ਜਸਵੰਤ ਸਿੰਘ ਕੰਵਲ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਕੰਵਲ’ ਦਾ ਪ੍ਰਦਰਸ਼ਨ
ਸਰੀ: ‘ਮਾਂ ਬੋਲੀ ਫਿਲਮ ਮੇਲਾ ਕੈਨੇਡਾ’ ਵੱਲੋਂ ਬੀਤੇ ਦਿਨੀਂ ਸਟਰਾਅਬੇਰੀ ਹਿਲ, ਸਰੀ ਵਿਖੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਰਚਨਾਵਾਂ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਕੰਵਲ’ ਦਿਖਾਈ ਗਈ। ਮਾਡਰੇਟਰ ਨਵਲਪ੍ਰੀਤ ਰੰਗੀ ਦੇ ਵਿਸ਼ੇਸ਼ ਯਤਨਾਂ ਸਦਕਾ ਕਰਵਾਏ ਗਏ ਇਸ ਸਮਾਗਮ...
ਸਰੀ: ‘ਮਾਂ ਬੋਲੀ ਫਿਲਮ ਮੇਲਾ ਕੈਨੇਡਾ’ ਵੱਲੋਂ ਬੀਤੇ ਦਿਨੀਂ ਸਟਰਾਅਬੇਰੀ ਹਿਲ, ਸਰੀ ਵਿਖੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜੀਵਨ ਅਤੇ ਰਚਨਾਵਾਂ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ‘ਕੰਵਲ’ ਦਿਖਾਈ ਗਈ। ਮਾਡਰੇਟਰ ਨਵਲਪ੍ਰੀਤ ਰੰਗੀ ਦੇ ਵਿਸ਼ੇਸ਼ ਯਤਨਾਂ ਸਦਕਾ ਕਰਵਾਏ ਗਏ ਇਸ ਸਮਾਗਮ ਵਿੱਚ ਸਰੀ ਦੇ ਸਾਹਿਤਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਦਸਤਾਵੇਜ਼ੀ ਫਿਲਮ ਵਿੱਚ ਬਾਖੂਬੀ ਦਰਸਾਇਆ ਗਿਆ ਕਿ ਜਸਵੰਤ ਸਿੰਘ ਕੰਵਲ ਪੰਜਾਬੀ ਦੇ ਉਹ ਸਿਰਮੌਰ ਸਾਹਿਤਕਾਰ ਸਨ, ਜਿਨ੍ਹਾਂ ਨੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ ਅਤੇ ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’ ਤੇ ‘ਲਹੂ ਦੀ ਲੋਅ’ ਵਰਗੇ ਚਰਚਿਤ ਨਾਵਲਾਂ ਰਾਹੀਂ ਪੰਜਾਬ ਦੇ ਪੇਂਡੂ ਜੀਵਨ, ਕਿਸਾਨੀ ਸੰਕਟ, ਸੱਭਿਆਚਾਰ ਅਤੇ ਸਮਾਜਿਕ-ਰਾਜਨੀਤਕ ਚੇਤਨਾ ਨੂੰ ਬਾਖ਼ੂਬੀ ਉਭਾਰਿਆ। ਉਹ ਮਹਿਜ਼ ਇੱਕ ਗਲਪਕਾਰ ਨਹੀਂ ਸਨ, ਬਲਕਿ ਪੰਜਾਬੀ ਲੋਕ-ਮਾਨਸ ਦੇ ਸੱਚੇ ਤਰਜਮਾਨ ਸਨ, ਜਿਨ੍ਹਾਂ ਦੀ ਲੇਖਣੀ ਨੇ ਪੰਜਾਬ ਦੀਆਂ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ।
