ਫੋਟੋ : The Tribune India

ਪਰਵਾਸ ਕਹਾਣੀ

ਫੋਟੋ

ਫੋਟੋ

ਸੁਰਿੰਦਰ ਸਿੰਘ ਰਾਏ

ਸੁਰਿੰਦਰ ਸਿੰਘ ਰਾਏ

“ਸੁਖਦੇਵ ਸਿਆਂ, ਆਹ ਮੁੰਡਾ ਐ ਮੇਰਾ ਕਮਲ। ਇਹ ਦਸਵੀਂ ਜਮਾਤ ’ਚ ਪੜ੍ਹਦਾ ਐ। ਤੂੰ ਇਹਨੂੰ ਵੀ ਤੇਜਬੀਰ ਨਾਲ ਕੁਝ ਪੜ੍ਹਾ ਦਿਆ ਕਰ। ਤੇਰੇ ਮੁੰਡੇ ਨਾਲ ਇਹਦਾ ਵੀ ਬੇੜਾ ਪਾਰ ਹੋ ਜਾਊ। ਆਹਾਂ, ਤੈਨੂੰ ਤਾਂ ਪੜ੍ਹਾਈ ਬਾਰੇ ਪਤਾ ਐ।” ਇੱਕ ਦਿਨ ਸਾਡੇ ਘਰ ਆਉਂਦਿਆਂ ਹੀ ਕਮਲ ਦੀ ਮੰਮੀ ਨੇ ਆਖਿਆ। ਕਮਲ ਦੀ ਮੰਮੀ ਦੀ ਇਹ ਗੱਲ ਸੁਣ ਕੇ ਮੇਰੇ ਡੈਡੀ ਚੁੱਪ ਰਹੇ।

“ਮਾਹਟਰ, ਦੇਖੀਂ ਕਿਤੇ ਮੁੱਕਰ ਨਾ ਜਾਈਂ। ਮੈਂ ਬੜੇ ਮਾਣ ਨਾਲ ਤੇਰੇ ਕੋਲ ਆਈ ਆਂ।” ਮੇਰੇ ਡੈਡੀ ਦੀ ਚੁੱਪੀ ਵੇਖ ਕਮਲ ਦੀ ਮੰਮੀ ਦੁਬਾਰਾ ਬੋਲੀ।

“ਗੁਰਮੀਤ ਕੌਰੇ, ਤੇਰਾ ਮੁੰਡਾ ਦਸਵੀਂ ਜਮਾਤ ਵਿੱਚ ਪੜ੍ਹਦਾ ਐ, ਪਰ ਤੇਜਬੀਰ ਤਾਂ ਅਜੇ ਸੱਤਵੀਂ ’ਚ ਆ। ਉਹਦੀ ਪੜ੍ਹਾਈ ਹੋਰ ਐ, ਇਹਦੀ ਹੋਰ ਐ।” ਗੁਰਮੀਤ ਕੌਰ ਦੀ ਗੱਲ ਸੁਣ ਕੇ ਮੇਰੇ ਡੈਡੀ ਨੇ ਆਖਿਆ।

“ਸੁਖਦੇਵ ਸਿਆਂ, ਗੱਲ ਐਦਾਂ ਐਂ ਨਾ, ਸਾਡੇ ਜ਼ਿਮੀਂਦਾਰਾਂ ਦੇ ਰਾਤ ਨੂੰ ਨੌਂ-ਦਸ ਵਜੇ ਤੱਕ ਤਾਂ ਘਰਾਂ ਦੇ ਕੰਮ ਈ ਨ੍ਹੀਂ ਮੁੱਕਦੇ। ਇਹਨੂੰ ਵਿਚਾਰੇ ਨੂੰ ਪੜ੍ਹਨ ਦਾ ਟੈਮ ਕਿਆ ਮਿਲਣਾ ਐਂ। ਇੱਥੇ ਤੇਜਬੀਰ ਤੇ ਕਮਲ ’ਕੱਠੇ ਪੜ੍ਹ ਲਿਆ ਕਰੂਗੇ। ਤੇਰੇ ਆਸਰੇ ਨਾਲ ਦਸਵੀਂ ਪਾਸ ਕਰ ਕੇ ਫ਼ੌਜ ਵਿੱਚ ਭਰਤੀ ਹੋ ਜੂ। ਆਹਾਂ, ਆਹਰੇ ਲੱਗ ਕੇ ਤੈਨੂੰ ਅਸੀਸਾਂ ਦਿਆ ਕਰੂਗਾ।”

“ਗੁਰਮੀਤ ਕੌਰ, ਪੜ੍ਹ ਤਾਂ ਲਿਆ ਕਰੇ, ਪਰ ਰਾਤ ਨੂੰ ਵਾਪਸ ਕਿੱਦਾਂ ਜਾਇਆ ਕਰੂ। ਪਿੰਡ ਦੇ ਪਰਲੇ ਬੰਨੇ ਤਾਂ ਤੇਰਾ ਘਰ ਆ।”

“ਔਹ ਗਲੀ ਵਾਲੇ ਪਾਸੇ ਤੇਰਾ ਕਮਰਾ ਹੈਗਾ ਈ ਆ। ਉੱਥੇ ਦੋਏ ਜਣੇ ’ਕੱਠੇ ਪੜ੍ਹ ਲਏ, ਉੱਥੇ ਈ ਸੌਂ ਗਏ। ਤੇਜਬੀਰ ਵੀ ਉੱਥੇ ਈ ਪੜ੍ਹਦਾ ਹੁੰਦਾ ਐ।”

“ਗੁਰਮੀਤ ਕੌਰੇ, ਉਹ ਤਾਂ ਠੀਕ ਐ, ਪਰ ਇਹਦੇ ਲਈ ਵੱਖਰਾ ਬੈੱਡ ਵੀ ਚਾਹੀਦੈ।”

“ਮੰਜਾ-ਬਿਸਤਰਾ ਮੈਂ ਆਪੇ ਇਹਨੂੰ ਘਰੋਂ ਲਿਆ ਦਊਂ। ਸੁਖਦੇਵ ਸਿਆਂ, ਉਹ ਨਾ ਤੂੰ ਫ਼ਿਕਰ ਕਰ।” ਮੇਰੇ ਡੈਡੀ ਦੀ ਇਹ ਗੱਲ ਸੁਣ ਕੇ ਗੁਰਮੀਤ ਕੌਰ ਝੱਟ ਬੋਲੀ।

“ਸੁਖਦੇਵ ਸਿਆਂ, ਨਾਲੇ ਤੇਰੇ ਘਰ ਤਾਂ ਨਿਆਣਿਆਂ ਦੇ ਪੜ੍ਹਨੇ ਲਈ ਲੈਟ ਵੀ ਹੈਗੀ ਐ। ਮਾਤ੍ਵੜਾਂ ਦੇ ਘਰ ਤਾਂ ਅਜੇ ਬਿਜਲੀ ਵੀ ਨ੍ਹੀਂ ਲੱਗੀ। ਆਹਾਂ, ਬਿਜਲੀ ਦੀ ਲੈਟ ਵਿੱਚ ਨਿਆਣੇ ਸੌਖਾ ਪੜ੍ਹ ਲੈਂਦੇ ਆ।” ਮੇਰੇ ਡੈਡੀ ਨੂੰ ਜੱਕੋ-ਤੱਕੀ ਵਿੱਚ ਪਏ ਵੇਖ ਗੁਰਮੀਤ ਕੌਰ ਫਿਰ ਬੋਲੀ।

“ਗੁਰਮੀਤ ਕੌਰੇ, ਬਿਜਲੀ ਤਾਂ ਕਈ ਵੇਰ ਚਲੇ ਵੀ ਜਾਂਦੀ ਐ। ਫਿਰ ਕਈ-ਕਈ ਘੰਟੇ ਨ੍ਹੀਂ ਆਉਂਦੀ।”

“ਸੁਖਦੇਵ ਸਿਆਂ, ਫਿਰ ਤਾਂ ਕਿਆ ਹੋਇਆ। ਮੇਰੇ ਮੁੰਡੇ ਕੋਲ ਲਾਲਟੈਨ ਹੋਇਆ ਈ ਕਰਨੀ ਆਂ। ਮੁੰਡੇ ਉਹਦੇ ਨਾਲ ਪੜ੍ਹ ਲਿਆ ਕਰੂਗੇ।”

“ਗੁਰਮੀਤ ਕੌਰੇ, ਮੈਨੂੰ ਤਾਂ ਕੋਈ ਇਤਰਾਜ਼ ਨ੍ਹੀਂ ਐਂ। ਜੇ ਤੇਰਾ ਮੁੰਡਾ ਪੜ੍ਹਨਾ ਚਾਹੁੰਦਾ ਐ ਤਾਂ ਆ ਜਾਇਆ ਕਰੇ।” ਮੇਰੇ ਡੈਡੀ ਦੇ ਇੰਜ ਆਖਣ ’ਤੇ ਗੁਰਮੀਤ ਕੌਰ ਖ਼ੁਸ਼ ਹੋ ਗਈ। ਮੈਂ ਤੇ ਕਮਲ ਉਸ ਤੋਂ ਵੀ ਵਧੇਰੇ ਖ਼ੁਸ਼ ਸਾਂ। ਕਮਲ ਨੇ ਦੂਸਰੇ ਦਿਨ ਤੋਂ ਹੀ ਮੇਰੇ ਕੋਲ ਆਉਣਾ ਸ਼ੁਰੂ ਕਰ ਦਿੱਤਾ।

ਸਾਡੇ ਪੜ੍ਹਨ ਵਾਲੇ ਕਮਰੇ ਦਾ ਦਰਵਾਜ਼ਾ ਗਲੀ ਵਾਲੇ ਪਾਸੇ ਖੁੱਲ੍ਹਦਾ ਹੋਣ ਕਾਰਨ ਦਿਨ ਵੇਲੇ ਉਹ ਕਮਰਾ ਸਾਡਾ ਡਰਾਇੰਗ ਰੂਮ ਹੁੰਦਾ ਤੇ ਰਾਤ ਨੂੰ ਸਟੱਡੀ ਰੂਮ ਬਣ ਜਾਂਦਾ। ਦਿਨ ਛਿਪਦੇ ਸਾਰ ਹੀ ਮੈਂ ਆਪਣੇ ਪੜ੍ਹਨ ਵਾਲੇ ਕਮਰੇ ਵਿੱਚ ਚਲੇ ਜਾਂਦਾ। ਪੜ੍ਹਨਾ ਤਾਂ ਕੀ ਸੀ, ਬਸ ਬੈਠਾ ਆਪਣੇ ਸਾਥੀ ਦੀ ਉਡੀਕ ਕਰਦਾ ਰਹਿੰਦਾ। ਕਮਲ ਦੇ ਘਰ ਰੋਟੀ ਕੁਝ ਲੇਟ ਪੱਕਦੀ ਸੀ, ਇਸ ਲਈ ਉਹ ਮੇਰੇ ਕੋਲ ਰਾਤ ਨੂੰ ਅੱਠ-ਨੌਂ ਵਜੇ ਤੋਂ ਬਾਅਦ ਹੀ ਆਉਂਦਾ। ਉਸ ਨੇ ਇੱਕ ਹੱਥ ’ਚ ਲਾਲਟੈਨ ਫੜੀ ਹੁੰਦੀ ਤੇ ਦੂਜੇ ਹੱਥ ਸੋਟਾ ਅਤੇ ਕਿਤਾਬਾਂ ਵਾਲਾ ਬੈਗ ਉਸ ਨੇ ਮੋਢੇ ਲਟਕਾਇਆ ਹੁੰਦਾ। ਮੀਂਹ ਜਾਵੇ, ਹਨੇਰੀ ਜਾਵੇ ਉਹ ਬਿਨਾਂ ਨਾਗਾ ਮੇਰੇ ਕੋਲ ਪਹੁੰਚਦਾ।

“ਓਏ, ਕੌਣ ਆਂ ਤੂੰ? ਹੱਥ ਵਿੱਚ ਲਾਲਟੈਨ ਲੈ ਕੇ ਤੁਰਿਆ ਹੋਇਆਂ। ਉੱਪਰੋਂ ਅੱਗ ਵਰ੍ਹਦੀ ਪਈ ਆ। ਇਹ ਜੈਂਟਲਮੈਨ ਹੱਥ ਵਿੱਚ ਲਾਲਟੈਨ ਚੁੱਕੀ ਫਿਰਦਾ ਏ। ਤੈਂ ਸਾਰਾ ਪਿੰਡ ਮਰਾਉਣਾ ਐਂ ਓਏ।” ਇੱਕ ਦਿਨ ਰਾਤ ਨੂੰ ਹੱਥ ਵਿੱਚ ਲਾਲਟੈਨ ਫੜੀ ਤੁਰਦੇ ਜਾਂਦੇ ਕਮਲ ਦੇ ਪਿੱਛੋਂ ਇੱਕ ਜ਼ੋਰਦਾਰ ਕੜਕਵੀਂ ਆਵਾਜ਼ ਆਈ। ਪਰ ਕਮਲ ਨੇ ਆਵਾਜ਼ ਵੱਲ ਕੋਈ ਧਿਆਨ ਨਾ ਦਿੱਤਾ ਤੇ ਚੁੱਪ-ਚਾਪ ਆਪਣੇ ਆਪ ਵਿੱਚ ਮਗਨ ਤੁਰਿਆ ਰਿਹਾ।

“ਓ ਭਾਈ, ਕੌਣ ਆਂ ਤੂੰ? ਤੈਨੂੰ ਸੁਣਿਆਂ ਨ੍ਹੀਂ। ਪਿੱਛੋਂ ਤੈਨੂੰ ਸਾਹਿਬ ਆਵਾਜ਼ਾਂ ਮਾਰੀ ਜਾਂਦੇ ਆ ਤੇ ਤੂੰ ਫਿਰ ਨ੍ਹੀਂ ਰੁਕਦਾ।” ਤੁਰੇ ਜਾਂਦੇ ਕਮਲ ਨੂੰ ਪਿੱਛੋਂ ਅੱਖੜਵੀਂ ਜਿਹੀ ਆਵਾਜ਼ ਵਿੱਚ ਪਿੰਡ ਦੇ ਚੌਕੀਦਾਰ ਕਰਮੂ ਨੇ ਸਰਕਾਰੀ ਫੁਰਮਾਨ ਦੀ ਤਾਮੀਲ ਕਰਦੇ ਹੋਏ ਆਖਿਆ।

“ਕੋਈ ਸ਼ਰਾਬੀ ਕਬਾਬੀ ਹੋਣੈਂ। ਵੱਧ ਘੱਟ ਪੀਤੀ ’ਚ ਐਵੇਂ ਪਿੱਛੋਂ ਹਾਕਾਂ ਮਾਰੀ ਜਾਂਦੈ। ਬੰਦੇ ਲਾਲਟੈਨ ਨਾਲ ਮਰ ਜਾਣੇਂ ਐਂ। ਸਾਲਿਓ ਘੱਟ ਪੀਣੀ ਤੀ। ਐਵੇਂ ਹੁਣ ਗਲੀਆਂ ’ਚ ਧੱਕੇ ਖਾਂਦੇ ਫਿਰਦੇ ਆਂ।” ਕਮਲ ਇਵੇਂ ਸੋਚਦਾ ਹੋਇਆ ਮੂੰਹ ’ਚ ਬੁੜਬੁੜਾਉਂਦਾ ਅੱਗੇ-ਅੱਗੇ ਤੁਰਦਾ ਗਿਆ।

“ਇਹ ਕੋਈ ਜਸੂਸ ਲੱਗਦੈ। ਜਿਹਨੇ ਰਾਤ ਨੂੰ ਜਾਣ ਬੁੱਝ ਕੇ ਲਾਲਟੈਨ ਜਗਾਈ ਹੋਈ ਏ।” ਚੌਕੀਦਾਰ ਨਾਲ ਤੁਰੇ ਜਾਂਦੇ ਸਿਪਾਹੀ ਨੇ ਚੌਕੀਦਾਰ ਕਰਮੂ ਨੂੰ ਆਖਿਆ। “ਓ ਭਾਈ, ਤੈਨੂੰ ਸੁਣਦਾ ਨ੍ਹੀਂ। ਕੌਣ ਆਂ ਤੂੰ? ਬੋਲ਼ਾ ਹੋਇਐਂ? ਖੜ੍ਹ ਜਾ ਇੱਥੇ।” ਚੌਕੀਦਾਰ ਨੇ ਕਮਲ ਨੂੰ ਦੁਬਾਰਾ ਫਿਰ ਦਬਕਾ ਮਾਰ ਕੇ ਆਖਿਆ।

ਕਮਲ ਪਹਿਲਾਂ ਹੌਲੀ-ਹੌਲੀ ਤੁਰਦਾ ਸੀ, ਫਿਰ ਡਰ ਨਾਲ ਤੇਜ਼-ਤੇਜ਼ ਤੁਰਨ ਲੱਗ ਪਿਆ।

“ਚੱਲ ਚੌਂਕੀਦਾਰਾ, ਫੜ ਨੱਠ ਕੇ ਇਹਨੂੰ। ਕੌਣ ਆ ਇਹ ਰਾਤ ਨੂੰ ਗਲੀਆਂ ’ਚ ਲਾਲਟੈਨ ਲਈ ਫਿਰਦਾ।” ਸਿਪਾਹੀ ਨੇ ਚੌਕੀਦਾਰ ਨੂੰ ਹੁਕਮ ਦਿੱਤਾ।

ਚੌਕੀਦਾਰ ਨੇ ਦੌੜ ਕੇ ਕਮਲ ਦੀ ਲਾਲਟੈਨ ਖੋਹ ਲਈ ਤੇ ਨਾਲੇ ਉਸ ਨੂੰ ਬਾਂਹ ਤੋਂ ਫੜ ਲਿਆ। ਕਮਲ ਹੱਕਾ-ਬੱਕਾ ਹੋਇਆ ਇੱਧਰ-ਉੱਧਰ ਝਾਕ ਰਿਹਾ ਸੀ। ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਇਹ ਕੀ ਵਾਪਰਿਆ ਏ। ਚੌਕੀਦਾਰ ਨੇ ਛੇਤੀ-ਛੇਤੀ ਲਾਲਟੈਨ ਬੁਝਾ ਦਿੱਤੀ। ਠੰਢ ਦਾ ਮੌਸਮ ਹੋਣ ਕਾਰਨ ਸਭ ਲੋਕ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਘਰਾਂ ਦੇ ਅੰਦਰ ਸੁੱਤੇ ਪਏ ਸਨ।

“ਲਿਜਾਨੇ ਠਾਣੇਂ ਇਹਨੂੰ। ਕਰਦੇਂ ਇਨਕੁਆਰੀ ਇਹਦੀ। ਇਹ ਕੋਈ ਜਾਸੂਸ ਏ ਜਾਸੂਸ।” ਸਿਪਾਹੀ ਨੇ ਗੁੱਸੇ ’ਚ ਆਖਿਆ।

“ਮੈਂ ਤਾਂ ਪੜ੍ਹਨ ਚੱਲਿਆਂ ਤੇਜਬੀਰ ਕੋਲ। ਆਹ ਵੇਖੋ ਮੇਰੀਆਂ ਕਿਤਾਬਾਂ। ਲਾਲਟੈਨ ਤਾਂ ਮੈਂ ਨ੍ਹੇਰੇ ’ਚ ਰਾਹ ਵੇਖਣ ਲਈ ਫੜੀ ਹੋਈ ਆ। ਮੈਂ ਤਾਂ ਰੋਜ਼ ਤੇਜਬੀਰ ਕੋਲ ਪੜ੍ਹਨ ਜਾਨਾਂ ਵਾਂ।” ਕਮਲ ਨੇ ਬੜੀ ਨਿਮਰਤਾ ਨਾਲ ਸਿਪਾਹੀ ਨੂੰ ਜਵਾਬ ਦਿੱਤਾ।

“ਬਹੁਤਾ ਪੜ੍ਹਾਕੂ ਬਣੀ ਫਿਰਦੈ। ਤੈਂ ਸਾਰਾ ਪਿੰਡ ਮਰਾਉਣਾ ਓਏ। ਚੱਲ ਠਾਣੇ, ਤੈਨੂੰ ਬਣਾਉਨੇ ਬੰਦੇ ਦਾ ਪੁੱਤ। ਅਸੀਂ ਪਿੱਛੋਂ ਉੱਚੀ-ਉੱਚੀ ਆਵਾਜ਼ਾਂ ਮਾਰੀ ਜਾਂਦੇ ਆਂ ਤੇ ਇਹ ਸਾਹਿਬ ਸਾਡੀ ਪਰਵਾਹ ਈ ਨਹੀਂ ਕਰਦਾ। ਬਹੁਤਾ ਨਾਢੂ ਖਾਂ। ਚੱਲ ਚੌਂਕੀਦਾਰਾ, ਬਿਠਾਲ ਇਹਨੂੰ ਮੋਟਰ ਸਾਈਕਲ ’ਤੇ ਗੱਭੇ। ਪੁੱਛਨੇ ਆਂ ਠਾਣੇ ਜਾ ਕੇ ਇਹਨੂੰ।” ਸਿਪਾਹੀ ਉੱਚੀ ਦੇਣੀ ਚੀਕਵੀਂ ਆਵਾਜ਼ ਵਿੱਚ ਬੋਲਿਆ।

ਸਿਪਾਹੀ ਦੀ ਉੱਚੀ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਮੁਹੱਲੇ ਵਿੱਚ ਰੌਲਾ-ਰੱਪਾ ਜਿਹਾ ਪੈ ਗਿਆ। ਕੀ ਵਾਪਰਿਆ ਏ? ਹਰ ਕੋਈ ਸੁਣਨ ਲਈ ਉਤਾਵਲਾ ਸੀ। “ਇਹ ਤਾਂ ਪਿਆਰਾ ਸਿੰਘ ਦਾ ਵੱਡਾ ਮੁੰਡਾ ਐ ਜੀ। ਇਹ ਤਾਂ ਰੋਜ਼ ਲਾਲਟੈਨ ਲੈ ਕੇ ਤੇਜਬੀਰ ਕੋਲ ਪੜ੍ਹਨ ਜਾਂਦੈ। ਬਹੁਤ ਸ਼ਰੀਫ਼ ਮੁੰਡਾ ਐ ਜੀ ਇਹ।” ਜੁੜੀ ਭੀੜ ਵਿੱਚੋਂ ਇੱਕ ਬਜ਼ੁਰਗ ਨੇ ਸਿਪਾਹੀ ਨੂੰ ਆਖਿਆ।

“ਇਹਨੂੰ ਪਤਾ ਨ੍ਹੀਂ, ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਏ। ਤੇ ਇਹ ਸ਼ਰੀਫ਼ ਰਾਤ ਨੂੰ ਲਾਲਟੈਨ ਲੈ ਕੇ ਤੁਰਿਆ ਫਿਰਦਾ ਏ। ਇਹਦੀ ਸ਼ਰਾਫ਼ਤ ਨੇ ਤਾਂ ਸਾਰਾ ਪਿੰਡ ਈ ਮਰਵਾ ਦੇਣਾ ਸੀ।” ਸਿਪਾਹੀ ਫਿਰ ਗਰਜਿਆ।

“ਲਾਲਟੈਨ ਨਾਲ ਸਾਰਾ ਪਿੰਡ ਕਿੱਦਾਂ ਮਰ ਜਾਊਗਾ?” ਕਮਲ ਨੇ ਆਪਣੀ ਤਸੱਲੀ ਲਈ ਹੌਲੀ ਦੇਣੀਂ ਪੁੱਛਿਆ।

“ਓ ਮੂਰਖਾ, ਤੈਨੂੰ ਪਤਾ ਨ੍ਹੀਂ? ਦੁਸ਼ਮਣ ਦਾ ਜਹਾਜ਼ ਲਾਈਟ ਵੇਖ ਕੇ ਪਿੰਡ ’ਤੇ ਬੰਬ ਸੁੱਟ ਸਕਦੈ।” ਸਿਪਾਹੀ ਨੇ ਅੱਗੋਂ ਰੋਅ੍ਹਬ ਵਿੱਚ ਆਖਿਆ।

“ਚਲੋ, ਨਿਆਣਾ ਐਂ ਜੀ। ਅੱਜ ਮੁਆਫ਼ ਕਰ ਦਿਓ। ਕਾਕਾ ਅੱਗੇ ਤੋਂ ਲਾਲਟੈਨ ਲੈ ਕੇ ਨਾ ਆਇਆ ਕਰ। ਥੋੜ੍ਹਾ ਜਿਆ ਸਵੇਲੇ ਆ ਜਾਇਆ ਕਰ।” ਭੀੜ ਵਿੱਚੋਂ ਕੋਈ ਹੋਰ ਵਿਅਕਤੀ ਬੋਲਿਆ। ਉਸ ਵਿਅਕਤੀ ਦੀ ਗੱਲ ਮੰਨ ਕੇ ਸਿਪਾਹੀ ਨੇ ਕਮਲ ਨੂੰ ਅੱਗੇ ਤੋਂ ਇਹ ਗ਼ਲਤੀ ਨਾ ਕਰਨ ਦੀ ਚਿਤਾਵਨੀ ਦਿੱਤੀ ਤੇ ਫਿਰ ਉਹ ਤੇ ਚੌਕੀਦਾਰ ਅੱਗੇ ਚਲੇ ਗਏ। ਕਮਲ ਫਿਰ ਵੀ ਆਪਣੇ ਘਰ ਵਾਪਸ ਨਹੀਂ ਸੀ ਮੁੜਿਆ ਤੇ ਉਹ ਬੁਝੀ ਹੋਈ ਲਾਲਟੈਨ ਲੈ ਕੇ ਹੀ ਮੇਰੇ ਕੋਲ ਪਹੁੰਚ ਗਿਆ। ਜਦੋਂ ਉਸ ਨੇ ਮੈਨੂੰ ਇਹ ਸਾਰੀ ਘਟਨਾ ਦੱਸੀ ਤਾਂ ਮੈਂ ਵੀ ਹੱਕਾ-ਬੱਕਾ ਰਹਿ ਗਿਆ।

