ਸੋਲੀਹੁੱਲ ਕੌਂਸਲ ਦਾ ਪਹਿਲਾ ਸਿੱਖ ਮੇਅਰ ਬਣਿਆ ਸਰਦੂਲ ਸਿੰਘ ਮਾਰਵਾ
ਜ਼ਿੰਦਗੀ ਜੱਦੋਜਹਿਦ ਤੇ ਮਿਹਨਤ ਦਾ ਦੂਜਾ ਨਾਮ ਹੈ। ਅਨੇਕਾਂ ਰੁਕਾਵਟਾਂ ਅਤੇ ਸਮੱਸਿਆਵਾਂ ਹੋਣ ਦੇ ਬਾਵਜੂਦ ਜੱਦੋਜਹਿਦ ਅਤੇ ਮਿਹਨਤ ਕਰਨ ਵਾਲਾ ਵਿਅਕਤੀ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚ ਜਾਂਦਾ ਹੈ। ਬਰਤਾਨੀਆ ਦੇ ਬਰਮਿੰਘਮ ਇਲਾਕੇ ਵਿੱਚ ਰਹਿਣ ਵਾਲਾ ਸਰਦੂਲ ਸਿੰਘ ਮਾਰਵਾ ਜੱਦੋਜਹਿਦ ਦੀ...
ਜ਼ਿੰਦਗੀ ਜੱਦੋਜਹਿਦ ਤੇ ਮਿਹਨਤ ਦਾ ਦੂਜਾ ਨਾਮ ਹੈ। ਅਨੇਕਾਂ ਰੁਕਾਵਟਾਂ ਅਤੇ ਸਮੱਸਿਆਵਾਂ ਹੋਣ ਦੇ ਬਾਵਜੂਦ ਜੱਦੋਜਹਿਦ ਅਤੇ ਮਿਹਨਤ ਕਰਨ ਵਾਲਾ ਵਿਅਕਤੀ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚ ਜਾਂਦਾ ਹੈ। ਬਰਤਾਨੀਆ ਦੇ ਬਰਮਿੰਘਮ ਇਲਾਕੇ ਵਿੱਚ ਰਹਿਣ ਵਾਲਾ ਸਰਦੂਲ ਸਿੰਘ ਮਾਰਵਾ ਜੱਦੋਜਹਿਦ ਦੀ ਭੱਠੀ ਵਿੱਚੋਂ ਨਿਕਲਿਆ ਖ਼ਰਾ ਸੋਨਾ ਹੈ, ਜਿਹੜਾ ਗੋਰਿਆਂ ਦੀ ਵਸੋਂ ਵਾਲੇ ਵੈਸਟ ਮਿਡਲੈਂਡ ਇਲਾਕੇ ਵਿੱਚ ਸੋਲੀਹੁੱਲ ਕੌਂਸਲ ਦਾ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ ਹੈ। ਪੰਜਾਬੀਆਂ ਦਾ ਇਹ ਖਾਸ ਗੁਣ ਹੈ ਕਿ ਇਹ ਜਿੱਥੇ ਵੀ ਪਰਵਾਸ ਕਰਕੇ ਜਾਂਦੇ ਹਨ, ਉੱਥੇ ਹੀ ਉਹ ਆਪਣੀ ਸਫਲਤਾ ਦੇ ਝੰਡੇ ਗੱਡ ਦਿੰਦੇ ਹਨ। ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਜਿੱਥੇ ਪੰਜਾਬੀ ਨਾ ਪਹੁੰਚੇ ਹੋਣ।
