰਘ, ਜੈ ਸਿੰਘ ਉੱਪਲ, ਬਲਕਾਰ ਸਿੰਘ ਦਿਉਲ ਅਤੇ ਮੁਖਿੰਦਰਪਾਲ ਸਿੰਘ ਉੱਪਲ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ। ਤੇਲੂ ਰਾਮ ਕੋਹਾੜਾ ਦੀ ਲਿਖੀ ‘ਭੁਲੱਕੜਨਾਮਾ’ ਅਤੇ ਗਿੱਲ ਸੁਖਮੰਦਰ ਦੀ ‘ਖ਼ਾਕ ਤੋਂ ਖ਼ਾਕ ਤੱਕ’ ਪੁਸਤਕਾਂ ਜਸਵੰਤ ਰਾਏ ਸ਼ਰਮਾ ਅਤੇ ਅਰਪਨ ਲਿਖਾਰੀ ਸਭਾ ਨੂੰ ਸੋਨੀ ਮਾਂਗਟ ਰਾਹੀਂ ਭੇਟ ਕੀਤੀਆਂ ਗਈਆਂ। ਸੋਨੀ ਮਾਂਗਟ ਨੇ ਢੁੱਕਵੀਂਆਂ ਟਿੱਪਣੀਆਂ ਦੇ ਕੇ ਕਾਰਵਾਈ ਨੂੰ ਦਿਲਚਸਪ ਬਣਾਈ ਰੱਖਿਆ। ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਭਰਵੀਂ ਸ਼ਮੂਲੀਅਤ ਲਈ ਹਾਜ਼ਰੀਨ ਦਾ ਧੰਨਵਾਦ ਕੀਤਾ।

