ਬਲਬੀਰ ਜੰਡੂ
ਕਰੋਨਾ ਦੀ ਮਹਾਂਮਾਰੀ ਕਾਰਨ ਪੈਦਾ ਹੋਏ ਗੰਭੀਰ ਸੰਕਟ ਨਾਲ ਜੂਝ ਰਹੇ ਅਮਰੀਕਾ ਦੀ ਸਟੇਟ ਮਿਨੀਸੋਟਾ ਦੇ ਸ਼ਹਿਰ ਮਿਨੀਪੋਲਿਸ ਵਿਚ 25 ਮਈ ਨੂੰ ਇਕ ਗੋਰੇ ਪੁਲੀਸ ਅਫ਼ਸਰ ਡੇਰੇਕ ਚੌਵਿਨ ਨੇ ਸਿਆਹਫਾਮ ਜੌਰਜ ਫਲਾਇਡ ਦੀ ਧੌਣ ਉੱਤੇ ਗੋਡਾ ਰੱਖ ਕੇ ਹੱਤਿਆ ਕਰ ਦਿੱਤੀ। ਇਸ ਦੀ ਗੂੰਜ ਅਮਰੀਕਾ ਸਮੇਤ ਸਮੁੱਚੇ ਸੰਸਾਰ ਵਿਚ ਪਈ। ਨਤੀਜੇ ਵਜੋਂ ਨਸਲਵਾਦ ਅਤੇ ਸਮਾਜਿਕ ਬੇਇਨਸਾਫ਼ੀ ਦਾ ਮਸਲਾ ਇਕ ਵਾਰ ਫਿਰ ਉੱਭਰ ਕੇ ਅੱਗੇ ਆ ਗਿਆ। ਅਮਰੀਕਾ, ਇੰਗਲੈਂਡ ਤੇ ਯੂਰੋਪ ਦੇ ਦੂਸਰੇ ਦੇਸ਼ਾਂ ਅਤੇ ਦੁਨੀਆਂ ਦੇ ਹੋਰ ਮੁਲਕਾਂ ਵਿਚ ਲੋਕ ਸੜਕਾਂ ਉੱਤੇ ਨਿਕਲਕੇ ਰੋਸ ਪ੍ਰਦਰਸ਼ਨ ਕਰਨ ਲੱਗੇ। ‘ਬਲੈਕ ਲਾਈਵਜ਼ ਮੈਟਰ’ ਦੇ ਬੈਨਰ ਹੇਠ ਇਸ ਅੰਦੋਲਨ ਨੇ ਲੱਖਾਂ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਹੁਣ ਧੌਣ ਤੋਂ ਗੋਡਾ ਚੁੱਕਣਾ ਪਏਗਾ, ਸਿਆਹਫਾਮ ਜੀਵਨ ਤੇ ਸਮਾਜ ਵਿਚ ਬਰਾਬਰੀ ਵਾਲੇ ਰੁਤਬੇ ਦਾ ਸਤਿਕਾਰ ਯਕੀਨੀ ਬਣਾਇਆ ਜਾਵੇ, ਨਸਲੀ ਪੱਖਪਾਤ ਖ਼ਤਮ ਹੋਵੇ ਅਤੇ ਸਿਆਹਫਾਮ ਲੋਕਾਂ ਲਈ ਬਣੇ ਕਾਨੂੰਨਾਂ ਨੂੰ ਇਮਾਨਦਾਰੀ ਨਾਲ ਅਮਲੀ ਜਾਮਾ ਪਹਿਨਾਇਆ ਜਾਵੇ। ਨਸਲਵਾਦ ਦਾ ਕਲੰਕ ਪਿਛਲੀਆਂ ਕਈ ਸਦੀਆਂ ਤੋਂ ਮਾਨਵੀ ਸੱਭਿਅਤਾ ਦੇ ਮੱਥੇ ’ਤੇ ਉਕਰਿਆ ਹੋਇਆ ਹੈ। ਅਮਰੀਕਾ ਵਿਚ ਇਸਦੀ ਸ਼ੁਰੂਆਤ ਅਗਸਤ, 1619 ਵਿਚ ਹੋਈ ਸੀ। ਉਦੋਂ ਬਰਤਾਨਵੀ ਗੋਰੇ 19 ਗ਼ੁਲਾਮ ਲੈ ਕੇ ਤਤਕਾਲੀ ਬ੍ਰਿਟਿਸ਼ ਕਾਲੋਨੀ ਵਰਜੀਨੀਆ ਵਿਚ ਪੁਆਇੰਟ ਕਮਫਰਟ ਵਿਖੇ ਪੁੱਜੇ ਸਨ। ਅੱਜਕੱਲ੍ਹ ਇਸ ਥਾਂ ਨੂੰ ਹੈਂਪਟਨ ਰੋਡਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਤੋਂ ਬਾਅਦ 400 ਸਾਲਾਂ ਦੌਰਾਨ ਵੱਖ ਵੱਖ ਸਮਿਆਂ ’ਤੇ ਗ਼ੁਲਾਮੀ, ਨਸਲੀ ਪੱਖਪਾਤ ਅਤੇ ਸਮਾਜਿਕ ਬੇਇਨਸਾਫ਼ੀ ਵਿਰੁੱਧ ਅੰਦੋਲਨ ਹੋਏ। ਉੱਘੇ ਆਗੂ ਇਬਰਾਹੀਮ ਲਿੰਕਨ ਨੇ ਗ਼ੁਲਾਮੀ ਵਿਰੁੱਧ ਆਵਾਜ਼ ਬੁਲੰਦ ਕੀਤੀ। ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਨਸਲੀ ਪੱਖਪਾਤ ਵਿਰੁੱਧ ਅਤੇ ਨਾਗਰਿਕ ਹੱਕਾਂ ਲਈ ਝੰਡਾ ਚੁੱਕਿਆ। ਇਸ ਦੀ ਬਦੌਲਤ ਨਾਗਰਿਕ ਹੱਕਾਂ ਦੀ ਰਾਖੀ ਲਈ ਕਈ ਕਾਨੂੰਨ ਬਣੇ, ਪਰ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ’ਤੇ ਇਮਾਨਦਾਰੀ ਨਾਲ ਅਮਲ ਦੀ ਘਾਟ ਹੀ ਰਹੀ।
ਗੋਰਿਆਂ ਦੇ ਇਕ ਹਿੱਸੇ ਦੀ ਮਾਨਸਿਕਤਾ ਨਫ਼ਰਤ ਮੁਕਤ ਹੋ ਹੀ ਨਹੀਂ ਸਕੀ। ਇਸ ਕਰਕੇ ਅਮਰੀਕੀ ਸਮਾਜ ਅਜੇ ਤਕ ਇਸ ਸਮੱਸਿਆ ਤੋਂ ਪੂਰੀ ਤਰ੍ਹਾਂ ਖਹਿੜਾ ਨਹੀਂ ਛੁਡਾ ਸਕਿਆ। ਇਸਦੀ ਤਾਜ਼ਾ ਮਿਸਾਲ ਜੌਰਜ ਫਲਾਇਡ ਦਾ ਕਤਲ ਹੈ। ਜਨਵਰੀ 2020 ਤੋਂ ਹੁਣ ਤਕ ਚਾਰ ਹੋਰ ਅਫ਼ਰੀਕਨ-ਅਮਰੀਕਨਾਂ ਦਾ ਕਤਲ ਹੋ ਚੁੱਕਾ ਹੈ। ਉਂਜ ਤਾਂ ਪਿਛਲੀਆਂ ਚਾਰ ਸਦੀਆਂ ਵਿਚ ਹਜ਼ਾਰਾਂ ਅਫ਼ਰੀਕਨ-ਅਮਰੀਕਨ ਗੋਰਿਆਂ ਦੀ ਨਫ਼ਰਤ ਦਾ ਸ਼ਿਕਾਰ ਹੋ ਚੁੱਕੇ ਹਨ। ਫਲਾਇਡ ਦੇ ਕਤਲ ਵਿਰੁੱਧ ਗੁੱਸੇ ਦੀ ਲਹਿਰ ਅਜੇ ਠੰਢੀ ਨਹੀਂ ਪਈ ਕਿ ਐਟਲਾਂਟਾ ਵਿਚ ਦੋ ਗੋਰੇ ਪੁਲੀਸ ਅਫ਼ਸਰਾਂ ਨੇ ਇਕ 27 ਸਾਲਾ ਅਫ਼ਰੀਕਨ-ਅਮਰੀਕਨ ਨੌਜਵਾਨ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ। ਭਾਵੇਂ ਐਟਲਾਂਟਾ ਪੁਲੀਸ ਦੇ ਮੁਖੀ ਨੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਹਿਊਸਟਨ ਵਿਚ ਵੀ ਪੁਲੀਸ ਨੇ ਗੋਡੇ ਟੇਕ ਕੇ ਮੁਆਫ਼ੀ ਮੰਗੀ ਸੀ, ਪਰ ਰੋਸ ਪ੍ਰਦਰਸ਼ਨ ਨਹੀਂ ਸਨ ਰੁਕੇ।
