ਜਤਿੰਦਰ ਚੀਮਾ
ਹਾਲ ਹੀ ਵਿਚ ਜਦੋਂ ਡੈਨਮਾਰਕ ਦੀ ਇਕ ਅਦਾਲਤ ਵੱਲੋਂ ਸੰਸਾਰ ਪ੍ਰਸਿੱਧ ਤੇਲ ਕੰਪਨੀ ਸ਼ੈਲ ਨੂੰ ਇਹ ਹੁਕਮ ਦਿੱਤਾ ਕਿ ਉਸ ਨੂੰ 2030 ਤਕ ਉਸ ਦੇ ਖੂਹਾਂ ਤੋਂ ਤੇਲ ਕੱਢਣ ਸਮੇਂ ਪੈਦਾ ਹੁੰਦੀਆਂ ਹਾਨੀਕਾਰਕ ਗੈਸਾਂ ਨੂੰ 2019 ਦੇ ਮੁਕਾਬਲੇ 45 ਫੀਸਦੀ ਘਟਾਉਣਾ ਪਵੇਗਾ ਤਾਂ ਵਾਤਾਵਰਣ ਪ੍ਰੇਮੀਆਂ ਨੇ ਇਸ ਨੂੰ ਆਪਣੀ ਵੱਡੀ ਜਿੱਤ ਕਰਾਰ ਦਿੱਤਾ। ਇਕੱਲੇ ਡੈਨਮਾਰਕ ਹੀ ਨਹੀਂ ਪੂਰੀ ਦੁਨੀਆ ਵਿਚ ਵਾਤਾਵਰਣ ਪ੍ਰੇਮੀਆਂ ਨੇ ਤੇਲ ਕੰਪਨੀਆਂ ਵਿਰੁੱਧ ਵੱਡੀ ਜੰਗ ਛੇੜ ਰੱਖੀ ਹੈ। ਇਸ ਜੰਗ ਨੇ ਦੁਨੀਆ ਵਿਚ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਵਾਤਾਵਰਣ ਪ੍ਰੇਮੀਆਂ ਦੀਆਂ ਇਨ੍ਹਾਂ ਕਾਰਵਾਈਆਂ ਨਾਲ ਸੰਸਾਰ ਵਿਚ ਤੇਲ ਦੀ ਖ਼ਪਤ ’ਤੇ ਕੀ ਅਸਰ ਪਵੇਗਾ?
ਸਾਲ 2020 ਦੇ ਅੰਕੜਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਤੇਲ ਕੰਪਨੀਆਂ ਹੌਲੀ-ਹੌਲੀ ਤੇਲ ਦੇ ਨਵੇਂ ਖੂਹਾਂ ’ਤੇ ਆਪਣਾ ਨਿਵੇਸ਼ ਘਟਾ ਰਹੀਆਂ ਹਨ। 2020 ਵਿਚ ਤੇਲ ਕੰਪਨੀਆਂ ਨੇ ਨਵੇਂ ਤੇਲ ਖੂਹਾਂ ’ਤੇ 330 ਅਰਬ ਡਾਲਰ ਦਾ ਖ਼ਰਚਾ ਕੀਤਾ ਜਿਹੜਾ 2014 ਦੇ ਮੁਕਾਬਲੇ ਅੱਧ ਤੋਂ ਵੀ ਘੱਟ ਹੈ। ਯਾਦ ਰਹੇ ਕਿ 2014 ਵਿਚ ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 100 ਡਾਲਰ ਨੂੰ ਪਾਰ ਕਰ ਗਈਆਂ ਸਨ। ਤੇਲ ਕੰਪਨੀਆਂ ਦੇ ਹੱਕ ਵਿਚ ਬੋਲਦਿਆਂ ਕਈ ਮਾਹਿਰਾਂ ਦਾ ਇਹ ਕਹਿਣਾ ਕਿ ਜੇਕਰ ਅਸੀਂ ਪਿਛਲੇ ਦਸ ਸਾਲਾਂ ਦੇ ਅੰਕੜੇ ਵੇਖੀਏ ਤਾਂ ਦੁਨੀਆ ਵਿਚ ਤੇਲ ਦੀ ਖ਼ਪਤ ਵਧ ਰਹੀ ਹੈ ਨਾ ਕਿ ਘਟ ਰਹੀ ਹੈ। ਅਜਿਹੇ ਵਿਚ ਜੇਕਰ ਮੰਨ ਲਈਏ ਕਿ ਸ਼ੈਲ ਵਰਗੀ ਕੰਪਨੀ ਕੱਲ੍ਹ ਹੀ ਇਹ ਐਲਾਨ ਕਰ ਦੇਵੇ ਕਿ ਉਹ ਤੇਲ ਦੇ ਵਪਾਰ ਨੂੰ ਬੰਦ ਕਰਨ ਜਾ ਰਹੀ ਹੈ ਤਾਂ ਕੀ ਲੋਕ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਤੇਲ ਦੀ ਖਪਤ ਘਟਾ ਦੇਣਗੇ? ਸੰਭਵ ਹੈ ਕਿ ਉਹ ਸ਼ੈਲ ਦੇ ਬੰਦ ਹੋਣ ’ਤੇ ਆਪਣਾ ਰੁਖ਼ ਦੂਸਰੀਆਂ ਕੰਪਨੀਆਂ ਵੱਲ ਕਰ ਲੈਣਗੇ। ਜੇਕਰ ਤੇਲ ਕੰਪਨੀਆਂ ਇਸੇ ਤਰ੍ਹਾਂ ਆਪਣਾ ਨਿਵੇਸ਼ ਘਟਾਈ ਗਈਆਂ ਤਾਂ ਇਸ ਦਾ ਨਤੀਜਾ ਇਹ ਹੋਵੇਗਾ ਕਿ ਤੇਲ ਦੀ ਪੈਦਾਵਾਰ ਘਟਦੀ ਜਾਵੇਗੀ। ਅਜਿਹੇ ਵਿਚ ਜਦੋਂ ਦੁਨੀਆ ਭਰ ਦੇ ਦੇਸ਼ ਜਿਹੜੇ ਊਰਜਾ ਨਵਿਆਉਣ ਸਰੋਤਾਂ ਵਿਚ ਨਿਵੇਸ਼ ’ਤੇ ਜ਼ੋਰ ਪਾ ਰਹੇ ਹਨ, ਲਈ ਤਾਂ ਇਹ ਇਕ ਚੰਗੀ ਖ਼ਬਰ ਹੋਵੇਗੀ, ਪਰ ਤੇਲ ਦੀ ਵਧ ਰਹੀ ਮੰਗ ਨਾਲ ਤੇਲ ਦੀਆਂ ਕੀਮਤਾਂ ’ਤੇ ਇਸ ਦੇ ਬੜੇ ਮਾੜੇ ਪ੍ਰਭਾਵ ਪੈਣਗੇ।
ਮਈ ਵਿਚ ਆਈ ਇਕ ਰਿਪੋਰਟ ਨੇ ਇਹ ਡਰ ਜ਼ਾਹਿਰ ਕੀਤਾ ਹੈ ਕਿ ਵੱਡੀਆਂ ਤੇਲ ਕੰਪਨੀਆਂ ਦੇ ਤੇਲ ਜ਼ਖ਼ੀਰੇ ਲਗਾਤਾਰ ਘਟ ਰਹੇ ਹਨ। ਉਨ੍ਹਾਂ ਵੱਲੋਂ ਘਟ ਰਹੇ ਨਿਵੇਸ਼ ਕਾਰਨ ਪਹਿਲਾਂ ਹੀ ਤੇਲ ਦੇ ਜ਼ਖੀਰੇ 15 ਫੀਸਦੀ ਤੋਂ ਵਧ ਘਟ ਗਏ ਹਨ। ਜੇਕਰ ਤੇਲ ਕੰਪਨੀਆਂ ਵੱਲੋਂ ਨਵੇਂ ਖੂਹਾਂ ਦੇ ਨਿਵੇਸ਼ ਵਿਚੋਂ ਆਪਣਾ ਹੱਥ ਖਿੱਚ ਲਿਆ ਗਿਆ ਤਾਂ ਅਗਲੇ ਪੰਦਰਾਂ ਸਾਲਾਂ ਵਿਚ ਤੇਲ ਦੇ ਮੌਜੂਦਾ ਜਖ਼ੀਰੇ ਖ਼ਤਮ ਹੋ ਜਾਣਗੇ।
