ਅਜੀਤ ਸਿੰਘ ਜੀਤ
ਕਰਮਾ ਸੀਰੀ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦਾ, ਥੱਕਿਆ ਟੁੱਟਿਆ ਆਇਆ। ਵਿਹੜੇ ਵਿਚ ਨਿੰਮ ਦੇ ਥੱਲੇ ਪਏ ਅਲਾਣੇ ਮੁੰਜ ਦੇ ਮੰਜੇ ’ਤੇ ਆ ਕੇ ਢਹਿ ਪਿਆ। ‘ਕੁੰਤੀਏ’ ਪਾਣੀ ਲਿਆਈਂ ਮੇਰੇ ਲਈ, ਗਰਮੀ ਵਿਚ ਬੁਰਾ ਹਾਲ ਹੋਇਆ ਪਿਆ ਹੈ ਅੱਜ ਮੇਰਾ।
ਧਗੜਿਆ ਮੈਂ ਕਿਹੜਾ ਵਿਹਲੀ ਬੈਠੀ ਆਂ ਸਵੇਰ ਦੀ, ਮਸ਼ੀਨ ਬਣੀ ਹੋਈ ਆਂ। ਪਹਿਲਾਂ ਤੈਨੂੰ ਚਾਹ ਪਿਆਈ, ਆਪ ਪੀਤੀ ਤੇ ਝੀਤੇ ਤੇ ਤੋਤੀ ਨੂੰ ਚਾਹ ਨਾਲ ਰੋਟੀ ਖਵਾਈ ਤੇ ਇਨ੍ਹਾਂ ਨੂੰ ਸਕੂਲ ਭੇਜ ਕੇ ਮੈਂ ਗਾਂ ਲਈ ਪੱਠਾ ਦੱਤਾ ਲੈਣ ਚਲੀ ਗਈ। ਜ਼ਿਮੀਂਦਾਰਾਂ ਦੇ ਖੇਤਾਂ ਦੀਆਂ ਵੱਟਾਂ ਬੰਨ੍ਹਿਆਂ ਤੋਂ ਹੀ ਘਾਹ ਵੱਢਣਾ ਜਾਂ ਖੋਤਣਾ ਹੁੰਦਾ ਹੈ। ਮਾਲਕਾਂ ਦੇ ਮਾੜੇ, ਚੰਗੇ ਬੋਲ ਵੀ ਸੁਣਨੇ ਪੈਂਦੇ ਆ, ਹੁਣ ਤਾਂ ਆਦੀ ਜਿਹੇ ਹੋ ਗਏ ਹਾਂ ਸੁਣਨ ਦੇ। ਆਹ ਲੈ ਪੀ ਪਾਣੀ। ਭਲਾਂ ਇਹ ਦੱਸ ਸਰਦਾਰ ਨੇ ਕਣਕ ਬਾਰੇ ਹੁੰਗਾਰਾ ਭਰਿਆ ਕਿ ਨਹੀਂ।
ਮਹੀਨਾ ਤਾਂ ਇਕ ਹੀ ਰਹਿੰਦਾ ਐ, ਫਿਰ ਆਪਣੀ ਮਿਹਨਤ ਦੀ ਕਮਾਈ ਦੀ ਕਣਕ ਘਰ ਆ ਜਾਣੀ ਐ। ਛੇ ਕੁ ਬੋਰੀਆਂ ਹੋ ਹੀ ਜਾਂਦੀਆਂ ਨੇ, ਤਿੰਨ ਕੁ ਵੇਚ ਕੇ ਕੱਪੜਾ ਲੀੜਾ ਤੇ ਕਾਂਸ਼ੀ ਬਾਣੀਏ ਦੇ ਦੇਕੇ ਕੁਝ ਬਚ ਜਾਣਗੇ। ਹਕੀਮ ਤੋਂ ਦਵਾਈ ਵੀ ਕਦੀ ਕਦਾਈਂ ਲੈਣੀ ਪੈਂਦੀ ਐ। ਕਣਕ ਲਈ ਸਰਦਾਰ ਨੂੰ ਇਕ ਮਣ ਦਾ ਹੀ ਕਿਹਾ ਐ, ਉਹ ਕਹਿੰਦਾ, ਜਦੋਂ ਮਰਜ਼ੀ ਲੈ ਜਾਵੀਂ। ਸਾਂਵੀ ਕੱਟਾਂਗਾ, ਫਿਕਰ ਨਾ ਕਰੀਂ।
‘ਕੁੰਤੀਏ’ ਤੇਰਾ ਲਾਡਲਾ ਬੁੱਧੂ ਕਿੱਥੇ ਗਿਆ? ਮੈਨੂੰ ਤੂੰ ਪਹਿਲਾਂ ਇਹ ਦੱਸ, ਆਹ ਪੱਥਰ ਜਿਹਾ ਮੁੰਡਾ ਕਿੱਥੋਂ ਜੰਮ ਲਿਆ। ਬਾਰਾਂ ਸਾਲ ਦਾ ਹੋ ਗਿਆ, ਨਾ ਕੰਮ ਦਾ ਨਾ ਕਾਰ ਦਾ, ਉਜਾੜਾ ਅਨਾਜ ਦਾ।
ਬੰਦਿਆ ਤੈਨੂੰ ਕੁੱਤੇ ਦੀ ਜ਼ੁਬਾਨ ਲੱਗੀ ਹੋਈ ਆ। ਇਹ ਮੈਂ ਪਿੱਛੋਂ ਲੈ ਕੇ ਆਈ ਆਂ? ਇਹ ਵੀ ਤੁਖਮ ਤੇਰਾ ਹੈ। ਕੰਜਰਾ, ਤੂੰ ਮੈਨੂੰ ਪਤਾ ਨਹੀਂ ਕਿੰਨੀ ਵਾਰ ਇਹ ਉਲਾਂਭਾ ਦਿੱਤਾ ਹੈ, ਆਪਾਂ ਅੱਜ ਫ਼ੈਸਲਾ ਕਰ ਹੀ ਲਈਏ।
