DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੁੱਖਾਂ ਨਾਲ ਬਾਤਾਂ ਪਾਉਣੀਆਂ...

ਰੁੱਖ ਵੀ ਦੁਖ-ਸੁਖ ਸਾਂਝੇ ਕਰਦੇ ਹਨ। ਕਦੇ ਉਨ੍ਹਾਂ ਨਾਲ ਗਲਵੱਕੜੀ ਪਾ ਕੇ ਦੇਖਿਓ, ਉਨ੍ਹਾਂ ਦੀ ਗੋਦ ਵਿੱਚ ਬਹਿ ਕੇ ਗੱਲਾਂ ਕਰਿਓ ਤੇ ਬਾਤਾਂ ਪਾਇਓ। ਜਦੋਂ ਤਪਦੀ ਧੁੱਪ ਤੜਫਾਉਂਦੀ ਹੈ ਤਾਂ ਕਿਸੇ ਸੰਘਣੇ ਰੁੱਖ ਦੀ ਮਾਂ ਵਰਗੀ ਛਾਂ ਲੱਭ ਕੇ ਸਵਰਗਾਂ...

  • fb
  • twitter
  • whatsapp
  • whatsapp
Advertisement

ਰੁੱਖ ਵੀ ਦੁਖ-ਸੁਖ ਸਾਂਝੇ ਕਰਦੇ ਹਨ। ਕਦੇ ਉਨ੍ਹਾਂ ਨਾਲ ਗਲਵੱਕੜੀ ਪਾ ਕੇ ਦੇਖਿਓ, ਉਨ੍ਹਾਂ ਦੀ ਗੋਦ ਵਿੱਚ ਬਹਿ ਕੇ ਗੱਲਾਂ ਕਰਿਓ ਤੇ ਬਾਤਾਂ ਪਾਇਓ। ਜਦੋਂ ਤਪਦੀ ਧੁੱਪ ਤੜਫਾਉਂਦੀ ਹੈ ਤਾਂ ਕਿਸੇ ਸੰਘਣੇ ਰੁੱਖ ਦੀ ਮਾਂ ਵਰਗੀ ਛਾਂ ਲੱਭ ਕੇ ਸਵਰਗਾਂ ਦਾ ਨਜ਼ਾਰਾ ਮਹਿਸੂਸ ਕਰਦੇ ਹਾਂ। ਉਸ ਵੇਲੇ ਗੂੜ੍ਹੀ ਠੰਢੀ ਛਾਂ ਹੇਠ ਲੱਖਾਂ ਦੁੱਖ ਤੇ ਉਦਾਸੀਆਂ ਦੂਰ ਹੋ ਜਾਂਦੀਆਂ ਹਨ।

ਰੁੱਖਾਂ ਨਾਲ ਆਪਣਾ ਸਮਾਂ ਬਿਤਾਉਣਾ ਮਨੁੱਖ ਦੀ ਅਸਲ ਘਰ ਵਾਪਸੀ ਹੁੰਦੀ ਹੈ। ਸ਼ਹਿਰਾਂ ਦੇ ਸ਼ੋਰ ਵਿੱਚ ਰਹਿੰਦਿਆਂ ਸਾਡੇ ਅੰਦਰ ਇੱਕ ਸੁੱਕਾ ਜੰਗਲ ਵਸ ਜਾਂਦਾ ਹੈ। ਸਾਡੀ ਰੂਹ ਮਿੱਟੀ ਦੀ ਖੁਸ਼ਬੂ ਮਾਨਣਾ ਚਾਹੁੰਦੀ ਹੈ, ਪੱਤਿਆਂ ਦੀ ਸਰਸਰਾਹਟ ਸੁਣਨਾ ਚਾਹੁੰਦੀ ਹੈ, ਰੁੱਖ ਦੀਆਂ ਟਹਿਣੀਆਂ ਨਾਲ ਝੂਲਣਾ ਚਾਹੁੰਦੀ ਹੈ। ਜਦੋਂ ਉਹ ਹੁਲਾਰੇ ਮਿਲਦੇ ਹਨ ਤਾਂ ਇੱਕ ਨਵਾਂ ਸੰਸਾਰ ਉਸਰ ਜਾਂਦਾ ਹੈ। ਉਸ ਚਮਤਕਾਰੀ ਕਾਇਨਾਤ ਵਿੱਚ ਖੇੜਾ ਆ ਕੇ ਵੱਸ ਜਾਂਦਾ ਹੈ।

Advertisement

ਰੁੱਖ ਸਿਰਫ਼ ਲੱਕੜ ਹੀ ਨਹੀਂ ਹੁੰਦੇ। ਉਹ ਚੁੱਪਚਾਪ ਖੜ੍ਹੇ ਫੱਕਰ ਫ਼ਕੀਰ ਦਰਵੇਸ਼ ਹੁੰਦੇ ਹਨ। ਉਹ ਬੋਲਦੇ ਨਹੀਂ, ਪਰ ਫਿਰ ਵੀ ਜਿਊਣ ਦੀ ਜਾਚ ਦੱਸਦੇ ਹਨ। ਕਿਸ ਤਰ੍ਹਾਂ ਵੱਡਾ ਜਿਗਰਾ ਹੌਸਲਾ ਲੈ ਕੇ ਤੁਰਦੇ ਰਹੀਦਾ, ਇਹ ਉਹੀ ਸ਼ਬਦੀ ਸਬਕ ਸਿਖਾਉਂਦੇ ਹਨ। ਤਾਂ ਹੀ ਇਹ ਵਿਸ਼ਾ ਦਿਲ ਦੇ ਬਹੁਤ ਨੇੜੇ ਹੈ। ਬਿਰਖਾਂ ਨਾਲ ਸਬੰਧ ਜੋੜਨਾ, ਪਲ ਬਿਤਾਉਣੇ ਸਿਰਫ਼ ਪ੍ਰਕਿਰਤੀ ਨਾਲ ਰਹਿਣਾ ਨਹੀਂ, ਆਪਣੇ ਅਸਲੀ ਮਨ ਮੰਦਰ ਵਿੱਚ ਪਰਤਣਾ ਹੁੰਦਾ ਹੈ। ਫਿਲਾਸਫ਼ੀ ਦੀ ਨਜ਼ਰ ਨਾਲ ਰੁੱਖ ਸਾਨੂੰ ‘ਦੇਣ’ ਯਾਨੀ ਵੰਡ ਕੇ ਛੱਕਣ ਦਾ ਦਰਸ਼ਨ ਚਿਤਰਦੇ ਹਨ। ਉਹ ਛਾਂ, ਫੁੱਲ ਤੇ ਫ਼ਲ ਦਿੰਦੇ ਹਨ, ਆਕਸੀਜਨ ਦੇ ਸਾਹ ਜ਼ਿੰਦਗੀ ਨੂੰ ਤੋਰੀ ਰੱਖਦੇ ਹਨ ਬਿਨਾਂ ਕਿਸੇ ਆਸ ਤੇ ਉਮੀਦ ਦੇ।

Advertisement

ਉਹ ਆਪਣੇ ਤਨ ਚਿਰਵਾ ਕੇ ਵਾਜ਼ੇ, ਬੰਸਰੀਆਂ, ਸਾਰੰਗੀਆਂ ਤੇ ਪਤਾ ਨਹੀਂ ਕਿੰਨੇ ਹੋਰ ਅਨੇਕਾਂ ਸਾਜ਼ ਬਣਾ ਕੇ ਦਿੰਦੇ ਹਨ। ਉਹ ਇਹ ਸਭ ਆਪਣੀਆਂ ਆਂਦਰਾਂ ਨੂੰ ਭੇਟ ਕਰਕੇ ਦਿੰਦੇ ਹਨ ਤੇ ਕਦੇ ਵੀ ਕੁਝ ਨਹੀਂ ਮੰਗਦੇ। ਪਾਣੀ ਦਾ ਜੇ ਘੁੱਟ ਪਾ ਦੇਵੋ ਤਾਂ ਤੁਹਾਡੀ ਮਰਜ਼ੀ ਨਹੀਂ ਤਾਂ ਉਹ ਆਪਣੀ ਪਿਆਸ ਆਪਣੀਆਂ ਹੀ ਜੜਾਂ ਨੂੰ ਦੱਸਦੇ ਹਨ।

ਮੀਂਹ ਦੇ ਪਾਣੀ ਵਿੱਚ ਹੀ ਨਹਾਉਂਦੇ, ਹੱਸਦੇ ਹਰੇ ਭਰੇ ਰਹਿੰਦੇ ਹਨ। ਉਹ ਤਾਂ ਜਗ੍ਹਾ ਵੀ ਥੋੜ੍ਹੀ ਜਿਹੀ ਹੀ ਰੋਕਦੇ ਹਨ। ਕਹਿੰਦੇ ਹਨ ਤੁਸੀਂ ਫੈਲ ਜਾਓ ਅਸੀਂ ਉਤਾਂਹ ਨੂੰ ਵਧ ਕੇ ਆਪਣੀ ਚਾਹਤ ਪੂਰੀ ਕਰ ਲਵਾਂਗੇ। ਇਨਸਾਨ ਆਪਣੀ ਹਰ ਕਿਰਿਆ ਵਿੱਚ ਲਾਭ ਲੱਭਦਾ ਹੈ, ਪਰ ਰੁੱਖ ਸਿਰਫ਼ ਸੇਵਾ ਭਾਵਨਾ ਦੀ ਸਦਾ ਲੋਕਪੂਰਤੀ ਕਰਦੇ ਹਨ। ਜਿਸ ਜੀਵਨ ਵਿੱਚ ਅਹੰਕਾਰ ਘੱਟ ਹੋਵੇ, ਉਹੀ ਜੀਵਨ ਵੱਡਾ ਤੇ ਉੱਚਾ ਸੁੱਚਾ ਹੁੰਦਾ ਹੈ। ਰੁੱਖਾਂ ਦੀ ਹੋਂਦ ਅਹੰਕਾਰ ਰਹਿਤ ਹੈ। ਉਨ੍ਹਾਂ ਦੀ ਉਚਾਈ ਉੱਚੀ ਵੱਡੀ ਹੈ, ਪਰ ਸਿਰ ਨਿੱਤ ਝੁਕਿਆ ਹੋਇਆ ਰੱਖਦੇ ਹਨ, ਹਰੇਕ ਬੱਚੇ ਅਤੇ ਵੱਡੇ ਅੱਗੇ ਸਿਜਦਾ ਕਰਦੇ ਸਿਰ ਨਿਵਾਉਂਦੇ ਹਨ।

ਅੱਜ ਵਿਗਿਆਨ ਵੀ ਮੰਨ ਰਿਹਾ ਹੈ ਕਿ ਰੁੱਖਾਂ ਦੇ ਨੇੜੇ ਰਹਿਣ ਨਾਲ ਮਨੁੱਖੀ ਦਿਮਾਗ਼ ਵਿੱਚ ਤਣਾਅ ਵਾਲਾ ਹਾਰਮੋਨ ਘਟਦਾ ਹੈ। ਜਪਾਨ ਵਿੱਚ ‘Forest Bathing’ ਦਾ ਸੰਕਲਪ ਮਸ਼ਹੂਰ ਹੈ। ਜੰਗਲ ਵਿੱਚ ਸਮਾਂ ਬਿਤਾਉਣਾ ਥੈਰੇਪੀ ਮੰਨੀ ਜਾਂਦੀ ਹੈ। ਪੱਤਿਆਂ ਵਿੱਚੋਂ ਨਿਕਲਣ ਵਾਲੇ ‘ਫਾਈਟਨਸਾਈਡਸ’ (Phytoncides) ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਂਦੇ ਹਨ।

ਹਰ ਰੁੱਖ ਇੱਕ ਜੀਵੰਤ ਲੈਬੋਰੇਟਰੀ ਹੈ, ਜਿੱਥੇ ਆਕਸੀਜਨ, ਠੰਢਕ ਅਤੇ ਜੀਵਨ ਦੀ ਊਰਜਾ ਬਣਦੀ ਹੈ ਤੇ ਖੁੱਲ੍ਹੀ ਵਰਤਾਈ ਜਾਂਦੀ ਹੈ ਬਿਨਾਂ ਕਿਸੇ ਭੇਦ ਭਾਵ ਦੇ। ਸੱਚ ਇਹ ਹੈ ਕਿ ਜਦੋਂ ਅਸੀਂ ਰੁੱਖ ਹੇਠ ਬੈਠਦੇ ਹਾਂ, ਸਾਡਾ ਬਲੱਡ ਪ੍ਰੈੱਸ਼ਰ ਘਟਦਾ ਹੈ, ਦਿਲ ਦੀ ਧੜਕਣ ਸਾਧਾਰਨ ਹੁੰਦੀ ਹੈ ਅਤੇ ਸੋਚ ਸਾਫ਼ ਹੋ ਜਾਂਦੀ ਹੈ। ਮਨ ਸ਼ਾਂਤ ਹੋਣਾ ਕੋਈ ਅਧਿਆਤਮਕ ਕਹਾਣੀ ਨਹੀਂ, ਇਹ ਬਾਇਓਲੌਜੀਕਲ ਕਿਰਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਦਰਤ ਨੂੰ ਪ੍ਰਭੂ ਦੀ ਰਚਨਾ ਦਾ ਪ੍ਰਤੱਖ ਰੂਪ ਕਿਹਾ ਗਿਆ ਹੈ;

