ਮਿੰਨੀ ਕਹਾਣੀਆਂ

ਮਿੰਨੀ ਕਹਾਣੀਆਂ

ਰਾਜ਼ੀਨਾਮੇ ਦੀ ਫੀਸ

ਬਲਜਿੰਦਰ ਜੌੜਕੀਆਂ

ਮੁੱਖ ਥਾਣਾ ਅਫ਼ਸਰ ਦੇ ਦਫ਼ਤਰ ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਬੈਠੀਆਂ ਸਨ। ਇਕ ਧਿਰ ਨਾਲ ਹਾਰਿਆ ਹੋਇਆ ਅਤੇ ਦੂਜੀ ਪਾਰਟੀ ਦੀ ਹਮਾਇਤ ਲਈ ਜਿੱਤਿਆ ਹੋਇਆ ਮੌਜੂਦਾ ਸਰਪੰਚ ਹਾਜ਼ਰ ਸੀ। ਬਾਰਸ਼ਾਂ ਦੇ ਵਾਧੂ ਪਾਣੀ ਦੇ ਨਿਕਾਸ ਦਾ ਮਾਮੂਲੀ ਜਿਹਾ ਰੌਲਾ ਸੀ, ਮੋਹਤਬਰਾਂ ਨੇ ਵਿਚ ਪੈ ਕੇ ਪਿੰਡ ਵਿਖੇ ਹੀ ਨਿਬੇੜ ਦਿੱਤਾ ਸੀ, ਪਰ ਮਾਮਲਾ ਪੁਲੀਸ ਕੋਲ ਹੋਣ ਕਰਕੇ ਰੌਲਾ ਥਾਣੇ ਵਿਖੇ ਹੀ ਨਿੱਬੜਨਾ ਸੀ। ਤਾਜ਼ੀ ਕਲਫ ਕੀਤੀ ਦਾੜ੍ਹੀ ਵਾਲੇ ਛੋਟੇ ਥਾਣੇਦਾਰ ਨੇ ਚਿੱਟੇ ਕਾਗਜ਼ਾਂ ਵਿਚ ਕਾਰਬਨ ਧਰ ਕੇ ਪੱਗ ਪਿੰਨਾਂ ਨਾਲ ਜੋੜਦੇ ਹੋਏ ਰਾਜ਼ੀਨਾਮਾ ਲਿਖਣਾ ਸ਼ੁਰੂ ਕਰ ਦਿੱਤਾ। ਕਿਸੇ ਪੁਰਾਣੀ ਗੱਲ ਨੂੰ ਲੈ ਕੇ ਪੰਚਾਇਤੀ ਵੋਟਾਂ ’ਚ ਹਾਰੀ ਹੋਈ ਧਿਰ ਦੇ ਇਕ ਬੰਦੇ ਨੇ ਸਰਪੰਚ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਸਰਪੰਚ ਨੇ ਸ਼ਰਾਫਤ ਵਿਖਾਉਂਦਿਆਂ ਅੱਗੋਂ ਕੋਈ ਜਵਾਬ ਨਾ ਦਿੱਤਾ, ਪਰ ਨਾਲ ਦੇ ਬੰਦਿਆਂ ਨੇ ਬਰਾਬਰ ਬੋਲਣਾ ਸ਼ੁਰੂ ਕਰ ਦਿੱਤਾ। ਗੱਲ ਵਧਣ ’ਤੇ ਰਾਜ਼ੀਨਾਮਾ ਲਿਖ ਰਹੇ ਥਾਣੇਦਾਰ ਨੇ ਪੈੱਨ ਰੋਕ ਕੇ ਕਿਹਾ, ਭਾਈ ਸਾਹਿਬ ਇਹ ਐੱਸ.ਐੱਚ.ਓ. ਦਾ ਕਮਰਾ ਹੈ, ਕੁਝ ਤਾਂ ਸ਼ਰਮ ਕਰੋ। ਨਾਲੇ ਜੇ ਕੋਈ ਵੱਡੀ ਗੱਲ ਹੈ ਤਾਂ ਦਰਖਾਸਤ ਲਿਖ ਕੇ ਦਿਓ, ਕੱਲ੍ਹ ਨੂੰ ਥੋਨੂੰ ਬੁਲਾ ਕੇ ਸਮਝੌਤਾ ਕਰਾ ਦੇਵਾਂਗੇ। ਉਸ ਨੇ ਨਾਲ ਹੀ ਤੱਤੀ ਤਵੀ ’ਤੇ ਰੋਟੀ ਲਾਹੁੰਦਿਆਂ ਅੱਜ ਵਾਲੇ ਕੰਮ ਦੀ ਟੇਢੇ ਢੰਗ ਨਾਲ ਫੀਸ ਮੰਗਦਿਆਂ ਮੁਸਕੜੀਆਂ ਹੱਸਦਿਆਂ ਕਿਹਾ, ਇੰਨਾ ਕੁ ਧਿਆਨ ਜ਼ਰੂਰ ਰੱਖਿਓ ਕਿ ਥਾਣੇ ’ਚ ਰਾਜ਼ੀਨਾਮੇ ਮੁਫ਼ਤ ਨਹੀਂ ਲਿਖੇ ਜਾਂਦੇ ਤਾਂ ਸਾਰੇ ਚੁੱਪ ਹੋ ਗਏ ਅਤੇ ਥਾਣੇਦਾਰ ਨੇ ਦੁਬਾਰਾ ਲਿਖਣਾ ਸ਼ੁਰੂ ਕਰ ਦਿੱਤਾ।

