ਕੈਨੇਡਾ ਵਾਸ

ਪੰਜਾਬ ਦੀ ਸੱਟ ਤੇ ਆਲਮੀ ਪੀੜ

ਪੰਜਾਬ ਦੀ ਸੱਟ ਤੇ ਆਲਮੀ ਪੀੜ

ਸ਼ਮੀਲ

ਕਿਸਾਨ ਅੰਦੋਲਨ ਨੂੰ ਲੈ ਕੇ ਜੋ ਘਟਨਾਵਾਂ ਇਸ ਵਕਤ ਮੁਲਕ ਵਿਚ ਹੋ ਰਹੀਆਂ ਹਨ, ਉਨ੍ਹਾਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਪ੍ਰਤੀਕਰਮ ਮੁਲਕ ਤੋਂ ਬਾਹਰ ਬੈਠੇ ਪੰਜਾਬੀਆਂ ਵਿਚ ਹੋਇਆ ਹੈ, ਉਹ ਆਮ ਗੱਲ ਨਹੀਂ ਹੈ। ਪੰਜਾਬ ਦੀਆਂ ਘਟਨਾਵਾਂ ਦਾ ਅਸਰ ਬਿਨਾਂ ਸ਼ੱਕ ਪੂਰੀ ਦੁਨੀਆਂ ਵਿਚ ਬੈਠੇ ਪੰਜਾਬੀਆਂ ’ਤੇ ਹੁੰਦਾ ਹੈ। ਕੁਝ ਅਰਸਾ ਪਹਿਲਾਂ ਪੰਜਾਬ ਵਿਚ ਜਦੋਂ ਆਮ ਆਦਮੀ ਪਾਰਟੀ ਦੇ ਜਿੱਤਣ ਦੀ ਸੰਭਾਵਨਾ ਬਣੀ ਸੀ, ਉਸ ਵਕਤ ਵੀ ਬਹੁਤ ਵੱਡਾ ਉਤਸ਼ਾਹ ਬਾਹਰ ਦੇ ਮੁਲਕਾਂ ਵਿਚ ਬੈਠੇ ਪੰਜਾਬੀਆਂ ’ਤੇ ਹੋਇਆ ਸੀ। ਪਰ ਜਿੰਨਾ ਵੱਡਾ ਅਤੇ ਗਹਿਰਾ ਅਸਰ ਕਿਸਾਨ ਅੰਦੋਲਨ ਦਾ ਦੇਖਿਆ ਗਿਆ ਹੈ, ਉਹ ਅਸਾਧਾਰਨ ਹੈ। ਸ਼ਾਇਦ ਅੱਸੀਵਿਆਂ ਵਿਚ ਬਲੂ ਸਟਾਰ ਵੇਲੇ ਐਨਾ ਵੱਡਾ ਅਤੇ ਗਹਿਰਾ ਪ੍ਰਭਾਵ ਪਿਆ ਹੋਵੇਗਾ, ਪਰ ਉਸ ਵਕਤ ਸੋਸ਼ਲ ਮੀਡੀਆ ਨਾ ਹੋਣ ਕਾਰਨ ਪੰਜਾਬ ਅਤੇ ਬਾਹਰ ਬੈਠੇ ਲੋਕਾਂ ਵਿਚ ਤਾਲਮੇਲ ਐਨਾ ਜ਼ਿਆਦਾ ਨਹੀਂ ਸੀ। ਜਾਣਕਾਰੀ ਕੁਝ ਸੀਮਤ ਸਰੋਤਾਂ ਤੋਂ ਆਉਂਦੀ ਸੀ, ਪਰ ਸੋਸ਼ਲ ਮੀਡੀਆ ਕਾਰਨ ਇਸ ਵਕਤ ਦੁਨੀਆਂ ਦੇ ਦੂਰ-ਦੁਰਾਡੇ ਖੇਤਰਾਂ ਵਿਚ ਬੈਠੇ ਪੰਜਾਬੀ ਵੀ ਕਿਸਾਨ ਅੰਦੋਲਨ ਵਿਚ ਘੱਟੋ ਘੱਟ ਮਾਨਸਿਕ ਤੌਰ ’ਤੇ ਉਸੇ ਤਰ੍ਹਾਂ ਸ਼ਾਮਲ ਹਨ, ਜਿਵੇਂ ਪੰਜਾਬ ਦੇ ਲੋਕ ਹੋਣਗੇ।