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।

ਇਹ ਸ਼ਬਦ ਸਾਨੂੰ ਯਾਦ ਦਿਵਾਉਂਦੇ ਹਨ ਕਿ ਹਵਾ, ਪਾਣੀ, ਧਰਤੀ ਇਹ ਸਿਰਫ਼ ਤੱਤ ਨਹੀਂ, ਸਗੋਂ ਪਰਿਵਾਰਕ ਸਾਝਾਂ ਹਨ। ਸਾਹਾਂ ਦਾ ਪਿਆਰ ਤੇ ਗਲਵੱਕੜੀਆਂ ਦਾ ਮੋਹ। ਰੁੱਖ ਇਸ ਪਰਿਵਾਰ ਦੇ ਜਿਉਂਦੇ, ਜਾਗਦੇੇ ਤੇ ਹੱਸਦੇ ਹਸਾਉਂਦੇ ਸਾਡੇ ਸਕੇ ਰਿਸ਼ਤੇਦਾਰ ਤੇ ਲੰਗੋਟੀਏ ਯਾਰ ਹਨ। ਗੁਰਮਤਿ ਸਾਨੂੰ ਕੁਦਰਤ ਨਾਲ ਜੁੜਨ ਦੀ ਸਿੱਖਿਆ ਦਿੰਦੀ ਹੈ। ਜੋ ਮਨੁੱਖ ਰੁੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ਆਪਣੀਆਂ ਹੀ ਜੜ੍ਹਾਂ ਕੱਟਦਾ ਹੈ। ਜੋ ਰੁੱਖ ਲਗਾਉਂਦਾ ਹੈ, ਉਹ ਭਵਿੱਖ ਸਾਜਦਾ ਤੇ ਸਜਾਉਂਦਾ ਹੈ।

ਰੁੱਖ ਮਨ ਦੇ ਹਕੀਮ ਵੈਦ ਹੁੰਦੇ ਹਨ। ਅੱਜ ਡਿਪ੍ਰੈਸ਼ਨ, ਚਿੰਤਾ ਅਤੇ ਅੰਦਰੂਨੀ ਖਾਲੀਪਣ ਵਧ ਰਿਹਾ ਹੈ, ਪਰ ਇੱਕ ਸਧਾਰਨ ਹੱਲ ਸਾਡੇ ਕੋਲ ਹੈ, ਰੋਜ਼ 20 ਮਿੰਟ ਰੁੱਖਾਂ ਦੇ ਨਾਲ ਬਿਤਾਉਣਾ। ਉਨ੍ਹਾਂ ਨਾਲ ਗੱਲਬਾਤ ਕਰਨੀ ਤੇ ਬਾਤਾਂ ਪਾਉਣੀਆਂ। ਦੁੱਖ ਉਦਾਸੀਆਂ ਦੱਸਣੀਆਂ, ਪੁੱਛਣੀਆਂ, ਕਿੰਨੀਆਂ ਮੁਹੱਬਤੀ ਸਾਝਾਂ ਹਨ। ਨੰਗੇ ਪੈਰ ਘਾਹ ’ਤੇ ਤੁਰਨਾ, ਪੱਤਿਆਂ ਨੂੰ ਛੂਹਣਾ, ਰੁੱਖ ਨੂੰ ਗਲੇ ਲਗਾਉਣਾ, ਇਹ ਸਿਰਫ਼ ਭਾਵਨਾਤਮਕ ਨਹੀਂ, ਨਰਵਸ ਸਿਸਟਮ ਨੂੰ ਰੀਸੈੱਟ ਕਰਕੇ ਰੀਚਾਰਜ ਕਰਦੇ ਹਨ। ਇਹ ਸਭ ਤੋਂ ਨਵੀਨਤਮ ਕੁਦਰਤੀਕਰਨ ਦਾ ਮਾਡਲ ਹੈ।

