ਕਾਵਿ ਕਿਆਰੀ

ਕਾਵਿ ਕਿਆਰੀ

ਜਾਗ ਕਿਸਾਨਾ ਸੁੱਤਿਆ

ਸੁਖਦੇਵ ਸਿੰਘ ਭੁੱਲੜ

ਜਾਗ ਕਿਸਾਨਾ ਸੁੱਤਿਆ! ਉੱਠ ਤੇ ਅੱਖਾਂ ਖੋਲ੍ਹ।

ਲੁੱਟਣ ਵਾਲੇ ਆ ਪਏ, ਕੁਝ ਤਾਂ ਮੂੰਹੋਂ ਬੋਲ।

ਵੱਡੀਆਂ ਵੱਡੀਆਂ ਗੋਗੜਾਂ ਤੇ ਸਿਰ ਨੇ ਗੋਲ ਮਟੋਲ।

ਚਿਹਰੇ ਲਿਸ਼ਕਾਂ ਮਾਰਦੇ, ਜਾਪਣ ਬੜੇ ਹੀ ਸੋਹਲ।

ਉੱਪਰੋਂ ਉੱਪਰੋਂ ਸਾਊ ਜਿਹੇ, ਅੰਦਰੋਂ ਬੜੇ ਕਠੋਰ।

ਬੁਰੇ ਇਰਾਦੇ ਤਿਨਾਂ ਦੇ, ਮਨ ਖੋਟਾ ਤਨ ਚੋਰ।

ਸੋਨੇ ਤੋਂ ਵੱਧ ਕੀਮਤੀ, ਤੇਰੀ ਧਰਤ ਜ਼ਮੀਨ।

ਉਹਨੂੰ ਖੋਹਣ ਵਾਸਤੇ, ਬਣਦੀ ਪਈ ਸਕੀਮ।

ਦਿੱਲੀ ਦੀ ਸਰਕਾਰ ਦੇ, ਚੜ੍ਹਿਆ ਸਿਰ ਜਾਨੂੰਨ।

ਤੇਰੀ ਸੰਘੀ ਘੁੱਟਣ ਲਈ, ਬਣਿਆ ਨਵਾਂ ਕਾਨੂੰਨ।

ਨਵੇਂ ਆਰਡੀਨੈਂਸ ਜੋ, ਝਬਦੇ ਹੋਏ ਪਾਸ।

ਜਿਨ੍ਹਾਂ ਤੇਰੇ ਜਿਸਮ ਦਾ, ਨੋਚ ਲੈਣਾ ਏ ਮਾਸ।

ਮੱਲ ਬਨੇਰੇ ਬੈਠੀਆਂ, ਇੱਲ੍ਹਾਂ ਗਿਰਝਾਂ ਆਣ।

ਜਿਨ੍ਹਾਂ ਤੈਨੂੰ ਜਿਊਂਦਿਆਂ, ਕਰਨਾ ਲਹੂ ਲੁਹਾਣ।

ਕਤਰਾ ਕਤਰਾ ਲਹੂ ਦਾ, ਗਟ ਗਟ ਜਾਣਾ ਪੀ।

ਸਾਬਤ ਬੰਦਾ ਖਾ ਕੇ, ਜਮਾਂ ਨਾ ਕਰਦੇ ਸੀ।

ਪਹਿਲਾ ਡਾਕਾ ਕਿਰਤ ’ਤੇ ਵੱਜਣਾ ਚਿੱਟੇ ਦਿਨ।

ਲੁੱਟਣਾ ਸ਼ਰੇ ਬਾਜ਼ਾਰ ’ਚ, ਉਹ ਵੀ ਪੁੱਛੇ ਬਿਨ।

ਦਿੱਲੀ ਦਿਆਂ ਵਪਾਰੀਆਂ, ਖੜ੍ਹ ਕੇ ਤੇਰੇ ਕੋਲ।

ਮਨਮਰਜ਼ੀ ਦੇ ਦਾਮ ’ਤੇ, ਲੁੱਟ ਲੈਣਾ ਏ ਬੋਹਲ।

ਤੇਰੀ ਕੀਤੀ ਕਿਰਤ ਦਾ, ਕੌਡੀ ਪੈਣਾ ਏ ਮੁੱਲ।

ਤੇਰੇ ਵੇਂਹਦੇ ਵੇਂਹਦਿਆਂ, ਸਭ ਕੁਝ ਜਾਣਾ ਰੁੱਲ।

ਜਾਗ ਕਿਸਾਨਾ ਸੁੱਤਿਆ! ਉੱਠ ਤੇ ਸਮਾਂ ਸੰਭਾਲ।

ਬਾਬਰ ਤੁਰਿਆ ਦਿੱਲੀਓਂ, ਜੰਞ ਪਾਪ ਦੀ ਨਾਲ।

ਸੰਪਰਕ: 94170-46117


ਕੀ ਕਰੇਂਗਾ? 

