DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਫ਼-ਸੁਥਰੀ ਗਾਇਕੀ ਨੂੰ ਪ੍ਰਣਾਇਆ ਪਰਗਣ ਭੰਡਾਲ

ਇੰਗਲੈਂਡ ਵੱਸਦੇ ਪੰਜਾਬੀ ਗਾਇਕ ਪਰਗਣ ਭੰਡਾਲ ’ਤੇ ਭੰਡਾਲ ਬੇਟ ਨੂੰ ਨਾਜ਼ ਹੈ। ਭੰਡਾਲ ਬੇਟ ਦੇ ਵਾਸੀ ਚੀਕਣੀ ਮਿੱਟੀ ਵਰਗੇ ਚੀਕਣੇ ਲੋਕ ਹਨ। ਮੁਸ਼ੱਕਤਾਂ, ਮੁਸੀਬਤਾਂ ਅਤੇ ਔਖੇ ਹਾਲਾਤ ਵਿੱਚੋਂ ਆਪਣੇ ਰਾਹ ਸਿਰਜਣ ਅਤੇ ਆਪਣੀ ਪਛਾਣ ਸਿਰਜਣ ਲਈ ਯਤਨਸ਼ੀਲ ਹਨ। ਭੰਡਾਲ ਬੇਟ...

  • fb
  • twitter
  • whatsapp
  • whatsapp
Advertisement

ਇੰਗਲੈਂਡ ਵੱਸਦੇ ਪੰਜਾਬੀ ਗਾਇਕ ਪਰਗਣ ਭੰਡਾਲ ’ਤੇ ਭੰਡਾਲ ਬੇਟ ਨੂੰ ਨਾਜ਼ ਹੈ। ਭੰਡਾਲ ਬੇਟ ਦੇ ਵਾਸੀ ਚੀਕਣੀ ਮਿੱਟੀ ਵਰਗੇ ਚੀਕਣੇ ਲੋਕ ਹਨ। ਮੁਸ਼ੱਕਤਾਂ, ਮੁਸੀਬਤਾਂ ਅਤੇ ਔਖੇ ਹਾਲਾਤ ਵਿੱਚੋਂ ਆਪਣੇ ਰਾਹ ਸਿਰਜਣ ਅਤੇ ਆਪਣੀ ਪਛਾਣ ਸਿਰਜਣ ਲਈ ਯਤਨਸ਼ੀਲ ਹਨ। ਭੰਡਾਲ ਬੇਟ ਦੇ ਵਾਸੀਆਂ ਨੇ ਖੇਡਾਂ, ਸਾਹਿਤ, ਫ਼ੌਜ, ਅਧਿਆਪਨ, ਡਾਕਟਰੀ ਆਦਿ ਖੇਤਰਾਂ ਵਿੱਚ ਜ਼ਿਕਰਯੋਗ ਮੱਲਾਂ ਮਾਰੀਆਂ ਹਨ, ਜਿਨ੍ਹਾਂ ਵਿੱਚ ਪਰਗਣ ਭੰਡਾਲ ਵੀ ਸ਼ਾਮਲ ਹੈ। ਉਹ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਇੰਗਲੈਂਡ ਵੱਸਦਾ ਨਵੀਆਂ ਪੈੜਾਂ ਪਾ ਰਿਹਾ ਹੈ।

ਨੰਬਰਦਾਰ ਬਸੰਤ ਸਿੰਘ ਦਾ ਫ਼ਰਜੰਦ ਅਤੇ ਮਾਤਾ ਗੁਰਦੀਪ ਕੌਰ ਦਾ ਲਾਡਲਾ ਪਰਗਣ ਭੰਡਾਲ ਸਾਫ਼ ਸੁਥਰੀ ਗਾਇਕੀ ਦਾ ਤਲਬਗਾਰ ਹੈ। ਨਿੱਕੇ ਹੁੰਦੇ ਤੋਂ ਕਰਮਜੀਤ ਧੂਰੀ ਦਾ ਪ੍ਰਸ਼ੰਸਕ ਪਰਗਣ ਭੰਡਾਲ ਹਰ ਸ਼ਨਿਚਰਵਾਰ ਨੂੰ ਸਕੂਲ ਵਿੱਚ ਹੋਣ ਵਾਲੀ ਸਭਾ ਵਿੱਚ ਗੀਤ ਸੁਣਾਉਣ ਲੱਗ ਪਿਆ ਸੀ। ਦਰਅਸਲ, ਗਾਇਕ ਕਰਮਜੀਤ ਧੂਰੀ ਦੀਆਂ ਦੋ ਭੈਣਾਂ ਭੰਡਾਲ ਬੇਟ ਵਿੱਚ ਵਿਆਹੀਆਂ ਹੋਈਆਂ ਸਨ। ਇਸ ਕਰਕੇ ਉਸ ਦਾ ਭੰਡਾਲ ਬੇਟ ਅਕਸਰ ਆਉਣਾ ਜਾਣਾ ਰਹਿੰਦਾ ਸੀ। ਬਾਬਾ ਸ਼ਾਹ ਇਨਾਇਤ ਅਲੀ ਦੀ ਦਰਗਾਹ ’ਤੇ ਉਹ ਹਰ ਸਾਲ ਹੀ ਗਾਉਣ ਆਉਂਦਾ ਅਤੇ ਕਈ ਕਈ ਦਿਨ ਭੰਡਾਲ ਬੇਟ ਡੇਰਾ ਲਾਈ ਰੱਖਦਾ। ਕਰਮਜੀਤ ਧੂਰੀ ਦੀ ਰੀਸੇ ਹੀ ਪਰਗਣ ਭੰਡਾਲ ਨੂੰ ਗਾਉਣ ਦੀ ਚੇਟਕ ਲੱਗੀ। ਉਹ ਖੇਤਾਂ, ਖੂਹਾਂ ’ਤੇ ਉੱਚੀ ਹੇਕ ਨਾਲ ਗਾਉਣ ਦਾ ਰਿਆਜ਼ ਕਰਦਾ ਰਹਿੰਦਾ। ਚੰਗੀ ਗੱਲ ਇਹ ਸੀ ਕਿ ਉਸ ਦਾ ਜਮਾਤੀ ਅਤੇ ਗੂੜ੍ਹਾ ਦੋਸਤ ਹਰਜਿੰਦਰ ਭੰਡਾਲ ਗਾਇਕੀ ਵਿੱਚ ਅੱਜ ਤੀਕ ਉਸ ਦਾ ਸਾਥੀ ਹੈ। ਰਣਧੀਰ ਕਾਲਜ ਪੜ੍ਹਦਿਆਂ ਉਹ ਯੂਥ ਫੈਸਟੀਵਲਾਂ ਵਿੱਚ ਗਾਉਂਦਾ ਰਿਹਾ।

Advertisement

ਸਾਲ 1978 ਵਿੱਚ ਉਹ ਰੁਜ਼ਗਾਰ ਦੀ ਤਲਾਸ਼ ਵਿੱਚ ਜਰਮਨੀ ਚਲਾ ਗਿਆ, ਪਰ ਉਹ ਦੋਸਤਾਂ ਦੀਆਂ ਮਹਿਫ਼ਲਾਂ, ਈਦ, ਵਿਸਾਖੀ, ਲੋਹੜੀ ਦੇ ਮੌਕੇ ’ਤੇ ਯਾਰਾਂ ਦੋਸਤਾਂ ਦੀ ਫਰਮਾਇਸ਼ ’ਤੇ ਗਾਉਂਦਾ ਰਿਹਾ। ਕਬੱਡੀ ਟੂਰਨਾਮੈਂਟਾਂ ’ਤੇ ਗਾਉਣ ਨਾਲ ਉਸ ਦਾ ਝਾਕਾ ਖੁੱਲ੍ਹ ਗਿਆ, ਪਰ ਉਸ ਨੂੰ ਗਾਇਕੀ ਵਿੱਚ ਉਹ ਸਥਾਨ ਪ੍ਰਾਪਤ ਨਾ ਹੋਇਆ ਜਿਸ ਦਾ ਉਸਨੂੰ ਜਨੂੰਨ ਸੀ।

Advertisement

ਸਾਲ 1989 ਵਿੱਚ ਉਹ ਵਿਆਹ ਕਰਵਾ ਕੇ ਇੰਗਲੈਂਡ ਆ ਗਿਆ ਅਤੇ ਪਰਵਾਨਾ ਸੰਗੀਤ ਗਰੁੱਪ ਵਿੱਚ ਸ਼ਾਮਲ ਹੋ ਕੇ ਗਾਇਕੀ ਨੂੰ ਨਿੱਠ ਕੇ ਸਮਰਪਿਤ ਹੋ ਗਿਆ। ਉਹ ਪਰਿਵਾਰਕ ਸਮਾਗਮਾਂ ਅਤੇ ਕਬੱਡੀ ਟੂਰਨਾਮੈਂਟ ਵਾਲਿਆਂ ਦੀ ਪਹਿਲੀ ਪਸੰਦ ਬਣ ਗਿਆ। ਕੁਝ ਸਮੇਂ ਬਾਅਦ ਉਹ ਕਵੇਂਟਰੀ ਵਿੱਚ ਸਤਰੰਗਾ ਗਰੁੱਪ ਦੇ ਦੀਪਾ ਦੇ ਸੰਪਰਕ ਵਿੱਚ ਆਇਆ। ਦਰਅਸਲ, ਦੀਪੇ ਨਾਲ ਮਿਲਣਾ ਉਸ ਲਈ ਨਵੇਂ ਮੌਕੇ ਲੈ ਕੇ ਆਇਆ ਜਦ ਦੀਪੇ ਨੇ ਉਸ ਨੂੰ ਰੋਮਾ ਮਿਊਜ਼ਿਕ ਕੰਪਨੀ ਦੇ ਪ੍ਰਿਤਪਾਲ ਸਿੰਘ ਜੂਡੀ ਨਾਲ ਮਿਲਾਇਆ। ਪ੍ਰਿਤਪਾਲ ਸਿੰਘ ਨੇ ਪਰਗਣ ਭੰਡਾਲ ਦੀ ਗਇਕੀ ਨੂੰ ਪਛਾਣ ਕੇ ਕਿਹਾ ਕਿ ਹੁਣ ਤੂੰ ਗਾਵੇਂਗਾ ਅਤੇ ਤੇਰੀਆਂ ਕੈਸੇਟਾਂ ’ਤੇ ਪੈਸਾ ਮੈਂ ਲਾਵਾਂਗਾ। ਇਸ ਕੰਪਨੀ ਨੇ 1995-96-97 ਦੌਰਾਨ ਕਈ ਕੈਸੇਟਾਂ ਕੱਢੀਆਂ ਜਿਹੜੀਆਂ ਬਹੁਤ ਚੱਲੀਆਂ ਜਿਨ੍ਹਾਂ ਵਿੱਚ ‘ਸੱਚੇ ਸੂਰਮੇ’, ‘ਰੱਜ ਕੇ ਦੇਸੀ’, ‘ਨਾਨਕਾ ਮੇਲ’ ਅਤੇ ‘ਕਦੇ ਕਦੇ ਬੰਦੇ ਨੂੰ ਹਾਲਾਤ ਮਾਰਦੇ’ ਪੰਜਾਬੀ ਸਰੋਤਿਆਂ ਵਿੱਚ ਬਹੁਤ ਹਰਮਨ ਪਿਆਰੀਆਂ ਹੋਈਆਂ। ਜਦ ਕੈਸੇਟਾਂ ਦਾ ਯੁੱਗ ਬੀਤ ਗਿਆ ਤਾਂ ਪਰਗਣ ਭੰਡਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੇਸੀ ਬੁਆਏਜ਼ ਯੂਕੇ ਗਰੁੱਪ ਬਣਾਇਆ ਜਿਸ ਨੇ ਵਿਆਹ ਸ਼ਾਦੀਆਂ, ਖੇਡ ਮੇਲਿਆਂ, ਤੀਆਂ ਦੇ ਮੇਲੇ ਆਦਿ ’ਤੇ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਵੱਖਰੀ ਪਛਾਣ ਸਿਰਜੀ। ਪਰਗਣ ਭੰਡਾਲ ਦਾ ਇਹ ਮੰਨਣਾ ਹੈ ਕਿ ਉਸ ਦੀ ਗਾਇਕੀ ਦੇ ਸਫ਼ਰ ਵਿੱਚ ਉਸ ਨੂੰ ਆਪਣੇ ਪਰਿਵਾਰ ਦਾ ਭਰਪੂਰ ਸਹਿਯੋਗ ਮਿਲਿਆ ਹੈ ਜਿਸ ਕਰਕੇ ਉਹ ਗਾਇਕੀ ਨਾਲ ਆਪਣੀ ਪ੍ਰਤੀਬੱਧਤਾ ਨਿਭਾ ਰਿਹਾ ਹੈ।

