DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਸੈਮੀਨਾਰ

ਵੈਨਕੂਵਰ: ਸਨਸੈਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ’ਤੇ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਗਿਆਨੀ ਹਰਪ੍ਰੀਤ ਸਿੰਘ, ਡਾ. ਕਾਲਾ ਸਿੰਘ ਅਤੇ ਹੋਰ ਵਿਦਵਾਨਾਂ ਨੇ ਵਿਚਾਰ ਸਾਂਝੇ...

  • fb
  • twitter
  • whatsapp
  • whatsapp
Advertisement

ਵੈਨਕੂਵਰ: ਸਨਸੈਟ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ’ਤੇ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਗਿਆਨੀ ਹਰਪ੍ਰੀਤ ਸਿੰਘ, ਡਾ. ਕਾਲਾ ਸਿੰਘ ਅਤੇ ਹੋਰ ਵਿਦਵਾਨਾਂ ਨੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੀ ਸ਼ੁਰੂਆਤ ਸੁਸਾਇਟੀ ਦੇ ਸਕੱਤਰ ਸੁਰਜੀਤ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਜੀਵਨ ਮਨੁੱਖਤਾ, ਸੱਚਾਈ ਅਤੇ ਨਿਰਭਉ ਜੀਵਨ ਜਿਉਣ ਦਾ ਪ੍ਰਤੀਕ ਹੈ।

ਸਮਾਗਮ ਦੇ ਮੁੱਖ ਬੁਲਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀ ਪਹਿਲੀ ਵੱਡੀ ਤ੍ਰਾਸਦੀ ਇਹ ਹੈ ਕਿ ਅਸੀਂ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੀ ਸਹੀ ਤਾਰੀਖ ’ਤੇ ਨਹੀਂ ਮਨਾ ਰਹੇ। ਉਨ੍ਹਾਂ ਨੇ ਕਿਹਾ ਕਿ ਭਾਈ ਬਾਲੇ ਵਾਲੀ ਸਾਖੀ ਤੋਂ ਇਲਾਵਾ ਸਾਰੇ ਪੁਰਾਤਨ ਇਤਿਹਾਸਕ ਹਵਾਲਿਆਂ ਵਿੱਚ ਅਤੇ ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ’ਤੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ 15 ਅਪਰੈਲ 1469 ਦਰਜ ਹੈ ਅਤੇ ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਹੋਰ ਸਹੀ ਜਾਣਕਾਰੀ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ‘ਕੱਤਕ ਕਿ ਵਿਸਾਖ’ ਵਿੱਚ ਵੀ ਉਪਲੱਬਧ ਹੈ।

Advertisement

ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਸਾਹਿਬ ਦੀਆਂ ਉਦਾਸੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਸਾਖੀਆਂ ਜਿਨ੍ਹਾਂ ਵਿੱਚ ਦਰਸਾਇਆ ਜਾਂਦਾ ਹੈ ਕਿ ਬਾਬਾ ਨਾਨਕ ਅੱਖਾਂ ਮੀਚ ਕੇ ਪਲਕ ਝਪਕਣ ਵਿੱਚ ਹੀ ਦੇਸ਼-ਪ੍ਰਦੇਸ਼ ਪਹੁੰਚ ਜਾਂਦੇ ਸਨ, ਪੂਰੀ ਤਰ੍ਹਾਂ ਕਾਲਪਨਿਕ ਤੇ ਝੂਠੀਆਂ ਹਨ। ਇਹ ਸਾਖੀਆਂ ਗੁਰੂ ਨਾਨਕ ਸਾਹਿਬ ਨੂੰ ਕਰਾਮਾਤੀ ਸ਼ਖ਼ਸੀਅਤ ਵਜੋਂ ਪੇਸ਼ ਕਰਦੀਆਂ ਹਨ ਜੋ ਕਿ ਗੁਰਬਾਣੀ ਦੇ ਆਸ਼ੇ ਅਨੁਸਾਰ ਠੀਕ ਨਹੀਂ।