‘ਟੱਕ... ਟੱਕ... ਟੱਕ...’ ਪੀਪੇ ਦੇ ਖੜਕਣ ਦੀ ਆਵਾਜ਼ ਆਈ। “ਨਗਰ ਨਿਵਾਸੀ ਸਮਾਚਾਰ ਸੁਨੀਏਂ। ਤੁਹਾਨੂੰ ਪਤਾ ਈ ਐ, ਭਾਰਤ-ਪਾਕਿਸਤਾਨ ਦੀ ਲੜਾਈ ਛਿੜੀ ਹੋਈ ਐ। ਕਿਸੇ ਨੇ ਵੀ ਦਿਨ ਛਿਪਣ ਤੋਂ ਬਾਅਦ ਆਪਣੇ ਘਰ ਦੇ ਬਾਹਰ ਅੱਗ ਨ੍ਹੀਂ ਬਾਲਣੀ ਇਹ ਸਰਕਾਰ ਵੱਲੋਂ ਹੁਕਮ ਐ। ਰੌਸ਼ਨਦਾਨਾਂ ਤੇ ਦਰਵਾਜ਼ਿਆਂ ਵਿੱਚੋਂ ਵੀ ਰੌਸ਼ਨੀ ਬਾਹਰ ਨ੍ਹੀਂ ਦਿਸਣੀ ਚਾਹੀਦੀ। ਰੌਸ਼ਨੀ ਦੇਖ ਕੇ ਦੁਸ਼ਮਣ ਦਾ ਜਹਾਜ਼ ਬੰਬ ਸੁੱਟ ਸਕਦਾ, ਬੰਬ। ਜੇ ਕੋਈ ਓਪਰਾ ਬੰਦਾ ਵੀ ਪਿੰਡ ਵਿੱਚ ਦਿਖੇ ਤਾਂ ਵੀ ਠਾਣੇ ਇਤਲਾਹ ਦੇਣੀ ਆ। ਤੁਸਾਂ ਆਪਣਾ ਖਿਆਲ ਰੱਖਣਾ, ਖ਼ਿਆਲ। ਟੱਕ... ਟੱਕ... ਟੱਕ।” ਦੂਸਰੇ ਦਿਨ ਹੀ ਚੌਕੀਦਾਰ ਨੇ ਸ਼ਾਮ ਵੇਲੇ ਸਾਰੇ ਪਿੰਡ ਵਿੱਚ ਮੁਨਿਆਦੀ ਕਰ ਦਿੱਤੀ। ਲੋਕਾਂ ਦਾ ਧਿਆਨ ਖਿੱਚਣ ਲਈ ਉਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਵੀ ਪੀਪਾ ਖੜਕਾਉਂਦਾ ਤੇ ਬਾਅਦ ਵਿੱਚ ਵੀ। ਅਸੀਂ ਵੀ ਆਪਣੇ ਪੜ੍ਹਨ ਵਾਲੇ ਕਮਰੇ ਦੇ ਰੌਸ਼ਨਦਾਨਾਂ ਅੱਗੇ ਅਖ਼ਬਾਰਾਂ ਲਗਾ ਦਿੱਤੀਆਂ ਤਾਂ ਕਿ ਪੜ੍ਹਨ ਸਮੇਂ ਬਲਬ ਜਾਂ ਦੀਵੇ ਦੀ ਰੌਸ਼ਨੀ ਕਮਰੇ ਤੋਂ ਬਾਹਰ ਨਾ ਜਾਵੇ। ਕਮਲ ਹਰ ਰੋਜ਼ ਰਾਤ ਨੂੰ ਆਪਣਾ ਕਿਤਾਬਾਂ ਵਾਲਾ ਬੈਗ ਮੋਢੇ ਲਮਕਾ ਕੇ ਮੇਰੇ ਕੋਲ ਜ਼ਰੂਰ ਅੱਪੜਦਾ। ਪਰ ਹੁਣ ਉਹ ਲਾਲਟੈਨ ਲੈ ਕੇ ਨਹੀਂ ਸੀ ਆਉਂਦਾ। ਉਹ ਹੱਥ ਵਿੱਚ ਸੋਟਾ ਫੜ ਕੇ ਖੜਕਾਉਂਦਾ ਹੀ ਤੁਰਿਆ ਹੁੰਦਾ। ਕਈ ਵਾਰ ਕਮਲ ਦੀ ਮਾਂ ਵੀ ਉਸ ਨੂੰ ਸਾਡੇ ਘਰ ਛੱਡ ਜਾਂਦੀ ਤੇ ਨਾਲੇ ਸਾਨੂੰ ਚੰਗੇ ਪੜ੍ਹਾਕੂ ਬਣਨ ਦੀਆਂ ਨਸੀਹਤਾਂ ਦੇ ਜਾਂਦੀ।

“ਤੇਜਬੀਰ, ਆ ਅੱਜ ਆਪਾਂ ਇਕੱਠੇ ਫੋਟੋ ਖਿਚਾਈਏ। ਅਸੀਂ ਵੱਡੇ ਹੋ ਕੇ ਵੇਖਿਆ ਕਰਾਂਗੇ ਕਿ ਅਸੀਂ ਛੋਟੇ ਹੁੰਦੇ ਕਿਵੇਂ ਦੇ ਹੁੰਦੇ ਸੀ ਤੇ ਸਾਡਾ ਦੋਵਾਂ ਦਾ ਕਿੰਨਾ ਪਿਆਰ ਸੀ।” ਇੱਕ ਦਿਨ ਸਕੂਲ ਤੋਂ ਵਾਪਸ ਆਉਂਦੇ ਹੋਏ ਸ਼ਹਿਰ ਦੇ ਬਾਜ਼ਾਰ ਵਿੱਚੋਂ ਲੰਘਦਿਆਂ ਕਮਲ ਨੇ ਅਚਾਨਕ ਰੁਕ ਕੇ ਮੈਨੂੰ ਆਖਿਆ।

“ਠੀਕ ਆ, ਚੱਲ।” ਮੈਂ ਵੀ ਝੱਟ ਹਾਂ ਕਰ ਦਿੱਤੀ। ਤੇ ਨਾਲ ਹੀ ਪੁੱਛਿਆ, “ਕਿੰਨਾ ਕੁ ਖਰਚ ਆਵੇਗਾ?”

“ਅਸੀਂ ਦੋ ਫੋਟੋਆਂ ਬਣਾਉਣੀਆਂ ਨੇ। ਇੱਕ ਤੂੰ ਰੱਖ ਲਈਂ ਤੇ ਇੱਕ ਮੈਂ ਰੱਖ ਲਊਂ। ਵਿੱਚੇ ਮੜ੍ਹਾਈ ਮਸਾਂ ਪੰਜ-ਪੰਜ ਰੁਪਏ ਲੱਗਣਗੇ।” “ਪਰ ਮੇਰੇ ਕੋਲ ਤਾਂ ਅੱਜ ਕੋਈ ਪੈਸਾ ਨਹੀਂ ਏਂ।” ਮੈਂ ਆਖਿਆ। “ਪੈਸੇ ਕਿਹੜੇ ਅਸੀਂ ਅੱਜ ਈ ਦੇਣੇ ਆਂ। ਜਿੱਦਣ ਫੋਟੋਆਂ ਲਵਾਂਗੇ, ਉਸ ਦਿਨ ਦੇ ਦੇਵਾਂਗੇ। ਫੋਟੋਗ੍ਰਾਫ਼ਰ ਲਵਲੀ ਮੇਰਾ ਜਾਣਕਾਰ ਈ ਆ। ਮੇਰੇ ਚਾਚੇ ਦੇ ਵਿਆਹ ’ਤੇ ਇਹੀ ਗਿਆ ਸੀ।” ਕਮਲ ਨੇ ਝੱਟ ਜਵਾਬ ਦਿੱਤਾ। ਫਿਰ ਅਸੀਂ ਦੋਵੇਂ ਫੋਟੋਗ੍ਰਾਫ਼ਰ ਲਵਲੀ ਦੀ ਦੁਕਾਨ ’ਤੇ ਪਹੁੰਚ ਗਏ ਤੇ ਉਸ ਨੂੰ ਆਪਣੀ ਫੋਟੋ ਖਿੱਚਣ ਲਈ ਆਖਿਆ। “ਇਸ ਬੈਂਚ ਉੱਤੇ ਬੈਠ ਜਾਓ।” ਫੋਟੋਗ੍ਰਾਫ਼ਰ ਦੀ ਹਦਾਇਤ ਅਨੁਸਾਰ ਅਸੀਂ ਦੋਵੇਂ ਚੁੱਪ-ਚਾਪ ਬੈਂਚ ਉੱਤੇ ਬੈਠ ਗਏ। ਫਿਰ ਉਸ ਨੇ ਸਾਡੇ ਸਾਹਮਣੇ ਫਿੱਟ ਕੀਤੇ ਕੈਮਰੇ ਨਾਲ ਦੋ ਵਾਰ ਕਲਿੱਕ-ਕਲਿੱਕ ਕਰ ਦਿੱਤੀ ਅਤੇ ਤੀਸਰੇ ਦਿਨ ਫੋਟੋਆਂ ਲੈ ਜਾਣ ਲਈ ਆਖਿਆ। “ਲਵਲੀ, ਦੋਵੇਂ ਫੋਟੋਆਂ ਦੇ ਕਿੰਨੇ ਪੈਸੇ ਲੈ ਕੇ ਆਈਏ?” ਕਮਲ ਨੇ ਫੋਟੋਗ੍ਰਾਫ਼ਰ ਨੂੰ ਪੁੱਛਿਆ।

“ਦਸ ਰੁਪਏ, ਸਣੇ ਮੜ੍ਹਾਈ।” ਫੋਟੋਗ੍ਰਾਫ਼ਰ ਨੇ ਆਖਿਆ। ਅਸੀਂ ਦੋਵੇਂ ਬੜੇ ਖ਼ੁਸ਼ ਮੂਡ ਵਿੱਚ ਘਰ ਪਹੁੰਚੇ, ਕਿਉਂਕਿ ਅੱਜ ਅਸੀਂ ਜ਼ਿੰਦਗੀ ਵਿੱਚ ਪਹਿਲੀ ਵਾਰ ਘਰਦਿਆਂ ਤੋਂ ਵੱਖਰੀ ਫੋਟੋ ਖਿਚਵਾਈ ਸੀ। ਪਰ ਦੂਸਰੇ ਦਿਨ ਹੀ ਸਾਨੂੰ ਫੋਟੋ ਲੈਣ ਲਈ ਪੈਸਿਆਂ ਦੇ ਪ੍ਰਬੰਧ ਦੀ ਚਿੰਤਾ ਸਤਾਉਣ ਲੱਗ ਪਈ। ਤੀਸਰੇ ਦਿਨ ਸਾਡੀ ਚਿੰਤਾ ਹੋਰ ਵੀ ਵੱਧ ਗਈ। ਪੈਸਿਆਂ ਦਾ ਕੋਈ ਵਸੀਲਾ ਨਹੀਂ ਸੀ ਬਣ ਰਿਹਾ। ਫਿਰ ਅਸੀਂ ਦੋਵਾਂ ਨੇ ਸਲਾਹ ਕਰਕੇ ਆਪੋ-ਆਪਣੇ ਘਰ ਫੋਟੋ ਖਿਚਵਾਉਣ ਲਈ ਪੁੱਛ ਹੀ ਲਿਆ। ਘਰਦਿਆਂ ਨੇ ਬਿਨਾਂ ਹੀਲ-ਹੁੱਜਤ ਦੇ ਹਾਂ ਕਰ ਦਿੱਤੀ, ਪਰ ਫੋਟੋ ਤਾਂ ਅਸੀਂ ਦੋ ਦਿਨ ਪਹਿਲਾਂ ਹੀ ਖਿਚਵਾਈ ਹੋਈ ਸੀ। ਇਸ ਬਾਰੇ ਅਸੀਂ ਘਰਦਿਆਂ ਤੋਂ ਲੁਕੋਅ ਰੱਖ ਗਏ।

“ਕਮਲ, ਜੇ ਅਸੀਂ ਅੱਜ ਈ ਫੋਟੋ ਘਰ ਲੈ ਗਏ, ਫਿਰ ਤਾਂ ਸਾਡਾ ਝੂਠ ਫੜਿਆ ਜਾਊਗਾ।” ਮੈਂ ਆਪਣੇ ਮਨ ਦਾ ਡਰ ਕਮਲ ਨਾਲ ਸਾਂਝਾ ਕੀਤਾ।

“ਤੇਜਬੀਰ, ਅਸੀਂ ਫੋਟੋਗ੍ਰਾਫ਼ਰ ਨੂੰ ਪੈਸੇ ਅੱਜ ਦੇ ਦਿੰਦੇ ਹਾਂ ਤੇ ਫੋਟੋਆਂ ਪਰਸੋਂ ਲੈ ਲਵਾਂਗੇ।” ਮੇਰੀ ਇਹ ਗੱਲ ਸੁਣ ਕੇ ਕਮਲ ਝੱਟ ਬੋਲਿਆ। ਫਿਰ ਅਸੀਂ ਦੋ ਦਿਨ ਬਾਅਦ ਫੋਟੋਆਂ ਲੈ ਕੇ ਖ਼ੁਸ਼ੀ-ਖ਼ੁਸ਼ੀ ਘਰ ਪਹੁੰਚੇ। ਅਸੀਂ ਬੜੇ ਚਾਅ ਨਾਲ ਆਪੋ-ਆਪਣੇ ਘਰਦਿਆਂ ਨੂੰ ਉਹ ਫੋਟੋਆਂ ਵਿਖਾਈਆਂ। ਕਮਲ ਨੇ ਆਪਣੇ ਘਰ ਦੇ ਇੱਕ ਕਮਰੇ ਵਿੱਚ ਫੋਟੋ ਲਟਕਾ ਦਿੱਤੀ ਅਤੇ ਮੈਂ ਆਪਣੇ ਡਰਾਇੰਗ ਰੂਮ ਵਿੱਚ ਬਣੀ ਇੱਕ ਸ਼ੈਲਫ਼ ’ਤੇ ਰੱਖ ਦਿੱਤੀ।

ਕੁਝ ਸਮੇਂ ਬਾਅਦ ਪਤਾ ਨਹੀਂ ਕਿਉਂ ਕਮਲ ਨੇ ਪੜ੍ਹਾਈ ਵਿੱਚ ਦਿਲਚਸਪੀ ਲੈਣੀ ਹੀ ਬੰਦ ਕਰ ਦਿੱਤੀ ਸੀ, ਜਿਵੇਂ ਉਸ ਦਾ ਪੜ੍ਹਾਈ ਨਾਲੋਂ ਮੋਹ ਹੀ ਭੰਗ ਹੋ ਗਿਆ ਹੋਵੇ। ਉਹ ਕਈ-ਕਈ ਦਿਨ ਸਕੂਲ ਹੀ ਨਾ ਵੜਦਾ, ਪਰ ਘਰਦਿਆਂ ਤੋਂ ਪਰਦਾ ਰੱਖਣ ਲਈ ਉਹ ਕਿਤਾਬਾਂ ਵਾਲਾ ਬੈਗ ਚੁੱਕ ਰਾਤ ਨੂੰ ਮੇਰੇ ਕੋਲ ਜ਼ਰੂਰ ਅੱਪੜ ਜਾਂਦਾ। ਫਿਰ ਅਚਾਨਕ ਹੀ ਉਸ ਨੇ ਮੇਰੇ ਕੋਲ ਆਉਣਾ ਵੀ ਬੰਦ ਕਰ ਦਿੱਤਾ।

“ਤੇਜਬੀਰ, ਅੱਜ ਕਮਲ ਸਕੂਲੋਂ ਘਰ ਨ੍ਹੀਂ ਮੁੜਿਆ। ਤੈਨੂੰ ਉਹਦੇ ਬਾਰੇ ਪਤਾ ਕੁਝ?” ਇੱਕ ਦਿਨ ਸਕੂਲੋਂ ਘਰ ਨਾ ਆਉਣ ਕਾਰਨ ਕਮਲ ਦੀ ਮੰਮੀ ਨੇ ਸਾਡੇ ਘਰ ਆ ਕੇ ਫ਼ਿਕਰ ਨਾਲ ਮੈਨੂੰ ਪੁੱਛਿਆ।

“ਤਾਈ ਜੀ, ਉਹਨੇ ਤਾਂ ਕਈ ਦਿਨਾਂ ਤੋਂ ਪੜ੍ਹਨਾ ਈ ਛੱਡਿਆ ਹੋਇਆ ਸੀ। ਕਹਿੰਦਾ ਮੈਂ ਪੜ੍ਹਨਾ ਨ੍ਹੀਂ ਐ, ਖੇਤੀ ਕਰਨੀ ਐ।”

“ਫਿਰ ਤਾਂ ਹੀ ਨ੍ਹੀਂ ਘਰ ਆਇਆ। ਸਾਨੂੰ ਡਰਾ ਕੇ ਪੜ੍ਹਾਈ ਛੱਡਣੀ ਚਾਹੁੰਦਾ ਐ।” ਮੇਰੀ ਗੱਲ ਸੁਣ ਕੇ ਕਮਲ ਦੀ ਮੰਮੀ ਬੋਲੀ। ਦੇਰ ਰਾਤ ਤੱਕ ਕਮਲ ਘਰ ਨਹੀਂ ਸੀ ਆਇਆ। ਸਾਰਾ ਟੱਬਰ ਚਿੰਤਾਗ੍ਰਸਤ ਸੀ। ਕਿਧਰੋਂ ਵੀ ਉਸ ਦੀ ਕੋਈ ਸੂਹ ਨਹੀਂ ਸੀ ਮਿਲ ਰਹੀ। ਅਚਾਨਕ ਦੇਰ ਰਾਤ ਗਈ ਕੋਈ ਦੂਰ ਦਾ ਰਿਸ਼ਤੇਦਾਰ ਕਮਲ ਨੂੰ ਉਸ ਦੇ ਘਰ ਲੈ ਆਇਆ। ਘਰ ਆਇਆ ਵੇਖ ਮਸਾਂ ਸਾਰੇ ਟੱਬਰ ਦੇ ਸਾਹ ਵਿੱਚ ਸਾਹ ਆਇਆ। ਘਰ ਆਉਂਦੇ ਹੀ ਪਿਓ ਨੇ ਉਸ ਨੂੰ ਸਬਕ ਸਿਖਾਉਣ ਲਈ ਖੇਤੀ ਦੇ ਕੰਮ ਵਿੱਚ ਉਲਝਾ ਦਿੱਤਾ। ਸਵਖਤੇ ਹੀ ਉਸ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ। ਘਰ ਦੇ ਉਸ ਤੋਂ ਜਾਣ ਬੁੱਝ ਕੇ ਭਾਰਾ ਕੰਮ ਕਰਾਉਂਦੇ ਤਾਂ ਕਿ ਕੰਮ ਦੇ ਬੋਝ ਤੋਂ ਡਰ ਕੇ ਉਹ ਦੁਬਾਰਾ ਸਕੂਲ ਵਿੱਚ ਪੜ੍ਹਨ ਲੱਗ ਜਾਵੇ। ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਸਕੂਲ ਜਾਣ ਨਾਲੋਂ ਉਹ ਘਰ ਦਾ ਕੰਮ ਕਰਨਾ ਹੀ ਬਿਹਤਰ ਸਮਝਦਾ। ਮਾਂ-ਪਿਓ ਦੀ ਉਸ ਨੂੰ ਦੁਬਾਰਾ ਸਕੂਲ ਭੇਜਣ ਦੀ ਨੀਤੀ ਵੀ ਫੇਲ੍ਹ ਹੋ ਗਈ ਸੀ। ਪਿਓ ਦੀਆਂ ਸਭ ਉਮੀਦਾਂ ਧਰੀਆਂ-ਧਰਾਈਆਂ ਰਹਿ ਗਈਆਂ। ਪਿਆਰਾ ਸਿੰਘ ਡੂੰਘੀ ਚਿੰਤਾ ਵਿੱਚ ਸੀ।

“ਗੁਰਮੀਤ ਕੌਰੇ, ਕਮਲ ਨੇ ਹੁਣ ਪੜ੍ਹਨਾ ਤਾਂ ਹੈ ਨ੍ਹੀਂ। ਇਹਨੂੰ ਕਿਸੇ ਬਾਹਰਲੇ ਮੁਲਕ ਨਾ ਭੇਜ ਦਈਏ?” ਇੱਕ ਦਿਨ ਪਿਆਰਾ ਸਿੰਘ ਨੇ ਆਪਣੀ ਘਰਵਾਲੀ ਨਾਲ ਸਲਾਹ ਕੀਤੀ।

“ਹਾਂ, ਇਹ ਗੱਲ ਠੀਕ ਆ। ਮੇਰੇ ਪੇਕਿਆਂ ਦੇ ਗੁਆਂਢ ਵਿੱਚੋਂ ਇੱਕ ਮੁੰਡਾ ਡਬਈ ਵਿੱਚ ਟਰੈਲਾ ਚਲਾਉਂਦਾ ਐ। ਬਣਿਆਂ ਪਿਆ ਐ।” ਗੁਰਮੀਤ ਕੌਰ ਝੱਟ ਬੋਲੀ।

ਆਪਣੀ ਘਰਵਾਲੀ ਦੀ ਇਹ ਗੱਲ ਸੁਣ ਕੇ ਪਿਆਰਾ ਸਿੰਘ ਦੇ ਮਨ ਵਿੱਚ ਵੀ ਆਸ ਦੀ ਕਿਰਨ ਜਾਗੀ। ਆਪਣੇ ਪਿਓ ਦੀ ਇਹ ਯੋਜਨਾ ਸੁਣ ਕੇ ਕਮਲ ਵੀ ਖ਼ੁਸ਼ ਹੋ ਗਿਆ। ਹੁਣ ਉਸ ਦਾ ਪੜ੍ਹਾਈ ਨਾਲੋਂ ਪੱਕੇ ਤੌਰ ’ਤੇ ਨਾਤਾ ਕੱਟਿਆ ਜਾਣਾ ਸੀ। ਫਿਰ ਉਹ ਛੇਤੀ ਹੀ ਦੁਬਈ ਚਲੇ ਗਿਆ। ਪਹਿਲੀ ਵਾਰ ਦੁਬਈ ਗਿਆ, ਉਹ ਲਗਭਗ ਨੌਂ ਸਾਲਾਂ ਬਾਅਦ ਵਾਪਸ ਮੁੜਿਆ। ਮੈਂ ਪੜ੍ਹਾਈ ਖ਼ਤਮ ਕਰਕੇ ਅਜੇ ਨਵਾਂ-ਨਵਾਂ ਅਧਿਆਪਕ ਲੱਗਾ ਸਾਂ। ਪੈਸਿਆਂ ਪੱਖੋਂ ਮੈਂ ਉਹਦੇ ਸਾਹਮਣੇ ਆਟੇ ਵਿੱਚ ਲੂਣ ਬਰਾਬਰ ਸੀ। ਦੁਬਈ ਤੋਂ ਆਇਆ ਹੋਇਆ ਇੱਕ ਦਿਨ ਉਹ ਮੈਨੂੰ ਸ਼ਹਿਰ ਵਿੱਚ ਮਿਲਿਆ। ਬਾਜ਼ਾਰ ਵਿੱਚ ਖੜ੍ਹੇ ਅਸੀਂ ਇੱਕ ਦੂਸਰੇ ਦੀ ਸੁੱਖ-ਸਾਂਦ ਪੁੱਛ ਰਹੇ ਸਾਂ।

“ਤੇਜਬੀਰ, ਜ਼ਰਾ ਐਧਰ ਨੂੰ ਹੋ ਜਾ। ਉਹ ਕਸਾਈ ਆਉਂਦੈ।” ਉਸ ਨੇ ਮੈਨੂੰ ਆਖਿਆ।

“ਇਹ ਤਾਂ ਮੈਥ ਮਾਸਟਰ ਸ਼ਰਮਾ ਜੀ ਨੇ।” ਮੈਂ ਜਵਾਬ ਦਿੱਤਾ।

“ਨਹੀਂ-ਨਹੀਂ, ਇਹ ਕਸਾਈ ਏ, ਕਸਾਈ। ਇਹਦੀ ਕੁੱਟ ਤੋਂ ਡਰਦੇ ਹੀ ਮੈਂ ਸਕੂਲ ਛੱਡਿਆ ਸੀ। ਇਹ ਬੱਚਿਆਂ ਨੂੰ ਕਸਾਈਆਂ ਵਾਂਗ ਢਾਹ-ਢਾਹ ਕੇ ਕੁੱਟਦਾ ਹੁੰਦਾ ਸੀ। ਇਹਦੀ ਸ਼ਕਲ ਤੋਂ ਮੈਨੂੰ ਹੁਣ ਤੱਕ ਵੀ ਡਰ ਆਉਂਦੈ। ਤੇਜਬੀਰ, ਤੂੰ ਵੀ ਬੱਚਿਆਂ ਨੂੰ ਇਵੇਂ ਈ ਕੁੱਟਦਾ ਹੁੰਨੈ?” ਗੱਲ ਕਰਦਿਆਂ ਨਾਲ ਹੀ ਉਸ ਨੇ ਮੈਨੂੰ ਸਵਾਲ ਕੀਤਾ।

“ਕਮਲ, ਹੁਣ ਜ਼ਮਾਨਾ ਬਦਲ ਗਿਆ ਏ। ਹੁਣ ਨ੍ਹੀਂ ਸਕੂਲਾਂ ਵਿੱਚ ਕੋਈ ਅਧਿਆਪਕ ਕੁੱਟਦਾ।” ਮੈਂ ਆਖਿਆ।

“ਫਿਰ ਤਾਂ ਚੰਗਾ ਏ।” ਉਹ ਬੋਲਿਆ।

“ਤੇਜਬੀਰ ਪਰ ਇੱਕ ਗੱਲੋਂ ਚੰਗਾ ਵੀ ਹੋ ਗਿਆ। ਕੁੱਬੇ ਦੇ ਮਾਰੀ ਲੱਤ, ਕੁੱਬੇ ਨੂੰ ਰਾਸ ਆ ਗਈ। ਮੈਂ ਦਸ ਹਜ਼ਾਰ ਕਮਾ ਲੈਨਾਂ ਮਹੀਨੇ ਦਾ। ਇਹ ਬੜੀ ਹੱਦ ਦੋ ਹਜ਼ਾਰ ਲੈਂਦਾ ਹਊ।” ਉਹ ਦੁਬਾਰਾ ਫਿਰ ਬੋਲਿਆ। ਮੈਂ ‘ਹਾਂ’ ਵਿੱਚ ਸਿਰ ਹਿਲਾਇਆ। ਉਹ ਸੱਚ ਆਖਦਾ ਸੀ।