ਇਸ ਸਮੇਂ ਬਰਤਾਨੀਆ ਦੀਆਂ ਸਥਾਨਕ ਸੰਸਥਾਵਾਂ ਵਿੱਚ ਕਈ ਪੰਜਾਬੀ ਮੇਅਰ ਹਨ। ਇਨ੍ਹਾਂ ਵਿੱਚ ਸਰਦੂਲ ਸਿੰਘ ਮਾਰਵਾ ਵੀ ਸ਼ਾਮਲ ਹੋ ਗਿਆ ਹੈ ਜਿਹੜਾ 27 ਮਈ 2026 ਨੂੰ ਸੋਲੀਹੁੱਲ ਦਾ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ। ਉਹ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਿਤ ਹਨ। ਉਹ ਸੋਲੀਹੁੱਲ ਦਾ ਪਹਿਲਾ ਸਿੱਖ ਮੇਅਰ ਬਣਿਆ ਹੈ। ਸਰਦੂਲ ਸਿੰਘ ਮਾਰਵਾ ਨੂੰ ਬਰਤਾਨੀਆ ਦੇ 99.99 ਫ਼ੀਸਦੀ ਅੰਗਰੇਜ਼ਾਂ (ਗੋਰਿਆਂ) ਦੀ ਆਬਾਦੀ ਵਾਲੇ ਵੈਸਟ ਮਿਡਲੈਂਡ ਇਲਾਕੇ ਦੀਆਂ 7 ਕੌਂਸਲਾਂ ਵਿੱਚੋਂ ਇੱਕ ਵੱਡੇ ਮਹੱਤਵਪੂਰਨ ਸ਼ਹਿਰ ਸੋਲੀਹੁੱਲ ਦੀ ਕੌਂਸਲ ਦੇ 51 ਮੈਂਬਰਾਂ ਨੇ ਨਿਰਵਿਰੋਧ ਮੇਅਰ ਚੁਣ ਲਿਆ। ਇਸ ਤੋਂ ਪਹਿਲਾਂ ਉਹ 1984 ਵਿੱਚ ਬਰਮਿੰਘਮ ਸ਼ਹਿਰ ਦਾ ਕੌਂਸਲਰ ਚੁਣਿਆ ਗਿਆ ਸੀ। ਉਸ ਸਮੇਂ ਉਸ ਨੇ ਬਰਤਾਨੀਆ ਦੀ ਸੰਸਦ ਵਿੱਚ ਨਸਲੀ ਭੇਦਭਾਵ ਦੇ ਵਿਸ਼ੇ ’ਤੇ ਭਾਸ਼ਣ ਦਿੱਤਾ ਸੀ, ਜਿਸ ਕਰਕੇ ਉਹ ਪ੍ਰਸਿੱਧ ਹੋ ਗਿਆ ਸੀ।
ਸਰਦੂਲ ਸਿੰਘ ਮਾਰਵਾ ਦਾ ਜਨਮ 1947 ਵਿੱਚ ਪਿਤਾ ਅਜੀਤ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੇ ਘਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਬੰਗਾ ਨੇੜੇ ਝੰਡੇਰ ਪਿੰਡ ਵਿੱਚ ਹੋਇਆ ਸੀ। ਉਸ ਨੇ ਸੱਤਵੀਂ ਤੱਕ ਦੀ ਪੜ੍ਹਾਈ ਚਰਨ ਕੰਵਲ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਉਹ ਆਪਣੇ ਸੁਨਹਿਰੇ ਭਵਿੱਖ ਲਈ 1960 ਵਿੱਚ ਆਪਣੇ ਮਾਪਿਆਂ ਨਾਲ ਬਰਤਾਨੀਆ ਵਿੱਚ ਆ ਗਿਆ ਸੀ। ਇੱਥੇ ਆ ਕੇ ਉਸ ਨੇ ਸੈਕੰਡਰੀ ਤੇ ਉੱਚ ਸਿੱਖਿਆ ਪ੍ਰਾਪਤ ਕੀਤੀ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਸ ਨੇ ਰਾਜਨੀਤੀ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਬਣ ਗਿਆ। ਉਸ ਨੇ ਸਖ਼ਤ ਮਿਹਨਤ ਅਤੇ ਸਮਾਜ ਸੇਵਾ ਕੀਤੀ, ਸਿੱਟੇ ਵਜੋਂ 1982 ਵਿੱਚ ਬਰਮਿੰਘਮ ਸ਼ਹਿਰ ਦਾ ਕੌਂਸਲਰ ਬਣ ਗਿਆ ਅਤੇ ਕਈ ਜ਼ਿੰਮੇਵਾਰੀਆਂ ਨਿਭਾਈਆਂ, ਜਿਨ੍ਹਾਂ ਵਿੱਚ ਨਸਲੀ ਸਬੰਧਾਂ ਅਤੇ ਬਰਾਬਰ ਮੌਕੇ ਕਮੇਟੀ ਦਾ ਚੇਅਰਮੈਨ ਅਤੇ ਮਨੋਰੰਜਨ ਸੇਵਾਵਾਂ ਕਮੇਟੀ ਦੇ ਚੇਅਰਮੈਨ ਦੀਆਂ ਸੇਵਾਵਾਂ ਵੀ ਨਿਭਾਈਆਂ। ਉਹ ਆਪਣੇ ਪੇਸ਼ੇਵਰ ਕਰੀਅਰ ਵਿੱਚ ਇਲੈੱਕਟ੍ਰੀਕਲ ਇੰਡਸਟਰੀ ਵਿੱਚ ਕੰਮ ਕਰਦਾ ਰਿਹਾ ਅਤੇ ਇਸਦੇ ਨਾਲ ਹੀ ਉਹ ਜਨਤਕ ਸੇਵਾ, ਸਮਾਨਤਾ ਅਤੇ ਭਾਈਚਾਰਕ ਸ਼ਮੂਲੀਅਤ ਪ੍ਰਤੀ ਵੀ ਸਮਰਪਿਤ ਰਿਹਾ। ਉਸ ਨੇ ਬਰਮਿੰਘਮ ਵਿੱਚ ਪੁਲੀਸ ਸਲਾਹਕਾਰ ਕਮੇਟੀ ਦੀ ਪ੍ਰਧਾਨਗੀ ਕੀਤੀ ਅਤੇ ਹੈਂਡਸਵਰਥ ਦੰਗਿਆਂ ਤੋਂ ਬਾਅਦ ਭਾਈਚਾਰਕ ਸ਼ਮੂਲੀਅਤ ਵਿੱਚ ਸ਼ਾਮਲ ਰਿਹਾ। ਇਸ ਤਰ੍ਹਾਂ ਉਹ ਹੋਰ ਬਹੁਤ ਸਾਰੀਆਂ ਕਮੇਟੀਆਂ ਦਾ ਚੇਅਰਮੈਨ ਤੇ ਮੈਂਬਰ ਰਿਹਾ, ਜਿਨ੍ਹਾਂ ਵਿੱਚ ਸਮਾਨਤਾ ਅਤੇ ਜਨਤਕ ਸੇਵਾ, ਕਮਿਊਨਿਟੀ ਰਿਲੇਸਨਜ਼ ਕੌਂਸਲ ਬਰਮਿੰਘਮ, ਬਰਮਿੰਘਮ ਏਰੀਆ ਹੈਲਥ ਅਥਾਰਟੀ, ਵੈਸਟ ਬਰਮਿੰਘਮ ਹੈਲਥ ਅਥਾਰਟੀ, ਬਰਮਿੰਘਮ ਸਿਵਿਕ ਹਾਊਸਿੰਗ ਐਸੋਸੀਏਸਸ਼ਨ, ਕੰਜ਼ਰਵੇਸ਼ਨ ਐਡਵਾਇਜ਼ਰੀ ਕਮੇਟੀ ਬਰਮਿੰਘਮ ਅਤੇ ਇਲੈੱਕਟ੍ਰੀਕਲ, ਇਲੈੱਕਟ੍ਰਾਨਿਕ ਟੈਲੀਕਮਿਊਨੀਕੇਸ਼ਨ ਅਤੇ ਪਲੰਬਿੰਗ ਯੂਨੀਅਨ ਲਈ ਰਾਸ਼ਟਰੀ ਕਮੇਟੀ ਸ਼ਾਮਲ ਹਨ। ਉਸ ਦੀਆਂ ਲੋਕ ਸੇਵਾਵਾਂ ਕਰਕੇ 1990 ਵਿੱਚ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਉਸ ਨੂੰ ਸਨਮਾਨਤ ਕੀਤਾ ਸੀ।
ਸੰਪਰਕ: 94178-13072