ਰੁੱਖ ਸਾਨੂੰ ਕਹਿੰਦੇ ਹਨ: ‘ਹੌਲੀ ਹੌਲੀ ਵਧੀਦਾ, ਡੂੰਘੇ ਜਾਈਦਾ, ਜੜਾਂ ਮਜ਼ਬੂਤ ਕਰੀਦੀਆਂ।’ ਫਿਰ ਕੋਈ ਹਨੇਰੀ ਤੂਫ਼ਾਨ ਤੁਹਾਨੂੰ ਹਿਲਾ ਨਹੀਂ ਸਕੇਗਾ। ਸਾਨੂੰ ਵੱਡੇ ਬਦਲਾਅ ਦੀ ਲੋੜ ਨਹੀਂ। ਸਿਰਫ਼ ਇੱਕ ਰੁੱਖ ਨਾਲ ਦੋਸਤੀ ਕਰ ਲਵੋ। ਹਰ ਹਫ਼ਤੇ ਉਸ ਦੇ ਹੇਠ ਬੈਠੋ। ਉਸ ਨੂੰ ਪਾਣੀ ਦਿਓ। ਉਸ ਨਾਲ ਗੱਲਾਂ ਕਰੋ ਕਿਉਂਕਿ ਜਦੋਂ ਅਸੀਂ ਰੁੱਖਾਂ ਨਾਲ ਸਮਾਂ ਬਿਤਾਉਂਦੇ ਹਾਂ ਤਾਂ ਅਸਲ ਵਿੱਚ ਆਪਣੀ ਰੂਹ ਨਾਲ ਸਮਾਂ ਬਿਤਾ ਰਹੇ ਹੁੰਦੇ ਹਾਂ। ਇੰਝ ਰੂਹ ਰਾਜ਼ੀ ਹੋ ਕੇ ਖਿੜ ਜਾਂਦੀ ਹੈ।

ਰੁੱਖਾਂ ਦੀ ਛਾਂ ਵਿੱਚ ਮਨੁੱਖ ਆਪਣੇ ਅੰਦਰਲੇ ਸ਼ੋਰ ਨੂੰ ਸੁਣਦਾ ਹੈ ਅਤੇ ਫਿਰ ਉਹ ਸ਼ੋਰ ਹੌਲੀ-ਹੌਲੀ ਸ਼ਾਂਤ ਹੋ ਜਾਂਦਾ ਹੈ। ਅੱਜ ਹੀ ਫ਼ੈਸਲਾ ਕਰੋ ਸਮਾਰਟਫੋਨ ਨਾਲ ਘੱਟ, ਰੁੱਖਾਂ ਨਾਲ ਵੱਧ ਸਮਾਂ ਬਿਤਾਉਣ ਲੱਗ ਜਾਓ। ਫੁੱਲਾਂ ਤੋਂ ਹੱਸਣਾ ਮਹਿਕਣਾ ਸਿੱਖੋ। ਰੁੱਖ ਲਗਾਉ ਫੁੱਲਾਂ ਫਲਾਂ ਵਾਲੇ ਬਣੋ। ਫਿਰ ਦੇਖਣਾ ਤੁਹਾਡਾ ਮਨ ਕਿਵੇਂ ਖਿੜ ਜਾਵੇਗਾ, ਸੋਚ ਵੱਡੀ ਵਿਲੱਖਣ ਉੱਚੀ ਹੋ ਜਾਵੇਗੀ ਅਤੇ ਜੀਵਨ ਵਿੱਚ ਇੱਕ ਅਜਿਹਾ ਅਸ਼-ਅਸ਼ ਉੱਭਰੇਗਾ ਜੋ ਕਿਸੇ ਵੀ ਦਵਾਈ ਨਾਲ ਨਹੀਂ, ਸਿਰਫ਼ ਰੁੱਖਾਂ ਦੇ ਪੱਤਿਆਂ, ਟਹਿਣੀਆਂ ’ਤੇ ਸਜੇ ਫੁੱਲਾਂ ਦੀਆਂ ਮਹਿਕਾਂ ਵਿੱਚੋਂ ਹੀ ਪ੍ਰਾਪਤ ਹੋਵੇਗਾ। ਨਜ਼ਾਰਾ ਇਹ ਹੋਵੇਗਾ ਜਿਵੇਂ ਕੁਦਰਤ ਬੂਹੇ ਉੱਤੇ ਹੀ ਆ ਕੇ ਖੜ੍ਹੀ ਹੋ ਗਈ ਹੋਵੇ, ਉਹ ਆ ਕੇ ਤੁਹਾਡਾ ਦਰਵਾਜ਼ਾ ਖੜਕਾਉਂਦੀ ਹੋਵੇ।

Advertisement
×