ਕਈ ਲੋਕ ਇਹ ਵੀ ਸੁਆਲ ਕਰਦੇ ਹਨ ਕਿ ਇਹ ਖੇਤੀ ਕਾਨੂੰਨ ਭਾਰਤ ਵਿਚ ਬਣੇ ਹਨ, ਜਿਨ੍ਹਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਹਨ। ਇਨ੍ਹਾਂ ਦਾ ਐਨਾ ਸਿੱਧਾ ਅਸਰ ਵਿਦੇਸ਼ਾਂ ਵਿਚ ਬੈਠੇ ਉਨ੍ਹਾਂ ਪੰਜਾਬੀਆਂ ’ਤੇ ਐਨਾ ਗਹਿਰਾ ਕਿਉਂ ਪਿਆ ਹੈ, ਜਿਨ੍ਹਾਂ ਨੇ ਸ਼ਾਇਦ ਪੰਜਾਬ ਵਿਚ ਮੁੜਕੇ ਨਹੀਂ ਆਉਣਾ ਜਾਂ ਜਿਹੜੇ ਜੰਮਪਲ ਹੀ ਇਨ੍ਹਾਂ ਮੁਲਕਾਂ ਦੇ ਹਨ। ਇਹ ਵੀ ਸਹੀ ਹੈ ਕਿ ਇਸ ਅੰਦੋਲਨ ਨਾਲ ਜੁੜੀਆਂ ਘਟਨਾਵਾਂ ਦੀ ਕਿਸੇ ਵੀ ਤਰੀਕੇ ਨਾਲ ਬਲੂ ਸਟਾਰ ਜਾਂ ਦਿੱਲੀ ਦੇ ਕਤਲੇਆਮ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਬਲੂ ਸਟਾਰ ਨੇ ਧਾਰਮਿਕ ਆਸਥਾ ’ਤੇ ਬਹੁਤ ਗਹਿਰਾ ਜ਼ਖ਼ਮ ਕੀਤਾ ਸੀ। ਦਿੱਲੀ ਕਤਲੇਆਮ ਬੇਹੱਦ ਭਿਅੰਕਰ ਘਟਨਾ ਸੀ, ਜਿਸ ਵਿਚ ਸੈਂਕੜੇ ਲੋਕ ਬੇਰਹਿਮੀ ਨਾਲ ਮਾਰ ਦਿੱਤੇ ਗਏ ਸਨ। ਕਿਸਾਨ ਅੰਦੋਲਨ ਨਾਲ ਜੁੜੀਆਂ ਘਟਨਾਵਾਂ ਦੀ ਅਜੇ ਤੁਲਨਾ ਅੱਸੀਵਿਆਂ ਦੀ ਉਸ ਸਥਿਤੀ ਨਾਲ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਕਈ ਲੋਕ ਹੈਰਾਨ ਹੁੰਦੇ ਹਨ ਕਿ ਐਨਾ ਵਿਆਪਕ ਅਤੇ ਗਹਿਰਾ ਪ੍ਰਤੀਕਰਮ ਇਨ੍ਹਾਂ ਘਟਨਾਵਾਂ ਨੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿਚ ਬੈਠੇ ਪੰਜਾਬੀਆਂ ’ਤੇ ਕਿਉਂ ਕੀਤਾ ਹੈ?

