ਮਨੁੱਖੀ ਹੱਕਾਂ ਤੇ ਸਿੱਖੀ ਸਿਧਾਤਾਂ ਬਾਰੇ ਚਾਨਣਾ ਪਾਇਆ
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਜਨਵਰੀ ਮਹੀਨੇ ਦੀ ਪਹਿਲੀ ਮੀਟਿੰਗ ਕੋਸੋ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਹੋਤਾ, ਜਸਵੰਤ ਸਿੰਘ ਸੇਖੋਂ ਅਤੇ ਗੁਰਦੀਸ਼ ਕੌਰ ਗਰੇਵਾਲ ਵੱਲੋਂ ਕੀਤੀ ਗਈ। ਸਭਾ ਦੇ ਸਕੱਤਰ ਗੁਰਚਰਨ ਥਿੰਦ ਨੇ ਸਭ...
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਜਨਵਰੀ ਮਹੀਨੇ ਦੀ ਪਹਿਲੀ ਮੀਟਿੰਗ ਕੋਸੋ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਹੋਤਾ, ਜਸਵੰਤ ਸਿੰਘ ਸੇਖੋਂ ਅਤੇ ਗੁਰਦੀਸ਼ ਕੌਰ ਗਰੇਵਾਲ ਵੱਲੋਂ ਕੀਤੀ ਗਈ। ਸਭਾ ਦੇ ਸਕੱਤਰ ਗੁਰਚਰਨ ਥਿੰਦ ਨੇ ਸਭ ਹਾਜ਼ਰੀਨ ਨਾਲ ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ਸਾਂਝੀ ਕਰਨ ਉਪਰੰਤ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਰਾਹੀਂ ਸਮਾਜ ਨੂੰ ਸਰਬ ਸਾਂਝੀਵਾਲਤਾ, ਸਮਾਜਿਕ ਬਰਾਬਰਤਾ, ਪਰਉਪਕਾਰ, ਸਮਾਜ ਸੇਵਾ ਤੇ ਜਾਤ-ਪਾਤ ਰਹਿਤ ਸਮਾਜ ਦੇ ਨਿਰਮਾਣ ਦਾ ਸੰਦੇਸ਼ ਦਿੱਤਾ ਅਤੇ ਖਾਲਸੇ ਨੂੰ ਉਪਰੋਕਤ ਮਨੁੱਖੀ ਹੱਕਾਂ ਦੀ ਰਾਖੀ ਦੀ ਬਖਸ਼ਿਸ਼ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ‘ਸਚਿਆਰ’ ਦੇ ਸੰਕਲਪ ਨੂੰ ‘ਸਮਾਜਿਕ ਅਤੇ ਕਾਰਜਸ਼ੀਲ ਆਦਰਸ਼’ ਦਾ ਰੂਪ ਦੇ ਕੇ ਦਰਸਾਇਆ ਕਿ ਖਾਲਸਾ ਚਿੰਤਨ ਅਤੇ ਤਰਕ ਦਾ ਸੁਮੇਲ ਹੈ।
