‘ਕਿਰਪਾਨ’ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ, ਸਿੱਖ ਜਥੇਬੰਦੀਆਂ ਨੇ ਫ਼ਿਰਕੂ ਨਫ਼ਰਤ ਫੈਲਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ
ਧਾਰਮਿਕ ਆਸਥਾ ਦੇ ਪ੍ਰਤੀਕ ਨੂੰ ਅਪਰਾਧ ਨਾਲ ਜੋੜਨਾ ਗ਼ਲਤ
ਬਰਤਾਨੀਆ (UK) ਵਿੱਚ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਵੱਲੋਂ ਕਿਰਪਾਨ ਦੀ ਆੜ ਲੈਣ ਮਗਰੋਂ ਉੱਥੋਂ ਦੀਆਂ ਸੱਜੇ-ਪੱਖੀ ਜਥੇਬੰਦੀਆਂ ਵੱਲੋਂ ਕਿਰਪਾਨ ’ਤੇ ਪਾਬੰਦੀ ਲਗਾਉਣ ਦੀਆਂ ਮੰਗਾਂ ਉੱਠਣ ਲੱਗੀਆਂ ਹਨ। ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਇਸ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਇੱਕ ਅਪਰਾਧੀ ਦੀਆਂ ਕਰਤੂਤਾਂ ਕਰਕੇ ਪੂਰੇ ਸਿੱਖ ਭਾਈਚਾਰੇ ਨੂੰ ‘ਨਾਜਾਇਜ਼’ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਾਊਥੈਂਪਟਨ ਕਰਾਊਨ ਕੋਰਟ ਨੇ ਵੀਰਵਾਰ ਨੂੰ 23 ਸਾਲਾ ਵਿਕਰਮ ਦਿਗਵਾ ਨੂੰ 18 ਸਾਲਾ ਹੈਨਰੀ ਨੋਵਾਕ ਦਾ 21 ਸੈਂਟੀਮੀਟਰ ਲੰਬੇ ਖੰਜਰ (ਕਿਰਪਾਨ) ਨਾਲ ਕਤਲ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਦੀ 53 ਸਾਲਾ ਮਾਂ ਕਿਰਨ ਕੌਰ ਨੂੰ ਅਪਰਾਧੀ ਦੀ ਮਦਦ ਕਰਨ (ਵਾਰਦਾਤ ਵਾਲੀ ਥਾਂ ਤੋਂ ਹਥਿਆਰ ਗਾਇਬ ਕਰਨ) ਦਾ ਦੋਸ਼ੀ ਪਾਇਆ ਗਿਆ ਹੈ। ਸੁਣਵਾਈ ਦੌਰਾਨ ਵਿਕਰਮ ਨੇ ਕਤਲ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਸੀ ਕਿ ਉਸ ਨੇ ਧਾਰਮਿਕ ਆਸਥਾ ਤਹਿਤ ਰੱਖੀ ਕਿਰਪਾਨ ਦੀ ਵਰਤੋਂ ‘ਸਵੈ-ਰੱਖਿਆ’ (Self-defence) ਲਈ ਕੀਤੀ ਸੀ। ਇਸ ਮਾਮਲੇ ਤੋਂ ਬਾਅਦ ਯੂਕੇ ਦੀ ‘ਰੀਸਟੋਰ ਬ੍ਰਿਟੇਨ’ ਵਰਗੀਆਂ ਕੱਟੜਪੰਥੀ ਪਾਰਟੀਆਂ ਨੇ ਕਿਰਪਾਨ ’ਤੇ ਪਾਬੰਦੀ ਲਗਾਉਣ ਦੀ ਮੰਗ ਚੁੱਕੀ ਹੈ।
ਇੱਕ ਅਪਰਾਧੀ ਪੂਰੇ ਭਾਈਚਾਰੇ ਦੀ ਪਛਾਣ ਨਹੀਂ ਹੋ ਸਕਦਾ: ਸਿਟੀ ਸਿੱਖਸ
‘ਸਿਟੀ ਸਿੱਖਸ ਫਾਊਂਡੇਸ਼ਨ’ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਇਸ ਕਤਲ ਦੇ ਵਿਰੋਧ ਵਿੱਚ ਕਿਰਪਾਨ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਨਾ ਇੱਕ ਇਕੱਲੇ ਅਪਰਾਧੀ ਦੀ ਗਲਤੀ ਲਈ ਪੂਰੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਰਗਾ ਹੈ। ਕਿਸੇ ਇੱਕ ਵਿਅਕਤੀ ਦੇ ਗਲਤ ਕਦਮਾਂ ਨੂੰ ਕਦੇ ਵੀ ਪੂਰੇ ਧਰਮ ਦੀ ਪਰਿਭਾਸ਼ਾ ਨਹੀਂ ਮੰਨਿਆ ਜਾ ਸਕਦਾ। ਬ੍ਰਿਟਿਸ਼ ਸਿੱਖ ਭਾਈਚਾਰਾ ਯੂਕੇ ਵਿੱਚ ਸਭ ਤੋਂ ਵੱਧ ਕਾਨੂੰਨ ਦੀ ਪਾਲਣਾ ਕਰਨ ਵਾਲਾ ਅਤੇ ਸਮਾਜ ਵਿੱਚ ਘੁਲਿਆ-ਮਿਲਿਆ ਭਾਈਚਾਰਾ ਹੈ, ਜਿਸ ਦਾ ਇਸ ਦੇਸ਼ ਵਿੱਚ 160 ਸਾਲਾਂ ਤੋਂ ਵੱਧ ਦਾ ਮਾਣਮੱਤਾ ਇਤਿਹਾਸ ਹੈ।”
ਸੰਸਥਾ ਨੇ ਸਪੱਸ਼ਟ ਕੀਤਾ ਕਿ ਕਿਰਪਾਨ ਖਾਲਸਾ ਮਰਿਆਦਾ ਵਿੱਚ ਪ੍ਰਵੇਸ਼ ਕਰਨ ਵਾਲੇ ਸਿੱਖਾਂ ਲਈ ਆਸਥਾ ਦਾ ਪ੍ਰਤੀਕ ਹੈ, ਜੋ ਸਮਾਜ ਦੇ ਕਮਜ਼ੋਰ ਵਰਗ ਦੀ ਰੱਖਿਆ ਦੀ ਯਾਦ ਦਿਵਾਉਂਦੀ ਹੈ ਅਤੇ ਬ੍ਰਿਟੇਨ ਵਿੱਚ ਪੀੜ੍ਹੀਆਂ ਤੋਂ ਇਸ ਨੂੰ ਜ਼ਿੰਮੇਵਾਰੀ ਨਾਲ ਪਹਿਨਿਆ ਜਾ ਰਿਹਾ ਹੈ। ਸੰਸਥਾ ਨੇ ਹੈਨਰੀ ਨੋਵਾਕ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਲੋਕਾਂ ਨੂੰ ਅਮਨ-ਸ਼ਾਂਤੀ ਅਤੇ ਜ਼ਿੰਮੇਵਾਰੀ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।
ਇਹ ਕੇਸ ਸਿੱਖ ਧਰਮ ਜਾਂ ਨਸਲਵਾਦ ਦਾ ਨਹੀਂ: ਸਰਕਾਰੀ ਵਕੀਲ
