ਹਿੰਦੀ ਲਘੂ ਕਹਾਣੀ

ਲੁਟੇਰੇ

ਲੁਟੇਰੇ

ਰਮੇਸ਼ ਕਪੂਰ

ਉਹ ਦੋਵੇਂ ਮਕਾਨ ਦੀ ਪੜਛੱਤੀ ਵਿਚ ਆਪੋ-ਆਪਣੇ ਗੋਡਿਆਂ ਵਿਚ ਸਿਰ ਲੁਕੋਈ ਬੈਠੀਆਂ ਸਨ। ਉਨ੍ਹਾਂ ਦੇ ਸਰੀਰ ਡਰ ਨਾਲ ਕੰਬ ਰਹੇ ਸਨ। ਦਿੱਲੀ ਵਰਗੀ ਥਾਂ ’ਤੇ ਦੰਗੇ ਇਸ ਤਰ੍ਹਾਂ ਭੜਕ ਉੱਠੇ ਸਨ ਕਿ ਹਰ ਪਾਸੇ ਮਾਰ-ਧਾੜ, ਲੁੱਟ-ਖੋਹ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਭਾਵੇਂ ਮਾਰਧਾੜ ਬਹੁਤ ਘੱਟ ਹੋ ਰਹੀ ਸੀ, ਪਰ ਲੁੱਟ- ਖੋਹ ਅਤੇ ਅੱਗਜ਼ਨੀ ਦੀਆਂ ਵਾਰਦਾਤਾਂ ਲਗਾਤਾਰ ਸੁਣਨ ਵਿਚ ਆ ਰਹੀਆਂ ਸਨ।

ਉਦੋਂ ਹੀ ਉਨ੍ਹਾਂ ਨੂੰ ਕੁਝ ਰੌਲਾ ਰੱਪਾ ਬਹੁਤ ਨੇੜੇ ਆਉਂਦਾ ਮਹਿਸੂਸ ਹੋਇਆ। ਮਾਂ-ਧੀ ਦੋਹਾਂ ਨੇ ਡਰ ਨਾਲ ਇਕ ਦੂਜੀ ਦੀਆਂ ਅੱਖਾਂ ਵਿਚ ਵੇਖਿਆ। ਦੋਹਾਂ ਦੀਆਂ ਅੱਖਾਂ ਵਿਚ ਸੰਨਾਟਾ ਪਸਰਿਆ ਹੋਇਆ ਸੀ ਅਤੇ ਬਾਹਰ ਡਰਾਉਣੀਆਂ ਆਵਾਜ਼ਾਂ ਦਾ ਸ਼ੋਰ। ਦੰਗੇਬਾਜ਼ ਕਦੇ ਵੀ ਉੱਥੇ ਹਮਲਾ ਕਰ ਸਕਦੇ ਸਨ। ਸੋਚ- ਸੋਚ ਕੇ ਹੀ ਉਨ੍ਹਾਂ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ।

ਆਵਾਜ਼ਾਂ ਜਦੋਂ ਕੁਝ ਹੋਰ ਨੇੜੇ ਆ ਗਈਆਂ ਤਾਂ ਧੀ ਨੇ ਆਪਣੀ ਮਾਂ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿਚ ਫਿਰ ਤੋਂ ਇਕ ਸਵਾਲ ਉੱਭਰ ਆਇਆ ਸੀ, ‘ਮਾਂ, ਚਾਚੇ ਨੂੰ ਫੋਨ ਕਰਾਂ?’

ਚਾਚੇ ਦਾ ਨਾਂ ਸੁਣਦਿਆਂ ਹੀ ਮਾਂ ਦੀਆਂ ਅੱਖਾਂ ਦਾ ਡਰ ਵਧ ਗਿਆ। ਉਸਨੇ ਧੀ ਵੱਲ ਵੇਖਿਆ, ਜਿਵੇਂ ਕਹਿ ਰਹੀ ਹੋਵੇ, ‘ਨਹੀਂ, ਬਿਲਕੁਲ ਨਹੀਂ। ਤੈਨੂੰ ਪਤਾ ਨਹੀਂ, ਉਸਨੇ ਤੇਰੇ ਪਿਉ ਨਾਲ ਕੀ ਕੀਤਾ ਸੀ? ਚੱਲਦੀ ਹੋਈ ਦੁਕਾਨ ਹੜੱਪ ਗਿਆ ਸੀ ਆਪਣੀ। ਹੁਣ ਇਸ ਘਰ ’ਤੇ ਵੀ ਨਜ਼ਰ ਹੈ ਉਸਦੀ। ਉਸਤੋਂ ਸਾਨੂੰ ਕੀ ਆਸ ਹੈ?’

ਭਾਵੇਂ ਮਨ ਹੀ ਮਨ ਉਹ ਵੀ ਚਾਹੁੰਦੀ ਸੀ ਕਿ ਬਲਰਾਜ ਨੂੰ ਇਕ ਵਾਰੀ ਫੋਨ ਕਰ ਹੀ ਦੇਵੇ। ਆਪਣਾ ਹੋ ਕੇ ਉਸਨੇ ਲੁੱਟਿਆ ਜ਼ਰੂਰ, ਪਰ ਪਰਾਇਆਂ ਤੋਂ ਤਾਂ ਬਚਾਵੇਗਾ ਹੀ! ਏਨੀ ਵੀ ਇਨਸਾਨੀਅਤ ਅਜੇ ਨਹੀਂ ਮਰੀ ਸੀ।

ਮਾਂ ਦੀਆਂ ਅੱਖਾਂ ਵਿਚ ਝਾਕਦਾ ਜਵਾਬ ਪੜ੍ਹ ਕੇ ਧੀ ਚੁੱਪ ਕਰ ਗਈ। ਪਰ ਦੋਹਾਂ ਦੇ ਮਨ ਦਾ ਡਰ ਉਨ੍ਹਾਂ ਨੂੰ ਚੈਨ ਨਹੀਂ ਲੈਣ ਦੇ ਰਿਹਾ ਸੀ। ਪੜਛੱਤੀ ਤੋਂ ਬਾਹਰ ਝਾਕਣ ਦਾ ਉਨ੍ਹਾਂ ਦਾ ਹੌਸਲਾ ਨਹੀਂ ਹੋ ਰਿਹਾ ਸੀ।

ਆਵਾਜ਼ਾਂ ਹੋਰ ਉੱਚੀ ਹੋ ਗਈਆਂ ਤਾਂ ਉਨ੍ਹਾਂ ਦਾ ਦਿਲ ਬੈਠਣ ਲੱਗਾ। ਧੀ ਨੇ ਇਕ ਵਾਰ ਫੇਰ ਮਾਂ ਵੱਲ ਵੇਖਿਆ, ‘ਮੈਂ ਫੋਨ ਕਰ ਰਹੀ ਹਾਂ। ਚਾਚਾ ਹੈ ਮੇਰਾ! ਇਸ ਵੇਲੇ ਤਾਂ ਸਾਨੂੰ ਬਚਾਵੇਗਾ ਹੀ!’ ਉਸਨੇ ਮਾਂ ਵੱਲ ਵੇਖਿਆ, ਜਿੱਥੇ ਇਕ ਖ਼ਾਮੋਸ਼ ਪਰ ਡਰ ਨਾਲ ਭਰੀ ਮਨਜ਼ੂਰੀ ਸੀ, ਇਕ ਅਸਹਿਮਤ ਮਨਜ਼ੂਰੀ।

ਧੀ ਨੇ ਝੱਟ ਚਾਚੇ ਨੂੰ ਫੋਨ ਕਰਕੇ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ। ਚਾਚੇ ਨੇ ਵੀ ਛੇਤੀ ਹੀ ਆਉਣ ਦਾ ਹੌਸਲਾ ਦਿੱਤਾ, ‘ਤੁਸੀਂ ਘਬਰਾਓ ਨਾ, ਮੈਂ ਹੁਣੇ ਆ ਰਿਹਾ ਹਾਂ!’ ਸੁਣ ਕੇ ਦੋਹਾਂ ਨੇ ਇਕ ਡੂੰਘਾ ਸਾਹ ਲਿਆ।

ਤੇ ਉਦੋਂ ਹੀ ਕੁਝ ਚਿਰ ਪਿੱਛੋਂ ਹੇਠਾਂ ਦਰਵਾਜ਼ੇ ’ਤੇ ਕੁਝ ਖੜਕਾ ਹੋਇਆ। ਧੀ ਨੇ ਉਮੀਦ ਭਰੀਆਂ ਨਜ਼ਰਾਂ ਨਾਲ ਮਾਂ ਵੱਲ ਵੇਖਿਆ। ਸ਼ਾਇਦ ਚਾਚਾ ਉਨ੍ਹਾਂ ਦੀ ਮਦਦ ਲਈ ਆ ਗਿਆ ਸੀ। ਦੋਹਾਂ ਨੇ ਜਿਵੇਂ ਚੈਨ ਦਾ ਸਾਹ ਲਿਆ ਅਤੇ ਅਸਮਾਨ ਵੱਲ ਵੇਖ ਕੇ ਪਰਮਾਤਮਾ ਦਾ ਧੰਨਵਾਦ ਕੀਤਾ।

ਪਰ ਉਨ੍ਹਾਂ ਦਾ ਸਾਹ ਉੱਤੇ ਦਾ ਉੱਤੇ ਅਤੇ ਹੇਠਾਂ ਦਾ ਹੇਠਾਂ ਹੀ ਰਹਿ ਗਿਆ। ਜਦੋਂ ਹੇਠੋਂ ਸਾਮਾਨ ਨੂੰ ਚੁੱਕਣ ਅਤੇ ਸੁੱਟਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਦੋਹਾਂ ਨੇ ਹੈਰਾਨੀ ਅਤੇ ਡਰ ਦੇ ਮਿਲੇ- ਜੁਲੇ ਭਾਵਾਂ ਨਾਲ ਇਕ ਦੂਜੀ ਵੱਲ ਵੇਖਿਆ। ਇਹ ਚਾਚਾ ਨਹੀਂ, ਸਗੋਂ ਦੰਗੇਬਾਜ਼ ਘਰ ਵਿਚ ਆ ਵੜੇ ਸਨ। ਦੋਹਾਂ ਦੇ ਮੂੰਹੋਂ ਦੱਬੀ ਜਿਹੀ ਚੀਕ ਨਿਕਲਣ ਵਾਲੀ ਸੀ। ਉਹ ਰੋ ਵੀ ਨਹੀਂ ਸਨ ਸਕਦੀਆਂ। ਡਰ ਇਹ ਵੀ ਸੀ ਕਿ ਕਿਤੇ ਉਹ ਦੰਗੇਬਾਜ਼ ਉੱਤੇ ਨਾ ਆ ਜਾਣ! ਆ ਗਏ ਤਾਂ ਕੀ ਹੋਵੇਗਾ? ਦੋਵੇਂ ਔਰਤ ਜਾਤ। ਇਕ ਜਵਾਨ ਕੁੜੀ ਤੇ ਦੂਜੀ ਦੀ ਉਮਰ ਵੀ ਜ਼ਿਆਦਾ ਨਹੀਂ ਸੀ। ਦੰਗੇਬਾਜ਼ ਕੁਝ ਵੀ ਕਰ ਸਕਦੇ ਸਨ।