ਜਗਦੇਵ ਸਿੰਘ ਸਿੱਧੂ ਦੇ ਵਿਚਾਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ਗੱਲ ਕਰਦੇ ਹਾਂ ਤਾਂ ਗੱਲ ਗੁਰੂ ਨਾਨਕ ਦੇਵ ਤੋਂ ਸ਼ੁਰੂ ਹੁੰਦੀ ਹੈ। ਉਹ ‘ਨਾ ਕੋ ਹਿੰਦੂ ਨਾ ਮੁਸਲਮਾਨ’ ਆਖ ਪਹਿਲਾਂ ਹੀ ਸਭ ਧਰਮਾਂ ਤੋਂ ਪਰ੍ਹੇ ਹੋ ਗਏ ਅਤੇ ਜ਼ੁਲਮ ਤੇ ਜ਼ਾਲਮ ਦੀ ਖ਼ਿਲਾਫ਼ਤ ਕੀਤੀ। ਉਪਰੰਤ ਪੰਜਵੇਂ ਪਾਤਸ਼ਾਹ ਨੇ ਆਪਣੇ ਤਰੀਕੇ ਨਾਲ ਸਮਾਜਿਕ ਬਰਾਬਰਤਾ ਦੀ ਗੱਲ ਕੀਤੀ, ਜ਼ੁਲਮ ਵਿਰੱਧ ਆਵਾਜ਼ ਉਠਾਈ ਅਤੇ ਸ਼ਹਾਦਤ ਦਿੱਤੀ। ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਮਨੁੱਖਤਾ ਦੇ ਮਨਮਰਜ਼ੀ ਨਾਲ ਜਿਉਣ ਦੇ ਅਧਿਕਾਰਾਂ ਦੇ ਖੋਹੇ ਜਾਣ ਦੇ ਵਿਰੋਧ ਵਿੱਚ ਖੜ੍ਹੇ ਹੋਏ ਅਤੇ ਸ਼ਹੀਦ ਕਰ ਦਿੱਤੇ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਸੱਚ ਤੇ ਸੋਚ ’ਤੇ ਪਹਿਰਾ ਦਿੱਤਾ। ਅਜੋਕੇ ਸਮੇਂ ਵਿੱਚ ਸਿੱਖੀ ਦੇ ਇਹ ਅਸੂਲ ਬਰਕਰਾਰ ਹਨ। ਸੁਖਮੰਦਰ ਸਿੰਘ ਗਿੱਲ ਨੇ ਆਪਣੇ ਗੀਤ ‘ਪਿਤਾ ਦਸਮੇਸ਼ ਦੇ ਕੇ ਹੱਥ ਤਲਵਾਰ ਨੂੰ, ਵਾਰੀ ਵਾਰੀ ਤੋਰਿਆ ਅਜੀਤ ਤੇ ਜੁਝਾਰ ਨੂੰ’ ਦੁਆਰਾ ਚਮਕੌਰ ਦੀ ਗੜ੍ਹੀ ਦੇ ਯੁੱਧ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦ੍ਰਿਸ਼ ਸਾਕਾਰ ਕਰ ਦਿੱਤਾ।
ਚਰਨਦੀਪ ਕੌਰ ਨੇ ਆਪਣੀਆਂ ਦੋ ਰਚਨਾਵਾਂ ‘ਗਿੱਦੜਾਂ ਨੇ ਕਦੇ ਨਹੀਂ ਸੀ ਸ਼ੇਰ ਹੋਣਾ’ ਅਤੇ ‘ਨੀਂ ਕੁੜੀਓ ਤੁਸੀਂ ਚਿੜੀਆਂ ਬਣਨਾ ਛੱਡੋ, ਬਾਜ਼ ਬਣ ਜਾਓ’ ਪੇਸ਼ ਕੀਤੀਆਂ। ਉਸ ਨੇੇ ਭਾਰਤ ਦੀ ਪਹਿਲੀ ਔਰਤ ਅਧਿਆਪਕਾ ‘ਲਕਸ਼ਮੀ ਬਾਈ ਫੂਲੇ’ ਨੂੰ 3 ਜਨਵਰੀ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕੀਤਾ ਜਿਨ੍ਹਾਂ ਨੇ ਔਰਤਾਂ ਦੇ ਸਿੱਖਿਆ ਉੱਪਰ ਬਰਾਬਰ ਦੇ ਅਧਿਕਾਰ ਅਤੇ ਵਿਧਵਾ ਵਿਆਹ ਲਈ ਜੀਵਨ ਭਰ ਸੰਘਰਸ਼ ਕੀਤਾ। ਜਸਵੰਤ ਸਿੰਘ ਸੇਖੋਂ ਨੇ ‘ਵਾਹਿਗੁਰੀ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥’ ਦਾ ਭੰਗਾਣੀ ਦੇ ਯੁੱਧ ਨਾਲ ਸਬੰਧਤ ਪਿਛੋਕੜ ਬਿਆਨਿਆ ਅਤੇ ‘ਸਿੱਖੋ ਸਾਨੂੰ ਸੀਸ ਚਾਹੀਦਾ ਕੋਈ ਸੂਰਮਾ ਮੈਦਾਨ ਵਿੱਚ ਆਵੇ’ ਆਪਣੀ ਰਚਨਾ ਬੁਲੰਦ ਆਵਾਜ਼ ਵਿੱਚ ਪੇਸ਼ ਕੀਤੀ। ਇੰਜਨੀਅਰ ਜੀਰ ਸਿੰਘ ਬਰਾੜ ਨੇ ਸਿੱਖੀ ਸਿਧਾਤਾਂ ’ਤੇ ਅਡੋਲ ਰਹਿਣ ਬਾਰੇ ਸਾਂਝ ਪਾਈ। ਉਸ ਨੇ ਅਜੋਕੇ ਸਮੇਂ ਵਿੱਚ ਸਿੱਖੀ ਸਿਧਾਤਾਂ ਨੂੰ ਦਰਪੇਸ਼ ਚੁਣੌਤੀਆਂ ਲਈ ਚਿੰਤਾ ਜ਼ਾਹਿਰ ਕੀਤੀ। ਸੋਹਣ ਸਿੰਘ ਭੁੱਚੋ ਨੇ ਖਾਲਸਾ ਪੰਥ ਦੀ ਸਾਜਨਾ ਵੇਲੇ ਇੱਕ ਸੰਨਾਟਾ ਟੁੱਟਣ ਦੀ ਗੱਲ ਕਰਦੇ ਕਿਹਾ ਕਿ ਜ਼ੁਲਮ ਤੇ ਜ਼ਾਲਮ ਦੇ ਖ਼ਿਲਾਫ਼ ਇੱਕ ਡਰੇ ਹੋਏ ਤੇ ਨਿਹੱਥੇ ਇਨਸਾਨ ਨੂੰ ਕਿਵੇਂ ਖੜ੍ਹਾ ਕੀਤੇ ਜਾਵੇ? ਇਸ ਸੋਚ ਨਾਲ ਖਾਲਸਾ ਪੰਥ ਦੀ ਸਾਜਨਾ ਹੋਈ। ਉਸ ਨੇ ਸੁਰੀਲੀ ਆਵਾਜ਼ ਵਿੱਚ ‘ਪ੍ਰਣਾਮ ਤੁਹਾਨੂੰ ਲੱਖ ਵਾਰ ਗੁਰੂ ਜੀ, ਇੱਕ ਪੁੱਤ ਹੀ ਕੋਈ ਵਿਰਲਾ ਵਾਰੇ, ਵਾਰ ਦਿੱਤੇ ਤੁਸੀਂ ਚਾਰ ਮਾਲਕਾ’ ਸਾਂਝੀ ਕੀਤੀ।
ਗੁਰਸ਼ਰਨ ਕੌਰ ਔਜਲਾ (ਰੂਪ) ਨੇ ਆਪਣੇ ਦਾਦਾ ਜੀ ਦੇ ਪੰਜਾਬੀ ਸੂਬੇ ਲਈ ਧਰਮ-ਯੁੱਧ ਮੋਰਚੇ ਵਿੱਚ ਸ਼ਾਮਲ ਹੋਣ ਅਤੇ ਪਿਤਾ ਜਥੇਦਾਰ ਅਮਰੀਕ ਸਿੰਘ ਦੇ ਸਾਹਿਤਕ ਰੁਚੀਆਂ ਵਾਲੇ ਹੋਣ ਬਾਰੇ ਸਾਂਝ ਪਾਈ। ਉਸ ਨੇ ਗੁਰੂਆਂ ਅਤੇ ਸਿੱਖੀ ਬਾਰੇ ਸਕੂਲੀ ਵਿੱਦਿਆ ਦੇ ਸਿਲੇਬਸ ਵਿੱਚ ਘਾਟ ਬਾਰੇ ਚਿੰਤਾ ਪ੍ਰਗਟਾਈ। ਸਭਾ ਦੇ ਖਜ਼ਾਨਚੀ ਪ੍ਰੀਤ ਸਾਗਰ ਨੇ ਆਪਣੀ ਰਚਨਾ ‘ਇਸ਼ਕ ਹਕੀਕੀ ਕਰਨੀ ਜੇ ਆਪਣਾ ਆਪ ਗੁਆ ਲਿਆ, ਇਸ਼ਕ ਦੀ ਇਹੀ ਕਰਾਮਾਤ ਹੈ, ਲੱਗਦਾ ਇਹ ਇੱਕ ਦਾਤ ਹੈ’ ਦੁਆਰਾ ਕੁਰਬਾਨੀ ਦੇ ਹਕੀਕੀ ਇਸ਼ਕ ਦੀ ਗੱਲ ਤੋਰੀ। ਗੁਰਦੀਸ਼ ਗਰੇਵਾਲ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਆਪ ਉੱਚ-ਕੋਟੀ ਦੇ ਕਵੀ ਤੇ ਵਿਦਵਾਨ ਸਨ, ਉੱਥੇ ਉਹ ਵਿਦਵਾਨਾਂ ਤੇ ਕਵੀਆਂ ਦੇ ਕਦਰਦਾਨ ਸਨ। ਉਨ੍ਹਾਂ ਪੰਜ ਸਿੱਖਾਂ ਨੂੰ ਬ੍ਰਾਹਮਣਾਂ ਦੇ ਭੇਸ ਵਿੱਚ ਕਾਸ਼ੀ ਵਿਖੇ ਵਿੱਦਿਆ ਗ੍ਰਹਿਣ ਕਰਨ ਲਈ ਭੇਜਿਆ। ਇਨ੍ਹਾਂ ਪੰਜ ਸਿੱਖਾਂ ਨੇ ‘ਨਿਰਮਲਾ ਪੰਥ’ ਚਲਾਇਆ ਜੋ ਅੱਜ ਵੀ ਧਾਰਮਿਕ ਵਿਦਿਆ ਦੇਣ ਦਾ ਕਾਰਜ ਨਿਭਾਉਂਦੇ ਹਨ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਅਤੇ ਨਵੇਂ ਸਾਲ ਸਬੰਧੀ ਦੋ ਰਚਨਾਵਾਂ ਸਾਂਝੀਆਂ ਕੀਤੀਆਂ। ਤਾਜਬੀਰ ਸਿੰਘ ਨੇ ‘ਬੈਠਾ ਕਿਉਂ ਬੁਣਦਾ ਰਹਿੰਦਾ ਸੋਚਾਂ ਦੇ ਤਾਣੇ-ਬਾਣੇ, ਮਿਲਣਾ ਤਾਂ ਉਹੋ ਹੁੰਦਾ ਜੋ ਲੇਖਾਂ ’ਚ ਲਿਖਿਆ ਹੁੰਦਾ’ ਸੁਣਾ ਕੇ ਵਾਹ ਵਾਹ ਖੱਟ ਲਈ। ਸਰਬਜੀਤ ਉੱਪਲ ਨੇ ਵੀ ਮੱਖਣ ਸ਼ਰਮਾ ਦੇ ਲਿਖੇ ਗੀਤ ਨਾਲ ਹਾਜ਼ਰੀ ਲੁਆਈ।
ਸੁਖਵਿੰਦਰ ਸਿੰਘ ਥਿੰਦ ਨੇ ਆਪਣੀ ਆਸਟਰੇਲੀਆ ਫੇਰੀ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ। ਹਰਮਿੰਦਰ ਸਿੰਘ ਗਿੱਲ ਨੇ ‘ਮਾਤਾ ਲਾਲਾਂ ਨੂੰ ਜਗਾਵੇ ਨਾਲੇ ਘੋੜੀਆਂ ਵੀ ਗਾਵੇ, ਬੰਨ੍ਹੋ ਸ਼ਗਨਾਂ ਦਾ ਗਾਨਾਂ, ਲਾੜੀ ਮੌਤ ਪਈ ਬੁਲਾਵੇ’ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ। ਪ੍ਰਧਾਨ ਸਹੋਤਾ ਨੇ ਨਵੇਂ ਸਾਲ ਦੇ ਆਗਮਨ ਦੇ ਸਬੰਧ ਵਿੱਚ ਆਪਣੀ ਰਚਨਾ ਸਾਂਝੀ ਕੀਤੀ। ਉਸ ਨੇ ਪੰਜਾਬੀ ਬੋਲੀ ਵਿੱਚ ਜਾਣਬੁੱਝ ਕੇ ਵਿਸਾਰੇ ਜਾ ਰਹੇ ਸ਼ਬਦਾਂ ਬਾਰੇ ਆਪਣੀ ਚਿੰਤਾ ਪ੍ਰਗਟਾਈ। ਵੱਖ ਵੱਖ ਦੇਸ਼ਾਂ ਵਿੱਚ ਸਿੱਖਾਂ ਦੁਆਰਾ ਆਪਣੇ ਸਿੱਖੀ ਸਰੂਪ ਦਸਤਾਰ ਲਈ ਕੀਤੀ ਜਦੋਜਹਿਦ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਦੀ ਆਨ, ਬਾਨ ਤੇ ਸ਼ਾਨ ਕਾਇਮ ਰੱਖਣਾ ਹਰੇਕ ਦਸਤਾਰਧਾਰੀ ਦਾ ਫ਼ਰਜ਼ ਹੈ।
ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ

