ਪੰਜਾਬੀ ਕਵਿਤਾ ਦਾ ਪ੍ਰਮੁੱਖ ਹਸਤਾਖਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਦੇਸ ਪੰਜਾਬ-ਦੇਸ ਅਮਰੀਕਾ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਪ੍ਰੋ. ਸੁਹਿੰਦਰ ਬੀਰ

ਕੁਲਵਿੰਦਰ ਦੀ ਖ਼ਾਸੀਅਤ ਅਤੇ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਹ ਕਿਸੇ ਇਕ ਵਿਚਾਰਾਧਾਰਾ ਨਾਲ ਪ੍ਰਤਿਬੱਧ ਰੂਪ ਵਿਚ ਬੱਝਾ ਹੋਇਆ ਨਹੀਂ ਹੈ। ਪਿਛਲੇ 30-35 ਸਾਲਾਂ ਵਿਚ ਅੰਤਰ-ਰਾਸ਼ਟਰੀ ਪੱਧਰ ’ਤੇ ਜੋ ਵਿਚਾਰਧਰਾਵਾਂ ਸਾਹਮਣੇ ਆਈਆਂ ਹਨ ਉਨ੍ਹਾਂ ਸਾਰੀਆਂ ਤੋਂ ਉਸਨੇ ਪ੍ਰਭਾਵ ਜ਼ਰੂਰ ਗ੍ਰਹਿਣ ਕੀਤੇ ਹਨ। ਸੋ ਇਸ ਤਰ੍ਹਾਂ ਜੇ ਉਹ ਇਕ ਪਾਸੇ ਆਪਣੇ ਬਚਪਨ ਵਿਚ ਪਰੰਪਰਾਗਤ ਜੀਵਨ-ਵਿਹਾਰ ਨਾਲ ਜੁੜਿਆ ਹੋਇਆ ਸੀ ਤਾਂ ਦੂਸਰੇ ਪਾਸੇ ਵਿਸ਼ਵ-ਵਿਆਪੀ ਚਿੰਤਨ ਨਾਲ ਸਾਂਝ ਪਾ ਕੇ ਕਰਤਾਰੀ ਪ੍ਰਤਿਭਾ ਦੀ ਛਾਪ ਲਾਉਂਦਾ ਹੈ।

ਕੁਲਵਿੰਦਰ ਨਾ ਕੇਵਲ ਸਮਕਾਲੀ ਅਮਰੀਕੀ ਪੰਜਾਬੀ ਕਵਿਤਾ ਵਿਚ ਹੀ ਬਲਕਿ ਸਮੁੱਚੀ ਪੰਜਾਬੀ ਕਵਿਤਾ ਦੇ ਪਿੜ ਵਿਚ ਗ਼ਜ਼ਲਗੋ ਦੇ ਤੌਰ ’ਤੇ ਇਕ ਚਰਚਿਤ ਨਾਮ ਹੈ। ਕੁਲਵਿੰਦਰ ਦੁਆਬੇ ਦਾ ਜੰਮਪਲ ਹੈ। ਉਸਦਾ ਜਨਮ 11 ਦਸੰਬਰ 1961 ਨੂੰ ਪਿੰਡ ਬੰਡਾਲਾ ਵਿਖੇ ਹੋਇਆ। 1938 ਵਿਚ ਉਸਨੇ ਅਮਰੀਕਾ ਵਿਖੇ ਪਰਵਾਸ ਕਰ ਲਿਆ। ਕੁਲਵਿੰਦਰ ਨੇ ਹੁਣ ਤਕ ਦੋ ਗ਼ਜ਼ਲ-ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ: ‘ਬਿਰਛਾਂ ਅੰਦਰ ਉੱਗੇ ਖੰਡਰ’ (2002) ਅਤੇ ‘ਨੀਲੀਆਂ ਲਾਟਾਂ ਦਾ ਸੇਕ’ (2009)। ਉਸ ਦੀ ਕਾਵਿ-ਸਾਧਨਾ ਦਾ ਸਫ਼ਰ ਲਗਭਗ ਪਿਛਲੇ ਤਿੰਨ ਦਹਾਕਿਆਂ ਨਾਲ ਜੁੜਿਆ ਹੋਇਆ ਹੈ।

ਇਨ੍ਹਾਂ ਤਿੰਨ ਦਹਾਕਿਆਂ ਵਿਚ ਉਸਨੇ ਕੇਵਲ ਦੋ ਗ਼ਜ਼ਲ-ਸੰਗ੍ਰਹਿਆਂ ਦੀ ਹੀ ਪ੍ਰਕਾਸ਼ਨਾ ਕੀਤੀ ਹੈ। ਏਹੀ ਕਾਰਨ ਹੈ ਕਿ ਉਸਨੇ ਗ਼ਜ਼ਲ ਦੇ ਗੁਣਾਤਮਕ ਭਾਵ ਗ਼ਜ਼ਲ ਦੇ ਕਲਾਤਮਕ-ਪੱਖ ਵੱਲ ਵਧੇਰੇ ਧਿਆਨ ਦਿੱਤਾ ਹੈ। ਕੁਲਵਿੰਦਰ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਡਾ. ਜਗਤਾਰ ਦੇ ਗੁਆਂਢੀ ਪਿੰਡ ਦਾ ਜੰਮਪਲ ਹੈ। ਗ਼ਜ਼ਲ-ਰਚਨਾ ਦੀ ਚੇਟਕ ਵੀ ਉਸਨੂੰ ਡਾ. ਜਗਤਾਰ ਦੀਆਂ ਗ਼ਜ਼ਲਾਂ ਪੜ੍ਹ ਕੇ ਹੀ ਲੱਗੀ। ਇਸੇ ਲਈ ਮੁੱਢਲੇ ਪ੍ਰਭਾਵ ਵੀ ਉਸਨੇ ਡਾ. ਜਗਤਾਰ ਤੋਂ ਹੀ ਪ੍ਰਾਪਤ ਕੀਤੇ। ਕਵੀ ਦੀ ਰਚਨਾਤਮਕਤਾ ਵਿਚ ਆਲੇ-ਦੁਆਲੇ ਦੀ ਜ਼ਿੰਦਗੀ ਦੇ ਪ੍ਰਭਾਵ ਤਾਂ ਨਿਰੰਤਰ ਪੈਂਦੇ ਰਹਿੰਦੇ ਹਨ, ਪਰ ਜਿਹੜੇ ਪ੍ਰਭਾਵ ਆਪਣੇ ਪਰਿਵਾਰਕ ਪਿਛੋਕੜ ਵਿਚੋਂ ਬਾਲ-ਮਨ ਦੀ ਤਖ਼ਤੀ ਉੱਪਰ ਪੈਂਦੇ ਹਨ ਉਹ ਆਪਣੀ ਸਦੀਵੀ ਛਾਪ ਛੱਡ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਪ੍ਰਭਾਵਾਂ ਵੱਲ ਕੁਲਵਿੰਦਰ ਨੇ ਸੰਕੇਤ ਵੀ ਕੀਤਾ ਹੈ, ਜਿਵੇਂ ਉਨ੍ਹਾਂ ਦੀ ਮਾਤਾ ਵੱਲੋਂ ਸ਼ਾਮ ਨੂੰ ਪਿੰਡ ਦੇ ਨਜ਼ਦੀਕ ਸਮਾਧ ਉੱਪਰ ਚਿਰਾਗਾਂ ਦਾ ਜਗਾਉਣਾ, ਬਿਰਖਾਂ ਦਾ ਸ਼ਾਮ ਨੂੰ ਸੁੱਤੇ ਹੋਣਾ।

ਪੁਰਾਣੇ ਸਮਿਆਂ ਵਿਚ ਸਾਡੇ ਬਜ਼ੁਰਗ ਪਿੰਡ, ਪਿੰਡ ਦੀ ਜ਼ਿੰਦਗੀ, ਰਸਮਾਂ-ਰਿਵਾਜਾਂ ਆਦਿ ਵਿਚ ਬਹੁਤ ਵਿਸ਼ਵਾਸ ਰੱਖਦੇ ਸਨ। ਇਸ ਕਰਕੇ ਉਨ੍ਹਾਂ ਦਾ ਪ੍ਰਕਿਰਤੀ ਅਤੇ ਸੰਸਕ੍ਰਿਤੀ ਨਾਲ ਵੀ ਬਹੁਤ ਲਗਾਅ ਹੁੰਦਾ ਸੀ। ਉਹ ਇਸ ਨੂੰ ਇਸ ਜੀਵੰਤ ਇਕਾਈ/ਹੋਂਦ ਵਜੋਂ ਹੀ ਮੰਨਦੇ ਸਨ। ਅਮਰੀਕਾ ਵਰਗੇ ਦੇਸ਼ਾਂ ਵਿਚ ਰੁੱਖਾਂ ਨੂੰ ਬਚਾਉਣ ਲਈ ਸੁਚੇਤ ਯਤਨ ਕੀਤੇ ਜਾਂਦੇ ਹਨ, ਪਰ ਆਧੁਨਿਕ ਸਮੇਂ ਵਿਚ ਅਸੀਂ ਭਾਰਤ ਵਿਚ ਰੁੱਖਾਂ ਨੂੰ ਪਿਆਰਨ ਵਾਲੀ ਪਰੰਪਰਾ ਬਰਕਰਾਰ ਨਹੀਂ ਰੱਖ ਸਕੇ। ਰੁੱਖਾਂ ਨੂੰ ਪਿਆਰਨ ਵਾਲੇ ਆਦਮ ਬਿੰਬ ਕੁਲਵਿੰਦਰ ਦੀ ਮਾਨਸਿਕਤਾ ਨੇ ਸੰਭਾਲੇ ਹੋਏ ਹਨ। ਕੁਲਵਿੰਦਰ ਦੀ ਖ਼ਾਸੀਅਤ ਅਤੇ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਹ ਕਿਸੇ ਇਕ ਵਿਚਾਰਾਧਾਰਾ ਨਾਲ ਪ੍ਰਤਿਬੱਧ ਰੂਪ ਵਿਚ ਬੱਝਾ ਹੋਇਆ ਨਹੀਂ ਹੈ। ਪਿਛਲੇ 30-35 ਸਾਲਾਂ ਵਿਚ ਅੰਤਰ-ਰਾਸ਼ਟਰੀ ਪੱਧਰ ’ਤੇ ਜੋ ਵਿਚਾਰਧਰਾਵਾਂ ਸਾਹਮਣੇ ਆਈਆਂ ਹਨ ਉਨ੍ਹਾਂ ਸਾਰੀਆਂ ਤੋਂ ਉਸਨੇ ਪ੍ਰਭਾਵ ਜ਼ਰੂਰ ਗ੍ਰਹਿਣ ਕੀਤੇ ਹਨ। ਸੋ ਇਸ ਤਰ੍ਹਾਂ ਜੇ ਉਹ ਇਕ ਪਾਸੇ ਆਪਣੇ ਬਚਪਨ ਵਿਚ ਪਰੰਪਰਾਗਤ ਜੀਵਨ-ਵਿਹਾਰ ਨਾਲ ਜੁੜਿਆ ਹੋਇਆ ਸੀ ਤਾਂ ਦੂਸਰੇ ਪਾਸੇ ਵਿਸ਼ਵ-ਵਿਆਪੀ ਚਿੰਤਨ ਨਾਲ ਸਾਂਝ ਪਾ ਕੇ ਕਰਤਾਰੀ ਪ੍ਰਤਿਭਾ ਦੀ ਛਾਪ ਲਾਉਂਦਾ ਹੈ। ਉਸ ਦੀਆਂ ਦੋਵੇਂ ਪੁਸਤਕਾਂ ਦੇ ਸਿਰਲੇਖ ਦਾਰਸ਼ਨਿਕ ਗਹਿਰਾਈ ਵਾਲੇ ਹਨ। ‘ਬਿਰਛਾਂ ਅੰਦਰ ਉੱਗੇ ਖੰਡਰ’ ਦਾ ਸਿਰਲੇਖ ਸਾਰਤਰ ਦੀ ਉਸ ਫ਼ਿਲਾਸਫ਼ੀ ਵੱਲ ਇਸ਼ਾਰਾ ਕਰਦਾ ਹੈ ਜਿਸ ਵਿਚ ਉਸਨੇ ਮਨੁੱਖ ਦੀ ਨਿਖੇਧਾਤਮਕ ਹੋਂਦ/ਨਿਹੋਂਦ ਦਾ ਜ਼ਿਕਰ ਕੀਤਾ ਹੈ। ਭਾਵ ਆਧੁਨਿਕ ਜੀਵਨ ਦੀ ਤੇਜ਼-ਤਰਾਰ ਮਸ਼ੀਨੀ ਜ਼ਿੰਦਗੀ ਨੇ ਮਨੁੱਖ ਨੂੰ ਹੱਡ ਮਾਸ ਦਾ ਪੁਤਲਾ ਬਣਾ ਦਿੱਤਾ ਹੈ, ਇਹ ਮਨੁੱਖ ਕਿਸੇ ਤਰ੍ਹਾਂ ਨਾਲ ਵੀ ਆਦਰਸ਼ਕ ਮਨੁੱਖ ਦਾ ਸਮਾਨਭਾਵੀ ਨਹੀਂ ਹੈ ਬਲਕਿ ਆਪਣੀਆਂ ਹੀ ਖ਼ਾਹਿਸ਼ਾਂ/ਇੱਛਾਵਾਂ ਨੂੰ ਪੂਰਾ ਤਾਂ ਕੀ ਕਰਨਾ ਸਗੋਂ ਮਾਰ-ਮੁੱਕ ਕੇ ਜ਼ਿੰਦਗੀ ਬਸਰ ਕਰਨ ਵਾਲਾ ਮਨੁੱਖ ਹੈ, ਜਿਸਦੀ ਹੋਂਦ ਇਕ ਬਿੰਦੂ ਤਕ ਹੀ ਸਿਮਟ-ਸੁੰਗੜ ਕੇ ਰਹਿ ਜਾਂਦੀ ਹੈ। ਸੋ ਇਹ ਸਿਰਲੇਖ ਆਧੁਨਿਕ ਮਨੁੱਖ ਦੇ ਦੁਖਾਂਤ-ਬੋਧ ਨੂੰ ਚਿਤਰਨ ਵਾਲਾ ਹੈ।

ਦੂਸਰੀ ਪੁਸਤਕ ਦਾ ਸਿਰਲੇਖ ‘ਨੀਲੀਆਂ ਲਾਟਾਂ ਦਾ ਸੇਕ’ ਹੈ। ਇਹ ਨੀਲੀ ਲਾਟ ਭਾਵੇਂ ਵੇਖਣ ਵਾਲੇ ਬੰਦੇ ਨੂੰ ਦੀਵਿਆਂ ਦੀ ਜਗਦੀ ਹੋਈ ਬਾਹਰੀ ਲਾਟ ਦਾ ਭਰਮ ਪਾਉਂਦੀ ਹੈ, ਪਰ ਅਸਲ ਵਿਚ ਇਹ ਦੁਖਾਂਤਕ-ਬੋਧ ਨੂੰ ਜੀਅ ਰਹੀ ਆਤਮਾ ਦਾ ਹੀ ਇਕ ਕਿਸਮ ਦਾ ਵਿਰਲਾਪ ਹੈ। ਜਿਉਂ ਜਿਉਂ ਇਹ ਸੇਕ ਤੇਜ਼ ਹੁੰਦਾ ਜਾਂਦਾ ਹੈ ਤਿਉਂ ਤਿਉਂ ਮਨੁੱਖੀ ਸਰੀਰ ਨੂੰ ਵਧੇਰੇ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਕਾਵਿਕ-ਸੱਚ ਕੇਵਲ ਕੁਲਵਿੰਦਰ-ਕਾਵਿ ਵਿਚ ਪ੍ਰਗਟ ਹੋਏ ਮਨੁੱਖ ਦਾ ਨਹੀਂ ਬਲਕਿ ਆਧੁਨਿਕ ਮਨੁੱਖ ਦਾ ਹੈ। ਇਸ ਲਈ ਇਹ ਆਧੁਨਿਕ ਮਨੁੱਖ ਦਾ ਸਰਬਕਾਲੀ-ਸੱਚ ਬਣ ਕੇ ਸਾਹਮਣੇ ਆਉਂਦਾ ਹੈ ਅਤੇ ਆਧੁਨਿਕ ਕਵਿਤਾ ਦੇ ਉਘੜਵੇਂ ਥੀਮ ਵਜੋਂ ਉਜਾਗਰ ਹੁੰਦਾ ਹੈ। ਇਸ ਥੀਮ ਦੀ ਪੇਸ਼ਕਾਰੀ ਲਈ ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਸ਼ਿਵ ਕੁਮਾਰ, ਰਵਿੰਦਰ ਰਵੀ, ਗੁਰੂਮੇਲ ਆਦਿ ਕਵੀਆਂ ਨੇ ਵੀ ਆਪਣਾ ਧਿਆਨ ਇਕਾਗਰ ਕੀਤਾ ਹੈ।

ਆਧੁਨਿਕ ਮਨੁੱਖ ਦੀ ਖੰਡਿਤ ਸ਼ਖ਼ਸੀਅਤ ਨਾਲ ਪੰਜਾਬ ਸੰਕਟ, ਪਰਵਾਸ, ਵਿਯੋਗ, ਬ੍ਰਹਿਮੰਡਕ ਚੇਤਨਾ ਦੇ ਥੀਮ ਸਮਾਨਾਂਤਰ ਰੂਪ ਵਿਚ ਕੁਲਵਿੰਦਰ-ਕਾਵਿ ਵਿਚ ਉਪਲੱਬਧ ਹੁੰਦੇ ਹਨ। ਕੁਲਵਿੰਦਰ ਨੇ ਜਿਸ ਕਾਵਿ-ਰੂਪ ਨੂੰ ਆਪਣੇ ਅਨੁਭਵ ਲਈ ਮਾਧਿਅਮ ਬਣਾਇਆ ਹੈ ਉਹ ਗ਼ਜ਼ਲ ਦਾ ਕਾਵਿ-ਰੂਪ ਹੈ। ਗ਼ਜ਼ਲ ਕਾਵਿ-ਰੂਪ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਕ ਗ਼ਜ਼ਲ ਵਿਚ ਇਕ ਤੋਂ ਵਧੀਕ ਵਿਸ਼ੇ ਅਤੇ ਥੀਮ ਪੇਸ਼ ਕੀਤੇ ਜਾ ਸਕਦੇ ਹਨ, ਇਸ ਨੂੰ ਗ਼ੈਰ-ਮੁਸੱਲਸਲ ਗ਼ਜ਼ਲ ਕਿਹਾ ਜਾਂਦਾ ਹੈ ਅਤੇ ਜਿਸ ਗ਼ਜ਼ਲ ਵਿਚ ਇਕ ਹੀ ਥੀਮ ਆਦਿ ਤੋਂ ਅੰਤ ਤਕ ਨਿਭਾਇਆ ਜਾਵੇ ਉਹ ਮੁਸੱਲਸਲ ਗ਼ਜ਼ਲ ਹੁੰਦੀ ਹੈ। ਕੁਲਵਿੰਦਰ ਦੀ ਗ਼ਜ਼ਲ ਦਾ ਦੌਰ ਪੰਜਾਬ ਸੰਕਟ ਦੇ ਕਾਲੇ ਦਿਨਾਂ ਦੇ ਨਾਲ ਹੀ ਆਰੰਭ ਹੁੰਦਾ ਹੈ ਇਸ ਕਰਕੇ ਉਸ ਦੀ ਪੰਜਾਬ ਸੰਕਟ ਬਾਰੇ ਦ੍ਰਿਸ਼ਟੀ ਨੂੰ ਉਜਾਗਰ ਕਰਨਾ ਲਾਜ਼ਮੀ ਹੋਵੇਗਾ :

* ਬਿਰਖ ਸਭ ਸਹਿਮੇ ਖੜ੍ਹੇ ਪੱਤਾ ਵੀ ਇਕ ਹਿਲਦਾ ਨਾ ਸੀ

ਰਾਤ ਭਰ ਜੰਗਲ ’ਚ ਇਕ ਪੰਛੀ ਵੀ ਘਰ ਮੁੜਿਆ ਨਾ ਸੀ।

(ਸਹਿਮ ਅਤੇ ਦੁੱਖ)

* ਆਪਣੇ ਪਿੰਡ ’ਚ ਘੋਰ ਹਨੇਰਾ

ਦੇਖ ਕੇ ਸੁੰਨ-ਮਸੁੰਨੀਆਂ ਥਾਵਾਂ

ਜੀਅ ਕਰਦੇ ਮੈਂ ਚੌਰਸਤੇ ਵਿਚ

ਸੂਰਜ ਵਾਂਗੂੰ ਬਲਦਾ ਜਾਵਾਂ।

(ਸੁੰਨ/ਸੂਰਜ ਬਣਕੇ ਬਲਣ ਦਾ ਰੁਮਾਂਸ

* ਉੱਠ, ਬੱਤੀ ਬਾਲ, ਕਰ ਅਰਦਾਸ, ਸਭ ਦੀ ਖ਼ੈਰ-ਮੰਗ,

ਸ਼ਾਮ ਖ਼ਾਮੋਸ਼ੀ ’ਚ ਹੀ ਡੁੱਬੀ ਨਾ ਰਹਿ ਜਾਵੇ ਕਿਤੇ।

(ਸ਼ੁੱਭ ਇੱਛਾ)

* ਚੜ੍ਹੀ ਹੈ ਗਹਿਰ ਚੁਫ਼ੇਰੇ ਦਿਸੇ ਧੂੰਆਂ ਧੂੰਆਂ

ਨਾ ਮੇਰੇ ਸ਼ਹਿਰ ’ਚ ਹੁਣ ਸ਼ਾਮ ਰੰਗਲੀ ਆਵੇ।

(ਸੋਗ ਅਤੇ ਮਾਤਮ)

* ਕਿਤੇ ਇਹ ਸਿਰਫ਼ ਘਰਾਂ ਤੀਕ ਨਾ ਰਹੇ ਸੀਮਤ

ਖ਼ੁਦਾ ਕਰੇ! ਕਿ ਮਨਾਂ ਤੀਕ ਰੌਸ਼ਨੀ ਆਵੇ। (ਸੂਝ)

* ਸ਼ਹਿਰ ਦੀ ਅੰਨ੍ਹੀ ਹਵਾ ਨੂੰ ਕਹਿ ਦਿਓ

ਹੁਣ ਅਸਾਡੇ ਦੀਵਿਆਂ ਬੁਝਣਾ ਨਹੀਂ

* ਘਰ ਦੇ ਚਿਰਾਗ ਰੋਜ਼ ਹਵਾਵਾਂ ਬੁਝਾਉਂਦੀਆਂ

ਜੇਰੇ ਦੇ ਨਾਲ ਰੋਜ਼ ਪਰ ਮਾਵਾਂ ਜਗਾਉਂਦੀਆਂ। (ਆਸ਼ਾ)

* ਮੰਨਿਆ ਇਸ ਸ਼ਹਿਰ ਦਾ ਹਰ ਸ਼ਖ਼ਸ ਹੀ ਸੁਕਰਾਤ ਹੈ

ਦੇਖਣਾ ਇਹ ਹੈ ਕਿ ਏਥੇ ਕੌਣ ਪੀਦਾ ਜ਼ਹਿਰ ਹੈ?

(ਸੁਕਰਾਤ ਦਾ ਅਸਲੀ ਚਿਹਰਾ)

* ਕਿਸ ਤਰ੍ਹਾਂ ਦੀ ਰਾਤ ਕਿ ਜਿਸਦੀ ਨ ਸੀ ਕੋਈ ਸਵੇਰ

ਕਿਸ ਤਰ੍ਹਾਂ ਦੀ ਪੀੜ ਕੇ ਜਿਸਦੀ ਕੋਈ ਮਰਹਮ ਨ ਸੀ।

(ਉਦਾਸੀ ਦੀ ਲੰਮੀ ਰਾਤ)

ਪੰਜਾਬ ਸੰਕਟ ਦਾ ਸਮਾਂ 1978 ਤੋਂ 1992 ਤਕ ਦਾ ਹੈ। ਇਹ ਭਾਰਤ-ਪਾਕਿ ਵੰਡ ਤੋਂ ਬਾਅਦ ਦੂਜਾ ਵੱਡਾ ਦੁਖਾਂਤ ਸੀ। ਇਸ ਦੁਖਾਂਤ ਨੇ ਦੂਰ-ਦਰਾਜ਼ ਤਾਈਂ ਪੰਜਾਬੀ ਮਨ ਨੂੰ ਹਲੂਣਿਆ। ਗਰਮ-ਖ਼ਿਆਲੀ ਤਬਕਾ ਇਸਨੂੰ ਖ਼ਾਲਿਸਤਾਨ ਵੱਲ ਲਿਜਾਣਾ ਚਾਹੁੰਦਾ ਸੀ, ਪਰ ਪੰਜਾਬੀਅਤ ਦੀ ਸੋਚ ਵਾਲੇ ਬੁੱਧੀਜੀਵੀ ਇਸਦਾ ਸਟੇਟਸ ਕੋ ਹੀ ਰੱਖਣਾ ਚਾਹੁੰਦੇ ਸਨ। ਅਜਿਹੀ ਸੋਚ ਵਾਲੇ ਬੁੱਧੀਜੀਵੀਆਂ ਨੂੰ ਸ਼ਹਾਦਤ ਦਾ ਜਾਮ ਵੀ ਪੀਣਾ ਪਿਆ। ਇਸ ਸਾਰੇ ਰਾਜਸੀ ਵਾਤਾਵਰਨ ਵਿਚੋਂ ਪੰਜਾਬ ਦੀ ਉਦਾਸੀ ਨੂੰ ਪੇਸ਼ ਕਰਨ ਵਾਲੇ ਕੁਝ ਸਾਕਾਰ ਚਿੱਤਰ ਕੁਲਵਿੰਦਰ ਨੇ ਆਪਣੇ ਕਲਾਮ ਵਿਚ ਚਿਤਰੇ ਹਨ। ਆਪਣੀ ਰੂਹ ਦੀ ਗਹਿਰਾਈ ਵਿਚ ਉਤਰ ਕੇ ਉਹ ਲੋਕਾਈ ਦੀ ਖ਼ੈਰੀਅਤ ਲਈ ਸ਼ੁਭ-ਇੱਛਾ ਦਾ ਇਜ਼ਹਾਰ ਵੀ ਕਰਦਾ ਹੈ। ਇਹ ਸ਼ੁੱਭ-ਇੱਛਾ ਕੁਲਵਿੰਦਰ ਨੂੰ ਆਪਣੀ ਮਾਤਾ ਜੀ ਵੱਲੋਂ ਪ੍ਰਾਪਤ ਹੋਈ ਹੈ ਜੋ ਚਿਰਾਗਾਂ ਦੇ ਸਮੇਂ ਹਰ ਘਰ ਵਿਚ ਦੀਵੇ ਜਗਦੇ ਰਹਿਣ ਦੀ ਅਰਦਾਸ ਕਰਦੀ ਹੈ:

ਮੇਰੇ ਬਚਪਨ ਦੇ ਦਿਨਾਂ ਵਿਚ ਮੇਰੀ ਮਾਂ ਪਿੰਡ ਤੋਂ ਬਾਹਰ ਇਕ ਸ਼ਹੀਦਾਂ ਦੀ ਮੜ੍ਹੀ ’ਤੇ ਅਕਸਰ ਦੀਵਾ ਜਗਾਉਣ ਜਾਇਆ ਕਰਦਾ ਸੀ। ਮੈਂ ਵੀ ਕਦੇ ਕਦੇ ਆਪਣੀ ਮਾਂ ਨਾਲ ਚਲੇ ਜਾਂਦਾ ਸੀ.... (ਨੀਲੀਆਂ ਲਾਟਾਂ ਦਾ ਸੇਕ)

ਇਹ ਅਰਦਾਸ ਸਮੁੱਚੀ ਮਾਨਵ-ਜਾਤੀ ਲਈ ਕੀਤੀ ਜਾਂਦੀ ਹੈ ਅਤੇ ਆਪਣੇ ਮਨ ਦੀ ਸੱਚੀ-ਸੁੱਚੀ ਆਵਾਜ਼ ਨੂੰ ਪ੍ਰਗਟ ਕੀਤਾ ਜਾਂਦਾ ਹੈ। ਮਨ ਤਕ ਪਹੁੰਚ ਕੇ ਬੰਦਾ ਰੂਹ ਦੀ ਆਵਾਜ਼ ਨੂੰ ਸੁਣਦਾ ਹੈ। ਇਸ ਜਹਾਨ ਵਿਚ ਸੱਚ ਦੀ ਆਵਾਜ਼ ਨੂੰ ਸੁਣਨ ਅਤੇ ਪ੍ਰਗਟ ਕਰਨ ਵਾਲੇ ਭਾਵੇਂ ਬਹੁਤ ਦਾਅਵੇਦਾਰ ਡੀਗਾਂ ਮਾਰਦੇ ਰਹਿੰਦੇ ਹਨ, ਪਰ ਹਕੀਕਤ ਵਿਚ ਸਮਾਂ ਹੀ ਦੱਸਦਾ ਹੈ ਕਿ ਕੌਣ ਸੱਚ ਦੇ ਰਸਤੇ ’ਤੇ ਤੁਰ ਕੇ ਜ਼ਹਿਰ ਦਾ ਪਿਆਲਾ ਪੀਂਦਾ ਹੈ। ਸਮੁੱਚੇ ਪੰਜਾਬੀਅਤ ਦੇ ਮੁਦੱਈਆਂ ਵਾਂਗ ਕੁਲਵਿੰਦਰ ਨੇ ਵੀ ਪੰਜਾਬ ਲਈ ਸ਼ੁੱਭ-ਇੱਛਾ ਜ਼ਾਹਿਰ ਕੀਤੀ ਹੈ। ਭਾਵੇਂ ਸਮੁੱਚਾ ਪੰਜਾਬ ਇਸ ਸੰਕਟ ਤੋਂ ਮੁਕਤ ਹੋ ਗਿਆ ਹੈ, ਪਰ ਇਸਦੇ ਜ਼ਖ਼ਮ ਏਨੇ ਗਹਿਰੇ ਹਨ ਕਿ ਅਜੇ ਵੀ ਮਨਾਂ ਵਿਚ ਰਿਸਦੇ ਰਹਿੰਦੇ ਹਨ।

ਕੁਲਵਿੰਦਰ-ਕਾਵਿ ਵਿਚ ਦੂਸਰੀ ਥੀਮਿਕ ਇਕਾਈ ਪਰਵਾਸੀ ਚੇਤਨਾ ਦੀ ਪੇਸ਼ ਹੋਈ ਹੈ। ਪਰਵਾਸ ਦਾ ਸਬੰਧ ਧਰਤੀ ਦੇ ਇਕ ਖਿੱਤੇ ਤੋਂ ਉਠ ਕੇ ਦੂਸਰੇ ਖਿੱਤੇ ’ਤੇ ਜਾ ਕੇ ਵਸੇਬਾ ਕਰਨਾ ਹੈ, ਹਿਜਰਤ ਕਰਨਾ, ਜੜ੍ਹਹੀਨ ਹੋਣਾ ਹੈ। ਆਪਣੀਆਂ ਜੜ੍ਹਾਂ ਦਾ ਲਗਾਵ, ਚਿੰਤਾ ਅਤੇ ਨਵੇਂ ਵਸੇਬੇ ਦੀਆਂ ਚੁਣੌਤੀਆਂ ਪਰਵਾਸੀ ਮਨੁੱਖ ਨੂੰ ਬੇਚੈਨ ਕਰਦੀਆਂ ਹਨ। ਪਰਵਾਸ ਦੀ ਛਿਲਤ ਹਰ ਪਰਵਾਸੀ ਦੇ ਕਲੇਜੇ ਵਿਚ ਚੁੱਭਦੀ ਰਹਿੰਦੀ ਹੈ। ਪਰਵਾਸ ਦਾ ਸੁਪਨਾ ਸੁਨਹਿਰੇ ਖ਼ਾਬ ਵਰਗਾ ਹੁੰਦਾ ਹੈ, ਪਰ ਪਰਵਾਸ ਇਸ ਤੋਂ ਬਿਲਕੁੱਲ ਉਲਟ। ਕੁਲਵਿੰਦਰ ਨੇ ਵੀ ਇਸ ਅਹਿਸਾਸ ਨੂੰ ਸੰਵੇਦਨਸ਼ੀਲ ਮਨ ਵਿਚੋਂ ਢਾਲ ਕੇ ਆਪਣੀ ਸ਼ਾਇਰੀ ਵਿਚ ਪ੍ਰਗਟ ਕੀਤਾ ਹੈ:

* ਹਨੇਰੀ ਰਾਤ ਹੈ, ਜੰਗਲ ਹੈ, ਮੈਂ ਹਾਂ ਸਹਿਮਿਆ ਹੋਇਆ

ਮੈਂ ਕਿੱਥੇ ਆ ਗਿਆ ਹਾਂ ਰੌਸ਼ਨੀ ਨੂੰ ਭਾਲਦਾ ਹੋਇਆ

* ਮੈਂ ਵੀ ਇਕ ਕੈਸੇ ਸਫ਼ਰ ’ਤੇ ਤੁਰ ਪਿਆ

ਪਾਰ ਹੁਣ ਕਰਨਾ ਹੈ ਮੈਂ ਅੱਗ ਦੀ ਨਦੀ ਨੂੰ (ਰੂਪਕ)

* ਘਰੋਂ ਤੁਰਿਆਂ ਸਾਂ ਇਸ ਕਾਰਨ ਕਰਾਂਗਾ ਛਾਂ ਮੈਂ ਰਾਹੀਆਂ ਨੂੰ

ਗੁਆ ਬੈਠਾ ਮੈਂ ਸੜਕੇ ਥਲ ’ਚ ਪਰ ਆਪਣਾ ਹੀ ਪਰਛਾਵਾਂ

* ਘਰ, ਨਗਰ, ਰਿਸ਼ਤਾ ਵੀ ਹਰ ਇਕ,

ਕਬਰ ਪਿਉ ਦੀ, ਮਾਂ ਉਦਾਸ

ਦੇਸ਼ ਛੱਡ ਆਇਆ ਹਾਂ ਕਿ

ਕੀ ਉਸ ਕੁੜੀ ਦੇ ਨਾਲ ਨਾਲ

* ਦੂਰ ਤੋਂ ਤੱਕਿਆ ਤਾਂ ਸਾਬਤ, ਨੇੜ ਤੋਂ ਜਦ ਦੇਖਿਆ

ਖ਼਼ੂਬਸੂਰਤ ਸ਼ਹਿਰ ਦਾ ਇਕ ਸ਼ਖ਼ਸ ਵੀ ਸਾਲਮ ਨਾ ਸੀ

* ਉਹ ਬਲਦੀ ਜੋਤ, ਆਥਣ ਦਾ ਸਮਾਂ,

ਮਾਂ ਦੀ ਇਬਾਦਤ

ਸਫ਼ਰ ਵਿਚ ਯਾਦ ਮੈਨੂੰ ਘਰ ਦੀ

ਮੁੜ ਮੁੜ ਆ ਰਹੀ ਸੀ

ਪਰਵਾਸ ਦੇ ਰਸਤੇ ਨੂੰ ਪਾਰ ਕਰਨਾ ਹਨੇਰੀ ਰਾਤ ਨੂੰ ਜੰਗਲ ਵਿਚੋਂ ਗੁਜ਼ਰਨ ਵਾਂਗ ਹੈ। ਅਮਰੀਕੀ ਪਰਵਾਸ ਵਿਚ ਵਧੇਰੇ ਉਹ ਵਿਅਕਤੀ ਸ਼ਾਮਲ ਹਨ ਜੋ ਮਨ ਚਾਹਿਆ ਬਨਵਾਸ ਲੈ ਕੇ ਆਏ ਹਨ। ਇਸ ਉੱਚ ਸ਼੍ਰੇਣੀ ਨੂੰ ਇੱਥੇ ਪਹੁੰਚ ਕੇ ਜ਼ਮੀਨੀ ਹਕੀਕਤ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਕੀਕਤ ਨੇ ਭਾਵੇਂ ਇਨ੍ਹਾਂ ਪਰਵਾਸੀਆਂ ਨੂੰ ਸੰਘਰਸ਼ ਕਰਕੇ ਆਪਣੀ ਹੋਂਦ ਨੂੰ ਕਾਇਮ ਰੱਖਣ ਦਾ ਬਲ ਬਖ਼ਸ਼ਿਆ ਹੈ, ਪਰ ਇਕ ਵਾਰ ਤਾਂ ਇਨ੍ਹਾਂ ਜੜ੍ਹਹੀਨ ਵਿਅਕਤੀਆਂ ਨੂੰ ਖਲਾਅ ਵਿਚ ਲਟਕਾ ਕੇ ਅਜਨਬੀਅਤ ਦਾ ਭਾਗੀ ਬਣਾਇਆ। ਦੂਸਰੇ ਪਾਸੇ ਇਸ ਦੇ ਨਾਲ ਨਾਲ ਹੀ ਪਰਵਾਸੀ ਮਨੁੱਖ ਨੂੰ ਆਪਣੇ ਪ੍ਰਵਾਨਿਤ ਅਤੇ ਅਪ੍ਰਵਾਨਿਤ ਰਿਸ਼ਤਿਆਂ ਨੂੰ ਵੀ ਤਿਲਾਂਜਲੀ ਦੇਣੀ ਪਈ, ਇਨ੍ਹਾਂ ਦੇ ਵਿਛੜਨ ਦਾ ਤ੍ਰਾਸ ਰੂਹ ਨੂੰ ਬੇਚੈਨ ਕਰਦਾ ਹੈ। ਤੇਜ਼-ਤਰਾਰ ਰਫ਼ਤਾਰ ਵਾਲੇ ਮੁਲਕਾਂ ਵਿਚ ਵਸੇਬਾ ਕਰਨ ਲਈ ਤਨ ਦੀ ਆਹੂਤੀ ਦੇਣੀ ਪੈਂਦੀ ਹੈ ਅਤੇ ਮਨ ਵੀ ਬੇਚੈਨੀ ਦੀ ਅਵਸਥਾ ਵਿਚੋਂ ਗੁਜ਼ਰਦਾ ਹੈ। ਕੁਲਵਿੰਦਰ-ਕਾਵਿ ਵਿਚ ਇਨ੍ਹਾਂ ਸਾਰੀਆਂ ਵਿਸਤ੍ਰਿਤ ਪਰਿਸਥਿਤੀਆਂ ਦੀ ਸਾਰਥਕ ਪੇਸ਼ਕਾਰੀ ਹੋਈ ਹੈ।

ਹੁਣ ਤਕ ਕੁਲਵਿੰਦਰ-ਕਾਵਿ ਵਿਚ ਪੰਜਾਬ ਸੰਕਟ ਅਤੇ ਪਰਵਾਸੀ-ਚੇਤਨਾ ਬਾਰੇ ਵਿਚਾਰ ਕੀਤੀ ਗਈ ਹੈ। ਕੁਝ ਕੁ ਥੀਮ ਅਜਿਹੇ ਹਨ ਜੋ ਇਕ ਦੂਸਰੇ ਨਾਲ ਅੰਤਰ-ਸਬੰਧਿਤ ਹਨ। ਇਨ੍ਹਾਂ ਮੁੱਖ ਥੀਮਾਂ ਵਿਚ ਵਿਯੋਗ, ਖੰਡਿਤ ਹੋਂਦ, ਕ੍ਰਾਂਤੀ ਦਾ ਰੁਮਾਂਸ, ਸਾਧਾਰਨਤਾ ਵਿਚੋਂ ਅਸਾਧਾਰਨਤਾ ਦੀ ਪਛਾਣ, ਬ੍ਰਹਿਮੰਡਕ ਚੇਤਨਾ ਆਦਿ ਦੇ ਹਨ। ਕੁਲਵਿੰਦਰ-ਕਾਵਿ ਸਰਲਤਾ ਦਾ ਲਿਖਾਇਕ ਨਹੀਂ ਸਗੋਂ ਜਟਿਲਤਾ ਦਾ ਧਾਰਨੀ ਹੈ। ਸਰਲਤਾ ਅਤੇ ਜਟਿਲਤਾ ਦੋ ਵਿਰੋਧੀ ਨੁਕਤੇ ਹਨ, ਪਰ ਅੱਜ ਦੇ ਮਨੁੱਖ ਨੇ ਇਨ੍ਹਾਂ ਦੋਹਾਂ ਧਰਾਤਲਾਂ ਉੱਪਰ ਹੀ ਆਪਣੀ ਟੇਕ ਰੱਖੀ ਹੋਈ ਹੈ, ਇਸੇ ਲਈ ਇਹ ਪ੍ਰਕਿਰਤੀ ਕਈ ਵਾਰ ਅਜਨਬੀਪਨ ਵੀ ਬਣ ਜਾਂਦੀ ਹੈ। ਦੁਨੀਆਂ ਵਿਚ ਜਿੰਨੀ ਵੀ ਕਵਿਤਾ ਲਿਖੀ ਗਈ ਹੈ ਉਸ ਵਿਚ ਸਭ ਤੋਂ ਵਧੇਰੇ ਕਵਿਤਾ ਮਨੁੱਖੀ ਪਿਆਰ ਦੇ ਵਿਸ਼ੇ ਨਾਲ ਸਬੰਧਿਤ ਹੈ ਅਤੇ ਪਿਆਰ ਦੇ ਵਿਸ਼ੇ ਨਾਲ ਸਬੰਧਿਤ ਹੁੰਦਿਆਂ ਵੀ ਇਹ ਵਧੇਰੇ ਵਿਯੋਗ ਨਾਲ ਨਾਤਾ ਰੱਖਦੀ ਹੈ। ਪੰਜਾਬੀ ਕਵਿਤਾ ਦਾ ਤਾਂ ਆਦਿ ਬਿੰਦੂ ਹੀ ਵਿਯੋਗ ਨਾਲ ਸ਼ੁਰੂ ਹੁੰਦਾ ਹੈ। ਕੁਲਵਿੰਦਰ-ਕਾਵਿ ਵਿਚ ਵਿਯੋਗ ਦੇ ਨਮੂਨੇ ਹਨ:

* ਮੈਂ ਘਰੋਂ ਤੁਰਿਆ ਤਾਂ ਰਾਹ ਵਿਚ

ਪਲ ਕੁ ਭਰ ਇਕ ਅੱਗ ਮਿਲੀ ਸੀ

ਮੁੱਦਤਾਂ ਪਿੱਛੋਂ ਵੀ ਉਹ ਅੱਜ

ਤੀਕ ਮਨ ਸੁਲਗ ਰਹੀ ਹੈ

* ਜੁਦਾ ਹੋਏ ਸੀ ਜਿਸ ਥਾਂ ਅਸੀਂ ਜੋ ਮੁੱਦਤਾਂ ਪਹਿਲਾਂ

ਅਜੇ ਤੀਕਰ ਵੀ ਚੀਕਾਂ ਨੇ ਓਸ ਖੰਡਰ ਵਿਚੋਂ ਸੁਣਦੀਆਂ

* ਉਹ ਮੇਰੀ ਜ਼ਿੰਦਗੀ ਵਿਚ ਪਲ ਕੁ ਭਰ ਸੀ, ਜਾਂ ਨਹੀਂ ਸੀ

ਮਗਰ ਮੈਂ ਕਿਊਂ ਉਦ੍ਹੇ ਬਾਰੇ ਹਮੇਸ਼ਾ ਸੋਚਦਾ ਹਾਂ

* ਚੁੱਪ ਨੇ ਪੌਣਾਂ, ਉਦਾਸੀ ਚਾਂਦਨੀ, ਖ਼ਾਮੋਸ਼ ਝਾਂਜਰ

ਤੇਰੇ ਬਾਝੋਂ ਸ਼ਹਿਰ ਦੀ ਹਰ ਚੀਜ਼ ਹੀ ਪਥਰਾ ਗਈ ਸੀ

* ਘਰ, ਨਗਰ, ਰਿਸ਼ਤਾ ਵੀ ਹਰ ਇਕ,

ਕਬਰ ਪਿਉ ਦੀ, ਮਾਂ ਉਦਾਸ

ਦੇਸ਼ ਛੱਡ ਆਇਆ ਹਾਂ ਿਕ

ਕੀ ਉਸ ਕੁੜੀ ਦੇ ਨਾਲ ਨਾਲ

ਵਿਅਕਤੀ ਦੇ ਜੀਵਨ ਦੀਆਂ ਖ਼ਾਹਿਸ਼ਾਂ ਵਿਚ ਵਿਅਕਤੀਗਤ, ਸਮਾਜਿਕ, ਸਭਿਆਚਾਰਕ, ਧਾਰਮਿਕ, ਰਾਸ਼ਟਰੀ, ਅੰਤਰ-ਰਾਸ਼ਟਰੀ ਬੰਧਨ ਆਦਿ ਕਾਰਨ ਬਣਦੇ ਹਨ। ਅਧੂਰੇ ਸੁਪਨੇ ਅਤੇ ਖ਼ਾਹਿਸ਼ਾਂ ਮਨੁੱਖੀ ਅਵਚੇਤਨ ਵਿਚ ਦੱਬੇ ਜਾਂਦੇ ਹਨ, ਫਿਰ ਆਹਿਸਤਾ ਆਹਿਸਤਾ ਇਹ ਅਵਚੇਤਨ ਮਨ ਵਿਚ ਦੱਬੇ ਹੋਏ ਅਹਿਸਾਸ ਸਿਰਜਨਾਤਮਕਤਾ ਰਾਹੀਂ ਉਜਾਗਰ ਹੁੰਦੇ ਹਨ। ਰੁਮਾਂਟਿਕ ਕਵੀ ਬਾਰ ਬਾਰ ਵਿਛੜੇ ਪਲਾਂ ਨੂੰ ਵਾਪਸ ਬੁਲਾਉਂਦਾ ਹੈ ਅਤੇ ਆਪਣੀ ਹੋਂਦ ਦਾ ਪ੍ਰਗਟਾਵਾ ਪ੍ਰਕਿਰਤੀ ਦੇ ਰੂਪਕਾਂ ਰਾਹੀਂ ਕਰਦਾ ਹੈ। ਜਗਤ ਪ੍ਰਸਿੱਧ ਮਨੋਵਿਗਿਆਨੀ ਯਕ ਲਾਕਾਂ ਨੇ ਇਸ ਨੂੰ ਦਰਪਣ ਪੜਾਉ ਦੇ ਪ੍ਰਤੀਕ ਰਾਹੀਂ ਸਮਝਾਉਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਰੂਪਕਾਂ, ਤਸ਼ਬੀਹਾਂ ਅਤੇ ਬਿੰਬਾਂ ਦੀ ਪ੍ਰਕਿਰਤੀ ਸਕਾਰਾਤਮਕ ਹੁੰਦੀ ਹੈ। ਕਵੀ ਆਪਣੀ ਹੋਂਦ ਨੂੰ ਇਨ੍ਹਾਂ ਰੂਪਕਾਂ ਦੇ ਦਰਪਣ ਰਾਹੀਂ ਵੇਖਦਾ ਹੈ। ਪੰਜਾਬੀ ਦੇ ਵਧੇਰੇ ਕਵੀਆਂ ਵਿਚ ਸਕਾਰਾਤਮਕ ਮਾਨਸਿਕਤਾ ਨੂੰ ਚਿਤਰਨ ਦੇ ਵਿਪਰੀਤ ਨਿਖੇਧਾਤਮਕ ਮਾਨਸਿਕਤਾ ਦਾ ਪ੍ਰਗਟਾਵਾ ਵਧੇਰੇ ਹੋਇਆ ਹੈ। ਕੁਲਵਿੰਦਰ ਦੀਆਂ ਗ਼ਜ਼ਲ ਰਚਨਾਵਾਂ ਵਿਚ ਵੀ ਮਨੁੱਖੀ ਹੋਂਦ ਦੇ ਨਿਖੇਧਾਤਮਕ ਬਿੰਬ ਥਾਂ-ਪਰ-ਥਾਂ ਮਿਲਦੇ ਹਨ:

* ਸੁਲਗਦੀ ਰਾਤ ਹੈ, ਬਲਦਾ ਬਿਰਖ,

ਤਾਰਾ ਟੁੱਟਦਾ ਹੋਇਆ

ਮੈਂ ਖੁ਼ਦ ਵੀ ਹੋ ਗਿਆ ਟੁਕੜੇ

ਇਹ ਮੰਜ਼ਰ ਦੇਖਦਾ ਹੋਇਆ

* ਨਾ ਐਵੇਂ ਹੋਂਦ ਨੂੰ ਪਰਖੋ ਗੁਆਚ ਜਾਵੋਗੇ

ਬੜਾ ਅਜੀਬ ਹੈ ਮੇਰੀ ਇਹ ਹੋਂਦ ਦਾ ਜੰਗਲ

* ਕੀ ਪਤਾ ਸੀ ਇਸ ਤਰ੍ਹਾਂ ਦਾ

ਦਿਨ ਵੀ ਇਕ ਦਿਨ ਆਏਗਾ

ਮੈਨੂੰ ਮੇਰਾ ਆਪਣਾ ਪਰਛਾਵਾਂ ਹੀ ਛੱਡ ਜਾਵੇਗਾ

* ਬਰਫ਼ ਬਣ ਕੇ ਹੀ ਪਰਤਿਆ ਘਰ ਨੂੰ

ਅੱਗ ਬਣ ਕੇ ਸੀ ਨਿਕਲਿਆ ਸ਼ਾਇਦ

* ਉਹ ਮਲਬੇ ਹੇਠ ਬੇਸ਼ੱਕ ਦਫ਼ਨ ਹੋ ਚੁੱਕਿਆ ਹੈ ਚਿਰ ਤੋਂ

ਅਜੇ ਤੀਕ ਚੀਕ ਉਸ ਦੀ ਸੁਣ ਰਹੀ ਹੈ ਖੰਡਰਾਂ ਵਿਚੋਂ

* ਆਪਾਂ ਰੰਗਾਂ ਤੋਂ ਕੀ ਲੈਣਾ

ਆਪਾ ਮਹਿਕਾਂ ਤੋਂ ਕੀ ਲੈਣਾ

ਆਪਣੇ ਮੱਥੇ ਉੱਪਰ ਲਿਖਿਆ

ਸੜਦੇ ਫੁੱਲਾਂ ਦਾ ਸਿਰਨਾਵਾਂ

* ਤੁਸੀਂ ਸੋਚੋ ਤਾਂ ਇਕ ਬਿੰਦੂ ਜਿਹੇ ਹੋ

ਏਸ ਧਰਤੀ ’ਤੇ

ਤੇ ਇਹ ਧਰਤੀ ਵੀ ਇਕ ਬਿੰਦੂ ਜਿਹੀ ਹੈ

ਨੀਲ ਅੰਬਰ ਵਿਚ

ਮੁਕਾਬਲੇ ਦੇ ਯੁੱਗ ਵਿਚ ਰਹਿੰਦਿਆਂ ਹੋਇਆਂ ਬੰਦੇ ਦੀ ਹੋਂਦ ਬਹੁਤ ਹੀ ਨਿਗੂਣੀ ਬਣ ਚੁੱਕੀ ਹੈ। ਅਸਤਿੱਤਵੀ ਦ੍ਰਿਸ਼ਟੀਕੋਣ ਅਨੁਸਾਰ ਮਨੁੱਖ ਉਹ ਨਹੀਂ ਜੋ ਸੋਚਦਾ ਹੈ ਬਲਕਿ ਉਹ ਹੈ ਜੋ ਉਹ ਜਿਉਂਦਾ ਹੈ। ਕਿਰਕੇਗਾਰਦ, ਸਾਰਤਰ, ਦੋਸਤੋਵਸਕੀ, ਕਾਮੂ ਆਦਿ ਵਿਸ਼ਵ ਪ੍ਰਸਿੱਧ ਲੇਖਕਾਂ ਨੇ ਅਸਤਿੱਤਵੀ ਹੋਂਦ ਬਾਰੇ ਸਾਹਿਤ ਦੀ ਰਚਨਾ ਕੀਤੀ ਹੈ। ਪੰਜਾਬੀ ਵਿਚ ਸਿਮਰਿਤੀ ਦੇ ਕਿਰਨ ਤੋਂ ਪਹਿਲਾਂ (ਜ. ਸ. ਨੇਕੀ), ਨ ਧੁੱਪੇ ਨ ਛਾਵੇਂ (ਹਰਿਭਜਨ ਸਿੰਘ), ਮੈਂ ਤੇ ਮੈਂ (ਸ਼ਿਵ ਕੁਮਾਰ), ਆਪਣਾ ਆਪਣਾ ਆਕਾਸ਼ (ਅਜਾਇਬ ਕਮਲ) ਆਦਿ ਲੇਖਕਾਂ ਨੇ ਅਸਤਿੱਤਵੀ ਦ੍ਰਿਸ਼ਟੀ ਤੋਂ ਕਾਵਿ-ਰਚਨਾਵਾਂ ਦੀ ਰਚਨਾ ਕੀਤੀ ਹੈ। ਹਰਿਭਜਨ ਸਿੰਘ ਨੇ ‘ਰੁੱਖ ਤੇ ਰਿਸ਼ੀ’ ਵਿਚ ਸਾਧਾਰਨ ਮਨੁੱਖ ਦੀ ਹੈਸੀਅਤ ਵਿਚ ਅਸਾਧਾਰਨਤਾ ਦੇ ਬੀਜ ਅਤੇ ਵਿਅਕਤੀ ਵਿਸ਼ੇਸ਼ ਭਾਵ ਰਿਸ਼ੀ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਇਸੇ ਪ੍ਰਭਾਵ ਅਧੀਨ ਕੁਲਵਿੰਦਰ-ਕਾਵਿ ਵਿਚ ਵੀ ਬੰਦੇ ਦੀ ਇਹ ਨਿਗੂਣੀ ਜਿਹੀ ਨਿਖੇਧਾਤਮਕ ਹੋਂਦ ਇਕ ਪਾਸੇ ਆਪਣੀ ਹਸਤੀ ਨੂੰ ਖ਼ਤਮ ਕਰ ਚੁੱਕੀ ਹੈ ਅਤੇ ਦੂਜੇ ਪਾਸੇ ਇਹ ਇਨਕਲਾਬੀ ਚਿਹਨਾਂ ਰਾਹੀਂ ਨਵੇਂ ਸਰੂਪ ਵਿਚ ਪ੍ਰਗਟ ਹੋ ਰਹੀ ਹੈ।

ਅੱਜ ਦਾ ਮਨੁੱਖ ਗਲੋਬਲ ਮੰਡੀ ਅਤੇ ਖ਼ਪਤ ਦੇ ਯੁੱਗ ਵਿਚ ਰਹਿ ਰਿਹਾ ਹੈ। ਰਿਸ਼ਤੇ-ਨਾਤੇ, ਪਿਆਰ-ਮੁਹੱਬਤ ਅਤੇ ਮਾਨਵੀ-ਸੁਹਿਰਦਤਾ ਵਰਗੇ ਜੀਵਨ ਮੁੱਲ ਆਪਣੇ ਮੂਲ ਧਰਾਤਲਾਂ ਤੋਂ ਤਿਲ੍ਹਕ ਕੇ ਪਿੱਠ ਭੂਮੀ ਵਿਚ ਚਲੇ ਗਏ ਹਨ, ਮਾਨੋ ਸੁਹਿਰਦਤਾ ਦਾ ਕਾਲ ਹੀ ਪਿਆ ਹੋਇਆ ਹੈ ਅਤੇ ਹਰ ਸੀਨੇ ਵਿਚ ਸੁਆਰਥ ਦੀ ਅੱਗ ਬਲ ਰਹੀ ਹੈ, ਸੋ ਅਜਿਹੀਆਂ ਅਮਾਨਵੀ ਸਥਿਤੀਆਂ ਵਿਚ ਉਹ ਪ੍ਰਗਤੀਵਾਦੀ ਸੰਕਲਪਾਂ ਦੀ ਪੁਨਰ ਸਿਰਜਣਾ ਕਰਦਾ ਹੈ। ਉਸ ਨੂੰ ਯਥਾਰਥਕ ਹਾਲਤ ਦਾ ਗਹਿਰਾ ਗਿਆਨ ਹੈ, ਇਸਦੇ ਬਾਵਜੂਦ ਹਨੇਰੇ ਜੰਗਲਾਂ ਵਿਚ ਉਹ ਇਕ-ਅੱਧ ਦੀਵਾ ਜਗਾਉਣ ਦੀ ਪਹਿਲ ਕਰਦਾ ਹੈ:

* ਮੈਂ ਨਹੀਂ ਸੂਰਜ ਕਿ ਹਰ ਸ਼ਾਮ ਨੂੰ ਢਲਦਾ ਰਹਾਂਗਾ

ਮੈਂ ਬੜਾ ਨਿੱਕਾ ਜਿਹਾ ਦੀਵਾ ਹਾਂ ਪਰ ਬਲਦਾ ਰਹਾਂਗਾ

* ਤੁਸੀਂ ਸੁੱਕਾ ਜਿਹਾ ਪੱਤਰ ਸਮਝ ਕੇ ਹੀ ਨਾ ਲੂਹ ਦੇਣਾ

ਛਪੇ ਹੋਏ ਨੇ ਲੱਖਾਂ ਰੰਗ ਹੀ ਇਸ ਖੁਸ਼ਕ ਪੱਤਰ ਵਿਚ

* ਮੈਂ ਸ਼ਾਮ ਵੇਲੇ ਦੁਆ ਹਾਂ ਕਰਦਾ,

ਉਦਾਸ ਬਸਤੀ ’ਚ ਬੀਜ ਪੁੰਗਰਣ

ਕਿ ਮਰਨੋਂ ਪਹਿਲਾਂ ਹਰੇਕ ਘਰ ਵਿਚ,

ਮੈਂ ਸੂਹੇ ਫੁੱਲਾਂ ਨੂੰ ਦੇਖਣਾ ਹੈ

* ਇਕ ਪਰਿੰਦਾ ਪਿੰਜਰੇ ਦੀ ਕੈਦ

ਵਿਚ ਹੀ ਮਰ ਗਿਆ ਹੈ

ਮਰਕੇ ਵੀ ਪਰ ਉਸ ਦੀਆਂ

ਅੱਖਾਂ ’ਚ ਅੰਬਰ ਦਿਸ ਰਹੇ ਨੇ

* ਜ਼ਿੰਦਗੀ ਲੜਨਾ ਅਜੇ ਹੈ ਸੁਰਖ ਮੌਸਮ ਵਾਸਤੇ

ਵਕਤ ਜਦ ਹੋਇਆਂ ਤਾਂ ਤੇਰੀ ਜ਼ੁਲਫ ਸੁਲਝਾਵਾਂਗਾ ਮੈਂ

* ਬਦਲ ਦਿਆਂਗਾ ਕਦੇ ਬਰਫ਼ ਨੂੰ ਮੈਂ ਚਿਣਗਾਂ ਵਿਚ

ਮੈਂ ਬਰਫ਼ ਵਿਚ ਕਦੇ ਸੂਰਜ ਲਿਆ ਦਿਖਾਵਾਂਗਾ

* ਹੈ ਕਮ ਏਥੇ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਵੀ

ਇਸ ਉੱਜੜੇ ਘਰ ’ਚ ਇਕ ਦੀਵਾ ਜਗਾ ਕੇ ਕੀ ਕਰੋਗੇ?

ਕੁਲਵਿੰਦਰ-ਕਾਵਿ ਵਿਚੋਂ ਇਕ ਆਦਰਸ਼ਵਾਦੀ ਮਨੁੱਖ ਦੀ ਝਾਤ ਪੈਂਦੀ ਹੈ। ਮਨੁੱਖ ਦੇ ਸੁਨਹਿਰੇ ਭਵਿੱਖ ਲਈ ਉਹ ਸੰਘਰਸ਼ਸ਼ੀਲ ਹੈ। ਕੋਈ ਸਮਾਂ ਸੀ ਜਦੋਂ ਪਿਆਰ ਕਵਿਤਾ ਨੂੰ ਪ੍ਰਗਤੀਵਾਦੀ ਕਵਿਤਾ ਦੇ ਵਿਰੋਧ ਵਿਚ ਦਰਸਾਇਆ ਜਾਂਦਾ ਸੀ, ਫੇਰ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਪਿਆਰ ਕਵਿਤਾ ਨੂੰ ਪ੍ਰਗਤੀਵਾਦੀ ਕਵਿਤਾ ਦੇ ਸਹਿਯੋਗ ਵਿਚ ਰੱਖ ਕੇ ਵੇਖਿਆ ਗਿਆ। ਸੋ ਪਿਆਰ ਕਵਿਤਾ ਨੂੰ ਕਿਸੇ ਤਰ੍ਹਾਂ ਨਾਲ ਵੀ ਨਿਖੇਧਾਤਮਕ-ਕਵਿਤਾ ਦੇ ਤੌਰ ’ਤੇ ਨਹੀਂ ਦੇਖਿਆ ਜਾਣਾ ਚਾਹੀਦਾ।

ਸਮਕਾਲੀ ਦੌਰ ਦੇ ਮਨੁੱਖ ਦੀ ਮੂਲ ਸਮੱਸਿਆ ਇਹ ਹੈ ਕਿ ਇਸ ਦੀ ਇਕ ਪਾਸੇ ਹੋਂਦ ਲਘੂ ਹੈ, ਏਨੀ ਲਘੂ ਕਿ ਘਰਵਾਲੀ ਦੇ ਕੂੜਾ ਸੁੱਟਣ ਸਮੇਂ ਵੀ ਮਨੁੱਖ ਲੁਕਦਾ ਫਿਰਦਾ ਹੈ (ਹਰਿਭਜਨ ਸਿੰਘ), ਇਸਦੇ ਨਾਲ ਹੀ ਇਹ ਲਘੂ ਮਨੁੱਖ ਮਾਨਵੀ ਬਿਰਤੀ ਤੋਂ ਪਾਸਾ ਪਰਤ ਰਿਹਾ ਹੈ ਅਤੇ ਖ਼ੁਦਗਰਜ਼ੀ ਦੇ ਜੰਜਾਲ ਵਿਚ ਘਿਰ ਰਿਹਾ ਹੈ, ਸੰਵੇਦਨਸ਼ੀਲ ਕਵੀ ਨੇੇ ਇਸ ਮਨੁੱਖ ਦਾ ਕਾਇਆ ਕਲਪ ਕਰਕੇ ਸੰਘਰਸ਼ ਲਈ ਤਿਆਰ ਕਰਨਾ ਹੈ ਜਿਸ ਨਾਲ ਸਮਾਜਵਾਦੀ ਵਿਵਸਥਾ ਕਾਇਮ ਕੀਤੀ ਜਾ ਸਕੇ। ਕੁਲਵਿੰਦਰ ਨੂੰ ਗ਼ਜ਼ਲ ਦੇ ਰੂਪਾਕਾਰਕ-ਵਿਧਾਨ ਦੀ ਪੂਰੀ ਸੂਝ ਹੈ। ਜਿਹੜਾ ਫ਼ਲਸਫ਼ਾ ਉਹ ਪੇਸ਼ ਕਰ ਰਿਹਾ ਹੈ ਇਹ ਕਿਸੇ ਇਕ ਚਿੰਤਕ ਵਿਚ ਕਦੇ ਪੇਸ਼ ਨਹੀਂ ਹੋਇਆ। ਕੁਲਵਿੰਦਰ ਦੀ ਖ਼ਾਸੀਅਤ ਇਹ ਹੈ ਕਿ ਉਸ ਨੇ ਸਾਰੇ ਫ਼ਲਸਫ਼ਿਆਂ ਨੂੰ ਇਕੱਠਿਆਂ ਕਰਕੇ ਨਵੇਂ ਸਮਾਜਵਾਦੀ ਨਿਜ਼ਾਮ ਦੀ ਕਲਪਨਾ ਲਈ ਵਰਤਿਆ ਹੈ। ਉਹ ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ ਹੈ। ਕੁਲਵਿੰਦਰ ਲਈ ਆਉਣ ਵਾਲੇ ਸਮੇਂ ਵਿਚ ਕੁਝ ਚੁਣੌਤੀਆਂ ਵੀ ਹਨ। ਇਹ ਚੁਣੌਤੀਆਂ ਪੂਰਵਲੀ ਕਾਵਿ ਪਰੰਪਰਾ ਵਿਚੋਂ ਆਏ ਥੀਮਿਕ-ਪਾਸਾਰਾਂ, ਮੋਟਿਫ਼ਾਂ ਅਤੇ ਰੂਪਕਾਂ ਦੀਆਂ ਹਨ। ਕੁਲਵਿੰਦਰ ਪੁਰਾਣੇ ਰੂਪਕਾਂ ਦੀ ਆਪਣੇ ਕਾਵਿ ਵਿਚ ਵਰਤੋਂ ਕਰ ਸਕਦਾ ਹੈ, ਪਰ ਉਸਦੀ ਵਰਤੋਂ ਲਈ ਉਸਨੂੰ ਹੋਰ ਸੁਚੇਤ ਹੋਣਾ ਪਵੇਗਾ। ਇਸ ਨਾਲ ਇਕ ਤਾਂ ਕੁਲਵਿੰਦਰ ਦੀ ਕਾਵਿ ਵਿਲੱਖਣਤਾ ਕਾਇਮ ਹੋਵੇਗੀ ਅਤੇ ਦੂਸਰਾ ਉਹ ਆਪਣੇ ਕਾਵਿ ਵਿਚ ਮੌਲਿਕ ਮੁਹਾਵਰੇ ਦੀ ਸਿਰਜਣਾ ਕਰਨ ਦੇ ਵਧੇਰੇ ਯੋਗ ਹੋ ਸਕੇਗਾ।

ਸੰਪਰਕ: 98552-04102

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All