ਉਹ ਦੋਵੇਂ ਸਾਹ ਰੋਕੀਂ ਦੁਬਕ ਕੇ ਬੈਠੀਆਂ ਰਹੀਆਂ। ਕਾਫ਼ੀ ਚਿਰ ਹੇਠੋਂ ਖੌਫ਼ਨਾਕ ਆਵਾਜ਼ਾਂ ਆਉਂਦੀਆਂ ਰਹੀਆਂ। ਫਿਰ ਦਰਵਾਜ਼ਾ ਭੇੜਨ ਦੀ ਆਵਾਜ਼ ਆਈ। ਧੀ ਨੇ ਹੌਸਲਾ ਕਰਕੇ ਪੜਛੱਤੀ ਦੀਆਂ ਝੀਥਾਂ ’ਚੋਂ ਝਾਕ ਕੇ ਵੇਖਿਆ। ਉਸਨੂੰ ਸਿਰਫ਼ ਦੰਗੇਬਾਜ਼ਾਂ ਦੀ ਭੀੜ ਵਿਚ ਸਭ ਤੋਂ ਪਿੱਛੇ ਸਾਫਾ ਬੰਨ੍ਹੀ ਇਕ ਆਦਮੀ ਨਜ਼ਰ ਆਇਆ, ਜੋ ਆਪਣੇ ਸਿਰ ’ਤੇ ਇਕ ਵੱਡਾ ਸਾਰਾ ਬੈਗ ਚੁੱਕੀ ਭੱਜਿਆ ਜਾ ਰਿਹਾ ਸੀ। ਵੇਖ ਕੇ ਉਸਦਾ ਰੋਣਾ ਨਿਕਲ ਆਇਆ। ਇਸੇ ਬੈਂਕ ਵਿਚ ਮਾਂ ਨੇ ਉਸਦੇ ਵਿਆਹ ਲਈ ਜੋੜ ਕੇ ਰੱਖੇ ਸਾਰੇ ਗਹਿਣੇ ਸੰਭਾਲੇ ਹੋਏ ਸਨ। ਆਪਣੀ ਜਾਨ ਬਚਾਉਣ ਦੇ ਚੱਕਰ ਵਿਚ ਉਹ ਇਸ ਬੈਗ ਨੂੰ ਚੁੱਕਣਾ ਭੁੱਲ ਹੀ ਗਈਆਂ ਸਨ।

ਕੁਝ ਚਿਰ ਪਿੱਛੋਂ ਇਕ ਵਾਰ ਫੇਰ ਤੋਂ ਦਰਵਾਜ਼ੇ ’ਤੇ ਖੜਕਾ ਹੋਇਆ ਅਤੇ ਇਕ ਆਵਾਜ਼ ਸੁਣਾਈ ਦਿੱਤੀ, ‘ਰਾਣੀ, ਤੁਸੀਂ ਕਿੱਥੇ ਹੋ, ਮੇਰੀ ਧੀਏ! ਵੇਖ, ਮੈਂ ਆ ਗਿਆ ਹਾਂ। ਤੇਰਾ ਚਾਚਾ! ਕਿੱਥੇ ਹੋ ਤੁਸੀਂ?’

ਇਹ ਰਾਣੀ ਦੇ ਚਾਚੇ ਦੀ ਆਵਾਜ਼ ਸੀ। ਜਿਸਨੂੰ ਸੁਣਦਿਆਂ ਹੀ ਉਹ ਦੋਵੇਂ ਰੋ ਪਈਆਂ ਅਤੇ ਛੇਤੀ ਛੇਤੀ ਹੇਠਾਂ ਵੱਲ ਦੌੜੀਆਂ। ਹੇਠਾਂ ਪਹੁੰਚ ਕੇ ਜਦੋਂ ਰਾਣੀ ਨੇ ਆਪਣੇ ਚਾਚੇ ਨੂੰ ਵੇਖਿਆ ਤਾਂ ਉਹ ਅਚਾਨਕ ਹੀ ਧਰਤੀ ’ਤੇ ਡਿੱਗ ਕੇ ਬੇਹੋਸ਼ ਹੋ ਗਈ। ਉਸਨੇ ਸਾਹਮਣੇ ਖੜ੍ਹੇ ਚਾਚੇ ਦੀ ਧੌਣ ਦੁਆਲੇ ਲਟਕਦਾ ਸਾਫਾ ਪਛਾਣ ਲਿਆ ਸੀ।

...ਇਹ ਉਹੀ ਸਾਫਾ ਸੀ, ਜੋ ਦੰਗੇਬਾਜ਼ਾਂ ਦੀ ਭੀੜ ਵਿਚ ਸ਼ਾਮਲ ਉਸ ਬੰਦੇ ਦੇ ਸਿਰ ’ਤੇ ਬੰਨ੍ਹਿਆ ਸੀ, ਜੋ ਸਾਰਿਆਂ ਤੋਂ ਪਿੱਛੇ ਆਪਣੇ ਸਿਰ ’ਤੇ ਵੱਡਾ ਸਾਰਾ ਬੈਗ ਚੁੱਕੀ ਦੌੜਿਆ ਜਾ ਰਿਹਾ ਸੀ।

ਪੰਜਾਬੀ ਰੂਪ ਪ੍ਰੋ. ਨਵ ਸੰਗੀਤ ਸਿੰਘ

ਸੰਪਰਕ : 94176-92015

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All