ਅਦਾਲਤੀ ਕਾਰਵਾਈ ਦੌਰਾਨ ਇਹ ਮਾਮਲਾ ਪੂਰੀ ਤਰ੍ਹਾਂ ਕਾਨੂੰਨੀ ਦਾਇਰੇ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਜੱਜ ਵਿਲੀਅਮ ਮੌਸਲੇ ਨੇ ਨੋਟ ਕੀਤਾ ਕਿ ਯੂਕੇ ਦੇ ਕਾਨੂੰਨ ਤਹਿਤ ਅਜਿਹੀ ਨੁਕੀਲੀ ਚੀਜ਼ ਰੱਖਣ ਦੀ ਇਜਾਜ਼ਤ ਸਿਰਫ਼ ਧਾਰਮਿਕ ਕਾਰਨਾਂ ਜਾਂ ਸਵੈ-ਰੱਖਿਆ ਲਈ ਹੈ। ਜਿਊਰੀ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਸਰਕਾਰੀ ਵਕੀਲ ਨਿਕੋਲਸ ਲੋਬੇਨਬਰਗ ਨੇ ਬਿਲਕੁਲ ਸਾਫ਼ ਸ਼ਬਦਾਂ ਵਿੱਚ ਕਿਹਾ ਸੀ, “ਇਹ ਮਾਮਲਾ ਸਿੱਖ ਧਰਮ ਬਾਰੇ ਨਹੀਂ ਹੈ। ਇਹ ਮਾਮਲਾ ਨਸਲਵਾਦ ਬਾਰੇ ਵੀ ਨਹੀਂ ਹੈ। ਇਹ ਕੇਸ ਸਿਰਫ਼ ਤੇ ਸਿਰਫ਼ ਇੱਕ ਕਤਲ ਦਾ ਹੈ।”
‘ਸਿੱਖ ਫੈਡਰੇਸ਼ਨ ਯੂਕੇ’ ਨੇ ਵੀ ਇਸ ਕਤਲ ਦੀ ਨਿੰਦਾ ਕਰਦਿਆਂ ਖ਼ਦਸ਼ਾ ਪ੍ਰਗਟਾਇਆ ਕਿ ਇਸ ਨਾਲ ਭਾਈਚਾਰਕ ਨਫ਼ਰਤ ਨੂੰ ਬੇਲੋੜੀ ਹਵਾ ਮਿਲੀ ਹੈ। ਜਥੇਬੰਦੀ ਨੇ ਕਿਹਾ, "ਸਾਡੀ ਜਾਣਕਾਰੀ ਮੁਤਾਬਕ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਉਹ ਆਮ ਕਿਰਪਾਨ ਨਹੀਂ ਸੀ ਜੋ ਮਰਿਆਦਾ ਮਾਰਗੀ ਸਿੱਖ ਸਜਾਉਂਦੇ ਹਨ। ਇਹ ਬਾਰੀਕ ਫ਼ਰਕ ਬਹੁਤ ਮਹੱਤਵਪੂਰਨ ਹੈ, ਜਿਸ ਨੂੰ ਸ਼ਾਇਦ ਗਵਾਹਾਂ ਜਾਂ ਅਦਾਲਤ ਸਾਹਮਣੇ ਸਹੀ ਤਰੀਕੇ ਨਾਲ ਸਪੱਸ਼ਟ ਨਹੀਂ ਕੀਤਾ ਗਿਆ।”
ਫੈਡਰੇਸ਼ਨ ਨੇ ਸਾਫ਼ ਕੀਤਾ ਕਿ ਕਾਨੂੰਨ ਸਿਰਫ਼ ਅੰਮ੍ਰਿਤਧਾਰੀ ਸਿੱਖਾਂ ਨੂੰ ਧਾਰਮਿਕ ਆਸਥਾ ਤਹਿਤ ਕਿਰਪਾਨ ਪਹਿਨਣ ਦੀ ਖੁੱਲ੍ਹ ਦਿੰਦਾ ਹੈ, ਪਰ ਜੇਕਰ ਇਸ ਦੀ ਵਰਤੋਂ ਹਿੰਸਾ ਜਾਂ ਹਮਲੇ ਲਈ ਕੀਤੀ ਜਾਂਦੀ ਹੈ, ਤਾਂ ਕਾਨੂੰਨੀ ਛੋਟ ਖ਼ਤਮ ਹੋ ਜਾਂਦੀ ਹੈ ਅਤੇ ਇਸ ਨੂੰ ‘ਘਾਤਕ ਹਥਿਆਰ’ (Offensive weapon) ਮੰਨਿਆ ਜਾਂਦਾ ਹੈ।