ਫਿਲਮ ਦੇਖਣ ਉਪਰੰਤ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼ਾਇਰ ਮੋਹਨ ਗਿੱਲ, ਭੁਪਿੰਦਰ ਮੱਲ੍ਹੀ, ਗੁਰਬਾਜ ਸਿੰਘ ਬਰਾੜ, ਨਿਰੰਜਨ ਸਿੰਘ ਲਹਿਲ, ਡਾ. ਰਘਬੀਰ ਸਿੰਘ ਸਿਰਜਣਾ ਅਤੇ ਸ਼ਾਇਰ ਜਸਵਿੰਦਰ ਨੇ ਫਿਲਮ ਦੇ ਬਿਹਤਰੀਨ ਨਿਰਮਾਣ ਲਈ ਇਸ ਦੇ ਨਿਰਦੇਸ਼ਕ ਕੁਲਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ। ਬੁਲਾਰਿਆਂ ਨੇ ਜਸਵੰਤ ਸਿੰਘ ਕੰਵਲ ਨਾਲ ਜੁੜੀਆਂ ਆਪਣੀਆਂ ਨਿੱਘੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਕੰਵਲ ਸਾਹਿਬ ਨੇ ਆਪਣੇ ਨਾਵਲਾਂ ਵਿੱਚ ਭਰਪੂਰ ਪੇਂਡੂ ਪੰਜਾਬੀ ਸੱਭਿਆਚਾਰ ਨੂੰ ਸਾਕਾਰ ਕੀਤਾ ਹੈ ਅਤੇ ਉਨ੍ਹਾਂ ਦੇ ਸਾਹਿਤ ਦੀ ਅਣਹੋਂਦ ਵਿੱਚ ਅਸੀਂ ਪੰਜਾਬ ਦੇ ਅਸਲ ਰੂਪ, ਇਸ ਦੀ ਮਿੱਟੀ ਦੀ ਮਹਿਕ ਅਤੇ ਇਸ ਦੇ ਸੰਘਰਸ਼ਾਂ ਨੂੰ ਮੁਕੰਮਲ ਰੂਪ ਵਿੱਚ ਨਹੀਂ ਜਾਣ ਸਕਦੇ।
ਇਸ ਮੌਕੇ ਦਿੱਲੀ ਤੋਂ ਵੀਡੀਓ ਕਾਲ ਰਾਹੀਂ ਦਰਸ਼ਕਾਂ ਨਾਲ ਸਿੱਧੇ ਜੁੜੇ ਫਿਲਮ ਦੇ ਨਿਰਦੇਸ਼ਕ ਕੁਲਜੀਤ ਸਿੰਘ ਨੇ ਦਰਸ਼ਕਾਂ ਦੇ ਮਨਾਂ ਵਿੱਚ ਉਪਜੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਇਸ ਫਿਲਮ ਨੂੰ ਬਣਾਉਣ ਲਈ ਕੀਤੀ ਗਈ ਸਖ਼ਤ ਮਿਹਨਤ ਅਤੇ ਅਨੁਭਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਕੰਵਲ ਬਾਰੇ ਦਸਤਾਵੇਜ਼ੀ ਫਿਲਮ ਬਣਾਉਣ ਦਾ ਉਪਰਾਲਾ ਉਨ੍ਹਾਂ ਨੇ ਇਸ ਲਈ ਕੀਤਾ ਕਿ ਜਿਸ ਤਰ੍ਹਾਂ ਰਵਿੰਦਰ ਨਾਥ ਟੈਗੋਰ ਅਤੇ ਸਾਅਦਤ ਹਸਨ ਮੰਟੋ ਵਰਗੇ ਮਹਾਨ ਸਾਹਿਤਕਾਰਾਂ ਬਾਰੇ ਸਾਰੀ ਦੁਨੀਆ ਜਾਣਦੀ ਹੈ, ਉਸੇ ਤਰ੍ਹਾਂ ਪੰਜਾਬੀ ਦੇ ਇਸ ਅਜ਼ੀਮ ਨਾਵਲਕਾਰ ਬਾਰੇ ਵੀ ਵਿਸ਼ਵ ਪੱਧਰ ’ਤੇ ਅਜਿਹੀ ਦਸਤਾਵੇਜ਼ੀ ਬਣਨੀ ਚਾਹੀਦੀ ਹੈ ਤਾਂ ਜੋ ਦੁਨੀਆ ਭਰ ਦੇ ਸਾਹਿਤ ਪ੍ਰੇਮੀਆਂ ਨੂੰ ਉਨ੍ਹਾਂ ਦੇ ਜੀਵਨ, ਲਾਸਾਨੀ ਯੋਗਦਾਨ ਅਤੇ ਰਚਨਾਵਾਂ ਬਾਰੇ ਭਰਪੂਰ ਜਾਣਕਾਰੀ ਮਿਲ ਸਕੇ।
ਦਰਸ਼ਕਾਂ ਵਿੱਚ ਨਾਵਲਕਾਰ ਜਰਨੈਲ ਸਿੰਘ ਸੇਖਾ, ਕੰਵਲਜੀਤ ਸਿੰਘ ਮਾਨਾਂਵਾਲਾ, ਧਰਮ ਸਿੰਘ ਪਨੇਸਰ, ਮੋਤਾ ਸਿੰਘ ਝੀਤਾ, ਅੰਗਰੇਜ਼ ਬਰਾੜ ਸਮੇਤ ਸਾਹਿਤ ਅਤੇ ਕਲਾ ਜਗਤ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਸਨ। ਸਮਾਗਮ ਦੇ ਅੰਤ ਵਿੱਚ ਨਵਲਪ੍ਰੀਤ ਰੰਗੀ ਨੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਬਿੰਦੂ ਮਠਾੜੂ ਅਤੇ ਆਰਟਿਸਟ ਜਸਵੰਤ ਸਿੰਘ ਦੀਆਂ ਪੁਸਤਕਾਂ ਰਿਲੀਜ਼
ਸਰੀ: ਪੰਜਾਬੀ ਲੇਖਕ ਮੰਚ ਵੱਲੋਂ ਬੀਤੇ ਦਿਨੀ ਸ਼ਾਹੀ ਕੇਟਰਿੰਗ ਹਾਲ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਲੇਖਿਕਾ ਬਿੰਦੂ ਮਠਾੜੂ ਦੀ ਪੁਸਤਕ ‘ਮਨ ਬਉਰਾ’ ਅਤੇ ਆਰਟਿਸਟ ਜਸਵੰਤ ਸਿੰਘ ਦੀ ਪੁਸਤਕ ‘ਅੰਤਰਾਲ ਯਾਤਰਾ’ ਰਿਲੀਜ਼ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਸਮੇਤ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਵਿੱਚ ਲੇਖਕ ਮੰਚ ਦੇ ਕੋਆਰਡੀਨੇਟਰ ਸੁਰਜੀਤ ਕਲਸੀ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਇਸ ਉਪਰੰਤ ਸਟੇਜ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਸ਼ਾਇਰ ਕਵਿੰਦਰ ਚਾਂਦ ਵੱਲੋਂ ਸੰਭਾਲੀ
ਗਈ। ਇਸ ਦੌਰਾਨ ਜਸਬੀਰ ਮਾਨ, ਅਮਰੀਕ ਪਲਾਹੀ, ਰਾਜਵੰਤ ਰਾਜ ਅਤੇ ਸੁਰਜੀਤ ਕਲਸੀ ਵੱਲੋਂ ਕਿਤਾਬ ‘ਮਨ ਬਉਰਾ’ ਉੱਪਰ ਪਰਚੇ ਪੜ੍ਹੇ ਗਏ ਅਤੇ ਇਸ ਦੇ ਸਾਹਿਤਕ ਮੁੱਲ ’ਤੇ ਰੌਸ਼ਨੀ ਪਾਈ ਗਈ। ਦੂਸਰੇ ਪਾਸੇ ਅਜਮੇਰ ਰੋਡੇ, ਇੰਦਰਜੀਤ ਸਿੰਘ ਧਾਮੀ, ਡਾ. ਤਾਰਾ ਸਿੰਘ ਆਲਮ ਅਤੇ ਪ੍ਰੀਤ ਇੰਦਰ ਵੱਲੋਂ ਪੁਸਤਕ ‘ਅੰਤਰਾਲ ਯਾਤਰਾ’ ਉੱਪਰ ਆਪੋ-ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ।
ਸਮਾਗਮ ਦੌਰਾਨ ਕੇਸੀ ਅਤੇ ਪ੍ਰੇਮਦੀਪ ਨੇ ਬਿੰਦੂ ਮਠਾੜੂ ਦੀਆਂ ਖ਼ੂਬਸੂਰਤ ਗ਼ਜ਼ਲਾਂ ਨੂੰ ਤਰੰਨਮ ਵਿੱਚ ਗਾ ਕੇ ਪੂਰੇ ਮਾਹੌਲ ਨੂੰ ਸੰਗੀਤਕ ਰੰਗ ਵਿੱਚ ਰੰਗ ਦਿੱਤਾ। ਡਾ. ਤਾਰਾ ਸਿੰਘ ਆਲਮ ਅਤੇ ਅੰਦਰੇਸ਼ ਵੱਲੋਂ ਵੀ ਬਿੰਦੂ ਮਠਾੜੂ ਦੀਆਂ ਕੁਝ ਚੋਣਵੀਆਂ ਗ਼ਜ਼ਲਾਂ ਦਾ ਪਾਠ ਕੀਤਾ ਗਿਆ।
ਇਸ ਮੌਕੇ ਸਾਹਿਤਕਾਰ ਜਰਨੈਲ ਸਿੰਘ ਸੇਖਾ, ਡਾ. ਜਸਮਲਕੀਤ, ਬਲਜਿੰਦਰ ਸੰਧੂ ਅਤੇ ਪ੍ਰੋ. ਕਸ਼ਮੀਰਾ ਸਿੰਘ ਨੇ ਦੋਹਾਂ ਸਿਰਜਣਹਾਰਾਂ ਨੂੰ ਨਵੀਆਂ ਪੁਸਤਕਾਂ ਦੀ ਆਮਦ ’ਤੇ ਮੁਬਾਰਕਬਾਦ ਦਿੱਤੀ ਅਤੇ ਲੇਖਕਾਂ ਦੀ ਸਿਰਜਣਾਤਮਕ ਸੋਚ ਤੇ ਕਿਤਾਬਾਂ ਦੇ ਵਿਸ਼ਾ-ਵਸਤੂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੇ ਅਖੀਰ ਵਿੱਚ ਦੋਹਾਂ ਲੇਖਕਾਂ ਨੇ ਪੰਜਾਬੀ ਲੇਖਕ ਮੰਚ ਅਤੇ ਸਮਾਗਮ ਵਿੱਚ ਪਹੁੰਚੇ ਸਾਰੇ ਬੁਲਾਰਿਆਂ, ਸਾਹਿਤ ਪ੍ਰੇਮੀਆਂ ਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸੰਪਰਕ: +1 604 308 6663