ਸੰਪਰਕ: 94630-24575


ਸਿਆਣਪ

ਰਾਜਿੰਦਰ ਵਰਮਾ

‘ਬਾਬਾ ਜੀ, ਸਤਿ ਸ੍ਰੀ ਅਕਾਲ।’ ਖ਼ਰਗੋਸ਼ ਨੇ ਭੇੜੀਏ ਨੂੰ ਆਪਣੇ ਵੱਲ ਆਉਂਦਾ ਤਕ ਕੇ ਹਲੀਮੀ ਨਾਲ ਕਿਹਾ।

ਕਿਉਂ ਕਾਕਾ?

ਕਿਵੇਂ ਘੁੰਮ ਰਿਹੈ?

ਬਾਬਾ ਜੀ, ਅੰਦਰ ਹੁੰਮਸ ਸੀ, ਮੀਂਹ ਪੈ ਕੇ ਹਟਿਆ ਏ, ਮੈਂ ਕਿਹਾ ਨਦੀ ਕਿਨਾਰੇ ਕੁਝ ਦੇਰ ਘੁੰਮ ਆਵਾਂ, ਖ਼ਰਗੋਸ਼ ਨੇ ਹੱਸਦਿਆਂ ਆਖਿਆ।

ਤੈਨੂੰ ਡਰ ਨਹੀਂ ਲੱਗਦਾ।

ਕਿਸ ਕੋਲੋਂ?

ਮੇਰੇ ਕੋਲੋਂ।

ਛੱਡੋ ਦਾਦਾ ਜੀ, ਪੁਰਾਣੀਆਂ ਗੱਲਾਂ। ਭਲਾਂ ਆਪਣਿਆਂ ਤੋਂ ਕਾਹਦਾ ਡਰ?

ਆਹ ਪਾਣੀ ਪੀ ਕੇ ਦੇਖੋ ਕਿੰਨਾ ਠੰਢਾ-ਮਿੱਠਾ ੲੇੇ।

ਖ਼ਰਗੋਸ਼ ਨੇ ਆਪਣਾ ਤੀਰ ਨਿਸ਼ਾਨੇ ’ਤੇ ਲਾਉਂਦਿਆਂ ਆਖਿਆ। ਜਿਊਂ ਹੀ ਭੇੜੀਆ ਹੇਠਾਂ ਵੱਲ ਝੁਕਿਆ ਤਾਂ ਖ਼ਰਗੋਸ਼ ਨੇ ਦੋਨੋਂ ਮੂਹਰਲੇ ਪੈਰ ਜੋੜ ਕੇ ਅਜਿਹੇ ਮਾਰੇ ਕਿ ਭੇੜੀਆ ਗੋਤੇ ਖਾਂਦਾ ਨਦੀ ’ਚ ਰੁੜ੍ਹ ਗਿਆ। ਹੁਣ ਖ਼ਰਗੋਸ਼ ਖ਼ੁਸ਼ੀ ’ਚ ਚਾਭੜਾਂ ਪਾਉਂਦਾ ਘਰ ਵੱਲ ਜਾਣ ਲੱਗਾ।