ਲਖਵੀਰ ਸਿੰਘ

ਫੁੱਲਾਂ ਦਾ ਇਕੋ ਰੰਗ ਨਹੀਂ, ਲੱਖਾਂ ਨੇ

ਇਕੋ ਰੰਗ ਜੇ ਰੰਗ ਵੀ ਦੇਵੇਂ

ਖੁਸ਼ਬੂ ਦਾ ਕੀ ਕਰੇਂਗਾ?

ਹਾਸੇ ਸਜਾ ਲਏਂਗਾ, ਹਉਕੇ ਛੁਪਾ ਲਏਂਗਾ

ਹੈ ਜਿਸਦੀ ਕਿਸਮਤ ਹੀ ਡੁੱਲ੍ਹਣਾ

ਅੱਥਰੂ ਦਾ ਕੀ ਕਰੇਂਗਾ ?

ਮੇਰੀ ਦੇਹੀ ਨੂੰ ਠੋਕਰ ਮਾਰ, ਜੀ ਸਦਕੇ 

ਮੇਰੀ ਤੂੰ ਰੂਹ ਦੇ ਆਰ-ਪਾਰ

ਰੂਹ ਦਾ ਕੀ ਕਰੇਂਗਾ ?

ਮੱਥੇ ’ਤੇ ਤੇਜ਼ ਰੱਖ ਨਾ ਕਿ ਤਿਊੜੀ

ਨਿਰੇ ਸਵਾਸ, ਮਾਸ, ਪਿੰਜਰ

ਲਹੂ ਦਾ ਕੀ ਕਰੇਂਗਾ ?

ਗ਼ੁਲਾਮੀ ਗੋਲਕਾਂ ਦੀ, ਖੁਮਾਰੀ ਢੋਲਕਾਂ ਦੀ

ਸ਼ਬਦ, ਸਿਦਕ, ਨਾ ਸੁਰਤ ਪੱਲੇ

ਗੁਰੂ ਦਾ ਕੀ ਕਰੇਂਗਾ ?

ਅੰਤ, ਅੰਤ ਤਾਂ ਹੋਣਾ ਹੀ ਸੀ, ਅੰਤ

ਆਪਣੇ ਨਾਤਿਆਂ ਦਾ, ਪਰ

‘ਸ਼ੁਰੂ’ ਦਾ ਕੀ ਕਰੇਂਗਾ ?


ਅਸੀਂ ਕੌਣ ਹਾਂ?

ਚਰਨਜੀਤ ਸਮਾਲਸਰ

ਹੁਣ ਅਸੀਂ ਰਲ ਕੇ

ਆਪਣੀ ਹੋਂਦ ਦੀ ਪਰਿਭਾਸ਼ਾ ਲਿਖ ਦਿੱਤੀ

ਹੁਣ ਤੈਨੂੰ ਦੱਸਾਂਗੇ

ਅਸੀਂ ਕੌਣ ਹਾਂ...?

ਹੁਣ ਅਸੀਂ ਤੈਅ ਕਰ ਲਿਆ

ਗ਼ੁਰਬਤ ਤੋਂ ਗਿਆਨ ਤਕ ਦਾ ਸਫ਼ਰ

ਹੁਣ ਤੈਨੂੰ ਦੱਸਾਂਗੇ

ਅਸੀਂ ਕੌਣ ਹਾਂ...?

ਹੁਣ ਅਸੀਂ ਇਕੱਠੇ ਹੋ ਕੇ

ਤੇਰੀ ਹਰ ਸਾਜ਼ਿਸ਼ ਖੁੰਢੀ ਕਰ ਦੇਣੀ

ਹੁਣ ਤੈਨੂੰ ਦੱਸਾਂਗੇ

ਅਸੀਂ ਕੌਣ ਹਾਂ...?

ਹੁਣ ਅਸੀਂ ਪਰਿੰਦਿਆਂ ਸੰਗ ਭਰੀ

ਧਰਤੀ ਤੋਂ ਅੰਬਰ ਤਕ ਪਰਵਾਜ਼

ਹੁਣ ਤੈਨੂੰ ਦੱਸਾਂਗੇ

ਅਸੀਂ ਕੌਣ ਹਾਂ...?

ਹੁਣ ਅਸੀਂ ਦਿੱਲੀ ਦੇ ਤਖ਼ਤ ਨੂੰ

ਹੇਠਾਂ ਤਖ਼ਤੇ ’ਤੇ ਲੈ ਆਉਣਾ

ਹੁਣ ਤੈਨੂੰ ਦੱਸਾਂਗੇ

ਅਸੀਂ ਕੌਣ ਹਾਂ...?

ਹੁਣ ਅਸੀਂ ਕਾਫ਼ਲੇ ਬਣਾ ਕੇ

ਪੈਰਾਂ ਨੂੰ ‘ਨਵੇਂ ਰਾਹੀਂ’ ਪਾਉਣਾ

ਹੁਣ ਤੈਨੂੰ ਦੱਸਾਂਗੇ

ਅਸੀਂ ਕੌਣ ਹਾਂ...?

ਸੰਪਕਰ: 98144-00878


ਮਾਂ ਕਾਸ਼! ਮੈਂ ਹੋਰ ਜਿਉਂਦੀ

ਮਨਦੀਪ ਰਿੰਪੀ

ਮਾਂ ਕਾਸ਼! ਮੈਂ ਹੋਰ ਜਿਉਂਦੀ

ਤੇਰੀ ਬੁੱਕਲ ਦਾ ਨਿੱਘ ਲੈਂਦੀ

ਜਦੋਂ ਨਿੱਕੀ ਸੀ

ਮੈਨੂੰ ਲੋਕ ਸੱਦਦੇ 

ਮੇਰੇ ਪੈਰ ਧੋਂਦੇ

ਮੇਰਾ ਸਿਰ ਚੁੰਨੀ ਨਾਲ ਕੱਜਦੇ

ਥੋੜ੍ਹੀ ਵੱਡੀ ਹੋਈ 

ਤੂੰ ਕਿਹਾ ਅੱਖ ਨੀਵੀਂ ਕਰਕੇ  

ਬੁੱਲ੍ਹਾਂ ’ਤੇ ਚੁੱਪ ਦੀ ਪਰਤ 

ਧਰਕੇ ਤੁਰੀਦਾ

ਮੈਂ ਤੇਰੇ ਸ਼ਬਦਾਂ ’ਤੇ ਫੁੱਲ ਚੜ੍ਹਾਏ 

ਪਰ ਐ ਕੀ ?

