NRI Stabbing Case: ਲੰਡਨ ਵਿੱਚ ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮੁਟਿਆਰ ਕਿਰਨਦੀਪ ਕੌਰ ਦਾ ਚਾਕੂ ਮਾਰ ਕੇ ਕਤਲ; ਹਮਲਾਵਰ ਕਾਬੂ
24 ਸਾਲਾ ਕਿਰਨਦੀਪ ਕੌਰ ਦੀ ਮੌਕੇ ’ਤੇ ਹੀ ਮੌਤ, ਇੱਕ ਨੌਜਵਾਨ ਹਸਪਤਾਲ ਦਾਖਲ
ਪੱਛਮੀ ਲੰਡਨ ਦੇ ਹੇਜ਼ ਖੇਤਰ ਵਿੱਚ ਇੱਕ ਰਿਹਾਇਸ਼ੀ ਜਾਇਦਾਦ ਵਿੱਚ ਹੋਏ ਭਿਆਨਕ ਚਾਕੂ ਹਮਲੇ ਦੌਰਾਨ 24 ਸਾਲਾ ਬ੍ਰਿਟਿਸ਼ ਸਿੱਖ ਮੁਟਿਆਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੈਟਰੋਪੋਲੀਟਨ ਪੁਲੀਸ ਅਨੁਸਾਰ ਇਸ ਘਟਨਾ ਵਿੱਚ ਇੱਕ ਹੋਰ 20 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ ਹੋਇਆ ਹੈ, ਜੋ ਫਿਲਹਾਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ। ਪੁਲੀਸ ਨੇ ਇਸ ਮਾਮਲੇ ਵਿੱਚ 44 ਸਾਲਾ ਹਮਲਾਵਰ ਡੈਨੀਅਲ ਸੀਨ ਜੇਮਜ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਮੰਗਲਵਾਰ ਨੂੰ ਵਿਲਸਡਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕਰਕੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਮਾਰੂ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
ਮੈਟਰੋਪੋਲੀਟਨ ਪੁਲੀਸ ਨੇ ਦੱਸਿਆ ਕਿ ਐਤਵਾਰ ਨੂੰ ਹੇਜ਼ ਦੀ ਅਕਸਬ੍ਰਿਜ ਰੋਡ ਸਥਿਤ ਇੱਕ ਘਰ ਵਿੱਚ ਚਾਕੂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਅਧਿਕਾਰੀ ਲੰਡਨ ਐਂਬੂਲੈਂਸ ਸੇਵਾ ਸਮੇਤ ਮੌਕੇ ’ਤੇ ਪਹੁੰਚੇ, ਤਾਂ ਉੱਥੇ ਕਿਰਨਦੀਪ ਕੌਰ ਚਾਕੂ ਦੇ ਜ਼ਖ਼ਮਾਂ ਨਾਲ ਲਹੂ-ਲੁਹਾਨ ਹਾਲਤ ਵਿੱਚ ਮਿਲੀ। ਐਮਰਜੈਂਸੀ ਸੇਵਾਵਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਦੂਜਾ ਜ਼ਖ਼ਮੀ ਨੌਜਵਾਨ ਘਰ ਦੇ ਬਾਹਰ ਮਿਲਿਆ ਸੀ, ਜਿਸ ਦੀ ਜਾਨ ਫਿਲਹਾਲ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਡਿਟੈਕਟਿਵ ਚੀਫ਼ ਇੰਸਪੈਕਟਰ ਅੱਲਮ ਭਾਂਗੂ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਇਹ ਇੱਕ ਬੇਹੱਦ ਖ਼ੌਫ਼ਨਾਕ ਘਟਨਾ ਹੈ ਜਿਸ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ। ਸਾਡੀ ਹਮਦਰਦੀ ਪੀੜਤ ਪਰਿਵਾਰਾਂ ਨਾਲ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਅਧਿਕਾਰੀਆਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।” ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਵਾਰਦਾਤ ਤੋਂ ਬਾਅਦ ਖਿੜਕੀ ਤੋਂ ਕੁੱਦ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਉਹ ਖ਼ੁਦ ਵੀ ਜ਼ਖ਼ਮੀ ਹੋ ਗਿਆ ਅਤੇ ਪੁਲੀਸ ਨੇ ਉਸ ਨੂੰ ਨਜ਼ਦੀਕੀ ਇਲਾਕੇ ਵਿੱਚੋਂ ਹੀ ਦਬੋਚ ਲਿਆ।
ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਖ਼ਦਸ਼ਾ
ਇਸ ਘਟਨਾ ਨੇ ਬ੍ਰਿਟੇਨ ਵਿੱਚ ਇੱਕ ਵਾਰ ਫਿਰ ਨਸਲੀ ਅਤੇ ਧਾਰਮਿਕ ਨਫ਼ਰਤ ਦਾ ਮੁੱਦਾ ਗਰਮਾ ਦਿੱਤਾ ਹੈ। ਕਈ ਸਿੱਖ ਜਥੇਬੰਦੀਆਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਇਹ ਹਮਲਾ ਸਿੱਖ ਵਿਰੋਧੀ ਨਫ਼ਰਤੀ ਅਪਰਾਧ (Anti-Sikh Hate Crime) ਹੋ ਸਕਦਾ ਹੈ। ਇਹ ਖ਼ਦਸ਼ਾ ਇਸ ਲਈ ਵੀ ਡੂੰਘਾ ਹੋ ਗਿਆ ਹੈ ਕਿਉਂਕਿ ਕੁਝ ਹਫ਼ਤੇ ਪਹਿਲਾਂ ਹੀ ਦੱਖਣ-ਪੂਰਬੀ ਇੰਗਲੈਂਡ ਵਿੱਚ ਇੱਕ 18 ਸਾਲਾ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਵਿੱਚ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਦੌਰਾਨ ਧਾਰਮਿਕ ਪੱਖਾਂ ਨੂੰ ਲੈ ਕੇ ਕਾਫੀ ਤਣਾਅ ਪੈਦਾ ਹੋ ਗਿਆ ਸੀ।
ਇਸੇ ਸਬੰਧ ਵਿੱਚ ‘ਸਿੱਖ ਨੈੱਟਵਰਕ’ ਵੱਲੋਂ ਬੁੱਧਵਾਰ ਨੂੰ ਬ੍ਰਿਟਿਸ਼ ਸੰਸਦ (ਪਾਰਲੀਮੈਂਟ) ਵਿੱਚ ਇੱਕ ਵਿਸ਼ੇਸ਼ ਸਰਵੇਖਣ ਦੀ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਕਰਮ ਦਿਗਵਾ ਦੇ ਕੇਸ ਦੀ ਸੁਣਵਾਈ ਤੋਂ ਬਾਅਦ ਬ੍ਰਿਟੇਨ ਵਿੱਚ ਰਹਿਣ ਵਾਲੇ ਕਰੀਬ 40 ਫੀਸਦੀ ਸਿੱਖਾਂ ਨੇ ਸਿੱਖ ਵਿਰੋਧੀ ਨਫ਼ਰਤੀ ਟਿੱਪਣੀਆਂ ਜਾਂ ਅਪਰਾਧਾਂ ਦਾ ਸਾਹਮਣਾ ਕੀਤਾ ਹੈ ਜਾਂ ਉਹ ਇਸ ਦੇ ਗਵਾਹ ਬਣੇ ਹਨ। ਪੁਲੀਸ ਫਿਲਹਾਲ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