‘ਕੁੰਤੀਏ’ ਮੈਥੋਂ ਸਤੇ ਹੋਏ ਤੋਂ ਮੂੰਹੋਂ ਨਿਕਲ ਗਿਆ, ਗ਼ਲਤੀ ਹੋ ਗਈ, ਮੈਨੂੰ ਮੁਆਫ਼ ਕਰ ਦੇ।
ਖੇਤਾਂ ਵਿਚ ਘਾਹ ਲੈਣ ਗਈ ਨੇ ਮੈਂ ਅੱਜ ਤਕ ਕਿਸੇ ਜ਼ਿਮੀਂਦਾਰ ਜਾਂ ਉਨ੍ਹਾਂ ਦੇ ਸ਼ੋਕਰਿਆ ਨੂੰ ਖੰਘਣ ਨਹੀਂ ਦਿੱਤਾ। ਵਿਹੜੇ ਵਿਚੋਂ ਬਥੇਰੀਆਂ ਖੇਤਾਂ ਵਿਚ ਹੀ ਖੇਹ ਖਾਂਦੀਆਂ ਨੇ। ਧੱਕਾ ਵੀ ਕਰਦੇ ਨੇ, ਪਰ ਘੱਟ, ਬਹੁਤਾ ਕਰਕੇ ਰਜ਼ਾਮੰਦੀ ਹੀ ਹੁੰਦੀ ਐ। ਗ਼ਰੀਬੀ ਦੀਆਂ ਮਾਰੀਆਂ ਇਹ ਪੱਠਿਆਂ ਦੀ ਥੱਬੀ ਨਾਲ ਹੀ ਪਰਚ ਜਾਂਦੀਆਂ ਨੇ। ਜੇ ਤੂੰ ਅੱਗੇ ਤੋਂ ਇਹ ਉਲਾਂਭਾ ਦਿੱਤਾ ਤਾਂ ਮੈਂ ਨਾ ਮੁੜ ਕੇ ਤੇਰੇ ਘਰ ਪੈਰ ਪਾਇਆ, ਸਾਂਭਦਾ ਰਹੀਂ ਆਪਣਾ ਘਰ ਤੇ ਬੱਚਿਆਂ ਨੂੰ।
ਓ ਮੇਰੀ ਅੰਮਾ, ਮੈਂ ਮੁਆਫ਼ੀ ਵੀ ਮੰਗ ਲਈ ਆ। ਹੁਣ ਛੱਡ ਵੀ ਦੇ ਗੱਲ ਨੂੰ। ਤੂੰ ਜੋ ਮੂੰਹ ਆਇਆ ਬਕੀ ਜਾਂਦੀ ਏ, ਸਿਰਫ਼ ਏਸੇ ਕਰਕੇ ਮੈਂ ਨਰਮ ਹੋ ਜਾਂਦਾ ਬਈ ਘਰ ਜੋੜਨੇ ਬੜੇ ਔਖੇ ਆ, ਤੋੜ ਵਿਛੋੜੇ ’ਤੇ ਤਾਂ ਪਲ ਵੀ ਨਹੀਂ ਲੱਗਦਾ। ਫਿਰ ਸਮਾਂ ਬੀਤਣ ’ਤੇ ਪਤਾ ਲੱਗਦਾ ਐ ਕਿ ਦੋਹਾਂ ’ਤੇ ਕੀ ਬੀਤਦੀ ਹੈ। ‘ਬੁੱਧੂ’ ਦਾ ਮੈਂ ਕੀ ਪੁੱਛ ਬੈਠਾ, ਅਸੀਂ ਕਿੱਥੋਂ ਜਾ ਕੇ ਮੁੜੇ ਹਾਂ। ਹੁਣ ਦੱਸ ਕਿੱਥੇ ਹੈ, ਨਾਲੇ ਚਾਹ ਬਣਾ ਲਿਆ, ਦੋਵੇਂ ਇਕੱਠੇ ਬਹਿ ਕੇ ਪੀਂਦੇ ਹਾਂ।
ਮੈਂ ਦੇਖਦੀ ਆਂ ਜਾ ਕੇ, ਮੈਂ ਤਾ ਸੁੱਤੇ ਨੂੰ ਛੱਡ ਗਈ ਸੀ। ਵੇ ‘ਬੁੱਧੂਆ’ ਤੂੰ ਅਜੇ ਵੀ ਲੋਹੜੇ ਦੀ ਗਰਮੀ ਵਿਚ ਚਾਦਰ ਲੈ ਕੇ ਸੁੱਤਾ ਪਿਆ ਏਂ। ਉੱਠ ਕੇ ਗਾਂ ਨੂੰ ਪਾਣੀ ਹੀ ਡਾਹ ਦਿਆ ਕਰ। ਤਿੰਨ ਚਾਰ ਮੰਨੀਆਂ ਖਾਧੀਆਂ ਤੇ ਗਲੀਆਂ ਕੱਛਣ ਚਲੇ ਜਾਂਦਾ ਏ। ਹੁਣ ਤਾਂ ਉੱਠ ਖੜ੍ਹਾ ਹੋ, ਖੇਤਾਂ ਵੱਲ ਤੁਰ ਜਾ, ਜੰਗਲ ਪਾਣੀ ਕਰਕੇ ਪਿੰਡੇ ਉੱਪਰ ਪਾਣੀ ਵੀ ਪਾ ਆਵੀਂ। ਮੈਂ ਤੇਰੇ ਆਉਂਦੇ ਨੂੰ ਚਾਹ ਬਣਾਉਂਦੀ ਆ, ਅਚਾਰ ਗੰਡੇ ਨਾਲ ਰੋਟੀ ਖਾ ਕੇ ਚਾਹ ਪੀ ਲਈਂ।
‘ਬੁੱਧੂ’ ਨੂੰ ਹੁਣ ਉਠਾ ਕੇ ਬਾਹਰ ਭੇਜਿਆ, ਨਹਾਉਣ ਦਾ ਵੀ ਕਿਹਾ ਹੈ। ਆਹ ਲੈ ਚਾਹ ਪੀ। ਕਰਮਿਆ ਯਾਰ, ਆਪਾਂ ਲੜਿਆ ਨਾ ਕਰੀਏ। ਤਨ ਤਾਂ ਪਹਿਲਾਂ ਹੀ ਕੰਮਾਂਕਾਰਾਂ ਵਿਚ ਟੁੱਟੇ ਹੁੰਦੇ ਹਨ, ਲੜ ਕੇ ਜਮਾਂ ਹੀ ਸਾਹ ਸਤ ਮੁੱਕ ਜਾਂਦੈ। ਗ਼ਰੀਬ ਲੋਕਾਂ ਤੋਂ ਤਾਂ ਪਿਆਰ ਪਰਛਾਵੇਂ ਦੀ ਤਰ੍ਹਾਂ ਲੰਘ ਜਾਂਦੈ। ਨਿਆਣੇ ਵੀ ਜੰਮ ਲਏ ਆ, ਪਿਆਰ ਕੀ ਹੁੰਦਾ ਹੈ, ਕਿੱਦਾ ਦਾ ਹੁੰਦਾ ਹੈ, ਅੱਜ ਤਕ ਪਤਾ ਨਹੀਂ ਲੱਗਾ।
ਦੇਖ ‘ਕੁੰਤੀਏ’ ਆਪਣਾ ‘ਬੁੱਧੂ’ ਬਾਰਾਂ ਸਾਲ ਦਾ ਹੋ ਚੱਲਿਆ ਐ। ਪੜ੍ਹਨ ਵਿਚ ਇਹਦਾ ਜੀਅ ਨਹੀਂ ਲੱਗਾ। ਕੋਈ ਜ਼ਿਮੀਂਦਾਰ ਇਹਨੂੰ ਰੱਖ ਕੇ ਰਾਜ਼ੀ ਨਹੀਂ। ਜੇ ਮਨ ਚਿੱਤ ਆਵੇ ਤਾਂ ਆਪਣੀ ਮਰਜ਼ੀ ਨਾਲ ਕੰਮ ਕਰ ਵੀ ਦਿੰਦਾ ਐ। ਟਿਕ ਕੇ ਕੰਮ ਨਹੀਂ ਕਰਦਾ, ਪੈਰਾਂ ਨੂੰ ਚੱਕਰ ਲੱਗਾ ਹੋਇਆ ਐ। ਇਹਦੇ ਹਾਣ ਦੇ ਮੁੰਡੇ ਪੱਠੇ ਨੀਰੇ ਦਾ ਹੀ ਕੰਮ ਕਰ ਲੈਂਦੇ ਆ। ਸਾਲ ਦੀਆਂ ਦੋ ਬੋਰੀਆਂ ਕਣਕ ਦੀਆਂ ਤੇ ਹੋਰ ਫ਼ਸਲ ਵਿਚੋਂ ਵੀ ਬੋਰਾ ਖੰਡ ਦੇ ਦਿੰਦੇ ਆ। ਘਰ ਵਿਚ ਕਿੰਨੀ ਬਰਕਤ ਪੈਂਦੀ ਐ।
ਦੇਖ ਬਾਊ, ‘ਬੁੱਧੂ’ ਲਈ ਹੁਣ ਆਪਾਂ ਇਸ ਤਰ੍ਹਾਂ ਮਨ ਵਿਚ ਧਾਰ ਲਈ ਏ ਕਿ ਸਾਨੂੰ ਜਿਊਂਦੇ ਜੀਅ ਇਸ ਦੀ ਸੇਵਾ ਕਰਨੀ ਹੀ ਕਰਨੀ ਪੈਣੀ ਆ। ਸਾਥੋਂ ਪਿੱਛੋਂ ਇਹਦੇ ਨਾਲ ਕੀ ਬੀਤਦੀ ਉਹ ਇਹ ਜਾਣੇ, ਇਹਦੇ ਕਰਮ। ਝੀਤਾ ਤੇ ਤੋਤੀ ਨੂੂੰ ਜੇ ਅਸੀਂ ਔਖੇ ਸੌਖੇ ਦਸ ਜਮਾਤਾਂ ਕਰਵਾ ਦਈਏ, ਖਵਰੇ ਇਨ੍ਹਾਂ ਨੂੰ ਸਰਕਾਰੀ ਨੌਕਰੀ ਹੀ ਮਿਲ ਜਾਵੇ। ਫਿਰ ਰੋਟੀ ਪਾਣੀ ਤਾਂ ਛੋਟੇ ਭਰਾ ਦੇਣਗੇ ਹੀ ਇਹਨੂੰ। ਅਸੀਂ ਕਿਹੜਾ ਕੋਈ ਜਾਇਦਾਦ ਛੱਡ ਕੇ ਜਾਣਾ, ਬਈ ਸਾਡੇ ਜਾਣ ਤੋਂ ਪਿੱਛੋਂ ਲੜਨ ਭਿੜਨਗੇ।
ਗਲੀ ਦੀਆਂ ‘ਸੀਤੋ’ ਤੇ ‘ਦਾਨੀ’ ਤੇ ਹੋਰ ਕਈ ਜਣੀਆਂ ਤਾਂ ਬੁੱਧੂ ਦੀਆਂ ਸਿਫ਼ਤਾਂ ਕਰਦੀਆਂ ਨ੍ਹੀਂ ਥੱਕਦੀਆਂ। ਨੀਂ ਭੈਣੇ ‘ਕੁੰਤੀ’ ਜਦੋਂ ਵੀ ਅਸੀਂ ਘਰ ਦਾ ਕੋਈ ਕੰਮ ਕਹਿੰਦੀਆਂ ਆ, ਕਦੇ ਨਾਂਹ ਨਹੀਂ ਕਰਦਾ। ਬੜਾ ਬੀਬਾ ਪੁੱਤ ਹੈ ‘ਬੁੱਧੂ’ ਤੁਹਾਡਾ।