ਜੌਰਜ ਫਲਾਇਡ ਨੂੰ ਪੁਲੀਸ ਵੱਲੋਂ ਇਕ ਨਕਲੀ ਨੋਟ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਤੋਂ ਬਾਅਦ ਚਾਰ ਗੋਰੇ ਪੁਲੀਸ ਅਫ਼ਸਰ ਜਿਸ ਦਰਿੰਦਗੀ ਨਾਲ ਉਸ ਨਾਲ ਪੇਸ਼ ਆਏ ਉਹ ਸਾਹਮਣੇ ਆ ਚੁੱਕਾ ਹੈ। ਮਿਨੀਪੋਲਿਸ ਵਿਚ ਵਾਪਰੀ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਨਾਲ ਅਮਰੀਕਾ ਅਤੇ ਦੁਨੀਆਂ ਭਰ ਵਿਚ ਲੋਕਾਂ ਅੰਦਰ ਗੁੱਸੇ ਦੀ ਲਹਿਰ ਦੌੜ ਗਈ। ਵੀਡੀਓ ਵਿਚ ਸਾਫ਼ ਨਜ਼ਰ ਆਉਂਦਾ ਹੈ ਕਿ ਕਿਵੇਂ ਗੋਰਾ ਪੁਲੀਸ ਅਫ਼ਸਰ ਫਲਾਇਡ ਦੀ ਧੌਣ ਉੱਤੇ ਗੋਡਾ ਰੱਖ ਕੇ ਉਸ ਨੂੰ ਦਬਾਈ ਜਾ ਰਿਹਾ ਹੈ ਅਤੇ ਫਲਾਇਡ ਸਾਹ ਨਾ ਆਉਣ ਦੀ ਦੁਹਾਈ ਪਾ ਰਿਹਾ ਹੈ, ਪਰ ਗੋਰੇ ਅਫ਼ਸਰ ਉੱਤੇ ਕੋਈ ਅਸਰ ਨਾ ਹੋਇਆ। ਆਖਰ ਉਹ ਦਮ ਤੋੜ ਗਿਆ। ਕੁਝ ਦਿਨਾਂ ਬਾਅਦ ਸਾਹਮਣੇ ਆਈ ਦੂਸਰੀ ਵੀਡੀਓ ਵਿਚ ਤਿੰਨ ਹੋਰ ਗੋਰੇ ਅਫ਼ਸਰ ਵੀ ਫਲਾਇਡ ਉੱਤੇ ਦਮਨ ਕਰਨ ਵਿਚ ਲੱਗੇ ਦਿਖਾਈ ਦੇ ਰਹੇ ਹਨ। ਬਾਅਦ ਵਿਚ ਹਸਪਤਾਲ ਵਿਚ ਉਸਦੀ ਮੌਤ ਹੋ ਗਈ। ਨਿਹੱਥੇ ਫਲਾਇਡ ਨਾਲ ਜੋ ਵਾਪਰਿਆ ਉਸ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ। ਲੋਕ ਆਪ-ਮੁਹਾਰੇ ਸੜਕਾਂ ਉੱਤੇ ਨਿਕਲਕੇ ਰੋਸ ਪ੍ਰਦਰਸ਼ਨ ਕਰਨ ਲੱਗੇ।
ਅਮਰੀਕਾ ਦੇ ਸਭ ਵੱਡੇ ਸ਼ਹਿਰਾਂ ਨੂੰ ਰੋਸ ਪ੍ਰਦਰਸ਼ਨਾਂ ਨੇ ਆਪਣੀ ਲਪੇਟ ਵਿਚ ਲੈ ਲਿਆ। ਵੱਖ ਵੱਖ ਥਾਵਾਂ ਉੱਤੇ ਪੁਲੀਸ ਨੇ ਭੀੜਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ, ਲਾਠੀਚਾਰਜ ਅਤੇ ਫਾਈਰਿੰਗ ਦੀ ਵਰਤੋਂ ਕੀਤੀ। ਵਾਸ਼ਿੰਗਟਨ ਡੀਸੀ ਵਿਚ ਤਾਂ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਅੱਗੇ ਪਹੁੰਚ ਗਏ। ਉਨ੍ਹਾਂ ਦੇ ਰੋਹ ਨੂੰ ਦੇਖਦਿਆਂ ਉੱਥੇ ਤਾਇਨਾਤ ਨੈਸ਼ਨਲ ਗਾਰਡਜ਼ ਤੇ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਨਾਲ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵ੍ਹਾਈਟ ਹਾਊਸ ਦੇ ਬੰਕਰ ਵਿਚ ਭੇਜ ਦਿੱਤਾ। ਇਹ 9/11 ਦੇ ਹਮਲਿਆਂ ਮਗਰੋਂ ਪਹਿਲੀ ਵਾਰ ਸੀ ਕਿ ਰਾਸ਼ਟਰਪਤੀ ਨੂੰ ਬੰਕਰ ਵਿਚ ਛੁਪਣਾ ਪਿਆ। ਇਸਤੋਂ ਸ਼ਰਮਸਾਰ ਹੋ ਕੇ ਟਰੰਪ ਨੇ ਆਪਣੇ ਸਲਾਹਕਾਰਾਂ ਅਤੇ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਜਨਤਕ ਤੌਰ ਉੱਤੇ ਨਜ਼ਰ ਆਉਣਾ ਚਾਹੁੰਦੇ ਹਨ। ਇਸ ਪਿੱਛੋਂ ਰਸਤੇ ਸਾਫ਼ ਕਰਵਾ ਕੇ ਉਨ੍ਹਾਂ ਨੂੰ ਚਰਚ ਦੇ ਸਾਹਮਣੇ ਲਿਜਾਇਆ ਗਿਆ। ਉੱਥੇ ਟਰੰਪ ਨੇ ਬਾਈਬਲ ਹੱਥ ਵਿਚ ਫੜ ਕੇ ਫੋਟੋ ਖਿਚਵਾਈ। ਇਹ ਫੋਟੋ ਸਾਰੇ ਮੀਡੀਆ ਵਿਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋਈ।
ਇੰਗਲੈਂਡ ਅਤੇ ਦੂਸਰੇ ਯੂਰੋਪੀਨ ਦੇਸ਼ਾਂ ਦੀਆਂ ਰਾਜਧਾਨੀਆਂ ਵਿਚ ਵੀ ਹਜ਼ਾਰਾਂ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ। ਉਹ ਨਸਲਵਾਦ ਤੇ ਸਮਾਜਿਕ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ। ਯੂ.ਕੇ. ਵਿਚ ਲੰਡਨ, ਵੋਲਵਰ ਹੈਂਪਟਨ, ਨੋਟਿੰਘਮ, ਗਲਾਸਗੋ, ਈਡਨਬਰਾਅ ਅਤੇ ਬ੍ਰਿਸਟਲ ਵਿਚ ਵਿਸ਼ਾਲ ਮੁਜ਼ਾਹਰੇ ਹੋਏ। ਸੈਂਟਰਲ ਲੰਡਨ ਵਿਚ ਨਸਲਵਾਦ ਖਿਲਾਫ਼ ਮੁਜ਼ਾਹਰਾ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਤਿਤਰ-ਬਿਤਰ ਕਰਨ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਝੜਪਾਂ ਵਿਚ ਕਈ ਲੋਕ ਫੱਟੜ ਹੋ ਗਏ। ਬ੍ਰਿਸਟਲ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ ਨੇ ਗ਼ੁਲਾਮਾਂ ਦੇ ਮਸ਼ਹੂਰ ਵਪਾਰੀ ਐਡਵਰਡ ਕੌਲਸਟਨ ਦੇ ਕਾਂਸੇ ਦੇ ਬੁੱਤ ਨੂੰ ਰੱਸੇ ਪਾ ਕੇ ਡੇਗਿਆ ਅਤੇ ਉਸ ਦੀ ਧੋਣ ਉੱਤੇ ਗੋਡਾ ਰੱਖ ਕੇ ਉਹੀ ਦ੍ਰਿਸ਼ ਬਣਾਇਆ ਜੋ ਜੌਰਜ ਫਲਾਇਡ ਦੇ ਕਤਲ ਵੇਲੇ ਸੀ। ਇਸ ਪਿੱਛੋਂ ਉਨ੍ਹਾਂ ਬੁੱਤ ਨੂੰ ਰੱਸਾ ਪਾ ਕੇ ਗਲੀਆਂ ਵਿਚ ਘਸੀਟਿਆ। ਉਨ੍ਹਾਂ ਦੇ ਮਨ ਇੰਜ ਵੀ ਸ਼ਾਂਤ ਨਾ ਹੋਏ ਤਾਂ ਉਨ੍ਹਾਂ ਬੁੱਤ ਨੂੰ ਦਰਿਆ ਵਿਚ ਰੋੜ ਦਿੱਤਾ। ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਅਫ਼ਰੀਕਨ-ਅਮਰੀਕਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਅਮਰੀਕਾ ਵਿਚ ਕਰੋਨਾ ਮਹਾਂਮਾਰੀ, ਆਰਥਿਕ ਸੰਕਟ, ਬੇਰੁਜ਼ਗਾਰੀ ਅਤੇ ਸਮਾਜਿਕ ਬੇਇਨਸਾਫ਼ੀ ਨੇ ਵਿਸਫੋਟਕ ਸਥਿਤੀ ਪੈਦਾ ਕਰ ਦਿੱਤੀ ਸੀ। ਫਲਾਇਡ ਦੇ ਕਤਲ ਨੇ ਇਸ ਸਥਿਤੀ ਲਈ ਚਿੰਗਾੜੀ ਦਾ ਕੰਮ ਕੀਤਾ ਅਤੇ ਲੋਕਾਂ ਅੰਦਰਲੀ ਬੇਚੈਨੀ ਸੜਕਾਂ ਉੱਤੇ ਫੁਟ ਨਿਕਲੀ। ਟਰੰਪ ਨੇ ਸਥਿਤੀ ਨਾਲ ਨਜਿੱਠਣ ਲਈ ਜਿਹੜਾ ਰਾਹ ਫੜਿਆ ਉਸ ਨਾਲ ਹੋਰ ਭੜਕਾਹਟ ਪੈਦਾ ਹੋ ਗਈ। ਟਰੰਪ ਦੇ ਬਿਆਨਾਂ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ। ਇਸ ਪਿੱਛੋਂ ਟਰੰਪ ਦੇ ਹਮਾਇਤੀਆਂ ਨੇ ਵੀ ਉਸ ਤੋਂ ਪੱਲਾ ਝਾੜ ਲਿਆ। ਇਥੋਂ ਤਕ ਕਿ ਅਮਰੀਕਾ ਦੇ ਜਾਇੰਟ ਚੀਫ ਆਫ ਸਟਾਫ ਜਨਰਲ ਮਾਰਕ, ਸਾਬਕਾ ਰੱਖਿਆ ਮੰਤਰੀ ਅਤੇ ਜਨਰਲ ਜੇਮਜ਼ ਨੌਰਮੈਨ ਮੈਟਿਸ ਨੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਅਮਰੀਕੀ ਸਮਾਜ ਨੂੰ ਵੰਡਣ ਦੇ ਰਾਹ ਪਏ ਹੋਏ ਹਨ। ਸਾਬਕਾ ਵਿਦੇਸ਼ ਮੰਤਰੀ ਕੌਲਿਨ ਪੋਵੈਲ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਤਾਂ ਸੰਵਿਧਾਨ ਤੋਂ ਪਾਸੇ ਜਾ ਰਹੇ ਹਨ। ਉਨ੍ਹਾਂ ਰਾਸ਼ਟਰਪਤੀ ਵੱਲੋਂ ਫਲਾਇਡ ਦੀ ਹੱਤਿਆ ਦੇ ਮਾਮਲੇ ਨਾਲ ਨਜਿੱਠਣ ਦੇ ਤਰੀਕਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਦੂਸਰੇ ਪਾਸੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਕਹਿਣਾ ਕਿ ਨਸਲਵਾਦ ਵਿਰੁੱਧ ਪ੍ਰਦਰਸ਼ਨਾਂ ਵਿਚ ਅਤਿਵਾਦੀ ਅਤੇ ਠੱਗ ਘੁਸ ਆਏ ਹਨ। ਉਹ ਲੁੱਟ ਮਾਰ ਤੇ ਅਗਜ਼ਨੀ ਦੀਆਂ ਘਟਨਾਵਾਂ ਕਰ ਰਹੇ ਹਨ।
ਫਲਾਇਡ ਦੇ ਚਾਰ ਗੋਰੇ ਕਾਤਲਾਂ ਨੂੰ ਸੈਕਿੰਡ ਡਿਗਰੀ ਕਤਲ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਮਿਨੀਪੋਲਿਸ ਦੀ ਨਗਰ ਕੌਂਸਲ ਨੇ ਜਨਤਕ ਅੰਦੋਲਨ ਦੇ ਦਬਾਅ ਹੇਠ ਕੌਂਸਲ ਦੇ ਪੁਲੀਸ ਵਿਭਾਗ ਨੂੰ ਭੰਗ ਕਰ ਦਿੱਤਾ। ਹੋਰ ਸ਼ਹਿਰੀ ਕੌਂਸਲਾਂ ਵੀ ਪੁਲੀਸ ਵਿਭਾਗ ਭੰਗ ਕਰਨ, ਪੁਲੀਸ ਬਜਟ ਵਿਚ ਕਟੌਤੀ ਕਰਨ ਅਤੇ ਪੁਲੀਸ ਸੁਧਾਰਾਂ ਦੀ ਗੱਲ ਕਰ ਰਹੀਆਂ ਹਨ।। ਨਿਊਯਾਰਕ ਸਿਟੀ ਦੇ ਗਵਰਨਰ ਨੇ ਪੁਲੀਸ ਸੁਧਾਰਾਂ ਦਾ ਐਲਾਨ ਕਰਦਿਆਂ ਪੁਲੀਸ ਦੇ ਗਲਾ ਘੁੱਟਣ ਵਰਗੇ ਢੰਗ-ਤਰੀਕਿਆਂ ਉੱਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਪੁਲੀਸ ਬਜਟ ਵਿਚ ਕਟੌਤੀ ਦਾ ਵੀ ਸੰਕੇਤ ਦਿੱਤਾ ਹੈ। ਇਸ ਤੋਂ ਇਲਾਵਾ ਅਮਰੀਕੀ ਸਰਕਾਰ ਫ਼ੌਜੀ ਅੱਡਿਆਂ ਤੋਂ ਕਨਫੈਡਰੇਟ ਫਲੈਗ ਅਤੇ ਵੱਖ ਵੱਖ ਥਾਵਾਂ ਤੋਂ ਵਿਵਾਦਗ੍ਰਸਤ ਬੁੱਤ ਹਟਾਉਣ ਦੀ ਤਿਆਰੀ ਵਿਚ ਲੱਗੀ ਹੋਈ ਹੈ। ਹੁਣ ਬਣਨ ਵਾਲੇ ਨਵੇਂ ਕਾਨੂੰਨ, ਨਵੀਆਂ ਨੀਤੀਆਂ, ਨਵੇਂ ਸੁਧਾਰ ਅਤੇ ਨਵਾਂ ਵਿਵਹਾਰ ਅਫ਼ਰੀਕਨ-ਅਮਰੀਕਨਾਂ ਨੂੰ ਨਸਲਵਾਦ ਅਤੇ ਸਮਾਜਿਕ ਬੇਇਨਸਾਫ਼ੀ ਤੋਂ ਕਿੰਨੀ ਰਾਹਤ ਦਿਵਾਏਗਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਇਕ ਗੱਲ ਪੱਕੀ ਹੈ ਕਿ ਪੁਲੀਸ ਹੁਣ ਧੋਣ ਉੱਤੇ ਗੋਡਾ ਨਹੀਂ ਰੱਖ ਸਕੇਗੀ।