DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਊਜ਼ੀਲੈਂਡ ਦਾ ਕੋਲਰਿਜ ਪਾਵਰ ਪਲਾਂਟ

ਬਿਜਲੀ ਦੀ ਕਾਢ ਨੇ ਮਨੁੱਖ ਦੇ ਜੀਵਨ ਵਿੱਚ ਕ੍ਰਾਂਤੀ ਲਿਆ ਦਿੱਤੀ। ਅੱਜ ਅਸੀਂ ਸਵਿਚ ਨੱਪਦੇ ਹਾਂ ਤੇ ਕਮਰਾ ਚਾਨਣ ਨਾਲ ਭਰ ਜਾਂਦਾ ਹੈ। ਪੱਖੇ, ਏਸੀ, ਟਰੇਨਾਂ ਅਤੇ ਹੋਰ ਅਣਗਿਣਤ ਚੀਜ਼ਾਂ ਬਿਜਲੀ ਨਾਲ ਚੱਲਦੀਆਂ ਹਨ। ਇਹ ਦੇਣ ਇੱਕ ਵਿਅਕਤੀ ਦੀ ਨਹੀਂ,...

  • fb
  • twitter
  • whatsapp
  • whatsapp
featured-img featured-img
OLYMPUS DIGITAL CAMERA
Advertisement

ਬਿਜਲੀ ਦੀ ਕਾਢ ਨੇ ਮਨੁੱਖ ਦੇ ਜੀਵਨ ਵਿੱਚ ਕ੍ਰਾਂਤੀ ਲਿਆ ਦਿੱਤੀ। ਅੱਜ ਅਸੀਂ ਸਵਿਚ ਨੱਪਦੇ ਹਾਂ ਤੇ ਕਮਰਾ ਚਾਨਣ ਨਾਲ ਭਰ ਜਾਂਦਾ ਹੈ। ਪੱਖੇ, ਏਸੀ, ਟਰੇਨਾਂ ਅਤੇ ਹੋਰ ਅਣਗਿਣਤ ਚੀਜ਼ਾਂ ਬਿਜਲੀ ਨਾਲ ਚੱਲਦੀਆਂ ਹਨ। ਇਹ ਦੇਣ ਇੱਕ ਵਿਅਕਤੀ ਦੀ ਨਹੀਂ, ਸਗੋਂ ਕਈ ਵਿਗਿਆਨੀਆਂ ਅਤੇ ਖੋਜੀਆਂ ਨੇ ਇਸ ਵਿੱਚ ਹਿੱਸਾ ਪਾਇਆ ਹੈ।

ਅੱਜ ਅਸੀਂ ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਤੋਂ 117 ਕਿਲੋਮੀਟਰ ਦੂਰ ਝੀਲ ਕੋਲਰਿਜ ’ਤੇ ਬਣੇ ਪਾਵਰ ਪਲਾਂਟ ਦੀ ਗੱਲ ਕਰਦੇ ਹਾਂ। ਕਰਾਈਸਟ ਚਰਚ ਨਿਊਜ਼ੀਲੈਂਡ ਦਾ ਪ੍ਰਮੁੱਖ ਅਤੇ ਖੂਬਸੂਰਤ ਸ਼ਹਿਰ ਹੈ। ਇਸ ਨੂੰ ਬਾਗ਼ਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇਹ ਦੱਖਣੀ ਆਈਲੈਂਡ ਦਾ ਮੁੱਖ ਦੁਆਰ ਹੈ। ਸਿਟੀ ਸੈਂਟਰ ਵਿੱਚ ਵੇਖਣ ਲਈ ਬਹੁਤ ਥਾਵਾਂ ਹਨ। ਇੱਥੇ ਅੰਗਰੇਜ਼ੀ ਅਤੇ ਮਾਊਰੀ ਭਾਸ਼ਾ ਬੋਲੀ ਜਾਂਦੀ ਹੈ।

Advertisement

ਕੋਲਰਿਜ ਝੀਲ ਕਰਾਈਸਟ ਚਰਚ ਸ਼ਹਿਰ ਤੋਂ 117 ਕਿਲੋਮੀਟਰ ਦੂਰ ਹੈ। ਲੱਖਾਂ ਸਾਲ ਪਹਿਲਾਂ ਇਸ ਝੀਲ ਨੂੰ ਵੱਡੇ ਵੱਡੇ ਗਲੇਸ਼ੀਅਰ, ਭੂਚਾਲ, ਮੀਂਹ, ਬਰਫ਼ ਅਤੇ ਜਵਾਲਾ ਮੁਖੀਆਂ ਨੇ ਮੌਜੂਦਾ ਰੂਪ ਦੇਣ ਵਿੱਚ ਮਦਦ ਕੀਤੀ। ਇਸ ਦੀ ਡੂੰਘਾਈ ਬਹੁਤ ਜ਼ਿਆਦਾ ਹੈ। ਜਦੋਂ ਇਸ ’ਤੇ ਪਾਵਰ ਸਟੇਸ਼ਨ ਬਣਾਇਆ ਗਿਆ ਤਾਂ ਉਸ ਸਮੇਂ ਇਹ ਇੰਜਨੀਅਰਿੰਗ ਦਾ ਕਮਾਲ ਸੀ ਕਿਉਂਕਿ ਇਹ ਉਸ ਮਿੱਟੀ (ਸਿੰਗਲ) ’ਤੇ ਬਣਾਈ ਗਈ, ਜਿਹੜੀ ਰਹਿੰਦ ਖੂੰਹਦ, ਗਲੇਸ਼ੀਅਰ ਡਿੱਗਣ ’ਤੇ ਬਚਦੀ ਹੈ। ਇਸ ਤੋਂ ਪਹਿਲਾਂ ਅਜਿਹਾ ਨਹੀਂ ਸੀ ਹੋਇਆ। ਇਸ ਝੀਲ ਦਾ ਨਾਂ ਕੈਂਟਰਬਰੀ ਐਸੋਸੀਏਸ਼ਨ ਦੇ ਮੁੱਢਲੇ ਮੈਂਬਰ ਐਡਵਰਡ ਕੋਲਰਿਜ ਅਤੇ ਵਿਲੀਅਮ ਕੋਲਰਿਜ ਦੇ ਨਾਂ ’ਤੇ ਰੱਖਿਆ ਗਿਆ।

Advertisement

ਸੈਮੂਅਲ ਟੇਲਰ ਕੋਲਰਿਜ ਨੇ ਆਪਣੀ ਕਵਿਤਾ ਵਿੱਚ ਕਿਹਾ ਹੈ, ‘ਪਾਣੀ, ਪਾਣੀ, ਹਰ ਥਾਂ ਹੀ ਪਾਣੀ, ਪਰ ਪੀਣ ਲਈ ਇੱਕ ਤੁਪਕਾ ਵੀ ਪਾਣੀ ਨਹੀਂ।’ ਸ਼ਾਇਦ ਉਹ ਸਮੁੰਦਰ ਦੇ ਪਾਣੀ ਦੀ ਗੱਲ ਕਰ ਰਿਹਾ ਸੀ। ਚਾਰੇ ਪਾਸੇ ਸਮੁੰਦਰ ਦਾ ਪਾਣੀ ਹੋਵੇ, ਪਰ ਤੁਸੀਂ ਇੱਕ ਤੁਪਕਾ ਵੀ ਪਾਣੀ ਖਾਰਾ ਹੋਣ ਕਰਕੇ ਪੀ ਨਹੀਂ ਸਕਦੇ। ਕੋਲਰਿਜ ਝੀਲ ’ਤੇ ਜਦੋਂ ਨਿਗ੍ਹਾ ਮਾਰਦੇ ਹਾਂ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ। ਕੋਲਰਿਜ ਦੀ ਕਵਿਤਾ ਦੀਆਂ ਇਹ ਲਾਈਨਾਂ ਕੋਲਰਿਜ ਝੀਲ ’ਤੇ ਪੂਰੀ ਤਰ੍ਹਾਂ ਢੁਕਦੀਆਂ ਹਨ। ਝੀਲ ’ਤੇ ਨਿਗ੍ਹਾ ਮਾਰਦਿਆਂ ਸਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈੈੈ। ਝੀਲ ਵਿੱਚ ਤੁਸੀਂ ਤੈਰ ਸਕਦੇ ਹੋ। ਮੱਛੀਆਂ ਫੜ ਸਕਦੇ ਹੋ, ਪਰ ਮੱਛੀਆਂ ਫੜਨ ਲਈ ਪਰਮਿਟ ਲੈਣਾ ਪੈਂਦਾ ਹੈ, ਜਿਸ ਦਾ ਰੇਟ ਸਮਾਂ ਸੀਮਾ ਮੁਤਾਬਿਕ ਹੁੰਦਾ ਹੈ।

1908 ਵਿੱਚ ਪਾਵਰ ਸਟੇਸ਼ਨ ਲਈ ਜ਼ਮੀਨ ਦੇ ਮਾਲਕਾਂ ਨੂੰ ਮੁਆਵਜ਼ਾ ਦੇ ਕੇ ਜ਼ਮੀਨ ਖ਼ਰੀਦੀ ਗਈ। 1910 ਵਿੱਚ ਲੋਕ ਨਿਰਮਾਣ ਵਿਭਾਗ ਦੀ ਟੀਮ ਝੀਲ ’ਤੇ ਪਹੁੰਚੀ ਅਤੇ ਭਵਿੱਖ ਵਿੱਚ ਹੋਣ ਵਾਲੀ ਉਸਾਰੀ ਦਾ ਅੰਦਾਜ਼ਾ ਲਗਾਇਆ। 1911 ਵਿੱਚ ਪਾਵਰ ਸਟੇਸ਼ਨ ਦੀ ਸ਼ੁਰੂਆਤ ਹੋਈ। ਉਦੋਂ ਭਾਰੀ ਮਸ਼ੀਨਰੀ ਨਹੀਂ ਸੀ ਹੁੰਦੀ। ਬਿਜਲੀ ਦੇ ਖੰਭੇ ਅਤੇ ਹੋਰ ਸਾਮਾਨ ਲਿਜਾਣ ਲਈ ਘੋੜਿਆਂ ਦੀ ਵਰਤੋਂ ਹੁੰਦੀ ਸੀ। 1912 ਵਿੱਚ ਪਹਿਲੀ ਟਨਲ ਬਣੀ। ਵਰਕਰ ਕਰਾਈਸਟ ਚਰਚ ਤੋਂ ਕੋਲਰਿਜ ਤੱਕ ਰੋਜ਼ਾਨਾ ਆਉਂਦੇ ਜਾਂਦੇ ਸਨ। ਸੜਕਾਂ ਬਣਾਈਆਂ ਗਈਆਂ ਅਤੇ ਦਰਿਆ ’ਤੇ ਪੁਲ ਦਾ ਨਿਰਮਾਣ ਕੀਤਾ ਗਿਆ। ਗਰਾਊਂਡ ਟੈਸਟ ਕਰਨ ਲਈ ਧਰਤੀ ਵਿੱਚ ਛੇਕ ਮਾਰੇ ਗਏ। ਇੱਕ ਆਰਜ਼ੀ ਡੈਮ ਬਣਾਇਆ ਗਿਆ ਜਿੱਥੋਂ ਪਾਣੀ ਝੀਲ ਵਿੱਚ ਆਉਣਾ ਸੀ। ਕੰਟਰੋਲ ਗੇਟ ਬਣਾਏ ਗਏ।

ਵਰਕਰਾਂ ਨੇ ਕੰਮ ਵਾਲੀ ਥਾਂ ’ਤੇ ਸਿਹਤ ਸਹੂਲਤਾਂ ਘੱਟ ਹੋਣ ਕਾਰਨ ਹੜਤਾਲ ਕਰ ਦਿੱਤੀ ਜਿਸ ਕਾਰਨ ਟਨਲ ’ਤੇ ਕੰਮ ਬੰਦ ਹੋ ਗਿਆ। ਪਾਰਲੀਮੈਂਟ ਵਿੱਚ ਇਸ ਸਬੰਧੀ ਸਵਾਲ ਉਠਾਏ ਗਏ। ਡੈਮ ਅਤੇ ਪਾਵਰ ਸਟੇਸ਼ਨ ਦੀ ਜਾਣਕਾਰੀ ਲੈਣ ਲਈ ਲੋਕ ਨਿਰਮਾਣ ਵਿਭਾਗ ਦਾ ਸਟਾਫ, ਸਵਿਟਜ਼ਰਲੈਂਡ ਭੇਜਿਆ ਗਿਆ। 1914 ਵਿੱਚ ਨਿਊਜ਼ੀਲੈਂਡ ਦਾ ਪਹਿਲਾ ਵੱਡਾ ਹਾਈਡਰੋ ਇਲੈੱਕਟ੍ਰਿਕ ਪਾਵਰ ਸਟੇਸ਼ਨ ਇਸ ਝੀਲ ’ਤੇ ਬਣਾਇਆ ਗਿਆ। ਉਸ ਵੇਲੇ ਨਿਊਜ਼ੀਲੈਂਡ ਨੇ ਬਿਜਲੀ ਦੀ ਵਰਤੋਂ ਸ਼ੁਰੂ ਹੀ ਕੀਤੀ ਸੀ। 1920 ਦੀਆਂ ਗਰਮੀਆਂ ਵਿੱਚ ਝੀਲ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ। ਪਾਣੀ ਦਾ ਪੱਧਰ ਵਧਾਉਣ ਲਈ ਹਾਰਪਰ ਦਰਿਆ ਦਾ ਰਸਤਾ ਮੋੜ ਕੇ ਪਾਣੀ ਲਿਆਉਣ ਦਾ ਫ਼ੈਸਲਾ ਕੀਤਾ ਗਿਆ। ਇੱਕ ਠੇਕੇਦਾਰ ਨੇ ਦਰਿਆ ਤੋਂ ਝੀਲ ਤੱਕ ਨਹਿਰ ਬਣਾਉਣੀ ਸ਼ੁਰੂ ਕੀਤੀ। ਤੁਸੀਂ ਹੈਰਾਨ ਹੋਵੋਗੇ, ਠੇਕੇਦਾਰ ਕੋਲ ਸਿਰਫ਼ 9 ਬੰਦੇ ਅਤੇ 16 ਘੋੜੇ ਸਨ। 1921 ਵਿੱਚ ਹਾਰਪਰ ਦਰਿਆ ਦਾ ਪਾਣੀ ਝੀਲ ’ਤੇ ਪਹੁੰਚ ਗਿਆ। ਪੰਜਵਾਂ ਜਨਰੇਟਰ ਟੈਸਟ ਕਰਨ ਦਾ ਫ਼ੈਸਲਾ ਕੀਤਾ ਗਿਆ, ਪਰ ਇਸ ਦਾ ਕੰਮ ਤਸੱਲੀਬਖ਼ਸ਼ ਨਹੀਂ ਸੀ ਜਿਸ ਕਾਰਨ ਧਮਾਕਾ ਹੋ ਗਿਆ ਅਤੇ ਇੱਕ ਵਰਕਰ ਮਾਰਿਆ ਗਿਆ, ਦੋ ਜ਼ਖ਼ਮੀ ਹੋ ਗਏ। ਦੋ ਹਫ਼ਤਿਆਂ ਬਾਅਦ ਤੀਜੀ ਟਰਬਾਈਨ ਫਟ ਗਈ, ਪਰ ਕੋਈ ਜਾਨੀ ਨੁਕਸਾਨ ਨਾ ਹੋਇਆ। ਪੰਜਵਾਂ ਜਨਰੇਟਰ ਦੁਬਾਰਾ ਲਗਾਇਆ ਗਿਆ।

1925 ਵਿੱਚ ਪਾਵਰ ਹਾਊਸ ਦਾ ਦੂਜਾ ਭਾਗ ਪੂਰਾ ਕਰ ਲਿਆ ਗਿਆ। ਅਕਤੂੁਬਰ ਵਿੱਚ ਇੱਕ ਅਣਸੁਖਾਵੀਂ ਘਟਨਾ ਵਾਪਰ ਗਈ। ਸਵੇਰੇ 6-30 ਵਜੇ ਟਨਲ ਫਟ ਗਈ ਜਿਸ ਕਾਰਨ ਪਾਣੀ ਵਿੱਚ 9 ਬੰਦੇ ਫਸ ਗਏ। 4 ਬਚਾ ਲਏ ਗਏ, ਪਰ 5 ਇਸ ਪਾਵਰ ਹਾਊਸ ਦੀ ਭੇਟ ਚੜ੍ਹ ਗਏ। ਪਹਿਲੀ ਸੰਸਾਰ ਜੰਗ ਕਾਰਨ ਕੰਮ ਢਿੱਲਾ ਪੈ ਗਿਆ।

ਪੰਜਾਬ ਵਿੱਚ ਜਦੋਂ ਬਿਜਲੀ ਆਈ ਤਾਂ ਲੋਕਾਂ ਨੇ ਬਿਜਲੀ ਦੇ ਕੁਨੈਕਸ਼ਨ ਲੈਣ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਇੱਥੇ ਵੀ ਅਜਿਹੀ ਹੀ ਹਾਲਤ ਸੀ, ਲੋਕ ਬਿਜਲੀ ਦਾ ਕੁਨੈਕਸ਼ਨ ਲੈਣ ਲਈ ਚਾਹਵਾਨ ਨਹੀਂ ਸਨ। ਲੋਕਾਂ ਨੂੰ ਬਿਜਲੀ ਦੇ ਫਾਇਦੇ ਸਮਝਾਉਣ ਲਈ ਇੱਕ ਝੌਂਪੜੀ ਬਣਵਾਈ ਗਈ ਜੋ ਅੱਜ ਵੀ ਇੱਥੇ ਮੌਜੂਦ ਹੈ ਜਿੱਥੇ ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਬਿਜਲੀ ਕਿਵੇਂ ਕੰਮ ਕਰਦੀ ਹੈ। ਭਾਵੇਂ ਇਸ ਦੀ ਮਾਲਕੀਅਤ ਹੁਣ ਪ੍ਰਾਈਵੇਟ ਹੱਥਾਂ ਵਿੱਚ ਹੈ, ਫਿਰ ਵੀ ਇਹ ਝੌਂਪੜੀ ਅੱਜ ਵੀ ਮੌਜੂਦ ਹੈ।

ਕੈਂਟਰਬਰੀ ਵਿੱਚ ਸਭ ਤੋਂ ਜ਼ਿਆਦਾ ਵਪਾਰਕ ਤੌਰ ’ਤੇ ਵਰਤੀ ਜਾਣ ਵਾਲੀ ਬਿਜਲੀ ਸੀ। ਇੱਥੇ ਦੁੱਧ ਚੋਣ ਵਾਲੀਆਂ ਮੋਟਰਾਂ ਸਨ, ਜਿਸ ਕਾਰਨ ਹੱਥਾਂ ਨਾਲ ਦੁੱਧ ਚੋਣ ਵਾਲੇ ਬੰਦੇ ਵਿਹਲੇ ਹੋ ਗਏ। ਜਿਨ੍ਹਾਂ ਵਿੱਚੋਂ ਕਾਫ਼ੀ ਗਿਣਤੀ ਵਿੱਚ ਲੋਕਾਂ ਨੇ ਪੇਟ ਦੀ ਅੱਗ ਬੁਝਾਉਣ ਲਈ ਜੰਗ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਦਸਤਕ ਦਿੱਤੀ। ਮਸ਼ੀਨਰੀ ਅਤੇ ਇਨਸਾਨ ਦੀ ਜੰਗ ਵਿੱਚ ਹੁਣ ਤੱਕ ਇਨਸਾਨ ਹਾਰਿਆ ਹੀ ਹੈ। ਉਦੋਂ ਵਾਂਗ ਹੁਣ ਇਹ ਸਮੱਸਿਆ ਜ਼ਿਆਦਾ ਵਿਕਰਾਲ ਰੂਪ ਧਾਰ ਚੁੱਕੀ ਹੈ।

ਸੰਸਾਰ ਜੰਗ ਦੌਰਾਨ ਜਦੋਂ ਇਹ ਲੱਗਿਆ ਕਿ ਪਾਵਰ ਹਾਊਸ ’ਤੇ ਹਮਲਾ ਹੋਣਾ ਯਕੀਨੀ ਹੈ ਤਾਂ ਇੰਜਨੀਅਰਾਂ ਨੂੰ ਲੱਗਿਆ ਕਿ ਹਰ ਜਨਰੇਟਰ ਨੂੰ ਮਜ਼ਬੂਤ ਕੰਕਰੀਟ ਨਾਲ ਢਕਣਾ ਜ਼ਰੂਰੀ ਹੈ ਤਾਂ ਇੱਕ ਮਜ਼ਬੂਤ ਕੰਕਰੀਟ ਦਾ ਢਾਂਚਾ ਤਿਆਰ ਕੀਤਾ ਗਿਆ। ਇਸ ਨੂੰ ਮਸ਼ੀਨ ਨਾਲ ਧਰਤੀ ’ਤੇ ਰੱਖ ਦਿੱਤਾ ਗਿਆ। ਇਹ ਜਨਰੇਟਰ ਨੂੰ ਬਚਾ ਸਕਦਾ ਸੀ। ਇਸ ਦਾ ਨਾਂ ਇਗਲੂ ਰੱਖਿਆ ਗਿਆ ਕਿਉਂਕਿ ਇਸ ਦਾ ਆਕਾਰ ਇਗਲੂ ਵਰਗਾ ਸੀ। ਇਹ ਅੱਜ ਵੀ ਪਾਵਰ ਹਾਊਸ ਦੇ ਪੱਛਮ ਵਿੱਚ ਸਥਿਤ ਹੈ। ਜਦੋਂ ਹਮਲੇ ਦਾ ਡਰ ਹੋਰ ਵਧ ਗਿਆ ਤਾਂ ਪਾਵਰ ਹਾਊਸ ਦੇ ਸਟਾਫ ਨੂੰ ਹਵਾਈ ਹਮਲਾ ਹੋਣ ’ਤੇ ਬਚਾਅ ਦੀ ਟਰੇਨਿੰਗ ਦਿੱਤੀ ਗਈ। ਇੱਕ ਘੁੱਗੂ ਪਾਵਰ ਹਾਊਸ ਦੀ ਛੱਤ ’ਤੇ ਫਿਟ ਕੀਤਾ ਗਿਆ। ਇੱਕ ਫਸਟ ਏਡ ਪੋਸਟ ਵੀ ਬਣਾਈ ਗਈ। ਦੂਜੀ ਸੰਸਾਰ ਜੰਗ ਦੌਰਾਨ ਸਰਕਾਰ ਨੇ ਫ਼ੈਸਲਾ ਕੀਤਾ ਕਿ ਪਾਵਰ ਸਟੇਸ਼ਨ ਦੇਸ਼ ਦੀ ਅਰਥ ਵਿਵਸਥਾ ਦੀ ਸ਼ਾਹ ਰਗ ਹੈ। ਇਸ ਲਈ ਮਿਲਟਰੀ ਗਾਰਡ ਨਿਯੁਕਤ ਕੀਤਾ ਗਿਆ। ਸਾਰੇ ਸਟਾਫ ਨੂੰ ਪਾਵਰ ਹਾਊਸ ਨੂੰ ਬਚਾਉਣ ਦੀ ਟਰੇਨਿੰਗ ਦਿੱਤੀ ਗਈ। ਸੱਤ ਮਿਲਟਰੀ ਦੇ ਅਫ਼ਸਰ ਅਤੇ ਕਰਮਚਾਰੀ ਨਿਯੁਕਤ ਕੀਤੇ ਗਏ। ਲੋਹੇ ਦੇ ਬੰਕਰ ਅਤੇ ਰਹਿਣ ਲਈ ਟੈਂਟ ਲਗਾਏ ਗਏ। ਡੈਮ ਦੇ ਗੇਟਾਂ ’ਤੇ ਸੰਤਰੀ ਨਿਯੁਕਤ ਕੀਤੇ ਗਏ। ਉਨ੍ਹਾਂ ਦੀ ਡਿਊਟੀ ਲਈ ਛੋਟੇ ਛੋਟੇ ਕਮਰੇ ਬਣਾਏ ਗਏ। ਪਿੰਡ ਦੀ ਨੁਹਾਰ ਹੁਣ ਬਦਲਣੀ ਸ਼ੁਰੂ ਹੋ ਗਈ ਸੀ। ਪਿੰਡ ਵਿੱਚ ਇੱਕ ਹੋਰ ਡਾਕਖਾਨਾ ਖੋਲ੍ਹਿਆ ਗਿਆ। ਉਸਾਰੀ ਵਰਕਰਾਂ ਨੂੰ ਵੀਰਵਾਰ ਨੂੰ ਤਨਖਾਹ ਦਿੱਤੀ ਜਾਂਦੀ ਸੀ। ਤਨਖਾਹ ਕਰਾਈਸਟ ਚਰਚ ਤੋਂ ਆਉਂਦੀ ਸੀ। ਚੋਰ/ਡਾਕੂ ਇਹ ਜਾਣਦੇ ਸਨ। ਇਸ ਲਈ ਹੈਰਾਨੀ ਦੀ ਗੱਲ ਨਹੀਂ ਸੀ ਕਿ ਇੱਕ ਦਿਨ ਡਾਕਖਾਨੇ ਡਾਕਾ ਪੈ ਗਿਆ। ਚੋਰਾਂ ਨੇ ਤਜੋਰੀ ਤੋੜਨ ਦੀ ਕੋਸ਼ਿਸ਼ ਕੀਤੀ। ਬਾਰੂਦੀ ਛੜਾਂ ਦੀ ਵਰਤੋਂ ਕੀਤੀ, ਪਰ ਲੋੜ ਤੋਂ ਵੱਧ ਛੜਾਂ ਵਰਤੀਆਂ ਗਈਆਂ ਜਿਸ ਨਾਲ ਡਾਕਖਾਨੇ ਦੀ ਕੰਧ ਹੀ ਉੱਡ ਗਈ।

1935 ਵਿੱਚ ਬੁਲਡੋਜ਼ਰ ਦੇ ਆਉਣ ਨਾਲ ਕੰਮ ਦੀ ਰਫ਼ਤਾਰ ਤੇਜ਼ ਹੋ ਗਈ। ਫਿਰ ਹੋਰ ਭਾਰੀ ਮਸ਼ੀਨਰੀ ਲਿਆਂਦੀ ਗਈ। ਕੁਝ ਵਰਕਰ ਜਦੋਂ ਟਨਲ ਦੀ ਰਿਪੇਅਰ ਕਰ ਰਹੇ ਸਨ ਤਾਂ ਅਚਾਨਕ ਗੇਟ ਖੁੱਲ੍ਹ ਗਏ। ਪਾਣੀ ਨੇ ਤਿੰਨ ਮਜ਼ਦੂਰਾਂ ਦੀ ਜਾਨ ਲੈ ਲਈ। ਕੁੱਲ 9 ਵਰਕਰ ਇਸ ਪਾਵਰ ਸਟੇਸ਼ਨ ਦੀ ਭੇਟ ਚੜ੍ਹ ਗਏ।

1918 ਵਿੱਚ ਖੰਘ ਤੇ ਜ਼ੁਕਾਮ (ਇਨਫਲੂਐਂਜਾ) ਨੇ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ, ਜਿਵੇਂ ਮੌਜੂਦਾ ਦੌਰ ਵਿੱਚ ਕਰੋਨਾ ਸੀ। ਬਾਹਰੋਂ ਆਏ ਲੋਕਾਂ ਦੀ ਆਮਦ ਕਾਰਨ ਇਹ ਬਿਮਾਰੀ ਕੋਲਰਿਜ ਵਿੱਚ ਵੀ ਫੈਲ ਗਈ। ਕੋਲਰਿਜ ਦੇ ਸਕੂਲ ਨੂੰ ਐਮਰਜੈਂਸੀ ਹਸਪਤਾਲ ਬਣਾ ਦਿੱਤਾ ਗਿਆ। ਵਂੱਡੀ ਗਿਣਤੀ ਵਿੱਚ ਲੋਕ ਇਸ ਹਸਪਤਾਲ ਵਿੱਚ ਦਾਖਲ ਹੋਏ। ਕਰਾਈਸਟ ਚਰਚ ਤੋਂ ਡਾਕਟਰ ਇਲਾਜ ਕਰਨ ਲਈ ਇੱਥੇ ਆਉਂਦੇ ਰਹੇ। ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਨੂੰ ਬਿਨਾਂ ਕਿਸੇ ਦੇਰੀ ਦੇ ਦਬਾ ਦਿੱਤਾ ਗਿਆ। ਇੱਕ ਪਰਿਵਾਰ ਨੇ ਉਸ ਨੂੰ ਦਬਾਉਣ ਲਈ ਥਾਂ ਦਿੱਤੀ। ਇਹ ਦੋ ਏਕੜ ਥਾਂ ਹੁਣ ਕਬਰਿਸਤਾਨ ਹੈ।

ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਮੈਨੂੰ ਅੰਮ੍ਰਿਤਸਰ ਵਿੱਚ ਕਰੋਨਾ ਕਾਰਨ ਭਾਈ ਨਿਰਮਲ ਸਿੰਘ ਦੀ ਹੋਈ ਮੌਤ ਦੀ ਯਾਦ ਆ ਗਈ। ਜਿਸ ਦਾ ਸਸਕਾਰ ਸ਼ਮਸ਼ਾਨਘਾਟ ਵਿੱਚ ਨਹੀਂ ਸੀ ਕਰਨ ਦਿੱਤਾ। ਇੱਥੇ ਵਾਂਗ ਹੀ ਕਿਸੇ ਨੇ ਉਸ ਦੇ ਸਸਕਾਰ ਕਰਨ ਲਈ ਥਾਂ ਦਿੱਤੀ ਸੀ। 1929 ਵਿੱਚ ਇੱਕ ਕਲੀਨਰ ਦੀ ਬਿਜਲੀ ਦੀ ਤਾਰ ਨੂੰ ਛੂਹਣ ਕਾਰਨ ਮੌਤ ਹੋ ਗਈ। ਇਹ ਇੱਕ ਸ਼ਾਂਤਮਈ ਪਿੰਡ ਸੀ, ਜਿਹੜਾ ਸ਼ਹਿਰ ਦੀ ਭੀੜ ਤੋਂ ਬਚਿਆ ਹੋਇਆ ਸੀ। ਇਸ ਦਾ ਸਕੂਲ ਸੀ ਜਿਸ ਵਿੱਚ ਸਿਰਫ਼ ਦੋ ਅਧਿਆਪਕ ਸਨ, (ਇਹ ਸਕੂਲ ਹੁਣ ਨਹੀਂ ਰਿਹਾ)। ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਇਸ ਪਾਵਰ ਸਟੇਸ਼ਨ ਦੇ ਮੁਲਾਜ਼ਮ ਸਨ।

ਇਸ ਦੀ ਕੁਦਰਤੀ ਸੁੰਦਰਤਾ ਨੂੰ ਹੈਰੀ ਹਾਰਟ ਜੋ 1923 ਤੋਂ 1953 ਤੱਕ ਇਸ ਪਾਵਰ ਸਟੇਸ਼ਨ ਦਾ ਸੁਪਰਡੈਂਟ ਸੀ, ਨੇ ਚਾਰ ਚੰਨ ਲਾਏ। ਉਸ ਨੇ ਸਾਰੀ ਦੁਨੀਆ ਵਿੱਚੋਂ ਦਰੱਖਤਾਂ ਦੇ ਬੀਜ ਇਕੱਠੇ ਕੀਤੇ ਅਤੇ ਕੋਲਰਿਜ ਦੇ ਇਸ ਪਿੰਡ ਵਿੱਚ ਲਗਾਏ। ਅੱਜ ਇਹ ਦੋ ਦਰਜਨ ਤੋਂ ਵੱਧ ਪਰਿਵਾਰਾਂ ਦਾ ਘਰ ਹੈ। ਇਨ੍ਹਾਂ ਵਿੱਚੋਂ ਵੀ ਜ਼ਿਆਦਾ ਘਰ ਹੋਟਲਾਂ (ਹਾਲੀਡੇ ਹੋਮ) ਦਾ ਕੰਮ ਕਰ ਰਹੇ ਹਨ। ਟੂਰਿਸਟਾਂ ਦੀ ਇਹ ਮਨਪਸੰਦ ਥਾਂ ਹੈ, ਵਿਸ਼ੇਸ਼ ਤੌਰ ’ਤੇ ਸਰਦੀਆਂ ਵਿੱਚ। ਇਹ ਥਾਂ ਇਕਾਂਤ ਅਤੇ ਸ਼ਾਂਤ ਹੈੇ। ਟਰੈਕਿੰਗ, ਬੋਟਿੰਗ ਆਦਿ ਸਹੂਲਤਾਂ ਹਨ, ਜੋ ਮਨ ਨੂੰ ਸ਼ਾਂਤੀ ਦਿੰਦੀਆਂ ਹਨ। ਇੱਥੇ ਕੋਈ ਦੁਕਾਨ ਨਹੀਂ ਅਤੇ ਨਾ ਹੀ ਕੋਈ ਸਰਵਿਸ ਸਟੇਸ਼ਨ ਹੈ।

ਸੰਪਰਕ: 92177-01415

Advertisement
×