ਇਸ ਦਾ ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਸੋਸ਼ਲ ਮੀਡੀਆ ਦੁਆਰਾ ਪੈਦਾ ਕੀਤਾ ਸੰਪਰਕ ਹੈ। ਜੋ ਕੁਝ ਭਾਰਤ ਵਿਚ ਹੋ ਰਿਹਾ ਹੈ, ਉਸ ਦਾ ਹਰ ਪਲ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਦੇ ਹਰ ਹਿੱਸੇ ਵਿਚ ਨਾਲੋਂ ਨਾਲ ਪਹੁੰਚ ਰਿਹਾ ਹੈ। ਸੋਸ਼ਲ ਮੀਡੀਆ ਨੇ ਦੂਰੀਆਂ ਖ਼ਤਮ ਕਰ ਦਿੱਤੀਆਂ ਹਨ, ਖ਼ਾਸ ਕਰਕੇ ਵੀਡੀਓ ਨੇ। ਸੋਸ਼ਲ ਮੀਡੀਆ ਤੋਂ ਪਹਿਲਾਂ ਪੰਜਾਬ ਦੀ ਖ਼ਬਰ ਛਪੀਆਂ ਖ਼ਬਰਾਂ ਦੇ ਰੂਪ ਵਿਚ ਆਉਂਦੀ ਸੀ। ਹੁਣ ਘਟਨਾਵਾਂ ਲਾਈਵ ਵੀਡੀਓ ਦੇ ਰੂਪ ਵਿਚ ਪਹੁੰਚ ਰਹੀਆਂ ਹਨ। ਇਸ ਗੱਲ ਦਾ ਬਹੁਤ ਵੱਡਾ ਫਰਕ ਹੈ। ਲਾਈਵ ਵੀਡੀਓ ਨਾਲ ਘਟਨਾਵਾਂ ਦਾ ਭਾਵਨਾਤਮਕ ਅਸਰ ਕਈ ਗੁਣਾ ਵਧ ਜਾਂਦਾ ਹੈ, ਜਿਹੜਾ ਕਿ ਛਪੀਆਂ ਹੋਈਆਂ ਖ਼ਬਰਾਂ ਪੈਦਾ ਨਹੀਂ ਕਰ ਸਕਦੀਆਂ।

