ਧਰਮ ਬਣੇ ਹਨ ਦੁਨੀਆ ’ਤੇ ਪਿਆਰ ਮੁਹੱਬਤ ਸਿਖਾਵਣ ਖਾਤਿਰ...
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਸਥਾਨਕ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ...
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਸਥਾਨਕ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਪਰੰਤ ਸਾਹਿਤਕ ਰਚਨਾਵਾਂ ਦਾ ਦੌਰ ਆਰੰਭ ਹੋਇਆ।
ਸਭ ਤੋਂ ਪਹਿਲਾਂ ਜਰਨੈਲ ਸਿੰਘ ਤੱਗੜ ਨੇ ਸੁਰਜੀਤ ਸਿੰਘ ਸੀਤਲ ਦੀ ਇੱਕ ਰਚਨਾ ਨਾਲ ਆਪਣੀ ਸਾਂਝ ਪਾਈ। ਬੋਲ ਸਨ ‘ਧਰਮ ਬਣੇ ਹਨ ਦੁਨੀਆ ’ਤੇ ਪਿਆਰ ਮੁਹੱਬਤ ਸਿਖਾਵਣ ਖਾਤਿਰ।’ ਪਰਮਜੀਤ ਭੰਗੂ ਨੇ ਆਪਣੇ ਅੰਦਾਜ਼ ਵਿੱਚ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਇੱਕ ਰਚਨਾ ਸੁਣਾਈ। ਮਨਮੋਹਨ ਸਿੰਘ ਬਾਠ ਨੇ ਇੱਕ ਗੀਤ ਗਾ ਕੇ ਹਾਜ਼ਰ ਸਾਹਿਤਕਾਰਾਂ ਦਾ ਮਨੋਰੰਜਨ ਕੀਤਾ। ਸੋਹਣ ਸਿੰਘ ਭੁੱਚੋ ਨੇ ਆਪਣੀਆਂ ਕੁਝ ਰਚਨਾਵਾਂ ਦੇ ਮੁੱਖੜੇ ਅਤੇ ਇੱਕ ਗੀਤ ਸੁਣਾਇਆ।
ਅੰਗਰੇਜ਼ ਸਿੰਘ ਸੀਤਲ ਅਤੇ ਸੁਰਿੰਦਰ ਸਿੰਘ ਢਿੱਲੋਂ ਨੇ ਬੜੇ ਸੁਚੱਜੇ ਅੰਦਾਜ਼ ਅਤੇ ਸਲੀਕੇ ਨਾਲ ਉਰਦੂ ਪੰਜਾਬੀ ਦੇ ਚੋਣਵੇਂ ਸ਼ੇਅਰ ਸੁਣਾਏ। ਸਭਾ ਦੇ ਖ਼ਜ਼ਾਨਚੀ ਮਨਜੀਤ ਬਰਾੜ ਨੇ ਆਪਣੇ ਦੋਸਤ ਨਾਇਬ ਸਿੰਘ ਬਰਾੜ ਦੀ ਕਲਮ ’ਚੋਂ ਉਤਰੀ ਗ਼ਜ਼ਲ ਤਰੰਨਮ ਵਿੱਚ ਸੁਣਾਈ ‘ਜਗਾਉਂਦਾ ਜਗਾਉਂਦਾ ਬੁਝਾ ਨਾ ਦੇਵੀਂ ਮੋਮਬਤੀਆਂ।’
ਜੀਰ ਸਿੰਘ ਬਰਾੜ ਨੇ ਉਸਾਰੂ ਅਤੇ ਸੁਲਝੇ ਵਿਚਾਰ ਸਾਂਝੇ ਕੀਤੇ। ਗੁਰਦਿਆਲ ਸਿੰਘ ਖਹਿਰਾ ਨੇ ਸੁਰਿੰਦਰ ਗੀਤ ਦੀ ਰਚਨਾ ‘ਚੋਗ ਟਿਕ ਕੇ ਤਲੀਆਂ ਉੱਤੇ, ਪੰਛੀ ਕੋਲ ਬੁਲਾਇਆ ਮੈਂ’ ਤਰੰਨਮ ਵਿੱਚ ਸੁਣਾਈ। ਅੰਤ ਵਿੱਚ ਗਿੱਲ ਸੁਖਮੰਦਰ ਨੇ ਆਪਣੇ ਦੋ ਗੀਤ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕੀਤੇ। ਇਨ੍ਹਾਂ ਦੇ ਬੋਲ ਸਨ ‘ਬਾਹਰ ਬਰੂਹਾਂ ’ਤੇ ਰੱਖ ਰੱਖ ਦੀਵੇ ਜਾਵੇਂ ਜਗਾਈ’ ਅਤੇ ‘ਯਾਦਾਂ ਦਿਲ ’ਚੋਂ ਭੁਲਾਈਆਂ ਮੈਂ ਮਰ ਮਰ।’ ਜਗਦੇਵ ਸਿੱਧੂ ਨੇ ਸੁਰਿੰਦਰ ਗੀਤ ਦੀਆਂ ਦੋ ਨਵੀਆਂ ਛਪੀਆਂ ਪੁਸਤਕਾਂ ‘ਰੰਗਾਂ ਦੀ ਖੇਡ’ ਤੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦਤ ਕਵਿਤਾਵਾਂ ਦੀ ਕਿਤਾਬ ‘Where the Heart Dwells’ ’ਤੇ ਚਰਚਾ ਕੀਤੀ। ਪ੍ਰਿਤਪਾਲ ਸਿੰਘ ਨੇ ਸਾਈਬਰ ਸਿਸਟਮ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਬਾਖੂਬੀ ਨਿਭਾਇਆ। ਮਨਜੀਤ ਕੌਰ ਖਹਿਰਾ ਤੇ ਗੁਰਬਖ਼ਸ਼ ਗਿੱਲ ਅਤੇ ਗੁਰਪ੍ਰੀਤ ਲਾਡਾਲ ਨੇ ਵੀ ਪ੍ਰੋਗਰਾਮ ਹਾਜ਼ਰੀ ਭਰੀ।
*ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ

