ਜੰਗ ਵਿੱਚ ਕੋਈ ਨਹੀਂ ਜਿੱਤਦਾ
ਜੰਗ ਵਿੱਚ ਮਹਿੰਦੀਆਂ ਖੁਰ ਜਾਂਦੀਆਂ ਹਨ ਅਤੇ ਮਿਜ਼ਾਈਲਾਂ ਦੇ ਸ਼ੋਰ ਵਿੱਚ ਸੁਹਾਗ ਉੱਜੜ ਜਾਂਦੇ ਹਨ। ਜੰਗ ਕਦੇ ਵੀ ਸਿਰਫ਼ ਸਰਹੱਦਾਂ ਦਾ ਟਕਰਾਅ ਨਹੀਂ ਹੁੰਦੀ, ਇਹ ਮਨੁੱਖਤਾ ਦੇ ਅੰਦਰਲੇ ਸੰਘਰਸ਼ ਦੀ ਉੱਚੀ ਆਵਾਜ਼ ਹੁੰਦੀ ਹੈ। ਜਦੋਂ ਜੰਗ ਦੀਆਂ ਅੱਗਾਂ ਭੜਕਦੀਆਂ ਹਨ,...
ਜੰਗ ਵਿੱਚ ਮਹਿੰਦੀਆਂ ਖੁਰ ਜਾਂਦੀਆਂ ਹਨ ਅਤੇ ਮਿਜ਼ਾਈਲਾਂ ਦੇ ਸ਼ੋਰ ਵਿੱਚ ਸੁਹਾਗ ਉੱਜੜ ਜਾਂਦੇ ਹਨ। ਜੰਗ ਕਦੇ ਵੀ ਸਿਰਫ਼ ਸਰਹੱਦਾਂ ਦਾ ਟਕਰਾਅ ਨਹੀਂ ਹੁੰਦੀ, ਇਹ ਮਨੁੱਖਤਾ ਦੇ ਅੰਦਰਲੇ ਸੰਘਰਸ਼ ਦੀ ਉੱਚੀ ਆਵਾਜ਼ ਹੁੰਦੀ ਹੈ। ਜਦੋਂ ਜੰਗ ਦੀਆਂ ਅੱਗਾਂ ਭੜਕਦੀਆਂ ਹਨ, ਤਾਂ ਸਿਰਫ਼ ਮਿਜ਼ਾਈਲਾਂ ਨਹੀਂ ਉੱਡਦੀਆਂ, ਸਗੋਂ ਮਨੁੱਖੀ ਖ਼ੁਆਬ, ਮਾਸੂਮ ਮੁਸਕਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਆਸਾਂ ਵੀ ਰਾਖ ਬਣ ਕੇ ਉੱਡ ਜਾਂਦੀਆਂ ਹਨ।
ਜੰਗ ਦੀਆਂ ਧੁਨੀਆਂ ਵਿੱਚ ਤੋਪਾਂ ਦੀ ਗੜਗੜਾਹਟ ਹੁੰਦੀ ਹੈ, ਪਰ ਉਸ ਦੇ ਅੰਦਰ ਲੁਕਿਆ ਹੁੰਦਾ ਹੈ ਮਾਵਾਂ ਦਾ ਵਿਰਲਾਪ, ਬੱਚਿਆਂ ਦੀ ਡਰ ਨਾਲ ਕੰਬਦੀ ਰੂਹ ਅਤੇ ਮਨੁੱਖਤਾ ਦੀ ਹਾਰ। ਇਤਿਹਾਸ ਸਾਨੂੰ ਵਾਰ-ਵਾਰ ਇਹ ਦੱਸਦਾ ਹੈ ਕਿ ਜੰਗਾਂ ਨੇ ਕਦੇ ਵੀ ਸਥਾਈ ਜਿੱਤ ਨਹੀਂ ਦਿੱਤੀ। ਸਾਮਰਾਜ ਬਣੇ, ਡਿੱਗੇ, ਪਰ ਮਨੁੱਖਤਾ ਦੀ ਹਾਨੀ ਦਾ ਹਿਸਾਬ ਕਦੇ ਨਹੀਂ ਲੱਗ ਸਕਿਆ।
ਜਦੋਂ ਵੀ ਕਿਸੇ ਰਾਜੇ ਜਾਂ ਹਾਕਮ ਨੇ ਤਾਕਤ ਦੀ ਲਾਲਸਾ ਵਿੱਚ ਜੰਗ ਛੇੜੀ ਹੈ, ਉਸ ਦੀ ਕੀਮਤ ਆਮ ਲੋਕਾਂ ਨੇ ਆਪਣੇ ਲਹੂ ਨਾਲ ਚੁਕਾਈ ਹੈ।
ਇਤਿਹਾਸ ਦੇ ਪੰਨਿਆਂ ਵਿੱਚ ਲਿਖੀਆਂ ਜੰਗਾਂ ਸਿਰਫ਼ ਤਰੀਕਾਂ ਨਹੀਂ, ਉਹ ਦਰਦ ਦੀਆਂ ਲਕੀਰਾਂ ਹਨ ਜੋ ਮਨੁੱਖੀ ਮਨਾਂ ’ਤੇ ਅੱਜ ਵੀ ਸਪੱਸ਼ਟ ਹਨ।
ਦਾਰਸ਼ਨਿਕ ਤੌਰ ’ਤੇ ਵੇਖੀਏ ਤਾਂ ਜੰਗ ਮਨੁੱਖ ਦੇ ਅੰਦਰਲੇ ਡਰ ਅਤੇ ਹੰਕਾਰ ਦੀ ਪੈਦਾਵਾਰ ਹੁੰਦੀ ਹੈ।
ਜਦੋਂ ਸੰਵਾਦ ਦੀਆਂ ਰਾਹਾਂ ਬੰਦ ਹੋ ਜਾਂਦੀਆਂ ਹਨ, ਤਦ ਜੰਗ ਦੀਆਂ ਖਿੜਕੀਆਂ ਖੁੱਲ੍ਹ ਜਾਂਦੀਆਂ ਹਨ। ਦਰਅਸਲ, ਜੰਗ ਮਨੁੱਖੀ ਅਸਹਿਣਸ਼ੀਲਤਾ ਦਾ ਸਭ ਤੋਂ ਵੱਡਾ ਪ੍ਰਤੀਕ ਹੁੰਦੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਜਿੱਥੇ ਹੰਕਾਰ ਹੁੰਦਾ ਹੈ, ਉੱਥੇ ਸ਼ਾਂਤੀ ਲੰਮਾ ਸਮਾਂ ਨਹੀਂ ਟਿਕਦੀ। ਭਾਵਨਾਤਮਕ ਪੱਖੋਂ ਜੰਗ ਸਭ ਤੋਂ ਵੱਡੀ ਮਨੁੱਖੀ ਤਰਾਸਦੀ ਹੁੰਦੀ ਹੈ। ਜੰਗ ਦੇ ਮੈਦਾਨ ਵਿੱਚ ਜਿੱਤਣ ਵਾਲਾ ਵੀ ਹਾਰਦਾ ਹੈ ਅਤੇ ਹਾਰਨ ਵਾਲਾ ਵੀ। ਜਿੱਤਣ ਵਾਲਾ ਆਪਣੇ ਸਿਪਾਹੀਆਂ ਦੀਆਂ ਲਾਸ਼ਾਂ ਵੇਖਦਾ ਹੈ ਅਤੇ ਹਾਰਨ ਵਾਲਾ ਆਪਣਾ ਘਰ-ਪਰਿਵਾਰ ਗੁਆ ਬੈਠਦਾ ਹੈ। ਜੰਗ ਵਿੱਚ ਕੋਈ ਵੀ ਪੂਰੀ ਤਰ੍ਹਾਂ ਨਹੀਂ ਜਿੱਤਦਾ।
ਮਨੁੱਖਤਾ ਪੈਰ ਪੈਰ ’ਤੇ ਸਦਾ ਹਾਰਦੀ ਹੈ।
ਸਮਕਾਲੀ ਸੰਸਾਰ ਵਿੱਚ ਜੰਗ ਦਾ ਰੂਪ ਹੋਰ ਵੀ ਖ਼ਤਰਨਾਕ ਹੋ ਗਿਆ ਹੈ। ਹੁਣ ਜੰਗ ਸਿਰਫ਼ ਮੈਦਾਨਾਂ ਵਿੱਚ ਨਹੀਂ ਹੁੰਦੀ, ਸਗੋਂ ਆਰਥਿਕਤਾ, ਜਾਣਕਾਰੀ ਅਤੇ ਤਕਨਾਲੋਜੀ ਦੇ ਮੋਰਚਿਆਂ ’ਤੇ ਵੀ ਲੜੀ ਜਾ ਰਹੀ ਹੈ। ਆਧੁਨਿਕ ਜੰਗਾਂ ਵਿੱਚ ਸਿਰਫ਼ ਗੋਲੀਆਂ ਹੀ ਨਹੀਂ, ਸਗੋਂ ਝੂਠੀਆਂ ਖ਼ਬਰਾਂ, ਆਰਥਿਕ ਪਾਬੰਦੀਆਂ ਅਤੇ ਡਰ ਦਾ ਮਾਹੌਲ ਵੀ ਹਥਿਆਰ ਬਣ ਗਏ ਹਨ। ਇਹ ਜੰਗਾਂ ਮਨੁੱਖ ਦੇ ਮਨ ਨੂੰ ਵੀ ਜ਼ਖ਼਼ਮੀ ਕਰਦੀਆਂ ਹਨ।
ਇਸ ਸਭ ਦੇ ਬਾਵਜੂਦ ਇੱਕ ਸੱਚ ਹਮੇਸ਼ਾਂ ਕਾਇਮ ਰਹਿੰਦਾ ਹੈ, ਉਹ ਹੈ ਕਿ ਜੰਗ ਦੇ ਬਾਅਦ ਵੀ ਮਨੁੱਖਤਾ ਸ਼ਾਂਤੀ ਦੀ ਖੋਜ ਕਰਦੀ ਰਹਿੰਦੀ ਹੈ। ਹਰ ਤਬਾਹੀ ਤੋਂ ਬਾਅਦ ਮਨੁੱਖ ਫਿਰ ਘਰ ਬਣਾਉਂਦਾ ਹੈ, ਫਿਰ ਰਿਸ਼ਤੇ ਜੋੜਦਾ ਹੈ ਅਤੇ ਫਿਰ ਸ਼ਾਂਤੀ ਦੀ ਅਰਦਾਸ ਕਰਦਾ ਨਜ਼ਮ ਲਿਖਦਾ ਹੈ। ਇਹ ਮਨੁੱਖੀ ਆਸ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ।
ਅਸਲ ਵਿੱਚ ਜੰਗ ਮਨੁੱਖਤਾ ਦੀ ਅਸਫਲਤਾ ਹੈ ਅਤੇ ਸ਼ਾਂਤੀ ਉਸ ਦੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਜਦੋਂ ਦੁਨੀਆ ਇਹ ਸਮਝ ਲਵੇਗੀ ਕਿ ਤਾਕਤ ਦਾ ਅਸਲ ਮਤਲਬ ਤਬਾਹੀ ਨਹੀਂ, ਸਗੋਂ ਸਹਿਣਸ਼ੀਲਤਾ ਹੈ, ਤਦ ਸ਼ਾਇਦ ਜੰਗਾਂ ਦੀਆਂ ਅੱਗਾਂ ਠੰਢੀਆਂ ਹੋਣੀਆਂ ਸ਼ੁਰੂ ਹੋਣ। ਜੰਗ ਵਿੱਚ ਕੋਈ ਨਹੀਂ ਪੁੱਛਦਾ ਬੱਚਿਆਂ ਦੇ ਟੁੱਟੇ ਹੋਏ ਖਿਡੌਣਿਆਂ ਨੂੰ। ਜਦੋਂ ਬਲਾਸਟਿਕ ਮਿਜ਼ਾਈਲਾਂ ਉੱਡਦੀਆਂ ਹਨ ਤਾਂ ਉਹ ਕਿਸੇ ਦੇ ਸੁਪਨਿਆਂ ਨੂੰ ਰਾਖ ਕਰ ਦਿੰਦੀਆਂ ਹਨ, ਉਹ ਭੈਣਾਂ ਦੀਆਂ ਅਸੀਸਾਂ ਦਰਾਂ ’ਤੇ ਰੋਲ ਦਿੰਦੀਆਂ ਹਨ।
ਜੰਗ ਵਿੱਚ ਮਾਵਾਂ ਦੀਆਂ ਲੋਰੀਆਂ ਲਾਡਾਂ ਦੀਆਂ ਗਲਵੱਕੜੀਆਂ ਵਿੱਚ ਹੀ ਖੁਰ ਕੇ ਮਰ ਮਿਟ ਜਾਂਦੀਆਂ ਹਨ। ਜੰਗ ਦੀਆਂ ਅੱਗਾਂ ਹਮੇਸ਼ਾਂ ਹਨੇਰਾ ਹੀ ਲਿਆਉਂਦੀਆਂ ਤੇ ਵਿਖਾਉਂਦੀਆਂ ਹਨ, ਪਰ ਮਨੁੱਖਤਾ ਦੀ ਆਸ ਹਮੇਸ਼ਾਂ ਸੂਰਜ ਵਾਂਗ ਫਿਰ ਉੱਗਦੀ ਹੈ। ਸ਼ਾਇਦ ਇਹੀ ਮਨੁੱਖੀ ਇਤਿਹਾਸ ਦਾ ਸਭ ਤੋਂ ਸੁੰਦਰ ਸੱਚ ਹੁੰਦਾ ਹੈ ਕਿ ਜੰਗਾਂ ਦੇ ਬਾਵਜੂਦ ਵੀ ਮਨੁੱਖਤਾ ਜਿਉਂਦੀ ਰਹਿੰਦੀ ਹੈ ਅਤੇ ਉਸ ਦਾ ਸ਼ਾਂਤੀ ਦਾ ਸੁਪਨਾ ਕਦੇ ਨਹੀਂ ਮਰਦਾ।
ਸੰਪਰਕ: +61 412913021

