ਹਰ ਸ਼ੈਅ ਤੋਂ ਪਵਿੱਤਰ ਹੈ ਮਾਂ
ਮਾਂ ਰੱਬ ਦੀਆਂ ਦੁਆਵਾਂ ਦਾ ਜਿਉਂਦਾ ਦਰਿਆ ਹੈ। ਉਹ ਰੱਬ ਦੇ ਹੱਥਾਂ ਦੀ ਸਭ ਤੋਂ ਪਵਿੱਤਰ ਲਿਖਤ ਹੈ। ਮਾਂ ਦੁਆਵਾਂ ਦੇ ਚਾਨਣ ਨਾਲ ਭਰਿਆ ਅਸਮਾਨ, ਮਮਤਾ ਦੇ ਅਥਾਹ ਸਮੁੰਦਰ ਦੀ ਗੂੰਜ ਹੈ। ਉਹ ਰੂਹ ਦੀ ਪਹਿਲੀ ਅਰਦਾਸ ਹੈ, ਧਰਤੀ ਉੱਤੇ...
ਮਾਂ ਰੱਬ ਦੀਆਂ ਦੁਆਵਾਂ ਦਾ ਜਿਉਂਦਾ ਦਰਿਆ ਹੈ। ਉਹ ਰੱਬ ਦੇ ਹੱਥਾਂ ਦੀ ਸਭ ਤੋਂ ਪਵਿੱਤਰ ਲਿਖਤ ਹੈ। ਮਾਂ ਦੁਆਵਾਂ ਦੇ ਚਾਨਣ ਨਾਲ ਭਰਿਆ ਅਸਮਾਨ, ਮਮਤਾ ਦੇ ਅਥਾਹ ਸਮੁੰਦਰ ਦੀ ਗੂੰਜ ਹੈ। ਉਹ ਰੂਹ ਦੀ ਪਹਿਲੀ ਅਰਦਾਸ ਹੈ, ਧਰਤੀ ਉੱਤੇ ਉਤਰਿਆ ਰੱਬ ਦਾ ਨੂਰ ਹੈ। ਮਾਂ ਤਿਆਗ ਦੇ ਚਾਨਣ ਨਾਲ ਜਗਦੀ ਕਾਇਨਾਤ, ਜੰਨਤ ਦੀ ਮਹਿਕ ਵਾਲੀ ਝੋਲੀ ਦਰਦਾਂ ਉੱਤੇ ਵਿਛੀ ਮਮਤਾ ਦੀ ਚਾਦਰ ਵਰਗੀ ਹੈ।
ਮਾਂ, ਚੁੱਪ ਰਹਿ ਕੇ ਵੀ ਸਭ ਕੁਝ ਕਹਿ ਜਾਣ ਵਾਲੀ ਰੂਹ ਹੁੰਦੀ ਹੈ। ਅੱਖਾਂ ਵਿੱਚ ਵਸਦੀ ਦੁਆਵਾਂ ਦੀ ਗੰਗਾ, ਸਬਰ, ਸੇਵਾ ਤੇ ਸਨੇਹ ਦਾ ਵਗਦਾ ਦਰਿਆ ਜਾਂ ਰੱਬੀ ਰਹਿਮਤਾਂ ਦਾ ਨਰਮ ਬੱਦਲ ਹੁੰਦੀ ਹੈ। ਮਾਂ ਕੋਈ ਸ਼ਬਦ ਨਹੀਂ ਹੁੰਦਾ, ਉਹ ਤਾਂ ਅਰਦਾਸ ਦੇ ਅੱਖਰਾਂ ਵਿੱਚ ਵਸਦੀ ਉਹ ਰੌਸ਼ਨੀ ਹੁੰਦੀ ਹੈ ਜੋ ਮਨੁੱਖ ਦੇ ਹਨੇਰੇ ਅੰਦਰ ਤੱਕ ਚਾਨਣ ਕਰ ਜਾਂਦੀ ਹੈ।
ਮਾਂ ਧਰਤੀ ਦੇ ਸੀਨੇ ਉੱਤੇ ਤੁਰਦੀ ਉਹ ਮੌਨ ਗੁਰਬਾਣੀ ਹੈ ਜਿਸ ਦੀ ਹਰ ਧੁਨ ਵਿੱਚ ਮਮਤਾ ਦੀ ਮਹਿਕਦੀ ਹੋਈ ਰੂਹ ਸੁੱਤੀ ਪਈ ਹੁੰਦੀ ਹੈ। ਉਹ ਚੰਨ ਦੀ ਠੰਢਕ ਤੋਂ ਵੀ ਨਰਮ, ਸੂਰਜ ਦੀ ਰੌਸ਼ਨੀ ਤੋਂ ਵੀ ਪਵਿੱਤਰ ਅਤੇ ਸਮੁੰਦਰ ਦੀਆਂ ਲਹਿਰਾਂ ਤੋਂ ਵੀ ਡੂੰਘੀ ਹੁੰਦੀ ਹੈ। ਜਦੋਂ ਦੁਨੀਆ ਆਪਣੀਆਂ ਸਖ਼ਤ ਉਂਗਲਾਂ ਨਾਲ ਮਨੁੱਖ ਦੇ ਸੁਪਨਿਆਂ ਨੂੰ ਤੋੜਦੀ ਹੈ, ਉਸ ਵੇਲੇ ਮਾਂ ਆਪਣੇ ਪਿਆਰ ਦੇ ਰੇਸ਼ਮੀ ਪਰਾਂ ਨਾਲ ਉਸ ਦੀ ਟੁੱਟੀ ਰੂਹ ਨੂੰ ਢਕ ਲੈਂਦੀ ਹੈ। ਉਹ ਦਰਦਾਂ ਦੀ ਧੁੱਪ ਵਿੱਚ ਛਾਂ ਬਣ ਜਾਂਦੀ ਹੈ, ਭੁੱਖੇ ਦਿਨਾਂ ਵਿੱਚ ਟੁੱਕ ਦੀ ਖੁਸ਼ਬੂ ਬਣ ਜਾਂਦੀ ਹੈ ਤੇ ਹਨੇਰੇ ਵੇਲਿਆਂ ਵਿੱਚ ਦੀਵੇ ਦੀ ਲੋਅ ਵਾਂਗ ਕੰਬਦੀ ਹੋਈ ਵੀ ਘਰ ਨੂੰ ਰੌਸ਼ਨ ਰੱਖਦੀ ਹੈ।
ਮਾਂ ਦਾ ਦਿਲ ਉਹ ਅਸਮਾਨ ਹੈ ਜਿੱਥੇ ਮੁਆਫ਼ੀ ਦੇ ਬੱਦਲ ਕਦੇ ਖਤਮ ਨਹੀਂ ਹੁੰਦੇ। ਉਹ ਆਪਣੇ ਬੱਚਿਆਂ ਲਈ ਆਪਣੇ ਸੁਫ਼ਨੇ ਤੱਕ ਵੇਚ ਦਿੰਦੀ ਹੈ, ਪਰ ਚਿਹਰੇ ਉੱਤੇ ਮੁਸਕਰਾਹਟ ਦਾ ਦੀਵਾ ਬੁਝਣ ਨਹੀਂ ਦਿੰਦੀ। ਉਸ ਦੀਆਂ ਅੱਖਾਂ ਵਿੱਚ ਅਜਿਹੇ ਅਥਾਹ ਸਮੁੰਦਰ ਵਸਦੇ ਹਨ ਜਿੱਥੇ ਦੁੱਖ ਵੀ ਡੁੱਬ ਕੇ ਸਕੂਨ ਬਣ ਜਾਂਦੇ ਹਨ।
ਮਾਂ ਬਹੁਤ ਸੁੰਦਰਤਾ ਤੇ ਨਰਮੀ ਵਾਲੀ ਬਰਖਾ ਹੁੰਦੀ ਹੈ ਜੋ ਮਨੁੱਖ ਦੇ ਅੰਦਰ ਸੁੱਕ ਰਹੇ ਇਨਸਾਨ ਨੂੰ ਮੁੜ ਹਰਾ ਕਰ ਦਿੰਦੀ ਹੈ। ਉਹ ਪਿੱਪਲ ਦੀ ਛਾਂ ਵਰਗੀ ਠੰਢੀ, ਸਵੇਰ ਦੀ ਪਹਿਲੀ ਅਰਦਾਸ ਵਰਗੀ ਪਵਿੱਤਰ ਅਤੇ ਮੰਦਰ ਦੀ ਘੰਟੀ ਵਿੱਚ ਲੁਕਿਆ ਉਹ ਕੰਬਦਾ ਹੋਇਆ ਨਾਦ ਹੈ ਜੋ ਰੂਹ ਨੂੰ ਜਗਾ ਦਿੰਦਾ ਹੈ।
ਇਸ ਸੰਸਾਰ ਦੀ ਹਰ ਮਹਾਨਤਾ ਦੇ ਪਿੱਛੇ ਮਾਂ ਦੇ ਤਿਆਗ ਦੀ ਕੋਈ ਅਣਲਿਖੀ ਇਬਾਰਤ ਹੁੰਦੀ ਹੈ।
