ਗੱਲ ਮੁੱਕੀ ਨਾ ਸੱਜਣ ਨਾਲ ਮੇਰੀ...
ਸਿਡਨੀ: ਨਿਊ ਸਾਊਥ ਵੇਲਜ਼ (ਸਿਡਨੀ) ਦੇ ਸੰਘਣੇ ਜੰਗਲੀ ਇਲਾਕੇ ਚੈਸਟਵੁੱਡ ਵਿੱਚ ਇੱਕ ਪਾਦਰੀ ਸੰਪਰਦਾਇ ਨੇ ‘ਸੇਂਟ ਹਿਲ ਐਂਜੋ’ ਨਾਂ ਦੀ ਖੂਬਸੂਰਤ ਵਿਗਿਆਨਕ ਪਾਰਕ ਉਸਾਰੀ ਹੋਈ ਹੈ। ਇਸ ਸੰਪਰਦਾਇ ਦੇ ਲੋਕ ਆਪਣੀ ਪਰੰਪਰਾ ਅਨੁਸਾਰ ਅਕਸਰ ਹੋਰ ਸੰਪਰਦਾਵਾਂ/ ਭਾਈਚਾਰੇ ਦੇ ਲੋਕਾਂ ਨੂੰ...
ਸਿਡਨੀ: ਨਿਊ ਸਾਊਥ ਵੇਲਜ਼ (ਸਿਡਨੀ) ਦੇ ਸੰਘਣੇ ਜੰਗਲੀ ਇਲਾਕੇ ਚੈਸਟਵੁੱਡ ਵਿੱਚ ਇੱਕ ਪਾਦਰੀ ਸੰਪਰਦਾਇ ਨੇ ‘ਸੇਂਟ ਹਿਲ ਐਂਜੋ’ ਨਾਂ ਦੀ ਖੂਬਸੂਰਤ ਵਿਗਿਆਨਕ ਪਾਰਕ ਉਸਾਰੀ ਹੋਈ ਹੈ। ਇਸ ਸੰਪਰਦਾਇ ਦੇ ਲੋਕ ਆਪਣੀ ਪਰੰਪਰਾ ਅਨੁਸਾਰ ਅਕਸਰ ਹੋਰ ਸੰਪਰਦਾਵਾਂ/ ਭਾਈਚਾਰੇ ਦੇ ਲੋਕਾਂ ਨੂੰ ਸਮੇਂ ਸਮੇਂ ਸੱਦੇ ਦੇ ਕੇ ਚਾਹ ਤੇ ਲੰਚ ਪਾਰਟੀ ਨਾਲ ਆਪਸੀ ਸਾਂਝ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਸੰਦਰਭ ਵਿੱਚ ਮਿਲੇ ਸੱਦੇ ਨਾਲ ਇੱਥੇ ਰਹਿੰਦੇ ਪੰਜਾਬੀਆਂ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਚਾਹ-ਪਾਣੀ ਅਤੇ ਭੋਜਨ ਛਕਣ ਤੋਂ ਬਾਅਦ ਪੰਜਾਬੀਆਂ ਨੇ ਆਪਣੇ ਸੁਭਾਅ ਅਨੁਸਾਰ ਇੱਥੋਂ ਦੇ ਆਡੀਟੋਰੀਅਮ ਹਾਲ ਵਿੱਚ ਪੰਜਾਬੀ ਸਾਹਿਤ ਦੇ ਰੰਗ ਬਿਖੇਰਨੇ ਸ਼ੁਰੂ ਕਰ ਦਿੱਤੇ।
ਇਸ ਸਾਹਿਤਕ ਮਹਿਫ਼ਲ ਵਿੱਚ ‘ਵੇ ਮੁੜਿਆ ਲਾਮਾਂ ਤੋਂ’ (ਮਨਪ੍ਰੀਤ ਕੌਰ ਵੇਰਕਾ), ‘ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ’ (ਜੋਗਿੰਦਰ ਸਿੰਘ ਸੋਹੀ), ‘ਤੈਨੂੰ ਦਿਲ ਦੀਆਂ ਖੋਲ੍ਹ ਸੁਣਾਵਾਂ, ਵੇ ਇੱਕ ਵਾਰ ਆਜਾ ਹਾਣੀਆਂ’ (ਦਿਲਜੀਤ ਕੌਰ), ‘ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਰੱਬਾ ਵੇ ਤੇਰੀ ਰਾਤ ਮੁੱਕ ਗਈ’ (ਇੰਜਨੀਅਰ ਰਘਬੀਰ ਸਿੰਘ) ਅਤੇ ‘ਜੀਵੇ ਮੁਰਸ਼ਦ ਕਾਮਿਲ ਬਾਹੂ, ਜੈਂ ਇਹ ਬੂਟੀ ਲਾਈ ਹੂ।’ (ਗੁਰਜੰਟ ਸਿੰਘ) ਆਦਿ ਭਾਵਪੂਰਤ ਅੰਦਾਜ਼ ਦੀ ਗਾਇਕੀ ਨੇ ਆਪਣਾ ਰੰਗ ਬੰਨ੍ਹਿਆ।
ਹਰਬੰਸ ਸਿੰਘ ਮਾਲਵਾ ਵੱਲੋਂ ਮਿਰਜ਼ਾ ਖਾਸ ਕਰਕੇ ਸਾਹਿਬਾਂ ਦੀ ਮਾਨਸਿਕਤਾ ਦੇ ਦੂਜੇ ਪੱਖ ਦਾ ਕਾਵਿ ਪ੍ਰਗਟਾਵਾ ਆਪਣੇ ਆਪ ਵਿੱਚ ਇੱਕ ਅਨੋਖਾ ਪ੍ਰਗਟਾਵਾ ਸੀ। ਕੁਲਦੀਪ ਸਿੰਘ ਜੌਹਲ ਤੇ ਬੀਬੀ ਸਲਿੰਦਰ ਕੌਰ ਬੈਂਸ ਨੇ ਦੋਗਾਣੇ ਰਾਹੀਂ ਪੰਜਾਬੀ ਸੱਭਿਆਚਾਰਕ ਨੋਕ ਝੋਕ ਦੀ ਪੇਸ਼ਕਾਰੀ ਨਾਲ ਪੂਰੀ ਵਾਹ ਵਾਹ ਖੱਟੀ।
‘ਸੱਜਣਾ ਵੇ ਸੱਜਣਾ ਸਾਨੂੰ ਤੇਰੇ ਸ਼ਹਿਰ ਵਾਲੀ ਕਿੰਨੀ ਸੋਹਣੀ ਲੱਗਦੀ ਦੁਪਹਿਰ’ ਤਰੁੰਨਮ ਵਿੱਚ ਗਾ ਕੇ ਭੁਪਿੰਦਰ ਸਿੰਘ ਬਰਨਾਲਵੀ ਨੇ ਇਸ ਸਾਹਿਤਕ ਮਹਿਫ਼ਲ ਨੂੰ ਮੰਤਰ ਮੁਗਧ ਕਰ ਦਿੱਤਾ।
ਬਹਾਦਰ ਸਿੰਘ ਨੇ ‘ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ’, ਮਨਜੀਤ ਸਿੰਘ ਖਹਿਰਾ ਨੇ ‘ਬੀਚ ’ਤੇ ਗੋਰਿਆਂ ਦੀ ਮੱਸਿਆ’ ਅਤੇ ਪ੍ਰੀਤ ਗਿੱਲ ਨੇ ‘ਮੈਂ ਹੈਗਾਂ’ ਆਦਿ ਹਾਸਰਸ ਵਿਅੰਗਾਂ/ ਚੁਟਕਲੇ ਟੋਟਕਿਆਂ ਨਾਲ ਹਾਸਿਆਂ ਦੇ ਛਣਕਾਟਿਆਂ ਦੀ ਖੂਬ ਛਹਿਬਰ ਲਾਈ। ਕਲੀਆਂ, ਟੱਪਿਆਂ ਤੇ ਕਵੀਸ਼ਰੀ ਰਾਹੀਂ ਭਵਨਜੀਤ ਸਿੰਘ, ਕ੍ਰਿਸ਼ਨ ਬੈਨੀਵਾਲ, ਕਿਸ਼ਨਾ ਭੋਗਲ, ਬਿਮਲਾ ਜੈਨ, ਸੁਭਾਸ਼ ਚੰਦਰ ਆਦਿ ਨੇ ਵੀ ਆਪਣੀ ਹਾਜ਼ਰੀ ਲਵਾਈ।
ਹਰਚਰਨ ਸਿੰਘ ਲੁਧਿਆਣਾ, ਰਾਜਵਿੰਦਰ ਕੌਰ ਲੁਧਿਆਣਾ, ਸਰਬਜੀਤ ਕੌਰ ਰਈਆ, ਮੈਡਮ ਸੋਹੀ, ਮੈਡਮ ਜੌਹਲ ਤੇ ਨਵਾਬ ਸਿੰਘ ਢਿੱਲੋਂ ਪਟਿਆਲਾ ਆਦਿ ਨੇ ਹਾਜ਼ਰੀ ਭਰੀ ਕੇ ਮਹਿਫ਼ਲ ਦੀ ਰੌਣਕ ਨੂੰ ਚਾਰ ਚੰਨ ਲਾਏ। ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਸਿੰਘ ਜੌਹਲ ਤੇ ਸਲਿੰਦਰ ਕੌਰ ਨੇ ਬਾਖੂਬੀ ਨਿਭਾਈ।
ਸੰਪਰਕ: 98764-74858

