DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬੀ ਭਾਸ਼ਾ ਦੀ ਚੜ੍ਹਦੀ ਕਲਾ ਲਈ ਹੋਰ ਹੰਭਲੇ ਮਾਰਨ ਦੀ ਲੋੜ

ਅੱਜ ਦੁਨੀਆ ਦੇ ਤਕਰੀਬਨ 190 ਦੇਸ਼ਾਂ ਵਿੱਚ ਪੰਜਾਬੀ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਸਦਕਾ ਨਵੇਂ ਮੁਕਾਮ ਹਾਸਲ ਕਰ ਰਹੇ ਹਨ। ਆਰਥਿਕ ਤਰੱਕੀ ਦੇ ਨਾਲ-ਨਾਲ ਪੰਜਾਬੀਆਂ ਨੇ ਇਨ੍ਹਾਂ ਦੇਸ਼ਾਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵੀ ਬਹੁਤ ਵਧਾਇਆ ਹੈ। ਕੁਝ...

  • fb
  • twitter
  • whatsapp
  • whatsapp
Advertisement

ਅੱਜ ਦੁਨੀਆ ਦੇ ਤਕਰੀਬਨ 190 ਦੇਸ਼ਾਂ ਵਿੱਚ ਪੰਜਾਬੀ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਸਦਕਾ ਨਵੇਂ ਮੁਕਾਮ ਹਾਸਲ ਕਰ ਰਹੇ ਹਨ। ਆਰਥਿਕ ਤਰੱਕੀ ਦੇ ਨਾਲ-ਨਾਲ ਪੰਜਾਬੀਆਂ ਨੇ ਇਨ੍ਹਾਂ ਦੇਸ਼ਾਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਵੀ ਬਹੁਤ ਵਧਾਇਆ ਹੈ। ਕੁਝ ਚੋਣਵੇਂ ਦੇਸ਼ਾਂ ਵਿੱਚ ਤਾਂ ਪੰਜਾਬੀਆਂ ਨੇ ਹਰ ਖੇਤਰ ਵਿੱਚ ਆਪਣੀ ਥਾਂ ਇਨ੍ਹਾਂ ਦੇਸ਼ਾਂ ਦੀਆਂ ਮੋਹਰਲੀਆਂ ਸਫ਼ਾਂ ਵਿੱਚ ਬਣਾ ਲਈ ਹੈ।

ਇੰਗਲੈਂਡ, ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਅੱਜ ਪੰਜਾਬੀਆਂ ਦਾ ਪ੍ਰਭਾਵ ਬਹੁਤ ਸ਼ਕਤੀਸ਼ਾਲੀ ਹੈ। ਇਹ ਕੁਦਰਤੀ ਹੀ ਹੈ ਕਿ ਜਿੱਥੇ ਵੀ ਪੰਜਾਬੀ ਗਏ, ਉਨ੍ਹਾਂ ਨੇ ਆਪਣੀ ਮਾਂ ਬੋਲੀ ਦਾ ਮਾਣ ਵਧਾਉਣ ਲਈ ਵੀ ਯਤਨ ਕੀਤੇ। ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬੀ ਅੱਜ ਦੁਨੀਆ ਦੀਆਂ 7,000 ਤੋਂ ਵੱਧ ਬੋਲੀਆਂ ਵਿੱਚੋਂ ਸਿਖਰਲੀਆਂ ਦਸ ਬੋਲੀਆਂ ਵਿੱਚ ਆਪਣੀ ਥਾਂ ਬਣਾਈ ਬੈਠੀ ਹੈ।

Advertisement

ਮਾਂ ਬੋਲੀ ਪੰਜਾਬੀ ਦੇ ਸ਼ੁਭਚਿੰਤਕ ਇਸ ਦੀ ਤਰੱਕੀ ਲਈ ਹਰ ਵੇਲੇ ਵਚਨਬੱਧ ਰਹੇ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਜਥੇਬੰਦੀਆਂ ਪੰਜਾਬੀ ਦੀ ਤਰੱਕੀ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀਆਂ ਹਨ। ਕੈਨੇਡਾ ਵਿੱਚ ਵੀ ਹੋਰ ਜਥੇਬੰਦੀਆਂ ਦੇ ਨਾਲ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ ਕੈਨੇਡਾ) ਪਿਛਲੇ 35 ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਲਈ ਨਿਰੰਤਰ ਯਤਨਸ਼ੀਲ ਹੈ।

Advertisement

ਕਮਿਊਨਿਟੀ ਅਤੇ ਪਲੀਅ ਦੀਆਂ ਇਨ੍ਹਾਂ ਕੋਸ਼ਿਸ਼ਾਂ ਸਦਕਾ ਅੱਜ ਪੰਜਾਬੀ ਕੈਨੇਡਾ ਵਿੱਚ ਤੀਜੇ ਨੰਬਰ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਕੈਨੇਡਾ ਦੇ ਵੈਨਕੂਵਰ, ਐਬਟਸਫੋਰਡ ਅਤੇ ਸਰੀ ਵਰਗੇ ਸ਼ਹਿਰਾਂ ਵਿੱਚ ਵੱਖ-ਵੱਖ ਅਦਾਰਿਆਂ ਰਾਹੀਂ ਪੰਜਾਬੀ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਬੈਂਕਾਂ, ਹਸਪਤਾਲਾਂ, ਕਾਰੋਬਾਰੀ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਵੀ ਪੰਜਾਬੀ ਵਿੱਚ ਸੇਵਾ ਉਪਲੱਬਧ ਹੈ। ‘ਅਸੀਂ ਪੰਜਾਬੀ ਬੋਲਦੇ ਹਾਂ’ ਵਰਗੇ ਸਾਈਨ ਇਨ੍ਹਾਂ ਸ਼ਹਿਰਾਂ ਵਿੱਚ ਆਮ ਦੇਖਣ ਨੂੰ ਮਿਲਦੇ ਹਨ।

ਕੈਨੇਡਾ ਦੇ ਕਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਸੂਬਾਈ ਅਤੇ ਕੌਮੀ ਪੱਧਰ ’ਤੇ ਵੀ ਪੰਜਾਬੀ ਦੀ ਉੱਨਤੀ ਲਈ ਕਾਫ਼ੀ ਉਪਰਾਲੇ ਹੋ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਪਲੀਅ ਹਰ ਸਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸ਼ਾਨਦਾਰ ਢੰਗ ਨਾਲ ਮਨਾਉਂਦੀ ਆ ਰਹੀ ਹੈ। ਪੰਜਾਬੀ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਲਈ ਪਲੀਅ ਵੱਲੋਂ ਲੰਮੇ ਸਮੇਂ ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਹਾਈ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਕਾਫ਼ੀ ਭਰਵਾਂ ਹੁੰਗਾਰਾ ਵੀ ਮਿਲਿਆ ਹੈ, ਪਰ ਇਹ ਗੱਲ ਹੈਰਾਨੀ ਵਾਲੀ ਹੈ ਕਿ ਇਨ੍ਹਾਂ ਸਾਰੇ ਉਪਰਾਲਿਆਂ ਦੇ ਬਾਵਜੂਦ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸਰੀ ਵਰਗੇ ਸ਼ਹਿਰ ਵਿੱਚ ਐਲੀਮੈਂਟਰੀ ਸਕੂਲਾਂ ਵਿੱਚ ਪੰਜਾਬੀ ਲਵਾਉਣ ਲਈ ਅਜੇ ਵੀ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ।

ਇਹ ਸਥਿਤੀ ਸਾਡੇ ਸਾਰਿਆਂ ਲਈ ਸੋਚਣ ਦਾ ਵਿਸ਼ਾ ਹੈ। ਜਦੋਂ ਸਰੀ ਵਰਗੇ ਸ਼ਹਿਰ ਵਿੱਚ ਪੰਜਾਬੀਆਂ ਦੀ ਇੰਨੀ ਵੱਡੀ ਵਸੋਂ ਹੈ, ਤਾਂ ਸਾਡੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਸਿੱਖਣ ਦਾ ਮੌਕਾ ਉਨ੍ਹਾਂ ਦੇ ਮੁੱਢਲੇ ਸਕੂਲੀ ਪੱਧਰ ਤੋਂ ਹੀ ਮਿਲਣਾ ਚਾਹੀਦਾ ਹੈ। ਕੁਝ ਹਫ਼ਤਿਆਂ ਵਿੱਚ ਸਕੂਲਾਂ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਪਲੀਅ ਵੱਲੋਂ ਸਮੁੱਚੇ ਭਾਈਚਾਰੇ ਨੂੰ ਅਪੀਲ ਹੈ ਕਿ ਅਸੀਂ ਸਾਰੇ ਰਲ-ਮਿਲ ਕੇ ਸਰੀ ਵਰਗੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਵਿੱਚ ਵੱਧ ਤੋਂ ਵੱਧ ਐਲੀਮੈਂਟਰੀ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਚਾਲੂ ਕਰਵਾਉਣ ਲਈ ਉਪਰਾਲੇ ਕਰਨ।

ਕੈਨੇਡਾ ਦੇ ਸਕੂਲਾਂ ਵਿੱਚ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਅੰਗਰੇਜ਼ੀ ਤੋਂ ਬਿਨਾਂ ਇੱਕ ਹੋਰ ਭਾਸ਼ਾ ਲੈਣੀ ਲਾਜ਼ਮੀ ਹੁੰਦੀ ਹੈ। ਇਹ ਸ਼ਰਤ ਪੰਜਵੀਂ ਜਮਾਤ ਤੋਂ ਸ਼ੁਰੂ ਹੋ ਕੇ ਅੱਠਵੀਂ ਜਮਾਤ ਤੱਕ ਚੱਲਦੀ ਹੈ, ਜਦਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਇਹ ਵਿਸ਼ਾ ਚੋਣਵਾਂ ਹੁੰਦਾ ਹੈ। ਫਿਰ ਕਿਉਂ ਨਾ ਸਾਡੇ ਬੱਚਿਆਂ ਨੂੰ ਇਸ ਮੌਕੇ ਦਾ ਲਾਭ ਦਿੰਦਿਆਂ ਆਪਣੀ ਮਾਂ ਬੋਲੀ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ? ਦੂਜੀ ਭਾਸ਼ਾ ਵਜੋਂ ਪੰਜਾਬੀ ਨੂੰ ਸਕੂਲ ਦੇ ਸਮੇਂ ਦੌਰਾਨ, ਸਕੂਲ ਦੇ ਕਰੀਕੁਲਮ ਅਨੁਸਾਰ ਸਿੱਖਣਾ ਸਾਡੇ ਬੱਚਿਆਂ ਦਾ ਹੱਕ ਹੈ। ਇਸ ਹੱਕ ਨੂੰ ਹਕੀਕਤ ਵਿੱਚ ਬਦਲਣ ਲਈ ਸਭ ਤੋਂ ਪਹਿਲਾ ਕਦਮ ਇਹ ਹੈ ਕਿ ਮਾਪੇ ਇਕੱਠੇ ਹੋ ਕੇ ਆਪਣੇ ਨੇੜਲੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਸ਼ੁਰੂ ਕਰਨ।

ਆਓ, ਆਪਣੀ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਲਈ ਸਿਰਫ਼ ਗੱਲਾਂ ਹੀ ਨਾ ਕਰੀਏ, ਸਗੋਂ ਮਿਲ ਕੇ ਅਜਿਹੇ ਠੋਸ ਕਦਮ ਚੁੱਕੀਏ ਕਿ ਸਾਡੇ ਬੱਚੇ ਪੰਜਾਬੀ ਨੂੰ ਮਾਣ ਨਾਲ ਪੜ੍ਹਨ, ਲਿਖਣ ਅਤੇ ਬੋਲਣ। ਇਹੀ ਸਾਡੀ ਮਾਂ ਬੋਲੀ ਲਈ ਸੱਚੀ ਸੇਵਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀ ਸਭ ਤੋਂ ਵੱਡੀ ਵਿਰਾਸਤ ਹੋਵੇਗੀ।

Advertisement
×