ਕੋਈ ਵੀ ਪੁੱਤਰ ਜੇ ਆਸਮਾਨ ਨੂੰ ਛੂਹ ਲੈਂਦਾ ਹੈ ਤਾਂ ਉਸ ਦੇ ਪੈਰਾਂ ਹੇਠ ਮਾਂ ਦੀਆਂ ਅਣਗਿਣਤ ਜਾਗੀਆਂ ਰਾਤਾਂ ਦੀਆਂ ਪੌੜੀਆਂ ਹੁੰਦੀਆਂ ਹਨ। ਮਾਂ ਆਪਣੀ ਨੀਂਦ ਵੇਚ ਕੇ ਬੱਚਿਆਂ ਲਈ ਸੁਪਨੇ ਖਰੀਦਦੀ ਹੈ। ਉਹ ਆਪਣੀ ਉਮਰ ਦੀ ਰੌਸ਼ਨੀ ਗਲਾ ਕੇ ਬੱਚਿਆਂ ਦੇ ਰਾਹਾਂ ਵਿੱਚ ਚਾਨਣ ਬੀਜਦੀ ਹੈ।
ਕਈ ਵਾਰੀ ਲੱਗਦਾ ਹੈ ਕਿ ਮਾਂ ਧਰਤੀ ਉੱਤੇ ਰੱਬ ਦਾ ਉਹ ਰੂਪ ਹੈ ਜਿਸ ਨੂੰ ਮਨੁੱਖ ਛੂਹ ਸਕਦਾ ਹੈ, ਗਲੇ ਲਾ ਸਕਦਾ ਹੈ, ਰੋ ਕੇ ਆਪਣਾ ਦਰਦ ਸੁਣਾ ਸਕਦਾ ਹੈ।
ਰੱਬ ਸ਼ਾਇਦ ਹਰ ਥਾਂ ਨਾ ਪਹੁੰਚ ਸਕਿਆ ਹੋਵੇ, ਇਸ ਲਈ ਉਸ ਨੇ ਮਾਂ ਬਣਾਈ ਹੋਵੇਗੀ। ਮਾਂ ਦੀਆਂ ਦੁਆਵਾਂ ਉਹ ਅਦ੍ਰਿਸ਼ ਪਰਿੰਦੇ ਹਨ ਜੋ ਬੱਚਿਆਂ ਦੇ ਸਿਰ ਉੱਤੇ ਉੱਡਦੇ ਰਹਿੰਦੇ ਹਨ। ਜਦੋਂ ਜ਼ਿੰਦਗੀ ਦੀਆਂ ਹਨੇਰੀਆਂ ਸਭ ਕੁਝ ਉਜਾੜਣ ਲੱਗਦੀਆਂ ਹਨ, ਉਹੀ ਦੁਆਵਾਂ ਚੁੱਪਚਾਪ ਇੱਕ ਅਦਿੱਖ ਕੰਧ ਬਣ ਕੇ ਮਨੁੱਖ ਨੂੰ ਟੁੱਟਣ ਤੋਂ ਬਚਾ ਲੈਂਦੀਆਂ ਹਨ।
ਮਾਂ ਦਿਵਸ ਸਿਰਫ਼ ਇੱਕ ਦਿਨ ਨਹੀਂ, ਇਹ ਤਾਂ ਉਸ ਅਨੰਤ ਮਮਤਾ ਅੱਗੇ ਨਿਵਣ ਦਾ ਦਿਨ ਹੈ ਜਿਸ ਨੇ ਸਾਨੂੰ ਤੁਰਨਾ ਸਿਖਾਇਆ, ਬੋਲਣਾ ਸਿਖਾਇਆ ਅਤੇ ਇਨਸਾਨ ਬਣਨਾ ਸਿਖਾਇਆ। ਮਾਂ ਦੇ ਪੈਰਾਂ ਦੀ ਧੂੜ ਵਿੱਚ ਜੰਨਤ ਦੀ ਮਹਿਕ ਹੁੰਦੀ ਹੈ। ਉਸ ਦੀ ਝੋਲੀ ਉਹ ਕਾਇਨਾਤ ਹੈ ਜਿੱਥੇ ਹਰ ਥੱਕੀ ਰੂਹ ਨੂੰ ਆਖ਼ਰਕਾਰ ਸਕੂਨ ਮਿਲ ਜਾਂਦਾ ਹੈ। ਆਓ ਮਾਂ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਲੁਕੇ ਤਿਆਗ ਨੂੰ ਪੜ੍ਹੀਏ, ਉਸ ਦੀਆਂ ਝੁਰੜੀਆਂ ਵਿੱਚ ਸੁੱਤੇ ਸੰਘਰਸ਼ਾਂ ਨੂੰ ਸਮਝੀਏ ਅਤੇ ਉਸ ਦੇ ਚਿਹਰੇ ਉੱਤੇ ਖਿੜਦੀ ਮੁਸਕਰਾਹਟ ਨੂੰ ਸਿਰਫ਼ ਆਦਤ ਨਹੀਂ, ਇੱਕ ਮਹਾਨ ਕੁਰਬਾਨੀ ਦਾ ਚਾਨਣ ਮੰਨੀਏ ਕਿਉਂਕਿ ਮਾਂ ਉਹ ਕਵਿਤਾ ਹੈ ਜੋ ਕਦੇ ਪੂਰੀ ਨਹੀਂ ਲਿਖੀ ਜਾ ਸਕਦੀ। ਇਹ ਉਹ ਦਰਿਆ ਹੈ ਜੋ ਕਦੇ ਸੁੱਕਦਾ ਨਹੀਂ। ਇਹ ਉਹ ਰੱਬੀ ਸੁਰ ਹੈ ਜੋ ਮਨੁੱਖ ਦੇ ਅੰਦਰ ਹਮੇਸ਼ਾਂ ਵੱਜਦਾ ਰਹਿੰਦਾ ਹੈ। ਸੱਚ ਤਾਂ ਇਹ ਹੈ ਕਿ ਜਿਸ ਘਰ ਵਿੱਚ ਮਾਂ ਹੱਸਦੀ ਹੋਵੇ, ਉੱਥੇ ਰੱਬ ਖੁਦ ਦੀਵੇ ਜਗਾਉਂਦਾ ਹੈ।
ਮਾਂ ਸੁੱਕੇ ਮਨਾਂ ਉੱਤੇ ਵਰ੍ਹਦੀ ਪਿਆਰ ਦੀ ਬਰਖਾ ਹੈ, ਜ਼ਿੰਦਗੀ ਦੇ ਹਨੇਰਿਆਂ ਵਿੱਚ ਜਗਦਾ ਚਿਰਾਗ ਹੈ, ਮੌਨ ਵਿੱਚ ਵੱਜਦੀ ਰੱਬੀ ਬਾਂਸਰੀ ਹੈ, ਝੁਰੜੀਆਂ ਵਿੱਚ ਲੁਕੀਆਂ ਕੁਰਬਾਨੀਆਂ ਦੀ ਮਹਾਂਕਾਵਿ ਹੈ। ਉਹ ਪੈਰਾਂ ਹੇਠਾਂ ਵਸਦੀ ਜੰਨਤ ਦਾ ਨੂਰ ਹੈ, ਉਹ ਛਾਂ ਜੋ ਧੁੱਪਾਂ ਤੋਂ ਪਹਿਲਾਂ ਆ ਖੜ੍ਹਦੀ ਹੈ। ਮਾਂ ਇਸ਼ਕ, ਇਬਾਦਤ ਤੇ ਇਨਸਾਨੀਅਤ ਦਾ ਮਿਲਾਪ, ਧੜਕਣਾਂ ਵਿੱਚ ਵੱਜਦੀ ਮਮਤਾ ਦੀ ਰਾਗਨੀ, ਅਣਕਹੇ ਦਰਦਾਂ ਦੀ ਮੁਸਕਰਾਉਂਦੀ ਤਸਵੀਰ ਹੈ। ਉਹ ਘਰ ਦੇ ਆਂਗਣ ਵਿੱਚ ਖਿੜਿਆ ਰੱਬੀ ਚੰਨ, ਸਮੇਂ ਦੇ ਮੱਥੇ ਉੱਤੇ ਲਿਖਿਆ ਪਿਆਰ ਦਾ ਸ਼ਲੋਕ ਹੈ। ਮਾਂ ਉਹ ਅਮਰ ਰੌਸ਼ਨੀ ਹੈ ਜੋ ਕਦੇ ਨਹੀਂ ਬੁਝਦੀ।
ਸੰਪਰਕ: +61 412913021

