Sydney: ਪਰਵਾਸੀਆਂ ਅਤੇ ਘੱਟ ਗਿਣਤੀਆਂ ਦੇ ਹੱਕ ਵਿੱਚ ਸੜਕਾਂ ’ਤੇ ਆਏ ਵਿਦਿਆਰਥੀ
ਇਹ ਰੈਲੀ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ ਵੱਲੋਂ ਕਰਵਾਈ ਗਈ।
ਸਿਡਨੀ ਵਿੱਚ ਸਕੂਲੀ ਵਿਦਿਆਰਥੀ ਆਪਣੀਆਂ ਕਲਾਸਾਂ ਛੱਡ ਕੇ ਸੜਕਾਂ ’ਤੇ ਆਏ ਹਨ। ਉਹ ਮੰਗ ਕਰ ਰਹੇ ਹਨ ਕਿ ਨਸਲਵਾਦ ਨੂੰ ਰੋਕਿਆ ਜਾਵੇ ਅਤੇ ਫਿਰਕੂ ਟਿੱਪਣੀਆਂ ਤੇ ਸਮਾਜ ਵਿੱਚ ਵੰਡੀਆਂ ਪਾਉਣ ਨੂੰ ਹਵਾ ਦੇਣ ਵਾਲੀ ਸੰਸਦ ਮੈਂਬਰ ਪੌਲੀਨ ਹੈਨਸਨ ਅਤੇ ਉਸ ਦੀ ਪਾਰਟੀ 'ਵੱਨ ਨੇਸ਼ਨ' ਵਿਰੁੱਧ ਕਾਰਵਾਈ ਕੀਤੀ ਜਾਵੇ।
ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ ਵੱਲੋਂ ਰੈਲੀ ਅਤੇ ਵਿਦਿਆਰਥੀਆਂ ਦੇ ਵਿਚਾਰ
ਇਹ ਰੈਲੀ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ ਵੱਲੋਂ ਕਰਵਾਈ ਗਈ। ਸਿਡਨੀ ਦੇ 12ਵੀਂ ਜਮਾਤ ਦੇ ਵਿਦਿਆਰਥੀ ਥਿਓਡੋਰ ਨੇ ਮੰਚ ਤੋਂ ਕਿਹਾ ਕਿ ਵਿਦਿਆਰਥੀ ਹਮੇਸ਼ਾ ਫਾਸ਼ੀਵਾਦ ਅਤੇ ਨਸਲਵਾਦ ਵਿਰੁੱਧ ਲੜਾਈ ਦਾ ਹਿੱਸਾ ਰਹੇ ਹਨ। ਵਿਦਿਆਰਥੀਆਂ ਨੂੰ ਭੋਲੇ ਜਾਂ ਕਿਸੇ ਦੇ ਹੱਥਾਂ ਦੀ ਕਠਪੁਤਲੀ ਕਹਿਣਾ ਗਲਤ ਹੈ ਅਤੇ ਸਮਾਜਕ ਮੁੱਦਿਆਂ ’ਤੇ ਉਨ੍ਹਾਂ ਦੀ ਵੀ ਆਪਣੀ ਆਵਾਜ਼ ਹੈ।
ਆਗੂ ਨੇ ਕਿਹਾ ਕਿ ਵਿਦਿਆਰਥੀ ਇਸ ਲਈ ਸੜਕਾਂ ’ਤੇ ਉਤਰੇ ਹਨ ਕਿਉਂਕਿ ਉਹ ਸਮਝਦੇ ਹਨ ਕਿ 'ਵੱਨ ਨੇਸ਼ਨ' ਦੀਆਂ ਨੀਤੀਆਂ ਪਰਵਾਸੀਆਂ ਅਤੇ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ “ਵਿਦਿਆਰਥੀਆਂ ਦਾ ਭਵਿੱਖ ਵੀ ਦਾਅ ’ਤੇ ਹੈ” ਅਤੇ ਉਹ ਨਸਲਵਾਦ ਤੇ ਵੰਡ ਵਾਲੀ ਸਿਆਸੀ ਦਾ ਵਿਰੋਧ ਕਰਨਾ ਚਾਹੁੰਦੇ ਹਨ। ਯੂਨੀਅਨ ਆਗੂ ਥਿਓਡੋਰ ਨੇ ਕਿਹਾ ਕਿ ਮੁੱਖ ਸੰਦੇਸ਼ ਇਹ ਹੈ ਕਿ ਇਹ ਸਿਰਫ਼ ਹੈਨਸਨ ਦਾ ਵਿਰੋਧ ਨਹੀਂ ਹੈ, ਸਗੋਂ ਬਰਾਬਰੀ, ਬਹੁ-ਸੱਭਿਆਚਾਰਕਤਾ ਅਤੇ ਆਪਣੇ ਭਵਿੱਖ ਬਾਰੇ ਆਵਾਜ਼ ਉਠਾਉਣ ਦਾ ਮਾਮਲਾ ਹੈ।
ਸਰਕਾਰ ਅਤੇ ਸਿੱਖਿਆ ਮੰਤਰੀ ਦਾ ਪੱਖ
ਇਸ ਪ੍ਰਦਰਸ਼ਨ ਤੋਂ ਬਾਅਦ ਵਿਦਿਆਰਥੀਆਂ ਦੀ ਸਿਆਸੀ ਸਰਗਰਮੀ ਅਤੇ ਸਕੂਲਾਂ ਦੀ ਭੂਮਿਕਾ ਬਾਰੇ ਬਹਿਸ ਤੇਜ਼ ਹੋ ਗਈ ਹੈ। ਸਰਕਾਰ ਦਾ ਪੱਖ ਹੈ ਕਿ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਹੱਕ ਹੈ, ਪਰ ਸਕੂਲਾਂ ਦਾ ਮੁੱਖ ਉਦੇਸ਼ ਸਿੱਖਿਆ ਅਤੇ ਪੜ੍ਹਾਈ ਹੈ। ਕੇਂਦਰੀ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਵਿਦਿਆਰਥੀਆਂ ਨੂੰ ਕਲਾਸ ਵਿੱਚ ਰਹਿਣ ਅਤੇ ਵਿਰੋਧ ਪ੍ਰਦਰਸ਼ਨ ਵੀਕਐਂਡ ’ਤੇ ਕਰਨ ਦੀ ਅਪੀਲ ਕੀਤੀ ਹੈ।
ਸੂਬੇ ਦੀ ਸਿੱਖਿਆ ਨੀਤੀ ਅਨੁਸਾਰ ਵਿਵਾਦਤ ਮੁੱਦਿਆਂ ਦੀ ਚਰਚਾ ਨਿਰਪੱਖ, ਤੱਥਾਂ-ਅਧਾਰਿਤ ਅਤੇ ਕਿਸੇ ਸਿਆਸੀ ਧੜੇ ਦੇ ਹੱਕ ਵਿੱਚ ਪ੍ਰਚਾਰ ਤੋਂ ਰਹਿਤ ਹੋਣੀ ਚਾਹੀਦੀ ਹੈ। ਰਾਜ ਵਿੱਚ 3000 ਤੋਂ ਵੱਧ ਸਕੂਲਾਂ ਵਿੱਚ ਸਟਾਫ਼ ਲਈ ਨਫ਼ਰਤੀ ਭਾਸ਼ਣ ਕਰਨ ਉੱਤੇ ਵੀ ਸਖ਼ਤ ਪਾਬੰਦੀ ਲਾਗੂ ਕੀਤੀ ਗਈ ਹੈ।