“ਤੇਜਬੀਰ, ਤੈਨੂੰ ਯਾਦ ਏ, ਜਦੋਂ ਅਸਾਂ ਦਸ-ਬਾਰਾਂ ਸਾਲ ਪਹਿਲਾਂ ਇਕੱਠਿਆਂ ਇੱਕ ਫੋਟੋ ਖਿਚਵਾਈ ਸੀ?” ਫਿਰ ਉਸ ਨੇ ਮੈਨੂੰ ਪੁੱਛਿਆ।

“ਕਮਲ ਯਾਦ ਏ। ਉਹ ਫੋਟੋ ਸਾਡੇ ਡਰਾਇੰਗ ਰੂਮ ਵਿੱਚ ਉਸੇ ਸ਼ੈਲਫ਼ ’ਤੇ ਪਈ ਏ।” ਮੈਂ ਆਖਿਆ। ਉਹ ਖ਼ੁਸ਼ ਹੋ ਗਿਆ।

“ਆਹ ਵੇਖ, ਉਸ ਫੋਟੋ ਦੀ ਇੱਕ ਛੋਟੀ ਕਾਪੀ ਮੇਰੇ ਬਟੂਏ ਵਿੱਚ ਵੀ ਏ। ਵੱਡੀ ਉਸੇ ਤਰ੍ਹਾਂ ਕੰਧ ’ਤੇ ਲੱਗੀ ਹੋਈ ਏ। ਉਹਦੇ ਨਾਲ ਦੀ ਇੱਕ ਕਾਪੀ ਮੈਂ ਦੁਬਈ ਆਪਣੇ ਰਹਿਣ ਵਾਲੇ ਕਮਰੇ ਵਿੱਚ ਲਟਕਾਈ ਹੋਈ ਏ। ਮੈਂ ਉੱਥੇ ਦਸਦਾ ਹੁੰਨੈ, ਇਹ ਮੁੰਡਾ ਮੇਰਾ ਬਚਪਨ ਦਾ ਮਿੱਤਰ ਏ।” ਉਸ ਨੇ ਭਾਵੁਕ ਹੋ ਕੇ ਦੱਸਿਆ। ਉਸ ਦੀ ਇਹ ਗੱਲ ਸੁਣ ਕੇ ਮੈਂ ਬੜਾ ਹੈਰਾਨ ਹੋਇਆ।

ਸਮਾਂ ਪੁਲਾਂਘਾਂ ਪੁੱਟਦਾ ਗਿਆ। ਜਦੋਂ ਕਦੇ ਵੀ ਸਾਨੂੰ ਮਿਲਣ ਦਾ ਮੌਕਾ ਮਿਲਦਾ ਤਾਂ ਉਹ ਆਪਣੀ ਇਕੱਠੀ ਖਿਚਵਾਈ ਫੋਟੋ ਦੀ ਗੱਲ ਜ਼ਰੂਰ ਛੇੜ ਲੈਂਦਾ। ਤੇ ਆਪਣੇ ਘਰ ਆਉਣ ਦਾ ਸੱਦਾ ਦਿੰਦਾ, ਪਰ ਰੁਝੇਵੇਂ ਵੱਧ ਜਾਣ ਕਾਰਨ ਨਾ ਹੀ ਮੈਥੋਂ ਉਸ ਦੇ ਘਰ ਜਾ ਹੁੰਦਾ ਤੇ ਨਾ ਹੀ ਉਹ ਮੇਰੇ ਘਰ ਆਉਂਦਾ। ਮੈਂ ਵੀਹ ਕੁ ਸਾਲ ਉਹ ਫੋਟੋ ਸੰਭਾਲ ਕੇ ਰੱਖੀ ਤੇ ਫਿਰ ਘਰ ਦੀ ਮੁਰੰਮਤ ਦੌਰਾਨ ਉਹ ਕਿਧਰੇ ਇੱਧਰ-ਉੱਧਰ ਗੁੰਮ ਗਈ। ਬਾਅਦ ਵਿੱਚ ਕਿਧਰੇ ਨਾ ਮਿਲੀ।

ਵਿਦੇਸ਼ ਵਿੱਚ ਲੰਬਾ ਸਮਾਂ ਮਿਹਨਤ ਕਰਕੇ ਕਮਲ ਨੇ ਚੋਖਾ ਧਨ ਕਮਾ ਲਿਆ ਸੀ। ਉਸ ਨੇ ਲਗਾਤਾਰ ਤੀਹ-ਪੈਂਤੀ ਸਾਲ ਦੁਬਈ ਵਿੱਚ ਕੰਮ ਕੀਤਾ। ਸਾਰੀ ਕਬੀਲਦਾਰੀ ਨਜਿੱਠ ਹੋ ਜਾਣ ਕਾਰਨ ਹੁਣ ਉਸ ਨੂੰ ਘਰ ਦੇ ਰੁਝੇਵਿਆਂ ਤੋਂ ਕੁਝ ਰਾਹਤ ਮਿਲ ਗਈ ਸੀ। ਹੁਣ ਉਹ ਪੱਕੇ ਤੌਰ ’ਤੇ ਹੀ ਪਿੰਡ ਰਹਿਣ ਲੱਗ ਪਿਆ। ਇੱਕ ਵਾਰ ਪੰਚਾਇਤੀ ਚੋਣਾਂ ਵਿੱਚ ਪਿੰਡ ਦੀ ਇੱਕ ਪਾਰਟੀ ਵੱਲੋਂ ਉਸ ਨੂੰ ਪੰਚੀ ਦੀ ਚੋਣ ਲੜਾਈ ਗਈ। ਮੈਂ ਵਿਰੋਧੀ ਪਾਰਟੀ ਵਿੱਚ ਸੀ, ਪਰ ਚੋਣਾਂ ਦੌਰਾਨ ਜਦੋਂ ਕਦੇ ਵੀ ਉਹ ਮੈਨੂੰ ਮਿਲਦਾ ਤਾਂ ਘਰ ਆਉਣ ਲਈ ਸੱਦਾ ਜ਼ਰੂਰ ਦਿੰਦਾ ਤੇ ਨਾਲ ਹੀ ਆਖ ਦਿੰਦਾ, “ਮੈਂ ਤੈਨੂੰ ਵੋਟ ਪਾਉਣ ਲਈ ਨਹੀਂ ਆਖਦਾ। ਮੈਂ ਤੇਰੀ ਮਜਬੂਰੀ ਜਾਣਦੈਂ। ਓਦਾਂ ਤਾਂ ਘਰ ਆ ਜਾ।” ਮੈਂ ਹਾਂ-ਹੂੰ ਕਰ ਛੱਡਦਾ। ਪੰਚਾਇਤ ਚੋਣਾਂ ਦੇ ਨਾਜ਼ੁਕ ਸਮੇਂ ਦੌਰਾਨ ਉਸ ਦੇ ਘਰ ਜਾ ਕੇ ਮੈਂ ਆਪਣੇ ਧੜੇ ਵਿੱਚ ਸ਼ੱਕੀ ਨਹੀਂ ਸੀ ਬਣਨਾ ਚਾਹੁੰਦਾ। ਮੁਕਾਬਲਾ ਬੜਾ ਸਖ਼ਤ ਸੀ ਤੇ ਪਿੰਡ ਵਿੱਚ ਆਪਸੀ ਖਿਚਾਅ ਜਿਹਾ ਬਣਿਆ ਹੋਇਆ ਸੀ। ਦੋਵਾਂ ਧੜਿਆਂ ਨੇ ਜਿੱਤ ਲਈ ਆਪੋ-ਆਪਣਾ ਪੂਰਾ ਤਾਣ ਲਾਇਆ ਹੋਇਆ ਸੀ। ਆਖ਼ਿਰ ਇੱਕ ਵੋਟ ਦੇ ਫਰਕ ਨਾਲ ਕਮਲ ਪੰਚੀ ਦੀ ਚੋਣ ਹਾਰ ਗਿਆ। ਮੁਕਾਬਲੇ ਵਿੱਚ ਚੋਣ ਹਾਰ ਜਾਣ ਦਾ ਉਸ ਨੂੰ ਬਹੁਤਾ ਅਫ਼ਸੋਸ ਵੀ ਨਹੀਂ ਸੀ। ਫਿਰ ਅਚਾਨਕ ਹੀ ਪੰਚਾਇਤੀ ਚੋਣਾਂ ਤੋਂ ਕੁਝ ਦਿਨਾਂ ਬਾਅਦ ਮੈਨੂੰ ਉਸ ਦੇ ਘਰ ਜਾਣ ਦਾ ਇੱਕ ਮੌਕਾ ਮਿਲਿਆ।

ਅਸੀਂ ਦੋਵੇਂ ਉਸ ਦੇ ਡਰਾਇੰਗ ਰੂਮ ਵਿੱਚ ਬੈਠੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਲੱਗੇ। ਉਸ ਦੀ ਘਰਵਾਲੀ ਨੇ ਚਾਹ ਦੇ ਦੋ ਕੱਪ ਤੇ ਬਿਸਕੁਟਾਂ ਦੀ ਇੱਕ ਪਲੇਟ ਟੇਬਲ ’ਤੇ ਰੱਖ ਦਿੱਤੀ। ਅਸੀਂ ਹੌਲੀ-ਹੌਲੀ ਚਾਹ ਪੀਣੀ ਸ਼ੁਰੂ ਕੀਤੀ। ਚਾਹ ਪੀਂਦੇ-ਪੀਂਦੇ ਕੋਲ ਹੀ ਬੈਠੀ ਆਪਣੀ ਘਰਵਾਲੀ ਨੂੰ ਉਹ ਸਾਡੇ ਬਚਪਨ ਦੇ ਪਿਆਰ ਦੀਆਂ ਗੱਲਾਂ ਸੁਣਾਉਣ ਲੱਗ ਪਿਆ। “ਕੁਲਵੰਤ, ਮੇਰਾ ਤੇ ਤੇਜਬੀਰ ਦਾ ਬਚਪਨ ਵਿੱਚ ਬਹੁਤ ਪਿਆਰ ਹੁੰਦਾ ਸੀ। ਅਸੀਂ ਰਾਤ ਨੂੰ ਇਕੱਠੇ ਪੜ੍ਹਦੇ ਹੁੰਦੇ ਸੀ ਤੇ ਇੱਕੋ ਕਮਰੇ ਵਿੱਚ ਸੌਂ ਜਾਂਦੇ ਸੀ। ਮੈਂ ਬਿਨਾਂ ਨਾਗਾ ਰੋਜ਼ ਰਾਤ ਨੂੰ ਇਹਦੇ ਕੋਲ ਪੜ੍ਹਨ ਜਾਂਦਾ ਸੀ। ਅੱਜ-ਕੱਲ੍ਹ ਦੇ ਮੁੰਡਿਆਂ ਦਾ ਐਨਾ ਮੋਹ ਪਿਆਰ ਕਿੱਥੇ ਆ? ਹੁਣ ਤਾਂ ਮਤਲਬੀ ਪਿਆਰ ਰਹਿ ਗਏ ਨੇ।” ਉਸ ਨੇ ਆਪਣੀ ਘਰਵਾਲੀ ਸਾਹਮਣੇ ਮੇਰੀ ਖ਼ੂਬ ਤਾਰੀਫ਼ ਕੀਤੀ।

“ਕਮਲ, ਤੈਨੂੰ ਯਾਦ ਏ, ਜਦੋਂ ਸਿਪਾਹੀ ਨੇ ਤੇਰੀ ਲਾਲਟੈਨ ਖੋਹ ਲਈ ਸੀ?” ਮੈਂ ਉਸ ਨੂੰ ਇਹ ਘਟਨਾ ਯਾਦ ਕਰਾਈ।

“ਹਾਂ-ਹਾਂ ਤੇਜਬੀਰ, ਚੰਗੀ ਤਰ੍ਹਾਂ ਯਾਦ ਏ। ਇਹ ਉੱਨੀ ਸੌ ਕਹੱਤਰ ਦੀ ਜੰਗ ਵੇਲੇ ਦੀ ਗੱਲ ਏ। ਸਿਪਾਹੀ ਨੇ ਮੇਰੀ ਲਾਲਟੈਨ ਖੋਹ ਕੇ ਬੁਝਾ ਦਿੱਤੀ ਸੀ, ਪਰ ਫਿਰ ਵੀ ਮੈਂ ਰਾਤ ਨੂੰ ਸੋਟੀ ਖੜਕਾਉਂਦਾ ਤੇਰੇ ਘਰ ਪਹੁੰਚ ਗਿਆ ਸੀ।” ਉਸ ਨੇ ਹੱਸਦਿਆਂ ਦੱਸਿਆ। ਫਿਰ ਅਸੀਂ ਖ਼ੂਬ ਹੱਸੇ। ਕੁਲਵੰਤ, ਸਾਡੀਆਂ ਆਪਸੀ ਸਾਂਝ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ।

ਸਾਡੇ ਪਿਆਰ ਦੀਆਂ ਗੱਲਾਂ ਦੱਸਦੇ-ਦੱਸਦੇ ਉਸ ਨੂੰ ਆਪਣੀ ਇਕੱਠੀ ਖਿਚਾਈ ਫੋਟੋ ਦੀ ਯਾਦ ਆ ਗਈ। ਫਿਰ ਉਸ ਨੇ ਇਕਦਮ ਭਾਵੁਕ ਜਿਹਾ ਹੋ ਕੇ ਆਪਣੀ ਪਤਨੀ ਕੁਲਵੰਤ ਨੂੰ ਆਖਿਆ, “ਕੁਲਵੰਤ, ਨਾਲ ਦੇ ਕਮਰੇ ਵਿੱਚ ਸਾਡੇ ਦੋਹਾਂ ਇਕੱਠਿਆਂ ਦੀ ਇੱਕ ਫੋਟੋ ਲਟਕਦੀ ਆ, ਜ਼ਰਾ ਚੁੱਕ ਕੇ ਤਾਂ ਲਿਆ, ਵੇਖੀਏ।”

ਕਮਲ ਦੀ ਗੱਲ ਸੁਣ ਕੇ ਕੁਲਵੰਤ ਨਾਲ ਦੇ ਕਮਰੇ ’ਚੋਂ ਸਾਡੀ ਦੋਵਾਂ ਦੀ ਫੋਟੋ ਲਾਹ ਕੇ ਲੈ ਆਈ, ਜੋ ਮੇਰੇ ਦੋਸਤ ਕਮਲ ਨੇ ਪੈਂਤੀ-ਚਾਲੀ ਸਾਲਾਂ ਤੋਂ ਸੰਭਾਲ ਕੇ ਰੱਖੀ ਹੋਈ ਸੀ। ਮੈਂ ਉਹ ਫੋਟੋ ਵੇਖ ਕੇ ਹੈਰਾਨ ਰਹਿ ਗਿਆ। ਮੈਂ ਹੱਥ ’ਚ ਫੜਿਆ ਚਾਹ ਦਾ ਕੱਪ ਟੇਬਲ ’ਤੇ ਰੱਖ ਦਿੱਤਾ ਤੇ ਚੁੱਪ-ਚਾਪ ਟਿਕਟਿਕੀ ਲਗਾ ਕੇ ਫੋਟੋ ਵੱਲ ਵੇਖਦਾ ਰਿਹਾ। “ਯਾਰ, ਕਮਲ ਨੇ ਤਾਂ ਆਪਸੀ ਸਾਂਝ ਦੀ ਪ੍ਰਤੀਕ ਇਹ ਫੋਟੋ ਚਾਲੀ ਸਾਲਾਂ ਤੋਂ ਸਾਂਭ ਕੇ ਰੱਖੀ ਹੋਈ ਏ ਤੇ ਮੈਂ ਇਸ ਨੂੰ ਆਪਣੀ ਇੱਕ ਵੋਟ ਵੀ ਨਹੀਂ ਪਾ ਸਕਿਆ।” ਮਨੋਂ-ਮਨੀਂ ਮੈਂ ਸੋਚ ਰਿਹਾ ਸੀ। ਭਾਵੇਂ ਮੇਰੀ ਪਾਰਟੀ ਦਾ ਉਮੀਦਵਾਰ ਪੰਚਾਇਤੀ ਚੋਣਾਂ ਵਿੱਚ ਜਿੱਤ ਗਿਆ ਸੀ, ਪਰ ਮੈਨੂੰ ਇਉਂ ਜਾਪ ਰਿਹਾ ਸੀ, ਜਿਵੇਂ ਕਮਲ ਮੇਰੇ ਸਾਹਮਣੇ ਜਿੱਤਿਆਂ ਵਾਂਗ ਬੈਠਾ ਹੋਵੇ ਤੇ ਮੈਂ ਹਾਰਿਆਂ ਵਾਂਗ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ!

ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ!

ਕੇਂਦਰ ਸਰਕਾਰ ਵੱਲੋਂ ਡਿਜੀਟਲ ਇੰਡੀਆ ਬਿੱਲ ਦਾ ਖਰੜਾ ਤਿਆਰ

ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ: ਭਗਵੰਤ ਮਾਨ

ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ: ਭਗਵੰਤ ਮਾਨ

ਜੇਲ੍ਹ ਵਿਭਾਗ ’ਚ ਨਵੇਂ ਭਰਤੀ ਵਾਰਡਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਛੇੜਛਾੜ ਦੀ ਘਟਨਾ ਦੇ ਦ੍ਰਿਸ਼ ਮੁੜ ਰਚੇ; ਵਿਨੇਸ਼ ਫੋਗਾਟ ਵੱਲੋਂ ਮੀਡੀਆ ਰਿਪ...

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਵੀ ਧਮਕੀ ਮਿਲਣ ਦਾ ਕੀਤਾ ਦਾਅਵਾ; ਸੁਪ੍ਰਿ...

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਅਪਰਾਧਿਕ ਦੋਸ਼ਾਂ ’ਚ ਘਿਰਨ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ

ਸ਼ਹਿਰ

View All