ਉਨ੍ਹਾਂ ਹੈਵਾਨਾਂ ਨੇ ਤੇਰੀ

ਮਾਸੂਮ ਧੀ ਮਸਲ ਦਿੱਤੀ 

ਮੈਂ ਜਿਨ੍ਹਾਂ ਨੂੰ ਇਨਸਾਨ ਸਮਝਦੀ ਸਾਂ 

ਮਾਂ! ਤੂੰ ਮੈਨੂੰ ਕਦੇ ਦੱਸਿਆ ਈ ਨਈ

ਕਿ ਇਨਸਾਨਾਂ ਦੇ ਰੂਪ ਵਿਚ

ਦਰਿੰਦੇ ਵੀ ਇਸ ਧਰਤ ’ਤੇ ਘੁੰਮਦੇ 

ਕਾਸ਼! ਮਾਂ ਤੂੰ ਮੇਰੀਆਂ ਅੱਖਾਂ

ਨੀਵੀਆਂ ਕਰਾਉਣ ਦੀ ਥਾਂ

ਇਨ੍ਹਾਂ ਵਿਚ ਮੱਘਦੇ ਕੋਲੇ ਧਰੇ ਹੁੰਦੇ 

ਮੇਰੇ ਹੰਝੂਆਂ ਨੂੰ ਤੇਜ਼ਾਬ 

ਬਣਨ ਦਾ ਹੌਸਲਾ ਦਿੱਤਾ ਹੁੰਦਾ 

ਮੈਨੂੰ ਕੰਜਕ ਦੀ ਥਾਂ 

ਚੰਡੀ ਬਣਨਾ ਸਿਖਾਉਂਦੀ 

ਸਿਰ ’ਤੇ ਲਾਲ ਚੁੰਨੀ ਕੱਜਣ 

ਦੀ ਥਾਂ ਲਹੂ ’ਚ ਤਰਨਾ ਸਿਖਾਉਂਦੀ 

ਮੇਰੇ ਇਕ ਹੱਥ ਕਲਮ ਧਰ

ਦੂਜੇ ਹੱਥ  ਸਿਰ ਕਲਮ 

ਕਰਨ ਦੀ ਤਾਕਤ ਧਰਦੀ

ਤਾਂ ਅੱਜ ਮੈਂ ਜ਼ਿੰਦਾ ਹੁੰਦੀ

ਤੇ ਉਨ੍ਹਾਂ ਦਰਿੰਦਿਆਂ ਦੀ

ਰਾਖ ਮੇਰੇ ਪੈਰਾਂ ਥੱਲੇ  

ਮਾਂ ਕਾਸ਼! ਮੈਂ ਹੋਰ ਜਿਉਂਦੀ 

ਸੰਪਰਕ: 98143-85918


ਗ਼ਜ਼ਲ

ਭਾਈ ਮਾਨ ਸਿੰਘ ਜੰਡੌਲੀ

ਅੱਜ ਵਿਚ ਹਵਾਵਾਂ, ਘੁਲਿਆ ਕਿੰਨਾ ਜ਼ਹਿਰ ਹੈ

ਤੇ ਧੂੰ ਧੂੰ ਕਰਕੇ ਸੜਦਾ ਮੇਰਾ ਸ਼ਹਿਰ ਹੈ।

ਇੱਥੇ ਹਰ ਅਬਲਾ ਦੀ ਆਬਰੂ, 

ਕੁਝ ਮਨਚਲੇ ਨੇ ਲੁੱਟ ਰਹੇ

ਇੱਥੇ ਜੀਭਾਂ ਕੱਟੀਆਂ ਜਾ ਰਹੀਆਂ, 

ਰੀੜ੍ਹਾਂ ਦੇ ਮਣਕੇ ਟੁੱਟ ਰਹੇ

ਅੱਜ ਸੋਚਾਂ ਵਿਚ ਵੀ ਅਣਕਿਹਾ ਜਿਹਾ ਕਹਿਰ ਹੈ।

ਅੱਜ ਹੱਕ ਨੇ ਮਾਰੇ ਜਾ ਰਹੇ, 

ਕਿਰਤਾਂ ਵੀ ਲੁੱਟੀਆਂ ਜਾ ਰਹੀਆਂ

ਅੱਜ ਆਪਣੇ ਹੱਥੀਂ ਆਪਣੀਆਂ 

ਕਬਰਾਂ ਨੇ ਪੁੱਟੀਆਂ ਜਾ ਰਹੀਆਂ

ਅੱਜ ਲੋਕਾਂ ਲਈ, ਨਾ ਦਿੱਸ ਰਹੀ ਕੋਈ ਲਹਿਰ ਹੈ।

ਅੱਜ ਹੱਕ ਤੇ ਸੱਚ ਨੇ ਲੁਕ ਗਏ, 

ਤੇ ਬੱਦਲ ਮੈਂ ਦੇ ਛਾ ਗਏ

ਜੋ ਸੱਚ ਦੇ ਹੱਕ ਵਿਚ ਖੜ੍ਹਦੇ ਸੀ, 

ਕੂੜ ਦੇ ਪੱਖ ਵਿਚ ਆ ਗਏ

ਅੱਜ ਕਾਲੇ ਰੰਗ ਦੀ ਹਰ ਪਾਸੇ ਇਕ ਗਹਿਰ ਹੈ।

ਇਸ ਦਮ ਘੁਟਵੇਂ ਜਿਹੇ ਮੌਸਮ ’ਚ, 

ਤਨ ਤੇ ਮਨ ਵੀ ਸੜ ਰਿਹੈ

ਭਾਵੇਂ ਮਾਨ ਜੰਡੌਲੀ ਬੇਵੱਸ ਹੈ, 

ਤਾਂ ਵੀ ਹੋਰਾਂ ਲਈ ਲੜ ਰਿਹੈ

ਹੁਣ ਦਿਲ ਵਿਚ ਉੱਠਦੀ, ਚੀਸ ਅੱਠੇ ਪਹਿਰ ਹੈ।

ਸੰਪਰਕ: 94177-77377

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All