ਪੰਜਾਬੀ ਗਾਇਕੀ ਵਿੱਚ ਹੋ ਰਹੇ ਬਦਲਾਅ ਕਾਰਨ ਉਸ ਨੇ ਆਪਣੇ ਗੀਤਾਂ ਦੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ। 2019 ਵਿੱਚ ਆਇਆ ਉਸ ਦਾ ਗੀਤ ‘ਚੁੰਨੀ’ ਪੰਜਾਬੀ ਸੱਭਿਆਚਾਰ ਨੂੰ ਬਾਖੂਬੀ ਪੇਸ਼ ਕਰਦਾ ਹੈ। ਸੁਰਿੰਦਰ ਸ਼ਿੰਦਾ ਨਾਲ ਉਸ ਦੇ ਗਾਏ ਗੀਤ ‘ਹਥਿਆਰ’ ਨੇ ਵੀ ਉਸ ਨੂੰ ਪਛਾਣ ਦਿੱਤੀ। ਪਿੱਛੇ ਜਿਹੇ ਮੁੰਡੇ ਦੇ ਵਿਆਹ ਦੀ ਘੋੜੀ ‘ਸੂਹੇ ਰੰਗੀ ਪੱਗ ਵਾਲਿਆ’ ਨੇ ਪੰਜਾਬੀ ਸਰੋਤਿਆਂ ਵਿੱਚ ਆਪਣੀ ਭਰਵੀਂ ਹਾਜ਼ਰੀ ਲਗਵਾਈ ਹੈ।

ਕਰਮਜੀਤ ਧੂਰੀ ਅਤੇ ਗੁਰਦਾਸ ਮਾਨ ਨੂੰ ਆਪਣਾ ਆਦਰਸ਼ ਮੰਨਣ ਵਾਲਾ ਪਰਗਣ ਭੰਡਾਲ ਸਾਫ਼ ਸੁਥਰੀ ਗਾਇਕੀ ਦਾ ਮੁਦਈ ਹੈ। ਤਾਂ ਹੀ ਪਿਛਲੇ ਮਹੀਨੇ ਉਸ ਨੇ ਡਾ. ਸਰਦੂਲ ਸਿੰਘ ਔਜਲਾ ਦਾ ਗੀਤ ‘ਪ੍ਰਦੇਸ’ ਰਿਲੀਜ਼ ਕੀਤਾ ਜਿਹੜਾ ਪ੍ਰਦੇਸੀਆਂ ਦੀ ਮਾਨਸਿਕਤਾ, ਆਪਣਿਆਂ ਤੋਂ ਵਿੱਛੜਨ ਦਾ ਦਰਦ, ਮਿੱਟੀ ਦਾ ਵਿਯੋਗ ਅਤੇ ਆਪਣੇ ਪਿਆਰਿਆਂ ਤੋਂ ਪਈ ਦੂਰੀ ਨੂੰ ਹਰਫ਼ਾਂ ਵਿੱਚ ਪਰੋਂਦਾ, ਪਰਗਣ ਭੰਡਾਲ ਦੀ ਆਵਾਜ਼ ਅਤੇ ਅੰਦਾਜ਼ ਵਿੱਚ ਬਾਕਮਾਲ ਹੋ ਨਿੱਬੜਿਆ। ਅੱਜਕੱਲ੍ਹ ਉਹ ਅਜਿਹੇ ਗੀਤਾਂ ਦੀ ਤਲਾਸ਼ ਵਿੱਚ ਹੈ ਜੋ ਪੰਜਾਬੀ ਮਾਂ ਬੋਲੀ ਨੂੰ ਅਮੀਰੀ ਬਖ਼ਸ਼, ਪੰਜਾਬੀ ਗਾਇਕੀ ਦਾ ਸਿਰ ਮਾਣ ਨਾਲ ਉੱਚਾ ਕਰਨ। ਦੁਆ ਹੈ ਕਿ ‘ਰੱਜ ਕੇ ਦੇਸੀ ਡੀਜੇ’ ਵਾਲਾ ਪਰਗਣ ਭੰਡਾਲ ਨਵੀਆਂ ਪਰਤਾਂ ਪਾਉਂਦਾ, ਆਪਣੇ ਵਿਰਸੇ ਦੀ ਪਛਾਣ ਸਿਰਜਦਾ ਨਿਵੇਕਲੀਆਂ ਪੈੜਾਂ ਪਾਉਂਦਾ ਰਹੇ।

Advertisement
×