ਮੇਰੀ ਪਹਿਲੀ ਫੋਟੋ
ਜੀਵਨ ’ਤੇ ਪਿਛਲ ਝਾਤ ਮਾਰਦਿਆਂ ਮੇਰੇ ਜ਼ਿਹਨ ਵਿੱਚ ਜੋ ਯਾਦ ਉੱਭਰਦੀ ਹੈ, ਉਹ ਹੈ ਮੇਰੀ ਸੋਝੀ ਵਿੱਚ ਖਿਚਵਾਈ ਗਈ ਮੇਰੀ ਸਭ ਤੋਂ ਪਹਿਲੀ ਫੋਟੋ। ਮੇਰੇ ਬਾਪੂ ਜੀ ਫੌਜ ਵਿੱਚ ਭਰਤੀ ਸਨ। ਉਹ ਸਾਲ-ਛੇ ਮਹੀਨੇ ਬਾਅਦ ਜਦੋਂ ਛੁੱਟੀ ਆਉਂਦੇ ਤਾਂ ਉਨ੍ਹਾਂ...
ਜੀਵਨ ’ਤੇ ਪਿਛਲ ਝਾਤ ਮਾਰਦਿਆਂ ਮੇਰੇ ਜ਼ਿਹਨ ਵਿੱਚ ਜੋ ਯਾਦ ਉੱਭਰਦੀ ਹੈ, ਉਹ ਹੈ ਮੇਰੀ ਸੋਝੀ ਵਿੱਚ ਖਿਚਵਾਈ ਗਈ ਮੇਰੀ ਸਭ ਤੋਂ ਪਹਿਲੀ ਫੋਟੋ। ਮੇਰੇ ਬਾਪੂ ਜੀ ਫੌਜ ਵਿੱਚ ਭਰਤੀ ਸਨ। ਉਹ ਸਾਲ-ਛੇ ਮਹੀਨੇ ਬਾਅਦ ਜਦੋਂ ਛੁੱਟੀ ਆਉਂਦੇ ਤਾਂ ਉਨ੍ਹਾਂ ਦੇ ਚਾਅ ਚੁੱਕੇ ਨਾ ਜਾਂਦੇ। ਇਹ ਸੋਚ ਕੇ ਦਿਲ ਨੂੰ ਅੱਜ ਵੀ ਹੌਲ ਜਿਹਾ ਪੈਂਦਾ ਹੈ ਕਿ ਆਪਣੀ ਪਤਨੀ, ਪੁੱਤਰ ਅਤੇ ਬਾਕੀ ਪਰਿਵਾਰ ਨੂੰ ਛੱਡ ਕੇ ਇੰਨਾ ਲੰਬਾ ਅਰਸਾ ਉਹ ਕਿਵੇਂ ਬਰਫ਼ੀਲੀਆਂ ਪਹਾੜੀਆਂ ਮਿੱਧਦੇ ਫਿਰਦੇ ਹੋਣਗੇ। ਅੱਜ ਅਸੀਂ ਇੱਕ ਦਿਨ ਵੀ ਆਪਣੇ ਬੱਚਿਆਂ ਤੋਂ ਦੂਰ ਨਹੀਂ ਹੋ ਸਕਦੇ। ਜੇ ਕਿਤੇ ਜਾਈਏ ਵੀ ਤਾਂ ਘਰ ਦੀ ਯਾਦ ਸਤਾਉਣ ਲੱਗ ਜਾਂਦੀ ਹੈ। ਫਿਰ ਸੋਚਦਾ ਹਾਂ ਕਿ ਹੁਕਮ ਦਾ ਬੰਨ੍ਹਿਆ ਤੇ ਕਾਇਦੇ ਕਾਨੂੰਨਾਂ ਵਿੱਚ ਜਕੜਿਆ ਬੰਦਾ ਮਜਬੂਰੀਆਂ ਵਸ ਆਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦਾ ਹੋਵੇਗਾ। ਜੋ ਖੁਦਕਸ਼ੀ ਕਰਨ ਵਰਗੀ ਗੱਲ ਹੀ ਕਹੀ ਜਾ ਸਕਦੀ ਹੈ।
ਪਰਿਵਾਰਾਂ ਤੋਂ ਵਿੱਛੜਿਆਂ ਲਈ ਫੋਟੋਆਂ ਬਹੁਤ ਵੱਡਾ ਆਸਰਾ ਹੁੰਦੀਆਂ ਹਨ। ਇਨ੍ਹਾਂ ਦੀ ਅਹਿਮੀਅਤ ਵੀ ਉਹ ਹੀ ਸਮਝ ਸਕਦੇ ਹਨ ਜੋ ਆਪਣੇ ਪਰਿਵਾਰਾਂ ਤੋਂ ਵਿੱਛੜੇ ਹੋਣ। ਮੇਰੇ ਬਾਪੂ ਜੀ ਵੀ ਆਪਣੇ ਨੰਨ੍ਹੇ ਪੁੱਤ ਦੀ ਯਾਦ ਨੂੰ ਫੋਟੋ ਵਿੱਚ ਬੰਦ ਕਰਕੇ ਲੈ ਜਾਣਾ ਚਾਹੁੰਦੇ ਹੋਣਗੇ। ਉਨ੍ਹਾਂ ਦਿਨਾਂ ਵਿੱਚ ਮੈਂ ਆਪਣੇ ਨਾਨਕੇ ਪਿੰਡ ਪੂਨੀਆਂ ਰਹਿੰਦਾ ਸਾਂ। ਮੈਂ, ਮਾਂ-ਬਾਪ ਵਿਹੂਣਾ, ਜਿਸ ਦਾ ਪਿਓ ਫੌਜ ਵਿੱਚ ਤੇ ਮਾਂ ਆਪਣੇ ਸਹੁਰੇ ਰਹਿੰਦੀ ਸੀ।
ਨਾਨੀ ਦੇ ਗੋਡੇ ਨਾਲ ਲੱਗਿਆ ਚੁੱਪ ਗੜੁੱਪ ਤੇ ਇੱਕ ਉਦਾਸ ਚਿਹਰਾ। ਇੱਥੇ ਹੀ ਮੈਂ ਰਿੜ੍ਹਨਾ, ਤੁਰਨਾ ਤੇ ਬੋਲਣਾ ਸਿੱਖਿਆ। ਮਾਂ-ਬਾਪ ਦੀਆਂ ਨਿੱਘੀਆਂ ਗਲਵੱਕੜੀਆਂ ਤੋਂ ਬਗੈਰ। ਅੰਦਰੇ ਅੰਦਰ ਸਾਰਾ ਕੁਝ ਮੱਚਦਾ ਤੇ ਖੌਲਦਾ ਰਹਿੰਦਾ, ਪਰ ਜ਼ੁਬਾਨ ’ਤੇ ਨਾ ਆਉਂਦਾ। ਸ਼ਾਇਦ ਮਨ ਦੇ ਕੋਨੇ ਵਿੱਚ ਦੱਬੇ ਉਹ ਹੀ ਕੋਈ ਢੇਰ ਹੋਣਗੇ ਜਿਨ੍ਹਾਂ ਨੂੰ ਮੈਂ ਹੌਲੀ ਹੌਲੀ ਕਲਮ ਦੀ ਚੁੰਝ ਨਾਲ ਕੁਰੇਦ ਕੁਰੇਦ ਕੇ ਬਾਹਰ ਕੱਢਣਾ ਸ਼ੁਰੂ ਕੀਤਾ ਹੋਵੇਗਾ।
ਮਨ ਅੰਦਰ ਦੱਬੀਆਂ ਲੱਖਾਂ ਯਾਦਾਂ ਦੀ ਯਾਦ ਦਿਵਾਉਦੀ ਹੈ ਮੇਰੇ ਬਚਪਨ ਦੀ ਪਹਿਲੀ ਤਸਵੀਰ। ਜਿਸ ਨੂੰ ਮੈਂ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਲੋਕ ਤਾਂ ਪਿਕਚਰਾਂ ਫਰੇਮ ਕਰਵਾ ਕੇ ਦੀਵਾਰ ’ਤੇ ਟੰਗ ਦਿੰਦੇ ਹਨ, ਮੈਂ ਇਸ ਨੂੰ ਆਪਣੇ ਮਨ ਦੀ ਕੰਧ ’ਤੇ ਟੰਗਿਆ ਹੋਇਆ ਹੈ। ਜਿਸ ਨੂੰ ਜਦ ਵੀ ਦੇਖਦਾ ਹਾਂ ਤਾਂ ਇਹ ਯਾਦ ਤਾਜ਼ਾ ਹੋ ਜਾਂਦੀ ਹੈ।
ਸ਼ਾਇਦ ਕੱਤਕ ਦਾ ਮਹੀਨਾ ਸੀ। ਦੀਵਾਲੀ ਦੇ ਦਿਨ ਸਨ। ਇਨ੍ਹਾਂ ਦਿਨਾਂ ਵਿੱਚ ਮੇਰਾ ਨਾਨਕਾ ਪਿੰਡ ਭੁੱਜੀ ਹੋਈ ਮੂੰਗਫਲੀ ਅਤੇ ਮੱਕੀ ਦੀਆਂ ਖਿੱਲਾਂ ਦੀ ਖੁਸ਼ਬੂ ਨਾਲ ਮਹਿਕ ਉੱਠਦਾ ਸੀ। ਉਦੋਂ ਅਜੇ ਪੰਜਾਬ ਵਿੱਚ ਝੋਨਾ ਲਾਉਣ ਦਾ ਰਿਵਾਜ ਨਹੀਂ ਸੀ ਪਿਆ। ਲੋਕ ਮੂੰਗਫਲੀ ਪੁੱਟਦੇ, ਲਾਂਗੇ ਝਾੜਦੇ, ਧੜ ਉਡਾਉਂਦੇ, ਛੱਲੀਆਂ ਅਤੇ ਭੁੱਜੀ ਹੋਈ ਮੂੰਗਫਲੀ ਦੀ ਮਹਿਕ ਨਾਲ ਦੀਵਾਲੀ ਦੇ ਦਿਨਾਂ ਵਿੱਚ ਪਾਂਡੂ ਮਿੱਟੀ ਨਾਲ ਲਿੱਪੀਆਂ ਕੱਚੀਆਂ ਕੰਧਾਂ ਵੀ ਮਹਿਕ ਉੱਠਦੀਆਂ। ਇਨ੍ਹਾਂ ਕੰਧਾਂ ਉੱਪਰ ਹੁਣ ਤਾਂ ਧਾਰਮਿਕ ਕੈਲੰਡਰ ਟੰਗਣ ਦਾ ਵੀ ਰਿਵਾਜ ਪੈ ਚੁੱਕਾ ਸੀ।
ਸਾਡੇ ਘਰ ਦੀਆਂ ਕੰਧਾਂ ’ਤੇ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਦ੍ਰਿਸ਼ ਸੀ, ਜਿਸ ਵਿੱਚ ਉਹ ਤੱਤੀ ਤਵੀ ’ਤੇ ਬੈਠੇ ਸਨ ਤੇ ਉਨ੍ਹਾਂ ਦੇ ਸਿਰ ’ਤੇ ਤੱਤੀ ਰੇਤ ਪਾਈ ਜਾ ਰਹੀ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਜਲਾਦ ਨੀਹਾਂ ਵਿੱਚ ਚਿਣ ਰਹੇ ਸਨ, ਵਰਗੇ ਕੈਲੰਡਰ ਸਨ, ਪਰ ਘਰ ਦੀ ਕਿਸੇ ਦੀਵਾਰ ਉੱਪਰ ਪਰਿਵਾਰ ਦੇ ਕਿਸੇ ਮੈਂਬਰ ਦੀ ਕੈਮਰੇ ਨਾਲ ਖਿੱਚੀ ਹੋਈ ਫੋਟੋ ਨਹੀਂ ਸੀ।
ਮੇਰੇ ਪਹਿਲੇ ਦੋ ਮਾਮਿਆਂ ਦੇ ਵਿਆਹ ਵੇਲੇ ਦੀ ਤਾਂ ਕੋਈ ਵੀ ਯਾਦ ਕੈਮਰੇ ਵਿੱਚ ਬੰਦ ਨਹੀਂ ਸੀ ਹੋ ਸਕੀ। ਉਦੋਂ ਕੈਮਰੇ ਪ੍ਰਚੱਲਤ ਹੀ ਨਹੀਂ ਸਨ। ਹਾਂ ਤੀਜੇ ਮਾਮੇ ਦੇ ਵਿਆਹ ਵੇਲੇ ਮੇਰੇ ਬਾਪੂ ਜੀ ਨੇ ਫੌਜ ਵਿੱਚੋਂ ਲਿਆਂਦੇ ਕੈਮਰੇ ਨਾਲ ਕੁਝ ਫੋਟੋਆਂ ਖਿੱਚੀਆਂ ਸਨ ਜੋ ਇੱਕ ਨਿੱਕੀ ਜਿਹੀ ਐਲਬਮ ਵਿੱਚ ਮੌਜੂਦ ਸਨ। ਇੱਕ ਬਲੈਕ ਐਂਡ ਵ੍ਹਾਈਟ ਫੋਟੋ ਵਿੱਚ ਮੇਰੇ ਬਾਪੂ ਜੀ ਦੇ ਗਲ਼ ਬਾਰਾਂ ਬੋਰ ਦੀ ਬੰਦੂਕ ਪਾਈ ਹੋਈ ਸੀ। ਇੱਕ ਹੋਰ ਫੋਟੋ ਵਿੱਚ ਮੇਰੀ ਮਾਮੀ ਜੀ, ਮੇਰੇ ਮਾਮਾ ਜੀ ਨਾਲ ਆਨੰਦ ਕਾਰਜਾਂ ’ਤੇ ਇੱਕ ਚਾਦਰ ਵਿੱਚ ਲਿਪਟੀ ਬੈਠੀ ਸੀ, ਪਰ ਮੇਰੇ ਨਾਨੇ ਨੇ ਇਹ ਫੋਟੋਆਂ ਜੜਾ ਕੇ ਕੰਧ ’ਤੇ ਟੰਗਣ ਦੀ ਆਗਿਆ ਨਹੀਂ ਸੀ ਦਿੱਤੀ ਕਿ ਘਰ ਆਇਆ ਹਰ ਬੰਦਾ ਲੜਕੀ ਨੂੰ ਵੇਖੇਗਾ, ਪਰ ਮੇਰਾ ਨੰਨ੍ਹਾ ਮਨ ਸੋਚਦਾ ਕਾਸ਼! ਮੇਰੀ ਵੀ ਕੋਈ ਫੋਟੋ ਹੋਵੇ।
ਆਖਰ ਇੱਕ ਦਿਨ ਮੇਰੀ ਇਹ ਤਮੰਨਾ ਵੀ ਪੂਰੀ ਹੋ ਗਈ। ਮੇਰੇ ਬਾਪੂ ਜੀ ਆਪਣੇ ਨਵੇਂ ਕਢਾਏ ਐਟਲਸ ਸਾਈਕਲ ’ਤੇ ਪਿੰਡ ਆਏ। ਦਰਅਸਲ, ਉਨ੍ਹਾਂ ਮੈਨੂੰ ਦੀਵਾਲੀ ਮੌਕੇ ਪਿੰਡ ਲੈ ਕੇ ਜਾਣਾ ਸੀ। ਮੇਰੇ ਨਾਲ ਇਹ ਉਨ੍ਹਾਂ ਦੀ ਪਹਿਲੀ ਦੀਵਾਲੀ ਹੋਣੀ ਸੀ। ਅੱਜ ਉਨ੍ਹਾਂ ਦੇ ਮੋਢੇ ਟ੍ਰਾਂਜਿਸਟਰ ਵੀ ਪਾਇਆ ਹੋਇਆ ਸੀ ਜੋ ਉਹ ਫੌਜ ਵਿੱਚੋਂ ਨਾਲ ਲੈ ਕੇ ਆਏ ਸਨ ਤੇ ਉਸ ਉੱਪਰ ਗੀਤ ਸੁਣ ਰਹੇ ਸਨ। ਸਹੁਰੇ ਘਰ ਉਨ੍ਹਾਂ ਦੀ ਪੂਰੀ ਟੌਹਰ ਸੀ। ਮੇਰੀ ਨਾਨੀ ਜੀ ਉਨ੍ਹਾਂ ਦੀ ਆਉ ਭਗਤ ਕਰ ਰਹੇ ਸਨ। ਮੇਰੇ ਬਾਪੂ ਜੀ ਨੇ ਦੱਸਿਆ ਕਿ ਮੇਜਰ ਦੀ ਫੋਟੋ ਕਰਵਾ ਕੇ ਲਿਆਉਣੀ ਹੈ, ਇਸ ਨੂੰ ਚੰਗੀ ਤਰ੍ਹਾ ਤਿਆਰ ਕਰ ਦੇਵੋ। ਫਿਰ ਮੇਰੀਆਂ ਮੀਢੀਆਂ ਗੁੰਦ ਕੇ ਸੋਹਣੇ ਕੱਪੜੇ ਪਾ ਦਿੱਤੇ ਗਏ। ਮੈਂ ਬਾਪੂ ਜੀ ਨਾਲ ਪਹਿਲੀ ਵਾਰੀ ਸਾਈਕਲ ਦੀ ਸਵਾਰੀ ਕੀਤੀ।
ਪਹਿਲੀ ਵਾਰ ਸ਼ਹਿਰ ’ਚ ਇੰਨੀਆਂ ਦੁਕਾਨਾਂ, ਟਾਂਗੇ ਤੇ ਮੋਟਰ ਗੱਡੀਆਂ ਵੇਖੀਆਂ। ਮੇਰੇ ਪਾਏ ਹੋਏ ਕੱਪੜੇ ਸ਼ਇਦ ਬਾਪੂ ਜੀ ਨੂੰ ਪਸੰਦ ਨਾ ਆਏ। ਫਿਰ ਉਨ੍ਹਾਂ ਨੇ ਮੇਰੇ ਲਈ ਇੱਕ ਸ਼ਰਟ ਤੇ ਬੱਧਰੀਆਂ ਵਾਲੀ ਪੈਂਟ ਲਈ। ਅਸੀਂ ਸ਼ਹਿਰ ਸਮਰਾਲੇ ਦੇ ਫਰੈਂਡਜ਼ ਸਟੂਡੀਓ ਗਏ। ਸਟੂਡੀਓ ਵਾਲੇ ਨੇ ਮੇਰੇ ਨਵੇਂ ਕੱਪੜੇ ਪਹਿਨਾਏ। ਵਾਲ਼ ਖੋਲ੍ਹ ਕੇ ਉਨ੍ਹਾਂ ਨੂੰ ਕੁੜੀਆਂ ਵਰਗੀ ਗੁੱਤ ਕਰਕੇ ਦੁਬਾਰਾ ਤੋਂ ਗੁੰਦਿਆ ਤੇ ਚੂੰਡੇ ਉੱਪਰ ਰਿਬਨ ਦਾ ਫੁੱਲ ਬਣਾਇਆ। ਮੇਰੇ ਬਾਪੂ ਜੀ ਨੇ ਸ਼ਹਿਰੋਂ ਖ਼ਰੀਦ ਕੇ ਤਾਜ਼ੇ ਫੁੱਲਾਂ ਦਾ ਗੁੱਟ ਮੇਰੇ ਇੱਕ ਹੱਥ ਫੜਾਇਆ। ਇਸ ਦਿਨ ਮੈਨੂੰ ਨਵੀਂ ਗੁਰਗਾਬੀ ਵੀ ਲੈ ਕੇ ਦਿੱਤੀ ਗਈ। ਸਜੇ ਧਜੇ ਨੂੰ ਮੈਨੂੰ ਕੈਮਰੇ ਅੱਗੇ ਖੜ੍ਹਾ ਕੇ ਫੋਟੋ ਖਿੱਚ ਦਿੱਤੀ ਗਈ। ਇਹ ਮੇਰੇ ਜੀਵਨ ਦੀ ਪਹਿਲੀ ਫੋਟੋ ਸੀ।
ਪਰ ਹੁਣ ਸੁਆਲ ਉੱਠਿਆ ਕਿ ਫੋਟੋ ਸਜਾਉਣੀ ਕਿੱਥੇ ਹੈ? ਉਹਦੇ ਲਈ ਮੇਰੇ ਬਾਪੂ ਜੀ ਨੇ ਪੱਥਰ ਦੀ ਬਿੱਲੀ ਵਾਲਾ ਇੱਕ ਟੇਬਲ ਲੈਂਪ ਲਿਆ, ਜਿਸ ਦੇ ਸ਼ੇਡ ’ਤੇ ਮੋਤੀਆਂ ਦੀ ਝਾਲਰ ਲਟਕ ਰਹੀ ਸੀ। ਇਸੇ ਲੈਂਪ ਦੇ ਬੇਸ ’ਤੇ ਮੇਰੀ ਜੜਾਊ ਸਟੈਂਡ ਵਾਲੀ ਫੋਟੋ ਰੱਖੀ ਜਾਣੀ ਸੀ ਜੋ ਅੱਜ ਵੀ ਸਾਡੇ ਘਰ ਮੌਜੂਦ ਹੈ। ਉਸ ਦਿਨ ਮੈਨੂੰ ਕੁਝ ਖੁਆਇਆ ਪਿਆਇਆ ਵੀ ਹੋਊ, ਉਹ ਤਾਂ ਮੈਨੂੰ ਯਾਦ ਨਹੀ। ਸ਼ਾਇਦ ਬਾਤੀ ਖਾਧੀ ਹੋਵੇ ਜਾਂ ਗੋਲ਼ੀ ਵਾਲਾ ਬੱਤਾ ਵੀ ਪੀਤਾ ਹੋਵੇ। ਹਾਂ ਉਸ ਦਿਨ ਦੀ ਇੱਕ ਘਟਨਾ ਮੈਨੂੰ ਅੱਜ ਤੱਕ ਨਹੀਂ ਭੁੱਲਦੀ ਜੋ ਮੇਰੀਆਂ ਯਾਦਾਂ ਵਿੱਚ ਜੜੀ ਗਈ ਹੈ।
ਮੈਂ ਨਵੇਂ ਕੱਪੜੇ ਪਹਿਨੀ ਬਾਪੂ ਜੀ ਦੇ ਪਿੱਛੇ ਸਾਈਕਲ ਦੇ ਕੈਰੀਅਰ ’ਤੇ ਬੈਠਾ ਜਾ ਰਿਹਾ ਸੀ। ਨਵੀਂ ਜੁੱਤੀ ਪਹਿਨੀ ਹੋਈ ਸੀ। ਤਾਜ਼ੀ ਹਵਾ ਦੇ ਬੁੱਲਿਆਂ ਨਾਲ ਮੈਨੂੰ ਨੀਂਦ ਨੇ ਘੇਰਾ ਪਾ ਲਿਆ। ਸ਼ਾਇਦ ਮੇਰਾ ਪੈਰ ਵੀ ਸੌਂ ਗਿਆ ਹੋਵੇ। ਮੇਰੀ ਨਵੀਂ ਜੁੱਤੀ ਵਾਲਾ ਪੈਰ ਸਾਈਕਲ ਦੇ ਗਜ਼ਾਂ ਵਿੱਚ ਆ ਕੇ ਲਹੂ ਲੁਹਾਣ ਹੋ ਗਿਆ ਸੀ। ਜਦੋਂ ਬਾਪੂ ਜੀ ਨੂੰ ਮੇਰੇ ਰੋਣ ਤੋਂ ਪਤਾ ਲੱਗਿਆ ਉਦੋਂ ਤੱਕ ਜੁੱਤੀ ਤਾਂ ਪਤਾ ਨਹੀਂ ਕਿੱਥੇ ਡਿੱਗ ਚੁੱਕੀ ਸੀ। ਬਾਪੂ ਜੀ ਘਬਰਾ ਗਏ, ਉਨ੍ਹਾਂ ਨੇ ਮੇਰੇ ਪੈਰ ’ਤੇ ਕੱਪੜਾ ਬੰਨ੍ਹਿਆ ਤੇ ਮੁੜ ਨਾਨਕੇ ਪਿੰਡ ਲੈ ਗਏ।
ਮੇਰੀ ਨਾਨੀ ਪੰਜਾਬ ਕੌਰ ਘਬਰਾਈ ਮੇਰੇ ਪੈਰ ਨੂੰ ਟਕੋਰਾਂ ਕਰ ਰਹੀ ਸੀ ਤੇ ਸੇਕ ਦੇ ਰਹੀ ਸੀ। ਉਸ ਨੂੰ ਮੇਰੇ ਪੈਰ ਦੀ ਸੱਟ ਨਾਲ ਬਾਪੂ ਜੀ ਵੱਲੋਂ ਲੈ ਕੇ ਦਿੱਤੀ ਜੁੱਤੀ ਦੇ ਇੱਕ ਪੈਰ ਗੁਆਚ ਜਾਣ ਦਾ ਵੀ ਦੁੱਖ ਸੀ। ਨਾਨੀ ਨੂੰ ਆਸ ਸੀ ਕਿ ਦੂਜਾ ਪੈਰ ਸ਼ਾਇਦ ਲੱਭ ਜਾਵੇ, ਪਰ ਅਜਿਹਾ ਕਦੀ ਨਹੀਂ ਸੀ ਹੋਇਆ। ਜੁੱਤੀ ਦਾ ਉਹ ਪੈਰ ਇਕੱਲਾ ਹੀ ਯਾਦ ਬਣਿਆ ਘਰ ਵਿੱਚ ਹੁਣ ਤੱਕ ਪਿਆ ਰਿਹਾ। ਮੁੜ ਕੇ ਮੇਰੇ ਜੀਵਨ ਵਿੱਚ ਸੈਂਕੜੇ ਜੁੱਤੀਆਂ ਆਈਆਂ ਤੇ ਗਈਆਂ, ਪਰ ਉਸ ਗੁਆਚੀ ਜੁੱਤੀ ਦੇ ਇੱਕ ਪੈਰ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ। ਜਿਵੇਂ ਕਿਸੇ ਮਾਂ ਦਾ ਬੱਚਾ ਪੇਟ ਵਿੱਚ ਹੀ ਮਰ ਗਿਆ ਹੋਵੇ ਜਾਂ ਜਿਸਮ ਦਾ ਕੋਈ ਅੰਗ ਲਹਿ ਗਿਆ ਹੋਵੇ। ਅਜਿਹਾ ਦਰਦ ਮੈਂ ਅੱਜ ਤੱਕ ਮਹਿਸੂਸ ਕਰਦਾ ਹਾਂ।
ਬਾਪੂ ਜੀ ਨੂੰ ਲੱਗਿਆ ਕਿ ਹੁਣ ਪੈਰ ਨੂੰ ਡੋਲ ਨਹੀਂ ਪੈਂਦਾ, ਸੋਜ ਵੀ ਘੱਟ ਹੈ ਤੇ ਉਹ ਦੂਸਰੇ ਦਿਨ ਮੈਨੂੰ ਸਾਈਕਲ ਦੇ ਡੰਡੇ ’ਤੇ ਪਰਨਾ ਬੰਨ੍ਹ ਕੇ ਬਿਠਾ ਕੇ ਪਿੰਡ ਲੈ ਤੁਰੇ। ਰੋਜ਼ ਗਰਮ ਪਾਣੀ ਵਿੱਚ ਨਿੱਮ ਦੇ ਪੱਤਿਆਂ ਦੀ ਟਕੋਰ ਨਾਲ ਪੈਰ ਪੱਕਣ ਤੋਂ ਬਿਨਾਂ ਹੀ ਆਰਾਮ ਆ ਗਿਆ। ਦੀਵਾਲੀ ਤੱਕ ਪੈਰ ਠੀਕ ਹੋ ਗਿਆ ਤੇ ਅਸੀਂ ਸ਼ਾਮ ਨੂੰ ਰਲ਼ ਕੇ ਲਕਸ਼ਮੀ ਪੂਜਾ ਕੀਤੀ। ਦੀਵਿਆਂ ਤੇ ਮੋਮਬੱਤੀਆਂ ਨਾਲ ਬਿੱਲੀ ਵਾਲਾ ਲੈਂਪ ਵੀ ਲਾਇਆ ਗਿਆ ਤੇ ਉਸ ’ਤੇ ਮੇਰੀ ਫੋਟੋ ਵੀ ਰੱਖੀ ਗਈ। ਫਿਰ ਇਹ ਦੋਵੇਂ ਚੀਜ਼ਾਂ ਸਾਡੇ ਘਰ ਦਾ ਸ਼ਿੰਗਾਰ ਬਣ ਗਈਆਂ। ਕਦੇ ਬੈਠਕ ਵਿੱਚ ਤੇ ਕਦੇ ਚੁਬਾਰੇ ਵਿੱਚ ਇਹ ਕੰਸ ਜਾਂ ਮੇਜ਼ ’ਤੇ ਸਜੀਆਂ ਰਹਿੰਦੀਆਂ। 1990 ਵਿੱਚ ਜਦੋਂ ਮੈਂ ਕੈਨੇਡਾ ਆਇਆ ਤਾਂ ਬਹੁਤ ਕੁਝ ਪਿੱਛੇ ਰਹਿ ਗਿਆ ਸੀ। ਇਹ ਲੈਂਪ ਤੇ ਫੋਟੋ ਵੀ।
1993 ਵਿੱਚ ਜਦੋਂ ਮੇਰੇ ਬਾਪੂ ਜੀ ਕੈਨੇਡਾ ਆਏ ਤੇ ਇਹ ਫੋਟੋ ਆਪਣੇ ਨਾਲ ਲੈ ਆਏ। ਉਸੇ ਸਾਲ ਉਹ ਇੱਕ ਐਕਸੀਡੈਂਟ ਦਾ ਸ਼ਿਕਾਰ ਹੋ ਕੇ ਸਦਾ ਲਈ ਸਾਡੇ ਤੋਂ ਵਿੱਛੜ ਗਏ ਤੇ ਮੇਰੇ ਕੋਲ ਉਨ੍ਹਾਂ ਦੀ ਯਾਦ ਨਾਲ ਜੁੜੀ ਰਹਿ ਗਈ ਮੇਰੀ ਇਹ ਪਹਿਲੀ ਫੋਟੋ। ਜਿਸ ਨੂੰ ਕਦੀ ਕਦੀ ਮੈਂ ਨੀਝ ਨਾਲ ਵੇਖਦਾ ਹਾਂ ਤੇ ਮੈਨੂੰ ਆਪਣਾ ਆਪ ਮੇਰੀ ਬੇਟੀ ਬਿਸਮਨ ਵਰਗਾ ਲੱਗਦਾ ਹੈ। ਕੁਝ ਯਾਦਾਂ ਤੁਹਾਡੇ ਮਨ ਵਿੱਚ ਫਰੇਮ ਹੋ ਜਾਂਦੀਆਂ ਹਨ ਤੇ ਸੋਚ ਦੀ ਦੀਵਾਰ ਤੇ ਹਮੇਸ਼ਾਂ ਲਈ ਟੰਗੀਆਂ ਜਾਂਦੀਆਂ ਹਨ। ਇਸ ਨੂੰ ਵੀ ਬਸ ਇਸ ਤਰ੍ਹਾਂ ਹੀ ਸਮਝ ਲਵੋ। ਜੋ ਮੇਰੇ ਲਈ ਇੱਕ ਕੀਮਤੀ ਖ਼ਜ਼ਾਨਾ ਹੈ।