ਪਰ ਜ਼ਿਆਦਾ ਮਹੱਤਵਪੂਰਨ ਪਹਿਲੂ ਹੋਰ ਹੈ। ਵਿਕਸਤ ਮੁਲਕਾਂ, ਖ਼ਾਸ ਕਰਕੇ ਪੱਛਮੀ ਮੁਲਕਾਂ ਵਿਚ ਸਮਾਜਿਕ ਜਾਂ ਰਾਜਨੀਤਿਕ ਸੰਵੇਦਨਸ਼ੀਲਤਾ ਦਾ ਪੱਧਰ ਭਾਰਤ ਦੇ ਮੁਕਾਬਲੇ ਬਹੁਤ ਵੱਖਰਾ ਹੈ। ਇਨ੍ਹਾਂ ਮੁਲਕਾਂ ਵਿਚ ਹਰ ਪੱਧਰ ਦੀ ਪੁਲੀਸ ਇਕ ਖੁਦਮੁਖ਼ਤਿਅਰ ਫੋਰਸ ਹੁੰਦੀ ਹੈ, ਜਿਸ ਵਿਚ ਰਾਜਨੀਤਿਕ ਦਖਲ ਨਾਂਮਾਤਰ ਹੀ ਹੁੰਦਾ ਹੈ। ਇੱਥੋਂ ਦਾ ਪੁਲਿਸਿੰਗ ਦਾ ਕਲਚਰ ਭਾਰਤ ਦੀ ਅਜੇ ਵੀ ਬਸਤੀਵਾਦੀ ਦੌਰ ਵਾਲੀ ਪੁਲੀਸ ਨਾਲੋਂ ਬਿਲਕੁਲ ਵੱਖਰਾ ਹੈ। ਇਨ੍ਹਾਂ ਮੁਲਕਾਂ ਵਿਚ ਤੁਹਾਨੂੰ ਇਹ ਬੜੀ ਅਜੀਬ ਗੱਲ ਲੱਗਦੀ ਹੈ ਕਿ ਪੁਲੀਸ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੇ ਲਾਠੀਆਂ ਮਾਰੇ, ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾਂ ਸੁੱਟੇ ਜਾਂ ਅੱਥਰੂ ਗੈਸ ਛੱਡੇ। ਜਦੋਂ ਹਰਿਆਣਾ ਪੁਲੀਸ ਵੱਲੋਂ ਬਜ਼ੁਰਗਾਂ ਦੇ ਲਾਠੀਆਂ ਮਾਰਨ, ਅੱਥਰੂ ਗੈਸ ਛੱਡਣ ਜਾਂ ਪਾਣੀ ਦੀਆਂ ਬੁਛਾੜਾਂ ਮਾਰਨ ਦੀਆਂ ਤਸਵੀਰਾਂ ਜਾਂ ਵੀਡੀਓ ਇੱਧਰ ਆਏ ਤਾਂ ਉਸ ਨੇ ਬਹੁਤ ਤਿੱਖਾ ਪ੍ਰਤੀਕਰਮ ਕੀਤਾ। ਸਾਡੇ ਵਰਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਕਾਫ਼ੀ ਹਿੱਸਾ ਭਾਰਤ ਵਿਚ ਬਿਤਾਇਆ ਹੁੰਦਾ ਹੈ, ਉਨ੍ਹਾਂ ਨੂੰ ਸ਼ਾਇਦ ਇਹ ਗੱਲ ਓਪਰੀ ਨਾ ਲੱਗਦੀ ਹੋਵੇ, ਪਰ ਇਨ੍ਹਾਂ ਮੁਲਕਾਂ ਵਿਚ ਜੰਮੇ ਪਲੇ ਬੱਚਿਆਂ ਨੂੰ ਇਸ ਗੱਲ ਨੇ ਬਹੁਤ ਵੱਡਾ ਝਟਕਾ ਦਿੱਤਾ, ਜਦੋਂ ਉਨ੍ਹਾਂ ਨੇ ਦੇਖਿਆ ਕਿ ਪੁਲੀਸ ਚਿੱਟੀਆਂ ਦਾੜ੍ਹੀਆਂ ਵਾਲੇ ਬਜ਼ੁਰਗਾਂ ਦੇ ਲਾਠੀਆਂ ਮਾਰ ਰਹੀ ਹੈ, ਜਾਂ ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾਂ ਸੁੱਟ ਰਹੀ ਹੈ। ਮੇਰਾ ਇਹ ਮੰਨਣਾ ਹੈ ਕਿ ਜੇ ਹਰਿਆਣਾ ਪੁਲੀਸ ਨੇ ਇਹ ਕਾਰਵਾਈਆਂ ਨਾ ਕੀਤੀਆਂ ਹੁੰਦੀਆਂ ਤਾਂ ਵਿਦੇਸ਼ਾਂ ਵਿਚ ਬੈਠੇ ਲੋਕਾਂ ਦਾ ਪ੍ਰਤੀਕਰਮ ਐਨਾ ਵਿਆਪਕ ਅਤੇ ਗਹਿਰਾ ਨਹੀਂ ਸੀ ਹੋਣਾ, ਜਿੰਨਾ ਅਸੀਂ ਹੁਣ ਦੇਖ ਰਹੇ ਹਾਂ। ਇਨ੍ਹਾਂ ਮੁਲਕਾਂ ਵਿਚ ਸਾਡੇ ਲੋਕਾਂ ਦਾ ਜਿਸ ਪੁਲੀਸ ਨਾਲ ਵਾਹ ਪੈਂਦਾ ਹੈ, ਉਹ ਉਸ ਤਰ੍ਹਾਂ ਦੀ ਪੁਲੀਸ ਨਹੀਂ ਹੈ, ਜਿਵੇਂ ਭਾਰਤ ਦੀ ਪੁਲੀਸ ਹੈ। ਪੁਲੀਸ ਦਾ ਇਹ ਰੂਪ ਪੱਛਮੀ ਮੁਲਕਾਂ ਵਿਚ ਬੈਠੇ ਲੋਕਾਂ ਨੂੰ ਬਹੁਤ ਭਿਅੰਕਰ ਲੱਗਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਹਰਿਆਣਾ ਦੀਆਂ ਉਨ੍ਹਾਂ ਸਾਰੀਆਂ ਘਟਨਾਵਾਂ ਵਿਚ ਕਿਸੇ ਦੀ ਮੌਤ ਨਹੀਂ ਸੀ ਹੋਈ। ਉਸ ਦੇ ਬਾਵਜੂਦ ਉਨ੍ਹਾਂ ਫੋਟੋਆਂ ਜਾਂ ਵੀਡੀਓਜ਼ ਨੇ ਐਨਾ ਰੋਸ ਪੈਦਾ ਕੀਤਾ। ਇਸ ਤੋਂ ਇਹ ਅੰਦਾਜ਼ਾ ਵੀ ਲਾ ਲੈਣਾ ਚਾਹੀਦਾ ਹੈ ਕਿ ਜੇ ਕਿਤੇ ਦਿੱਲੀ ਵਿਚ ਬੈਠੇ ਕਿਸਾਨਾਂ ’ਤੇ ਆਉਣ ਵਾਲੇ ਦਿਨਾਂ ਦੌਰਾਨ ਪੁਲੀਸ ਕੋਈ ਸਖ਼ਤ ਕਾਰਵਾਈ ਕਰਦੀ ਹੈ ਤਾਂ ਉਸ ਦਾ ਪ੍ਰਤੀਕਰਮ ਕਿਹੋ ਜਿਹਾ ਹੋਵੇਗਾ? ਜੇ ਕਿਸੇ ਵੀ ਤਰੀਕੇ ਨਾਲ ਗੱਲ ਆਉਣ ਵਾਲੇ ਦਿਨਾਂ ਦੌਰਾਨ ਵਿਗੜਦੀ ਹੈ, ਜਿਸ ਵਿਚ ਲਾਠੀਚਾਰਜ ਜਾਂ ਗੋਲੀ ਚੱਲਣ ਦੀ ਕੋਈ ਘਟਨਾ ਹੁੰਦੀ ਹੈ ਤਾਂ ਉਸ ਨਾਲ ਨਿਸ਼ਚਤ ਤੌਰ ’ਤੇ ਵੱਡੀ ਆਲਮੀ ਹਿਲਜੁੱਲ ਹੋਵੇਗੀ।