ਚੰਗੀ ਗੱਲ ਹੈ, ਚਲੋ ਕਦੇ ਉਲਾਂਭਾ ਤਾਂ ਨਹੀਂ ਆਇਆ। ਉਂਜ ਵੀ ਅਜੇ ਜਵਾਨੀ ਦਾ ਪੂਰਾ ਰੰਗ ਨਹੀਂ ਚੜ੍ਹਿਆ। ਲੋਕਾਂ ਦੇ ਕੰਮ ਕਾਰ ਕਰੀ ਜਾਏ, ਸਾਨੂੰ ਕੋਈ ਰੰਜ ਨਹੀਂ, ਬਸ ਪੁੱਠੇ ਸਿੱਧੇ ਕੰਮਾਂ ਵਿਚ ਉਲਾਂਭੇ ਨਾ ਲਿਆਵੇ, ਨਹੀਂ ਤਾਂ ਬਣੀ ਬਣਾਈ ਮਿੱਟੀ ’ਚ ਰੁਲ ਜਾਵੇਗੀ।
ਤੂੰ ‘ਬੁੱਧੂ’ ਦੀ ਗੱਲ ਛੱਡ ਹੁਣ। ਝੀਤਾ ਕਹਿੰਦਾ ਐ, ਮੈਂ ਦਸਵੀਂ ਦਾ ਦਾਖਲਾ ਭੇਜਣਾ ਐ, ਮੈਨੂੰ ਪੰਜਾਹ ਰੁਪਏ ਚਾਹੀਦੇ ਹਨ ਸੋਮਵਾਰ ਨੂੰ। ਨਹੀਂ ਤਾਂ ਮੇਰੀ ਸਾਰੇ ਸਾਲ ਦੀ ਕੀਤੀ ਮਿਹਨਤ ਜਾਂਦੀ ਰਹੇਗੀ।
ਮੈਂ ਭਲਕੇ ਹੀ ਪੰਜਾਹ ਰੁਪਏ ਦਾ ਪ੍ਰਬੰਧ ਕਰ ਦਿਆਂਗਾ। ਦਸਵੀਂ ਕਰਨ ਤੋਂ ਪਿੱਛੋਂ ਹੀ ਤਾ ‘ਝੀਤੇ’ ਦੇ ਭਾਗ ਖੁੱਲ੍ਹਣਗੇ। ਅਗਲੇ ਸਾਲ ਤੋਤੀ ਦਾ ਦਸਵੀਂ ਦਾ ਵੀ ਇਮਤਿਹਾਨ ਹੋ ਜਾਊਗਾ। ਮਨ ਦੀ ਬੜੀ ਇੱਛਾ ਹੈ, ਬਈ ਸਾਡੇ ਇਹ ਦੋਵੇਂ ਪੁੱਤਰ ਕਿਸੇ ਦੇ ਅਧੀਨ ਜ਼ਿੰਦਗੀ ਤੋਂ ਛੁਟਕਾਰਾ ਪਾ ਲੈਣ।
ਝੀਤਾ ਤੇ ਤੋਤੀ ਅੱਗੜ ਪਿੱਛੜ ਦੋਵੇਂ ਦਸਵੀਂ ਪਾਸ ਕਰ ਗਏ। ਝੀਤਾ ਹਾਲ ਦੀ ਘੜੀ ਭੱਠੇ ’ਤੇ ਮੁਣਸ਼ੀ ਲੱਗ ਗਿਆ। ਤੋਤੀ ਨੂੰ ਸਰਕਾਰੀ ਨੌਕਰੀ ਮਿਲ ਗਈ। ਤੋਤੀ ਦੇ ਨੰਬਰ ਝੀਤੇ ਤੋਂ ਜ਼ਿਆਦਾ ਹੋਣ ਕਰ ਕੇ ਉਹਨੂੰ ਛੇਤੀ ਨੌਕਰੀ ਮਿਲ ਗਈ।
ਮਾਂ, ਪਿਓ ਨੂੰ ਕਹਿ ਕੇ ਦੋਵਾਂ ਨੇ ਜ਼ਿਮੀਂਦਾਰ ਨਾਲੋਂ ਸਾਲ ਪੁੱਗਣ ’ਤੇ ਸੀਰੀ ਦਾ ਕੰਮ ਬੰਦ ਕਰਵਾ ਦਿੱਤਾ ਤੇ ਇਕ ਮੱਝ ਹੋਰ ਲਿਆ ਦਿੱਤੀ। ਖੇਤ ਵਿਚੋਂ ਰੁੱਤ ਅਨੁਸਾਰ ਜੋ ਵੀ ਪਸ਼ੂਆਂ ਦਾ ਚਾਰਾ ਹੁੰਦਾ, ਮੁੱਲ ਲੈ ਲੈਣਾ। ਬਾਪੂ ਨੂੰ ਕਹਿ ਦਿੱਤਾ ਦੋਵਾਂ ਨੇ ਜਾਣਾ, ਪੱਠੇ ਲੈ ਆਉਣੇ ਆ, ਪੰਡ ਹਲਕੀ ਪਾਉਣੀ, ਭਾਵੇਂ ਦੋ ਗੇੜੇ ਲਾ ਲਓ। ਗਾਂ, ਮੱਝ ਦੀ ਸੇਵਾ ਕਰੋ, ਆਪ ਦੁੱਧ ਪੀਓ ਤੇ ਸਾਨੂੰ ਵੀ ਤਿੰਨਾਂ ਨੂੰ ਪਿਆਓ। ਵਾਧੂ ਦੁੱਧ ਲੈਣ ਵਾਲੇ ਬਹੁਤ ਨੇ। ਲੋਕਾਂ ਨੂੰ ਖਾਲਸ ਦੁੱਧ ਚਾਹੀਦਾ ਐ, ਨਾਲੇ ਪੁੰਨ ਨਾਲੇ ਫ਼ਲੀਆਂ। ਤੁਸੀਂ ਸਾਡੀ ਜ਼ਿੰਦਗੀ ਬਣਾਉਣ ਲਈ ਲੋਕਾਂ ਦੀਆਂ ਤਨ ਤੇ ਮਨ ਨੂੰ ਪੀੜਾ ਦੇਣ ਵਾਲੀਆਂ ਬਹੁਤ ਗੱਲਾਂ ਸੁਣੀਆਂ ਤੇ ਹੰਢਾਈਆਂ ਹੋਣਗੀਆਂ। ਹੁਣ ਸਾਡਾ ਫਰਜ਼ ਐ ਬਈ ਅਸੀਂ ਤੁਹਾਨੂੰ ਰਹਿੰਦੀ ਜ਼ਿੰਦਗੀ ਲਈ ਸਾਰੀਆਂ ਸੁੱਖ ਸਹੂਲਤਾਂ ਪੈਦਾ ਕਰਕੇ ਤੁਹਾਡੇ ਕਦਮਾਂ ਵਿਚ ਧਰੀਏ।
ਦੋਹਾਂ ਮੁੰਡਿਆਂ ਦੇ ਵਿਆਹ ਵੀ ਇਕੋ ਘਰ ਹੋ ਗਏ। ਝੀਤਾ ਸਿੰਘ ਤੇ ਤੋਤੀ ਸਿੰਘ ਨੇ ਆਪਣੀਆਂ ਵਹੁਟੀਆਂ ਨੂੰ ਪਹਿਲੇ ਦਿਨ ਤੋਂ ਸਮਝਾ ਦਿੱਤਾ। ਭਾਪੇ ਤੇ ਬੀਬੀ ਨੂੰ ਪੂਰੇ ਮਾਣ ਤਾਣ ਨਾਲ ਰੋਟੀ ਪਾਣੀ ਦੇਣਾ ਹੈ।
ਸਾਡਾ ਵੱਡਾ ਭਰਾ ਫੱਕਰ ਕਿਸਮ ਦਾ ਬੰਦਾ ਹੈ, ਘਰਦਿਆਂ ਨੇ ਉਸ ਦਾ ਨਾਮ ਬੁੱਧੂ ਰੱਖਤਾ, ਪਰ ਉਹ ਬੁੱਧੂ ਨਹੀਂ। ਬੜੀਆਂ ਪਤੇ ਦੀਆਂ ਗੱਲਾਂ ਕਰਦਾ ਹੈ। ਫਿਰ ਤੁਰ ਕੇ ਘਰ ਆ ਜਾਂਦਾ ਹੈ। ਉਹਨੂੰ ਪੁੱਛ ਕੇ ਰੋਟੀ ਮਾਣ ਤਾਣ ਨਾਲ ਖਵਾਉਣੀ ਹੈ।
ਬੁੱਧੂ ਕੁਝ ਕੁ ਘਰਾਂ ਵਿਚ ਹੀ ਕੰਮ ਕਰ ਕੇ ਖੁਸ਼ ਰਹਿੰਦਾ। ਦਾਤੀ ਦੇ ਕੰਮ ਨੂੰ ਉਹਨੇ ਕਦੇ ਹੱਥ ਹੀ ਨਹੀਂ ਲਾਇਆ, ਪੰਡ ਉਹਨੇ ਕੱਦੀ ਚੁੱਕੀ ਨਹੀਂ। ਖੂਹ ਦੀ ਗਾੜੀ ’ਤੇ ਬਹਿ ਕੇ ਸੌਂ ਜਾਂਦਾ, ਜਦੋਂ ਬਲਦ ਜਾਂ ਊਠ ਖੜ੍ਹ ਜਾਣ ਤਾਂ ਦਬਕਾ ਮਾਰ ਕੇ ਹੱਕ ਦੇਣੇ।
ਹੁਣ ਬੁੱਧੂ ਦੇ ਇਹ ਵੀ ਉਲਾਂਭੇ ਆਉਣੇ ਸ਼ੁਰੂ ਹੋ ਗਏ। ਜਦੋਂ ਜੀਅ ਕਰਦਾ ਬਲਦਾਂ ਨੂੰ ਛੱਡ ਕੇ ਖੁਰਲੀ ’ਤੇ ਬੰਨ੍ਹ ਕੇ ਆਪ ਚਲੇ ਜਾਂਦਾ, ਦੱਸਦਾ ਵੀ ਕਿਸੇ ਨੂੰ ਨਹੀਂ। ਊਠ ਨੂੰ ਵੱਗਦਾ ਹੀ ਛੱਡ ਜਾਂਦਾ, ਮਰਜ਼ੀ ਨਾਲ ਖੜ੍ਹ ਜਾਏ ਜਾ ਵੱਗਦਾ ਰਹੇ।
ਘਰ ਉਲਾਂਭੇ ਆਉਣ ਲੱਗ ਪਏ। ਘਰ ਦੇ ਪੁੱਛਦੇ, ਬੁੱਧੂ ਤੂੰ ਜੇ ਵਿਚਕਾਰ ਹੀ ਕੰਮ ਛੱਡ ਕੇ ਜਾਣਾ ਹੁੰਦਾ ਐ ਤਾਂ ਹਾਂ ਕਿਉਂ ਕਰਦਾ ਐ। ਜਾਣ ਲੱਗਾ ਉਨ੍ਹਾਂ ਨੂੰ ਦੱਸਦਾ ਵੀ ਨਹੀਂ, ਇਹ ਚੰਗਾ ਨਹੀਂ।
‘ਬਾਪੂ’ ਮੈਂ ਸਿਰਫ਼ ਇਕ ਡੰਗ ਰੋਟੀ ਖਾਧੀ ਹੈ ਉਨ੍ਹਾਂ ਤੋਂ, ਓਨਾ ਕੰਮ ਮੈਂ ਕਰਤਾ। ਹਾਂ ਇਹ ਮੇਰੀ ਗ਼ਲਤੀ ਹੈ ਕਿ ਮੈਂ ਉਨ੍ਹਾਂ ਨੂੰ ਦੱਸਿਆ ਨਹੀਂ। ਅੱਗੇ ਤੋਂ ਜੇ ਕੋਈ ਉਲਾਂਭਾ ਦੇਣ ਆਵੇ, ਉਨ੍ਹਾਂ ਨੂੰ ਕਹਿ ਦੇਵੋ, ਤੁਸੀਂ ਜਾਣੋ ਜਾਂ ਬੁੱਧੂ ਜਾਣੇ, ਸਾਡਾ ਆਖਾ ਨਹੀਂ ਮੰਨਦਾ। ਤੁਸੀਂ ਮੇਰਾ ਨਾਮ ‘ਬੁੱਧੂ’ ਰੱਖ ਕੇ ਮੈਨੂੰ ‘ਬੁੱਧੂ’ ਹੀ ਸਮਝਣ ਲੱਗ ਪਏ।
ਮੈਂ ਤਾ ਫੱਕਰਾਂ ਵਾਲੀ ਜ਼ਿੰਦਗੀ ਜਿਉਣੀ ਐ, ਐਸ਼ ਕਰਨੀ ਐ। ਮੈਂ ਬੁੱਧੂ ਨਾਮ ਨਾਲ ਹੀ ਸਾਰਿਆਂ ਨੂੰ ‘ਬੁੱਧੂ’ ਬਣਾਉਂਗਾ। ਮਨ ਕੀਤਾ ਕੰਮ ਕਰ ਦਿੱਤਾ, ਨਹੀਂ ਤਾਂ ਨਹੀਂ। ਇਕ ਗੱਲ ਹੋਰ ਤੁਸੀਂ ਸੁਣ ਲਓ, ਮੇਰੀ ਚਿੰਤਾ ਕਰਨੀ ਬੰਦ ਕਰਦੋ।
ਉਦੋਂ ਅਜੇ ਬੱਸਾਂ ਨਹੀਂ ਚੱਲਦੀਆਂ ਸੀ। ਬੁੱਧੂ ਰੇਲ ਗੱਡੀ ਵਿਚ ਬਗੈਰ ਟਿਕਟ ਜਲੰਧਰ ਤਕ ਘੁੰਮ ਆਉਂਦਾ ਸੀ। ਜਦੋਂ ਮੁੰਡਿਆਂ ਨੇ ਪੁੱਛਣਾ, ਤੈਨੂੰ ਕਦੇ ਟੀਟੀ ਨੇ ਨਹੀਂ ਫੜਿਆ। ਉਹਨੇ ਆਖਣਾ ਮੈਂ ਬੋਲਦਾ ਹੀ ਨਹੀਂ ਸੀ। ਉਹ ਸਿਰ ਖਪਾਈ ਕਰ ਕੇ ਗੂੰਗਾ ਜਾਣ ਕੇ ਛੱਡ ਦਿੰਦੇ। ਭਤੀਜੇ, ਭਤੀਜੀਆਂ ਨੂੰ ਕਦੇ ਕਦਾਈਂ ਬੁੱਧੂ ਨੇ ਚੀਜ਼ੀ ਲੈਣ ਲਈ ਚਵਾਨੀ ਜਾ ਅਠੱਨੀ ਵੀ ਦੇ ਦੇਣੀ।
ਜਦੋਂ ਉਨ੍ਹਾਂ ਪੁੱਛਣਾ ਤਾਇਆ ਕੰਮ ਤਾਂ ਤੂੰ ਕਰਦਾ ਕੋਈ ਨਹੀਂ, ਪੈਸੇ ਕਿੱਥੋਂ ਲੈਂਦਾ ਹੈ।
ਪੁੱਤ ਇਹ ਗੱਲਾਂ ਨਹੀਂ ਪੁੱਛੀਦੀਆਂ। ਜਦੋਂ ਮੇਰੀ ਜੇਬ ਵਿਚ ਹੁੰਦੇ, ਮੈਂ ਤੁਹਾਨੂੰ ਦੇ ਦਿੰਦਾ ਹਾਂ।
ਹੱਦ ਤਾਂ ਉਦੋਂ ਹੋ ਗਈ, ਜਦੋਂ ਇਕ ਵਾਰੀ ਲੋਹੀਆਂ ਖਾਸ ਸਟੇਸ਼ਨ ’ਤੇ ਜਲੰਧਰ ਜਾਣ ਵਾਲੀ ਸਵੇਰ ਦੀ ਗੱਡੀ ’ਤੇ ਮੈਜਿਸਟਰੇਟ ਦੇ ਨਾਲ ਟੀਟੀਆਂ (ਚੈੱਕਰਾਂ) ਨੇ ਛਾਪਾ ਮਾਰਿਆ। ਜਿਸ ਵਿਚੋਂ ਲਗਭਗ ਪੰਜਾਹ ਸਵਾਰੀਆਂ ਬਗੈਰ ਟਿਕਟ ਫੜੀਆਂ ਗਈਆਂ। ਉਨ੍ਹਾਂ ਵਿਚ ਕਈ ਪਿੰਡਾਂ ਦੇ ਬੰਦਿਆਂ ਵਿਚ ਬੁੱਧੂ ਵੀ ਸ਼ਾਮਲ ਸੀ। ਦਾੜ੍ਹੀ ਛੇਤੀ ਚਿੱਟੀ ਹੋ ਗਈ ਸੀ। ਸਾਰਿਆਂ ਨੂੰ ਲਿਜਾ ਕੇ ਮੈਜਿਸਟਰੇਟ ਦੇ ਪੇਸ਼ ਕੀਤਾ ਜਾਂਦਾ ਸੀ ਜੋ ਜ਼ੁਰਮਾਨਾ ਦੇ ਦਿੰਦੇ, ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ, ਜੋ ਨਾ ਦਿੰਦੇ ਉਨ੍ਹਾਂ ਨੂੰ ਜੇਲ੍ਹ।
ਪਿੰਡ ਦੇ ਬੰਦੇ ਜ਼ੁਰਮਾਨਾ ਦੇ ਕੇ ਬਾਹਰ ਆ ਗਏ। ਝੱਟ ਕੁ ਪਿੱਛੋਂ ਬੁੱਧੂ ਵੀ ਤੁਰਿਆ ਆਵੇ ਤੇ ਕੋਲ ਆ ਕੇ ਖੜ੍ਹ ਗਿਆ।
ਬੁੱਧੂ ਤੇਰੇ ਕੋਲ ਜ਼ੁਰਮਾਨੇ ਜੋਗੇ ਪੈਸੇ ਹੈਗੇ ਸੀ, ਪ੍ਰੀਤਮ ਨੇ ਪੁੱਛਿਆ।
ਤੈਨੂੰ ਕੌਣ ਕਹਿੰਦਾ ਐ, ਮੈਂ ਜ਼ੁਰਮਾਨਾ ਦੇ ਕੇ ਛੁਟ ਕੇ ਆਇਆਂ। ਮੈਂ ਤਾਂ ਇਕ ਦਮੜੀ ਨਹੀਂ ਦਿੱਤੀ। ਨਾ ਸਜ਼ਾ ਮਿਲੀ, ਸਾਫ਼ ਬਰੀ ਹੋ ਕੇ ਆਇਆ ਹਾਂ।
ਕੋਈ ਸਿਫਾਰਸ਼ ਚੱਲ ਗਈ ਜਾਂ ਕੋਈ ਦਾਅ ਵਰਤ ਲਿਆ।
ਘਰ ਦੇ ਤੇ ਪਿੰਡ ਦੇ ਸਾਰੇ ਮੈਨੂੰ ਬੁੱਧੂ ਸਮਝਦੇ ਐ। ਮੈਂ ਸਾਰਿਆਂ ਨੂੰ ਬੁੱਧੂ ਬਣਾਉਂਦਾ ਹਾਂ ਤੇ ਬਣਾਉਂਗਾ ਵੀ। ਹੁਣ ਸੁਣੋ ਮੇਰੀ ਕਹਾਣੀ, ਮੈਂ ਕਿਵੇਂ ਛੁੱਟ ਕੇ ਆਇਆ ਹਾਂ।
ਜਦੋਂ ਮੈਨੂੰ ਟੀਟੀ ਨੇ ਫੜਿਆ, ਮੈਂ ਤਰਲਾ ਮਾਰਿਆ, ਜਨਾਬ ਮੇਰੀ ਨਜ਼ਰ ਨਹੀਂ, ਮੈਨੂੰ ਬਖ਼ਸ਼ ਦਿਓ। ਉਹਨੇ ਮੈਨੂੰ ਛੱਡਿਆ ਨਹੀਂ, ਆਖੇ ਸਾਹਿਬ ਦੇ ਪੇਸ਼ ਹੋਣਾ ਪਊ।
ਇਹ ਗੱਲ ਜਾ ਕੇ ਸਾਹਿਬ ਨੂੰ ਆਖੀਂ, ਮੈਂ ਤੈਨੂੰ ਫੜ ਕੇ ਲੈ ਚੱਲਦਾ ਹਾਂ। ਜਦੋਂ ਮੇਰੀ ਵਾਰੀ ਆਈ, ਮੈਨੂੰ ਟੀਟੀ ਨੇ ਸਾਹਿਬ ਅੱਗੇ ਪੇਸ਼ ਕੀਤਾ। ਮੈਂ ਟਿਕਾ ਕੇ ਆਪਣੀ ਡਾਂਗ ਸਾਹਿਬ ਦੇ ਗਿੱਟਿਆਂ ਵਿਚ ਜਾ ਮਾਰੀ।
ਸਾਹਿਬ ਤੜਫ਼ ਉੁੱਠਿਆ, ਬਹੁੜੀ ਓਏ ਮੈਂ ਮਾਰਿਆ ਗਿਆ। ਇਹਨੂੰ ਕਿੱਥੋਂ ਲੈ ਆਂਦਾ, ਮੇਰੇ ਗਿੱਟੇ ਸੇਕ ਦਿੱਤੇ।
ਜਨਾਬ, ਮੈਨੂੰ ਦਿੱਸਦਾ ਨਹੀਂ, ਮੈਂ ਤਾਂ ਬਥੇਰਾ ਮਿੰਨਤ ਤਰਲਾ ਕੀਤਾ ਸੀ। ਟੀਟੀ ਨੇ ਮੇਰੀ ਇਕ ਨਾ ਮੰਨੀ, ਮੇਰੀ ਬਾਂਹ ਫੜ ਕੇ ਇੱਥੇ ਲੈ ਆਇਆ।
ਜਾਹ ਦਫ਼ਾ ਹੋ ਜਾਹ ਇੱਥੋਂ। ਤੂੰ ਬਾਹਰ ਕਿਉਂ ਨਾ ਛੱਡ ਦਿੱਤਾ ਇਹਨੂੰ, ਜਦੋਂ ਇਹਨੇ ਦੱਸ ਦਿੱਤਾ ਸੀ। ਮੇਰੇ ਗਿੱਟੇ ਸਿਕਾਉਣੇ ਸੀ ਇਹਦੇ ਕੋਲੋਂ ਤਾਂ ਫੜ ਕੇ ਲੈ ਆਇਆ ਨਾਲ। ਕਦੀ ਆਪਣਾ ਦਿਮਾਗ਼ ਵੀ ਵਰਤ ਲਿਆ ਕਰੋ।
ਬੱੱਲੇ ਓਏ ਤੇਰੇ, ਤੂੰ ਤਾਂ ਨਾਮ ਦਾ ਬੁੱਧੂ ਐ, ਹੈ ਬਾਰਾਂ ਤਾਲਾ, ਕਿਸੇ ਨੂੰ ਲੜ ਪੱਲਾ ਨਹੀਂ ਫੜਾਉਂਦਾ। ਉਂਜ ਹੈ ਤਾਂ ਕਮੀਨਾ ਕੰਮ, ਝੂਠ ਮਾਰਨਾ ਤੇ ਅੱਖਾਂ ਹੁੰਦੀਆਂ ਤੋਂ ਅੰਨ੍ਹਾ ਬਣਨਾ। ਸ਼ਰਮ ਤਾਂ ਆਉਂਦੀ ਹੋਊ ਝੂਠ ਮਾਰਨ ਲੱਗਿਆਂ।
ਮੈਂ ਜਾਣਦਾ ਸਭ ਨੂੰ, ਕਿੰਨੇ ਕੁ ਸੱਚੇ ਪੁੱਤ ਹੋ ਤੁਸੀਂ ਸਾਰੇ। ਸ਼ਰਮ ਤੇ ਤਾਂ ਆਵੇ ਜੇ ਮੈੈਂ ਸਰਦਾਰਾਂ ਦਾ ਮੁੰਡਾ ਹੁੰਦਾ। ਤੁਸੀਂ ਬਹੁਤੇ ਪਰਿਵਾਰ ਮਜ਼ਦੂਰ ਦਾ ਖੂਨ ਚੂਸਦੇ ਹੋ। ਸੀਰੀ ਜਿਹੜਾ ਇਮਾਨਦਾਰੀ ਨਾਲ ਮਨ ਲਗਾ ਕੇ, ਤਨ ਤੋੜ ਕੇ ਕੰਮ ਕਰਦਾ ਹੈ, ਉਹਦੇ ਨਾਲ ਵੀ ਘਟੀਆ ਵਰਤਾਓ ਕਰਦੇ ਹੋ। ਬੰਦਾ ਸਮਝਦੇ ਹੀ ਨਹੀਂ ਉਹਨੂੰ। ਉਹਦੇ ਬੱਚਿਆਂ ਨੂੰ, ਨਾ ਚੰਗਾ ਕੱਪੜਾ, ਨਾ ਜੁੱਤੀ, ਨਾ ਰੱਜਵੀਂ ਰੋਟੀ। ਜੇ ਮਿਲਦੀ ਹੈ, ਉਹ ਵੀ ਰੁੱਖੀ ਮਿੱਸੀ ਨਸੀਬ ਹੁੰਦੀ ਹੈ। ਸੀਰੀ ਮਾਲਕ ਤੋਂ ਜ਼ਿਆਦਾ ਕੰਮ ਕਰਦਾ ਹੈ। ਮਾਲਕ ਇਸ ਟੌਹਰ ਵਿਚ ਹੀ ਸਦਾ ਉਸ ਨਾਲ ਧੱਕਾ ਕਰਦਾ ਆਇਆ ਹੈ ਕਿ ਮੈਂ ਜ਼ਮੀਨ ਦਾ ਮਾਲਕ ਹਾਂ। ਜਦੋਂ ਸੀਰੀ ਹੱਡੀਆਂ ਦਾ ਪਿੰਜਰ ਰਹਿ ਜਾਂਦਾ ਹੈ, ਫਿਰ ਉਸ ਨੂੰ ਘਰ ਨੂੰ ਤੋਰ ਦਿੰਦੇ ਹਨ। ਕਦੇ ਕਿਸੇ ਨੇ ਉਹਦੇ ਘਰ ਜਾ ਕੇ, ਉਹਦੇ ਘਰ ਦੀ ਤੇ ਬੱਚਿਆਂ ਦੀ ਹਾਲਤ ਵੇਖੀ ਹੈ ਕਿ ਉਹ ਆਪਣੀ ਜ਼ਿੰਦਗੀ ਕਿਸ ਹਾਲਤ ਵਿਚ ਜੀਅ ਰਿਹਾ ਹੈ। ਮੈਂ ਤਾ ਮਚਲਾ ਜਿਹਾ ਹੋ ਕੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਮੈਂ ਇਸ ਜੰਜਾਲ ਵਿਚ ਪੈ ਕੇ ਆਪਣੇ ਹੱਡ ਚੰਮ ਕਿਸੇ ਲਈ ਕੁਰਬਾਨ ਨਹੀਂ ਕਰਨੇ। ਛੋਟੇ ਭਰਾਵਾਂ ਨੇ ਪੜ੍ਹ ਲਿਆ ਹੈ, ਉਹ ਕੰਮਾਂ ’ਤੇ ਲੱਗ ਗਏ ਹਨ। ਮਾਂ ਪਿਉ ਵੀ ਸੁਖੀ ਹਨ ਹੁਣ। ਹੁਣ ਮੈਨੂੰ ਦੱਸੋ ਮੈਂ ਕੋਈ ਝੂਠ ਤਾਂ ਨਹੀਂ ਮਾਰਿਆ।
ਉਹ ਬੁੱਧੂ ਦੀਆਂ ਗੱਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਕੰਨ ਝਾੜ ਕੇ ਤੁਰਦੇ ਬਣੇ।
ਸੰਪਰਕ: 0476241232