Advertisement

ਉਨ੍ਹਾਂ ਨੇ ਕਿਹਾ ਕਿ ਮੱਖਣ ਸ਼ਾਹ ਲੁਬਾਣਾ ਅਤੇ ਲੱਖੀ ਸ਼ਾਹ ਵਣਜਾਰਾ ਦਾ ਪਰਿਵਾਰ ਧਨਾਡ ਤੇ ਵਪਾਰੀ ਪਰਿਵਾਰ ਸੀ। ਇਨ੍ਹਾਂ ਦਾ ਵਪਾਰ ਮੱਧ ਪੂਰਬ, ਏਸ਼ੀਆ, ਓਟੋਮਨ ਸਾਮਰਾਜ, ਯੂਰਪ ਅਤੇ ਰੂਸ ਤੱਕ ਚੱਲਦਾ ਸੀ। ਇਹ ਗਨ ਪਾਊਡਰ (ਬਰੂਦ), ਮਸਾਲੇ ਅਤੇ ਹੋਰ ਭਾਰਤੀ ਵਸਤਾਂ ਦਾ ਵਪਾਰ ਕਰਦੇ ਸਨ। ਇਹ ਕਾਫਲੇ ਘੋੜਿਆਂ ਅਤੇ ਬੈਲ ਗੱਡੀਆਂ ਰਾਹੀਂ ਵਸਤਾਂ ਦੀ ਢੁਆਈ ਕਰਦੇ ਸਨ ਅਤੇ ਜਿੱਥੇ ਕਾਫਲੇ ਵਿਸਰਾਮ ਲਈ ਠਹਿਰਦੇ ਸਨ, ਉਨ੍ਹਾਂ ਥਾਵਾਂ ਨੂੰ ਟਾਂਡੇ ਕਿਹਾ ਜਾਂਦਾ ਸੀ। ਅੱਜ ਵੀ ਦਰਜਨਾਂ ਪਿੰਡ ਅਜਿਹੇ ਟਾਂਡਿਆਂ ਦੇ ਨਾਂ ’ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਉਨ੍ਹਾਂ ਵਣਜਾਰਿਆਂ ਦੇ ਕਾਫਲਿਆਂ ਨਾਲ ਹੀ ਕੀਤੀਆਂ ਸਨ। ਓਟੋਮਨ ਸਾਮਰਾਜ ਦਾ ਧਾਰਮਿਕ ਗੁਰੂ ਫਕੀਰ ਜਲਾਲੂਦੀਨ ਗੁਰੂ ਨਾਨਕ ਸਾਹਿਬ ਦਾ ਮੁਰੀਦ ਸੀ ਅਤੇ ਉਹ ਭਾਰਤ ਆ ਕੇ ਪਿੰਡ ਸੰਦੋਹੇ ਵਿੱਚ ਵੱਸ ਗਿਆ ਸੀ।

ਸੁਸਾਇਟੀ ਦੇ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੋਪਾਰਾਏ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਬ੍ਰਹਿਮੰਡ ਅਤੇ ਮਨੁੱਖੀ ਉਤਪਤੀ ਬਾਰੇ ਜੋ ਵਿਚਾਰ ਦਿੱਤੇ, ਉਹ ਪੱਛਮ ਦੇ ਵਿਗਿਆਨਕਾਂ ਬਰੂਨੋ, ਗੈਲੀਲੀਓ ਅਤੇ ਡਾਰਵਿਨ ਨੇ ਖੋਜ ਸਿਧਾਤਾਂ ਵਿੱਚ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਸੋਚ ਸਮੇਂ ਤੋਂ ਅੱਗੇ ਸੀ, ਜਿਸ ਨੇ ਮਨੁੱਖੀ ਜੀਵਨ ਦਾ ਵਿਗਿਆਨਕ ਤੇ ਅਧਿਆਤਮਕ ਮਿਲਾਪ ਪੇਸ਼ ਕੀਤਾ।

ਮਨੋਵਿਗਿਆਨੀ ਅਤੇ ਗੁਰਬਾਣੀ ਦੇ ਗੰਭੀਰ ਵਿਦਵਾਨ ਡਾ. ਕਾਲਾ ਸਿੰਘ ਨੇ ਦੱਸਿਆ ਕਿ ਗੁਰਬਾਣੀ ਮਨੁੱਖੀ ਮਨ ਦੇ ਰੋਗਾਂ ਤੋਂ ਛੁਟਕਾਰਾ ਦਿਵਾਉਣ ਦੀ ਸਭ ਤੋਂ ਪ੍ਰਭਾਵਸ਼ਾਲੀ ਔਸ਼ਧੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਜਦੋਂ ਗੁਰਬਾਣੀ ਅਨੁਸਾਰ ਜਿਉਣਾ ਸ਼ੁਰੂ ਕਰਦਾ ਹੈ, ਤਦ ਉਸ ਦਾ ਮਨ ਨਕਾਰਾਤਮਕ ਵਿਚਾਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਦਾ ਹੈ। ਗੁਰਚਰਨ ਸਿੰਘ ਵੜੈਚ, ਕੁਲਦੀਪ ਧਾਲੀਵਾਲ, ਗੁਰਨਾਮ ਸਿੰਘ ਖੰਗੂੜਾ, ਗੁਰਮੀਤ ਸਿੰਘ ਬਰਮੀ, ਗੁਰਮੀਤ ਸਿੰਘ ਕਾਲਕਟ, ਕੁਲਦੀਪ ਸਿੰਘ ਜਗਪਾਲ, ਸੁਰਜੀਤ ਸਿੰਘ ਭੱਟੀ ਤੇ ਹਰਦਿਆਲ ਸਿੰਘ ਕੰਗ ਆਦਿ ਬੁਲਾਰਿਆਂ ਨੇ ਆਪਣੀਆਂ ਕਵਿਤਾਵਾਂ ਤੇ ਰਚਨਾਵਾਂ ਰਾਹੀਂ ਗੁਰੂ ਨਾਨਕ ਸਾਹਿਬ ਦੀ ਸਿਫ਼ਤ-ਸਲਾਹ ਕੀਤੀ।

ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਆਏ ਸਾਰੇ ਵਿਦਵਾਨਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਮਾਨਵਵਾਦੀ ਹੈ ਜੋ ਸਮੁੱਚੀ ਮਨੁੱਖਤਾ ਦਾ ਕਲਿਆਣ ਕਰਦੀ ਹੈ। ਜਦੋਂ ਹਾਕਮ ਆਮ ਲੋਕਾਂ ’ਤੇ ਜ਼ੁਲਮ ਕਰ ਰਹੇ ਸਨ, ਧਾਰਮਿਕ ਰਸਮਾਂ ਵਿੱਚ ਅੰਧਵਿਸ਼ਵਾਸ ਤੇ ਜਾਤ-ਪਾਤ ਦਾ ਬੋਲਬਾਲਾ ਸੀ, ਔਰਤਾਂ ਨਾਲ ਤ੍ਰਿਸਕਾਰ ਦਾ ਵਰਤਾਓ ਕੀਤਾ ਜਾਂਦਾ ਸੀ, ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਸੱਚ, ਇਨਸਾਫ਼ ਅਤੇ ਬਰਾਬਰੀ ਦੀ ਆਵਾਜ਼ ਬੁਲੰਦ ਕੀਤੀ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਇੱਕ ਮਹਾਨ ਸਮਾਜ ਸੁਧਾਰਕ, ਸਮਾਜਵਾਦੀ ਤੇ ਕ੍ਰਾਂਤੀਕਾਰੀ ਸ਼ਖ਼ਸੀਅਤ ਸਨ। ਉਨ੍ਹਾਂ ਨੇ ਕਿਰਤ ਨੂੰ ਧਰਮ ਅਤੇ ਸਮਾਜ ਦਾ ਆਧਾਰ ਬਣਾਇਆ ਅਤੇ ਆਮ ਮਨੁੱਖ ਨੂੰ ਸੱਚੀ ਕਿਰਤ ਤੇ ਇਮਾਨਦਾਰੀ ਨਾਲ ਜਿਉਣ ਦੀ ਪ੍ਰੇਰਨਾ ਦਿੱਤੀ। ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਅਤੇ ਮਰਦਾਨਾ ਜਿਹੇ ਕਰਮਠ ਲੋਕਾਂ ਰਾਹੀਂ ਸ਼ੋਸ਼ਣਕਾਰੀ ਤਾਕਤਾਂ ਦਾ ਸਖ਼ਤ ਵਿਰੋਧ ਕੀਤਾ। ਅੱਜ ਦੇ ਸਮੇਂ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ- ਸੱਚ, ਕਿਰਤ ਅਤੇ ਬਰਾਬਰੀ- ਸਮਾਜ ਦੇ ਹਰੇਕ ਤਬਕੇ ਲਈ ਰਾਹਦਾਰੀ ਹੈ। ਜੋ ਮਨੁੱਖ ਹੱਕ, ਸੱਚ ਅਤੇ ਨਿਆਂ ਲਈ ਖੜ੍ਹਾ ਹੁੰਦਾ ਹੈ, ਉਹੀ ਅਸਲ ਅਰਥਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਾਉਣ ਦਾ ਹੱਕਦਾਰ ਹੈ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੈਮੀਨਾਰ ਵਿੱਚ ਸ਼ਾਮਲ ਹੋਏ ਦਾਨੀ ਪੁਰਸ਼ ਬਲਜੀਤ ਸਿੰਘ ਢਿੱਲੋਂ, ਜਿਨ੍ਹਾਂ ਨੇ ਆਪਣੀ ਪੰਜ ਮਿਲੀਅਨ ਤੋਂ ਵੱਧ ਦੀ ਜਾਇਦਾਦ ਕੈਂਸਰ ਸੁਸਾਇਟੀ ਅਤੇ ਬੱਚਿਆਂ ਦੇ ਹਸਪਤਾਲ ਨੂੰ ਵਸੀਅਤ ਰਾਹੀਂ ਦਾਨ ਕੀਤੀ ਹੈ, ਨੇ ਵੀ ਹਾਜ਼ਰੀ ਭਰੀ। ਸੁਸਾਇਟੀ ਵੱਲੋਂ ਬਲਜੀਤ ਸਿੰਘ ਢਿੱਲੋਂ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Advertisement
×