ਇਹ ਗੱਲ ਭਾਰਤੀ ਸਰਕਾਰਾਂ ਨੂੰ ਹੁਣ ਸਮਝਣੀ ਚਾਹੀਦੀ ਹੈ ਕਿ ਇਸ ਮੁਲਕ ਦਾ ਐਨਾ ਵੱਡਾ ਹਿੱਸਾ ਵਿਕਸਤ ਪੱਛਮੀ ਮੁਲਕਾਂ ਵਿਚ ਰਹਿ ਰਿਹਾ ਹੈ। ਇਹ ਲੋਕ ਭਾਰਤ ਦੀਆਂ ਸਰਕਾਰਾਂ ਜਾਂ ਸਰਕਾਰੀ ਏਜੰਸੀਆਂ ਤੋਂ ਉਸੇ ਤਰ੍ਹਾਂ ਦਾ ਵਰਤਾਓ ਆਪਣੇ ਪਿੱਛੇ ਰਹਿ ਗਏ ਭੈਣਾਂ ਭਰਾਵਾਂ ਲਈ ਰੱਖਦੇ ਹਨ, ਜਿਸ ਤਰ੍ਹਾਂ ਦਾ ਉਨ੍ਹਾਂ ਨਾਲ ਪੱਛਮੀ ਮੁਲਕਾਂ ਵਿਚ ਹੁੰਦਾ ਹੈ।

ਪਰਵਾਸੀ ਪੰਜਾਬੀਆਂ ਵੱਲੋਂ ਕਿਸਾਨ ਅੰਦੋਲਨ ਨਾਲ ਜੁੜੀਆਂ ਘਟਨਾਵਾਂ ’ਤੇ ਕੀਤਾ ਵੱਡਾ ਅਤੇ ਵਿਆਪਕ ਪ੍ਰਤੀਕਰਮ ਦੋ ਸੰਵੇਦਨਾਵਾਂ ਦਾ ਟਕਰਾਅ ਹੈ। ਇਹ ਗੱਲ ਪੱਛਮੀ ਦੁਨੀਆਂ ਨੂੰ ਬਹੁਤ ਅਜੀਬ ਲੱਗਦੀ ਹੈ ਕਿ ਸੱਤਰ-ਸੱਤਰ ਸਾਲ ਦੇ ਬਜ਼ੁਰਗ ਠੰਢ ਵਿਚ ਸੜਕਾਂ ’ਤੇ ਧਰਨਿਆਂ ਵਿਚ ਬੈਠੇ ਹੋਣ। ਰੋਜ਼ ਲੋਕ ਠੰਢ ਜਾਂ ਖੁਦਕੁਸ਼ੀਆਂ ਨਾਲ ਮਰ ਰਹੇ ਹੋਣ ਅਤੇ ਸਰਕਾਰ ਦੀ ਸਿਹਤ ’ਤੇ ਇਸ ਦਾ ਕੋਈ ਅਸਰ ਨਾ ਹੋਵੇ। ਪੱਛਮੀ ਦੁਨੀਆਂ ਵਿਚ ਇਹ ਉਸ ਤਰ੍ਹਾਂ ਦੀ ਆਮ ਗੱਲ ਨਹੀਂ ਹੈ, ਜਿੰਨੀ ਭਾਰਤ ਵਿਚ ਰਹਿ ਰਹੇ ਕਿਸੇ ਵੀ ਬੰਦੇ ਨੂੰ ਲੱਗ ਸਕਦੀ ਹੈ।
ਈਮੇਲ: Jay.shameel@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All