ਸੰਪਰਕ: 99142-21910


ਕਸੂਰਵਾਰ ਕੌਣ

ਕਰਮਜੀਤ ਕੌਰ

ਲੋਹੇ ਲਾਖੇ ਹੋਈ ਬੰਤੋ ਕੰਧ ਨਾਲ ਲੱਗੀ ਛੋਟੀ ਜਿਹੀ, ਪਰ ਮਜ਼ਬੂਤ ਡਾਂਗ ਚੁੱਕਦੀ ਐ...। ‘ਆਖਿਰ ਕਦ ਤਕ ਤੇਰੀਆਂ ਸਹਿੰਦੀ ਰਹੁੰਗੀ...?’ ਕਹਿੰਦੀ ਹੋਈ ਦੇਹਲੀ ’ਤੇ ਪਏ ਨਸ਼ੇ ਵਿਚ ਧੁੱਤ ਆਪਣੇ ਪਤੀ ਹਰਨਾਮੇ ’ਤੇ ਵਾਰ ਕਰਨ ਲੱਗਦੀ ਐ, ਉਸਦੀ ਸੱਸ ਮੰਨੋ ਸੋਟੀ ਫੜ ਕੇ ਉਸਨੂੰ ਰੋਕਦੀ ਐ। ‘ਨਾ ਨੀਂ ਧੀਏ, ਨਾ ਮਾਰ, ਮਰਜੂਗਾ...ਇਹ ਤਾਂ ਪਹਿਲਾਂ ਹੀ ਮਰਿਆ ਪਿਆ।’ ਕਹਿੰਦੀ ਹੋਈ ਆਪਣੇ ਪੁੱਤ ਨੂੰ ਮੋਢੇ ਤੋਂ ਉਠਾਉਂਦੀ ਹੈ, ਪਰ ਉਹ ਹੈ ਕਿ ਟੱਸ ਤੋਂ ਮੱਸ ਨਹੀਂ ਹੋ ਰਿਹਾ। ਬੰਤੋ ਗੁੱਸੇ ਵਿਚ ਥਾਈਂ ਸੋਟੀ ਸੁੱਟ ਅੰਦਰ ਨੂੰ ਚਲੀ ਜਾਂਦੀ ਹੈ।

ਹਰਨਾਮਾ ਦੇਹਲੀ ’ਤੇ ਪਿਆ ਹੀ ਕੂਕਦਾ ਰਹਿੰਦਾ। ਉੱਚੀ-ਉੱਚੀ ਆਵਾਜ਼ ਵਿਚ ਬੋਲਦਾ, ਬੁੜਬੁੜਾਉਂਦਾ, ਘਰ ਦਿਆਂ ਨੂੰ ਗਾਲ੍ਹਾਂ ਕੱਢਦਾ। ਪਹਿਲਾਂ ਤਾਂ ਗੁਆਂਢੀ ਉਸ ਨੂੰ ਚੁੱਪ ਕਰਵਾ ਦਿੰਦੇ, ਪਰ ਹੁਣ ਤਾਂ ਉਸ ਦਾ ਰੋਜ਼ ਦਾ ਹੀ ਕੰਮ ਹੋ ਗਿਆ। ਗੁਆਂਢੀ ਵੀ ਅਵੇਸਲੇ ਜਿਹੇ ਹੋ ਬੂਹੇ ਭੇੜ ਅੰਦਰ ਹੀ ਬੈਠੇ ਰਹਿੰਦੇ।

ਹਰਨਾਮੇ ਦਾ ਇਕ ਪੁੱਤਰ ਤਿੰਨ ਸਾਲ ਦਾ ਸੀ ਤੇ ਦੂਸਰਾ ਬੱਚਾ ਬੰਤੋ ਦੇ ਪੇਟ ਵਿਚ। ਮੰਨੋ ਦੁਚਿੱਤੀ ਜਿਹੀ ਵਿਚ ਅੰਦਰ ਜਾਂਦੀ ਹੈ। ਬੈੱਡ ’ਤੇ ਇਕੱਠੀ ਜਿਹੀ ਹੋ ਕੇ ਪਈ ਬੰਤੋ ਨੂੰ ਮੋਢੇ ’ਤੇ ਹੱਥ ਰੱਖ ਉਠਾਉਂਦੀ ਹੋਈ ਕਹਿੰਦੀ ਹੈ। ‘ਆ...ਨੀਂ ਧੀਏ, ਲੈ ਆਈਏ ਕਲੇਸ਼ੀ ਨੂੰ ਅੰਦਰ, ਕਦੋਂ ਦਾ ਲੱਗਿਆ ਗਲੀ ਵਿਚ ਖੱਪ ਪਾਉਣ।’ ਬੰਤੋ ਮੂੰਹੋਂ ਕੁਝ ਨਾ ਬੋਲੀ। ਉਸਦੇ ਹੰਝੂ ਨਹੀਂ ਸੀ ਰੁਕ ਰਹੇ। ‘ਕੀ ਕਰਾਂ ਨੀਂ ਮਾਂ, ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ, ਕੀ ਕਸੂਰ ਸੀ ਮੇਰਾ, ਮੈਨੂੰ ਨਰਕਾਂ ਵਰਗੀ ਜ਼ਿੰਦਗੀ ਜਿਉਣੀ ਪੈ ਰਹੀ ਐ।’ ਮੰਨੋ ਦੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਘੁੱਟਦੀ ਹੋਈ ਫਿਰ ਕਹਿੰਦੀ ਹੈ,‘ਕਿਉਂ ਵਿਆਹਿਆ ਸੀ ਇਸ ਨੂੰ, ਏਦੂੰ ਤਾਂ ਕੁਆਰਾ ਹੀ ਰੱਖ ਲੈਂਦੀ...ਐਨੇ ਜੀਆਂ ਦਾ ਸੰਤਾਪ ਤਾਂ ਨਾ ਹੰਢਾਉਂਦੀ, ਤੇਰੇ ਇਕ ਗ਼ਲਤ ਫ਼ੈਸਲੇ ਨੇ ਮੈਨੂੰ ਵੀ ਕੱਖਾਂ ਦਾ ਕਰ ਦਿੱਤਾ। ਹੱਸਦੀ-ਖੇਡਦੀ ਨੂੰ ਬੇਜਾਨ ਬੁੱਤ ਬਣਾ ਕੇ ਰੱਖ ਦਿੱਤਾ। ਆਹ ਦੇਖ ਮਾਂ...।’ ਆਪਣੇ ਤਿੰਨ ਸਾਲਾਂ ਬੱਚੇ ਦੀ ਬਾਂਹ ਫੜ ਰੋਂਦੀ ਹੋਈ ਕਹਿੰਦੀ ਹੈ ‘ਪਿਓ ਦਾ ਪਿਆਰ ਕੀ ਹੁੰਦਾ, ਇਸ ਨੂੰ ਨਹੀਂ ਪਤਾ, ਡਰਿਆ ਸਹਿਮਿਆ ਜਿਹਾ ਸਾਹ ਘੁੱਟ ਕੇ ਪਿਆ ਰਹਿੰਦਾ। ਜੇ ਮਾਂ-ਬਾਪ ਤੋਂ ਹੀ ਬੱਚਿਆਂ ਨੂੰ ਸੰਸਕਾਰ ਮਿਲਦੇ ਨੇ ਤਾਂ ਡਰਦੀ ਆਂ ਕਿਧਰੇ ਮੇਰੇ ਦਿੱਤੇ ਸੰਸਕਾਰਾਂ ’ਤੇ ਪਿਉ ਦੇ ਸੰਸਕਾਰ ਭਾਰੀ ਨਾ ਪੈ ਜਾਣ। ਜੇ ਇਵੇਂ ਹੋ ਗਿਆ ਤਾਂ...।’ ਮੰਨੋ ਰੋਂਦੀ ਹੋਈ ਬੰਤੋ ਨੂੰ ਚੁੱਪ ਕਰਵਾਉਂਦੀ ਹੈ। ‘ਨਾ ਨੀਂ ਧੀਏ, ਐਂਵੇ ਨਾ ਕਹਿ ਸਬਰ ਕਰ। ਮੈਨੂੰ ਕੀ ਪਤਾ ਸੀ ਇਹ ਇਹੋ ਜਿਹਾ ਕਪੂਤ ਨਿਕਲੂਗਾ, ਮੈਂ ਤਾਂ ਸੋਚਦੀ ਸੀ ਕਿ ਸ਼ਾਇਦ ਕੋਈ ਕਰਮਾਂ ਵਾਲੀ ਇਸ ਨੂੰ ਸੁਧਾਰ ਹੀ ਦੇਵੇ। ਕੀ ਜੀਵਨ ਸਾਥਣ ਦਾ ਪਿਆਰ ਇਸ ਨੂੰ ਬੁਰਾਈ ਦੇ ਰਸਤੇ ਤੋਂ ਵਾਪਸ ਮੋੜ ਲਿਆਵੇ, ਖੌਰੇ! ਇਸ ਵਿਚ ਕੋਈ ਸੁਧਾਰ ਹੀ ਹੋ ਜਾਵੇ। ਪਰ ਮੈਂ ਗ਼ਲਤ ਸੀ। ਤੇਰਾ ਕੋਈ ਕਸੂਰ ਨੀਂ ਤੂੰ ਤਾਂ ਬਹੁਤ ਕੋਸ਼ਿਸ਼ ਕੀਤੀ ਧੀਏ। ਬੰਦਾ ਕਈ ਵਾਰੀ ਰਾਖਸ਼ ਬਿਰਤੀ ਤਾਂ ਆਸਾਨੀ ਨਾਲ ਅਪਣਾ ਲੈਂਦਾ, ਪਰ ਫਿਰ ਮੁੜ ਬੰਦਾ ਬਣਨਾ ਉਸ ਲਈ ਬੜਾ ਮੁਸ਼ਕਿਲ ਹੁੰਦਾ...ਬੜਾ ਮੁਸ਼ਕਿਲ।’ ਕਹਿੰਦੀ ਹੋਈ ਗੋਡਿਆਂ ਭਾਰ ਧਰਤੀ ’ਤੇ ਜਾ ਬਹਿੰਦੀ ਹੈ।

ਇੰਨੇ ਨੂੰ ਹਰਨਾਮਾ ਵੀ ਔਖਾ-ਸੌਖਾ ਹੋ ਕੇ ਕੰਧ ਨੂੰ ਹੱਥ ਪਾ ਉੱਠਦਾ ਹੋਇਆ ਅੰਦਰ ਆਉਂਦਾ ਹੈ। ਵਿਹੜੇ ਵਿਚ ਮਾਂ ਕੋਲ ਹੀ ਛਪਾਲ ਜਾ ਡਿੱਗਦਾ ਹੈ। ਬੰਤੋ ਚੀਕਦੀ ਹੈ। ‘ਫਿਰ ਕਸੂਰਵਾਰ ਕੌਣ ਐ ਮਾਂ...ਕਸੂਰਵਾਰ ਕੌਣ ਐ ?’ ਉਸਦੀ ਚੀਕ ਹਨੇਰੇ ਵਿਚ ਕਿਧਰੇ ਗੁੰਮ ਹੋ ਜਾਂਦੀ ਹੈ। ਰਾਤ ਚੁੱਪ ਹੈ ਤਾਰੇ ਖਾਮੋਸ਼ ਨੇ। ਪਿਛਲੀ ਗਲੀ ਦੇ ਨੁੱਕਰ ’ਤੇ ਖੁੱਲ੍ਹੇ ਠੇਕੇ ਦੀ ਹਵਾੜ ਉਸਨੂੰ ਅੰਬਰ ਸਾੜਦੀ ਪ੍ਰਤੀਤ ਹੁੰਦੀ ਹੈ।

ਸੰਪਰਕ: 70099-23030

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All