ਵਿਵਾਦਾਂ ਦੇ ਘੇਰੇ ਵਿੱਚ ਪੁਲੀਸ ਦੀ ਕਾਰਵਾਈ
ਇਹ ਮਾਮਲਾ ਉਸ ਵੇਲੇ ਹੋਰ ਗੁੰਝਲਦਾਰ ਹੋ ਗਿਆ ਜਦੋਂ ਇਹ ਸਾਹਮਣੇ ਆਇਆ ਕਿ ਘਟਨਾ ਸਥਾਨ ’ਤੇ ਪਹੁੰਚੀ ਹੈਂਪਸ਼ਾਇਰ ਪੁਲਿਸ ਨੇ ਜ਼ਖ਼ਮੀ ਹਾਲਤ ਵਿੱਚ ਪਏ ਪੀੜਤ ਹੈਨਰੀ ਨੋਵਾਕ ਨੂੰ ਹੀ ਹੱਥਕੜੀ ਲਗਾ ਦਿੱਤੀ ਸੀ। ਦੋਸ਼ੀ ਵਿਕਰਮ ਨੇ ਪੁਲੀਸ ਨੂੰ ਗੁਮਰਾਹ ਕਰਦਿਆਂ ਦਾਅਵਾ ਕੀਤਾ ਸੀ ਕਿ ਨੋਵਾਕ ਨੇ ਉਸ ’ਤੇ ਨਸਲੀ ਟਿੱਪਣੀ ਕੀਤੀ ਸੀ ਅਤੇ ਕਿਸੇ ਹਥਿਆਰ ਦੀ ਵਰਤੋਂ ਤੋਂ ਇਨਕਾਰ ਕੀਤਾ ਸੀ। ਬਾਅਦ ਵਿੱਚ ਜਦੋਂ ਨੋਵਾਕ ਦੀ ਹਾਲਤ ਗੰਭੀਰ ਹੋਈ, ਤਾਂ ਹੱਥਕੜੀ ਖੋਲ੍ਹ ਕੇ ਐਂਬੂਲੈਂਸ ਬੁਲਾਈ ਗਈ।
ਇਸ ਲਾਪਰਵਾਹੀ ਕਾਰਨ ਸਬੰਧਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸੁਤੰਤਰ ਪੁਲੀਸ ਆਚਰਣ ਦਫ਼ਤਰ (IOPC) ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਂਸਟੇਬੁਲਰੀ ਦੇ ਅਸਥਾਈ ਡਿਪਟੀ ਚੀਫ਼ ਕਾਂਸਟੇਬਲ ਰੌਬਰਟ ਫਰਾਂਸ ਨੇ ਇਸ ਘਟਨਾ ’ਤੇ ਡੂੰਘਾ ਅਫ਼ਸੋਸ ਪ੍ਰਗਟਾਇਆ ਹੈ। ਦੱਸ ਦਈਏ ਕਿ ਦੋਸ਼ੀ ਵਿਕਰਮ ਦਿਗਵਾ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ, ਜਦੋਂ ਕਿ ਉਸ ਦੀ ਮਾਂ ਕਿਰਨ ਕੌਰ ਨੂੰ 17 ਜੁਲਾਈ ਨੂੰ ਸਜ਼ਾ ਹੋਵੇਗੀ। ਦੂਜੇ ਪਾਸੇ ‘ਰਿਫਾਰਮ ਯੂਕੇ’ ਦੇ ਐਮਪੀ ਰੌਬਰਟ ਜੇਨਰਿਕ ਨੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਪੱਤਰ ਲਿਖ ਕੇ ਪੁਲੀਸ ਦੇ ‘ਐਂਟੀ-ਰੇਸਿਸਟ ਟ੍ਰੇਨਿੰਗ ਪ੍ਰੋਗਰਾਮਾਂ’ ਦੀ ਸਮੀਖਿਆ ਕਰਨ ਅਤੇ ਕਾਨੂੰਨ ਸਾਹਮਣੇ ਸਭ ਨੂੰ ਬਰਾਬਰ ਸਮਝਣ ਦੀ ਮੰਗ ਕੀਤੀ ਹੈ।

