ਅਮਰੀਕਾ ਦੀ ਸਟੇਟ ਮੈਸਾਚੁਸੈਟਸ ਦੇ ਸ਼ਹਿਰ ਸਮਰਵਿਲ ਦੇ ਯੂਨੀਅਨ ਸਕੂਏਅਰ (ਚੌਕ) ਵਿਚ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਮਹੀਨਾਵਾਰ ਰੈਲੀ ਕੀਤੀ ਗਈ। ਇਸ ਖੇਤਰ ਵਿਚ ਕਾਫ਼ੀ ਜ਼ਿਆਦਾ ਪੰਜਾਬੀ ਰਹਿੰਦੇ ਹਨ ਜੋ ਹਰ ਮਹੀਨੇ ਰੈਲੀ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਲਈ ਹਾਅ ਦਾ ਨਾਅਰਾ ਮਾਰਦੇ ਹਨ।
ਇੱਥੋਂ ਦੇ ਸਟੇਟ ਨੁਮਾਇੰਦੇ ਮਾਈਕ ਕੋਨਲੀ ਤੇ ਸ਼ਹਿਰ ਦੇ ਕੌਂਸਲਰ ਵਿਲਫ਼ਰਡ ਮਬਾਹ ਨੇ ਪੰਜਾਬੀਆਂ ਤੋਂ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਜਾਣਕਾਰੀ ਇਕੱਤਰ ਕੀਤੀ। ਬਾਅਦ ਵਿਚ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਸਮਰਥਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਮੋਨਿਕਾ ਗਿੱਲ, ਉਨ੍ਹਾਂ ਦੀ ਛੋਟੀ ਭੈਣ ਸੋਨਿਕਾ ਗਿੱਲ, ਹਰਦੀਪ ਮਾਨ, ਰਾਇਨ ਕੋਸਟੇਲੋ, ਕੋਮਲ ਬਾਜਵਾ, ਸੋਮਨਾਥ ਮੁਖਰਜੀ, ਆਰਿਫ਼ ਹੁਸੈਨ ਤੇ ਗੁਰਮੇਲ ਸਿੰਘ ਹਰੀਕਾ (ਸੀਨੀਅਰ ਅਡਵਾਈਜ਼ਰ ਕਿਸਾਨ ਯੂਨੀਅਨ) ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਨੂੰਨ ਤੇ ਵੱਡੀਆਂ ਕਾਰਪੋਰੇਸ਼ਨਾਂ ਦੇ ਆਉਣ ਕਰਕੇ ਅਮਰੀਕਾ, ਮੈਕਸੀਕੋ ਤੇ ਹੋਰ ਦੇਸ਼ਾਂ ਵਿਚ ਛੋਟੇ ਕਿਸਾਨਾਂ ਦਾ ਵਜੂਦ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ। ਇਸ ਲਈ ਹੁਣ ਅਜਿਹੇ ਕਾਨੂੰਨਾਂ ਨਾਲ ਭਾਰਤ ਵਿਚ ਛੋਟੇ ਕਿਸਾਨਾਂ ਦੀ ਹੋਂਦ ਨੂੰ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਾਲ ਤੋਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ 500 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਦੇ ਚੁੱਕੇ ਹਨ, ਪਰ ਅਜੇ ਤਕ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਤਿੰਨ ਨਵੇਂ ਖੇਤੀ ਕਾਨੂੰਨ ਕਿਸਾਨਾਂ ਨਾਲ ਜ਼ਿਆਦਤੀ ਹਨ ਤੇ ਸਰਕਾਰ ਨੂੰ ਜਲਦੀ ਇਨ੍ਹਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ’ਤੇ ਮਨੋਜ ਮਿਸ਼ਰਾ, ਪ੍ਰੀਤਪਾਲ ਸਿੰਘ, ਅਮਨਦੀਪ ਸਿੰਘ ਤੇ ਜਸਪਾਲ ਸਿੰਘ ਨੇ ਕਿਸਾਨਾਂ ਦੇ ਹੱਕ ਵਿਚ ਕਵਿਤਾਵਾਂ ਪੜ੍ਹ ਕੇ ਮਾਹੌਲ ਨੂੰ ਜੋਸ਼ਮਈ ਬਣਾਇਆ। ਇਹ ਰੈਲੀ ਕੋਲੀਸ਼ਨ ਫਾਰ ਡੈਮੋਕਰੇਟਿਕ ਇੰਡੀਆ, ਬੋਸਟਨ ਸਾਊਥ ਏਸ਼ੀਅਨ ਐਸੋਸੀਏਸ਼ਨ, ਨਿਸ਼ਕਾਮ ਟੀ.ਵੀ. ਤੇ ਹੋਰ ਸਥਾਨਕ ਜਥੇਬੰਦੀਆਂ ਦੇ ਸਹਿਯੋਗ ਨਾਲ ਹਰ ਮਹੀਨੇ ਦੇ ਅਖੀਰਲੇ ਹਫ਼ਤੇ ਵਿਚ ਕੀਤੀ ਜਾਂਦੀ ਹੈ।