ਜੇਕਰ ਅਜਿਹਾ ਹੁੰਦਾ ਹੈ ਤਾਂ ਦੁਨੀਆ ਤੇਲ ਦੇ ਇਕ ਵੱਡੇ ਸੰਕਟ ਵਿਚ ਫਸ ਜਾਵੇਗੀ। ਆਲੋਚਕਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਨਵਿਆਉਣਯੋਗ ਊਰਜਾ ਦੇ ਸਰੋਤ ਅਗਲੇ ਪੰਦਰਾਂ ਸਾਲਾਂ ਵਿਚ ਕਿਸੇ ਵੀ ਹਾਲਤ ਵਿਚ ਦੁਨੀਆ ਦੀ ਤੇਲ ’ਤੇ ਨਿਰਭਰਤਾ ਨੂੰ ਘਟਾਉਣ ਵਿਚ ਸਫਲ ਨਹੀਂ ਹੋ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਊਰਜਾ ਦੇ ਇਨ੍ਹਾਂ ਸਰੋਤਾਂ ਤੋਂ ਪੈਦਾ ਹੋਣ ਵਾਲੀ ਊਰਜਾ ਇੰਨੀ ਮਹਿੰਗੀ ਹੋਵੇਗੀ ਕਿ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਦੀ ਤਰੱਕੀ ਰੁਕ ਜਾਵੇਗੀ। ਅਜਿਹੇ ਵਿਚ ਇਨ੍ਹਾਂ ਦੇਸ਼ਾਂ ਵਿਚ ਵਸਦੇ ਲੋਕਾਂ ਲਈ ਕਈ ਹੋਰ ਔਕੜਾਂ ਪੈਦਾ ਹੋ ਜਾਣਗੀਆਂ। ਅੱਜ ਵੀ ਦੁਨੀਆ ਵਿਚ ਇਕ ਅਰਬ ਦੇ ਕਰੀਬ ਉਹ ਲੋਕ ਹਨ ਜਿਨ੍ਹਾਂ ਅੱਜ ਤਕ ਬਿਜਲੀ ਦਾ ਮੂੰਹ ਤਕ ਵੀ ਨਹੀਂ ਵੇਖਿਆ। ਉਨ੍ਹਾਂ ਲਈ ਬਿਜਲੀ ਦੇ ਸਸਤੇ ਸਰੋਤ ਕੇਵਲ ਤੇਲ ਅਤੇ ਕੋਇਲਾ ਹੀ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਨਵਿਆਉਣਯੋਗ ਊਰਜਾ ਵਿਚ ਨਿਵੇਸ਼ ਕਰ ਰਹੀਆਂ ਕੰਪਨੀਆਂ ਲਈ ਇਹ ਵੀ ਇਕ ਵਪਾਰ ਹੈ। ਜੇਕਰ ਇਸ ਵਿਚ ਫਾਇਦਾ ਹੋਵੇਗਾ ਤਾਂ ਹੀ ਇਸ ਵਿਚ ਨਿਵੇਸ਼ ਕਰਨਗੀਆਂ।
ਅਫ਼ਰੀਕਨ ਦੇਸ਼ਾਂ ਦੀ ਮਿਸਾਲ ਦਿੰਦਿਆਂ ਉਹ ਦਲੀਲ ਦਿੰਦੇ ਹਨ ਕਿ ਇਨ੍ਹਾਂ ਦੇਸ਼ਾਂ ਵਿਚ ਨਵਿਆਉਣਯੋਗ ਊਰਜਾ ਦੇ ਚੰਗੇ ਸਰੋਤਾਂ ਦੇ ਬਾਵਜੂਦ ਕੰਪਨੀਆਂ ਜ਼ਿਆਦਾ ਨਿਵੇਸ਼ ਨਹੀਂ ਕਰ ਰਹੀਆਂ। ਉਸ ਦਾ ਮੁੱਖ ਕਾਰਨ ਇਹ ਹੈ ਕਿ ਅਫ਼ਰੀਕਾ ਦੇ ਇਨ੍ਹਾਂ ਦੇਸ਼ਾਂ ਵਿਚ ਅੱਜ ਵੀ ਲੋਕ ਆਰਥਿਕ ਤੌਰ ’ਤੇ ਇੰਨੇ ਸਮਰੱਥ ਨਹੀਂ ਹਨ ਕਿ ਉਹ ਇਨ੍ਹਾਂ ਸਰੋਤਾਂ ਤੋਂ ਪੈਦਾ ਹੋਣ ਵਾਲੀ ਊਰਜਾ ਦੀ ਕੀਮਤ ਤਾਰ ਸਕਣ। ਅਜਿਹੇ ਵਿਚ ਦੁਨੀਆ ਭਰ ਦੇ ਦੇਸ਼ ਆਉਣ ਵਾਲੇ ਸਮੇਂ ਵਿਚ ਤੇਲ ਦੇ ਵੱਡੇ ਸੰਕਟ ਵੱਲ ਵਧ ਰਹੇ ਹਨ। ਇੰਟਰਨੈਸ਼ਨਲ ਐਨਰਜੀ ਏਜੰਸੀ ਜਿਹੜੀ ਤੇਲ ਦੀ ਪੈਦਾਵਾਰ ਸਬੰਧੀ ਤੇਲ ਉਤਪਾਦਕਾਂ ਨੂੰ ਸਮੇਂ-ਸਮੇਂ ’ਤੇ ਅਗਾਊਂ ਚਿਤਾਵਨੀ ਜਾਰੀ ਕਰਦੀ ਹੈ, ਨੇ ਇਹ ਭਵਿੱਖਬਾਣੀ ਕੀਤੀ ਹੈ ਕਿ 2022 ਵਿਚ ਜਿਵੇਂ ਕਿ ਆਸ ਹੈ ਕਿ ਦੁਨੀਆ ਕਰੋਨਾ ਮਹਾਮਾਰੀ ਵਿਚੋਂ ਬਾਹਰ ਨਿਕਲ ਆਵੇਗੀ ਤੇ ਆਰਥਿਕਤਾ ਪਹਿਲਾਂ ਵਾਂਗ ਮੁੜ ਲੀਹਾਂ ’ਤੇ ਆ ਜਾਵੇਗੀ। ਉਮੀਦ ਹੈ ਕਿ ਪੂਰਾ ਸੰਸਾਰ ਉਦਯੋਗਿਕ ਉਤਪਾਦਨ ਦੇ ਨਵੇਂ ਰਿਕਾਰਡ ਤੋੜੇਗਾ। ਤਾਂ ਅਜਿਹੇ ਵਿਚ ਤੇਲ ਦੀ ਮੰਗ ਵੀ ਰਿਕਾਰਡ ਪੱਧਰ ’ਤੇ ਪਹੁੰਚ ਜਾਵੇਗੀ। ਜੇਕਰ ਤੇਲ ਕੰਪਨੀਆਂ ਨੇ ਆਪਣੀ ਪੈਦਾਵਾਰ ਨਾ ਵਧਾਈ ਤਾਂ ਤੇਲ ਦੀਆਂ ਕੀਮਤਾਂ ਆਸਮਾਨ ਨੂੰ ਛੂਹਣਗੀਆਂ ਅਤੇ ਅਨਿਸ਼ਚਿਤਤਾ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ।
ਸੰਪਰਕ: 403-629-3577