ਮਿੰਨੀ ਕਹਾਣੀਆਂ

ਮਿੰਨੀ ਕਹਾਣੀਆਂ

ਵਗਾਰੀ ਦਾ ਮੁੰਡਾ

ਪ੍ਰਿੰ. ਦਾਸ ਭਾਰਤੀ

ਮੁੱਖ ਸੜਕ ਤੋਂ ਜਿਊਂ ਹੀ ਗੱਡੀ ਮੈਂ ਪਿੰਡ ਵੱਲ ਮੋੜੀ ਤਾਂ ਅੱਗੇ ਇਕ ਬਜ਼ੁਰਗ ਫਟੇ-ਪੁਰਾਣੇ ਕੱਪੜਿਆਂ ’ਚ ਗੱਡੀ ਰੋਕਣ ਦਾ ਇਸ਼ਾਰਾ ਕਰ ਰਿਹਾ ਸੀ। ਮੈਂ ਸੋਚਿਆ ਕਿ ਇਹ ਪਿੰਡ ਨੂੰ ਜਾਣ ਵਾਲਾ ਹੋਣਾ ਹੈ ਕੋਈ। ਚਲੋ ਇਸ ਨੂੰ ਬਿਠਾ ਲੈਂਦਾ ਹਾਂ। ਮੈਂ ਵੀ ਇਕੱਲਾ ਹੀ ਸੀ, ਕੀ ਫ਼ਰਕ ਪੈਂਦਾ ਹੈ। ਗਰਮੀ ਦੇ ਨਾਲ ਹਾਲੋ-ਬੇਹਾਲ ਹੋਇਆ ਹੈ ‘ਵਿਚਾਰਾ’ ਕਿੱਧਰ ਇਹ ਸਿਆਣਾ-ਬਿਆਣਾ ਤੁਰਿਆ ਰਹੇਗਾ ਇੰਨੀ ਧੁੱਪ ਵਿਚ। ਐਵੇਂ ਕਿਤੇ ਠੇਡਾ ਖਾ ਕੇ ਡਿੱਗ ਪਿਆ ਤਾਂ ਪੂਰੇ ਪਰਿਵਾਰ ਨੂੰ ਸਮੱਸਿਆ ’ਚ ਪਾਏਗਾ। ਇਹ ਸੋਚਦੇ ਹੋਏ ਨੇ ਗੱਡੀ ਬਜ਼ੁਰਗ ਦੇ ਕੋਲ ਖੜ੍ਹੀ ਕੀਤੀ ਤੇ ਖਿੜਕੀ ਖੋਲ੍ਹ ਕੇ ਬਜ਼ੁਰਗ ਨੂੰ ਅਗਲੀ ਸੀਟ ’ਤੇ ਬਿਠਾ ਲਿਆ। ਹਾਲੇ ਗੱਡੀ ਸਟਾਰਟ ਕੀਤੀ ਸੀ ਕਿ ਬਜ਼ੁਰਗ ਨੇ ਸਵਾਲ ਕੀਤਾ, ‘‘ਕਿੱਥੇ ਜਾਣਾ ਹੈ ਬਾਬੂ ਜੀ?’’ ਮੈਂ ਪਿੰਡ ਦਾ ਨਾਂ ਲੈਂਦੇ ਹੋਏ ਕਿਹਾ ਫਲਾਣੇ ਪਿੰਡ ਜਾਣਾ ਹੈ। ‘‘ਜਾਣਾ ਤਾਂ ਮੈਂ ਵੀ ਉਸੇ ਪਿੰਡ ਹੈ। ਕਿੱਧਰ ਹੈ ਤੇਰਾ ਘਰ? ‘‘ਬਜ਼ੁਰਗ ਨੇ ਗੱਲ ਅੱਗੇ ਤੋਰਦੇ ਹੋਏ ਕਿਹਾ।

‘‘ਪਿੰਡ ਤੋਂ ਬਾਹਰ ਵੱਲ, ਗੁਰਦੁਆਰੇ ਦੇ ਪਾਸੇ’’, ਮੈਂ ਜਵਾਬ ਦਿੱਤਾ।

‘‘ਅੱਛਾ ਲਹਿੰਦੀ ਪੱਤੀ ਵੱਲ।’’ ਬਜ਼ੁਰਗ ਨੇ ਹੀਣ ਜਿਹੀ ਤੱਕਣੀ ਤੱਕਦੇ ਹੋਏ ਨੀਵੀਂ ਆਵਾਜ਼ ਵਿਚ ਕਿਹਾ, ‘‘ਕੀ ਨੌਂ ਐ ਤੇਰੇ ਬਾਪੂ ਦਾ?’’, ਉਸਨੇ ਰੁੱਖੀ ਜਿਹੀ ਆਵਾਜ਼ ’ਚ ਇਕ ਹੋਰ ਸਵਾਲ ਪੁੱਛ ਲਿਆ।

‘‘ਨਸੀਬ ਚੰਦ ਪੰਚ।’’ ਮੈਂ ਕਿਹਾ।

‘‘ਅੱਛਾ-ਅੱਛਾ, ਤੂੰ ਸਿਬੂ ਵਗਾਰੀ ਦਾ... ਉਹ ਤਾਂ ਸਾਰੀ ਉਮਰੇ ਸਾਡੇ ਹੀ ਘਰ ਵਗਾਰ ਕਰਦਾ ਰਿਹਾ।’’

ਅਤੇ ਮੈਂ ਗੱਡੀ ਲਹਿੰਦੀ ਪੱਤੀ ਵੱਲ ਮੋੜ ਰਿਹਾ ਸੀ ਤਾਂ ਮੇਰੇ ਸਿਥਲ ਹੋਏ ਪੈਰ ਮੇਰੀ ਗੱਡੀ ਨੂੰ ਹੈਂਡਲ ਕਰਨ ਵਿਚ ਦਿੱਕਤ ਮਹਿਸੂਸ ਕਰ ਰਹੇ ਸਨ ਅਤੇ ਮਣਾਮੂੰਹੀਂ ਭਾਰੀ ਹੋਈ ਗੱਡੀ ਜੱਦੀ ਘਰ ਵੱਲ ਵਧਣ ਤੋਂ ਅਸਮਰੱਥ ਹੋ ਗਈ ਸੀ।

ਸੰਪਰਕ: 84377-89901

ਸੋਚ

ਜਸਵੰਤ ਗਿੱਲ ਸਮਾਲਸਰ

‘ਕੁੜੀਏ ਤੂੰ ਵੀ ਪਨੀਰੀ ਪੁਟਾ ਦੇ ਆਪਣੇ ਡੈਡੀ ਹੋਰਾਂ ਨਾਲ, ਪੜ੍ਹ ਲਿਖ ਕੇ ਕਿਹੜਾ ਕੋਈ ਨੌਕਰੀ ਮਿਲਣੀ ਹੈ, ਕਰਨਾ ਤਾਂ ਇਹੀ ਕੁਝ ਪੈਣਾ ਹੈ।’ ਸਰਪੰਚ ਨੇ ਆਉਂਦਿਆਂ ਹੀ ਪ੍ਰਭਜੋਤ ਕੌਰ ਨੂੰ ਪਨੀਰੀ ਵਾਲੇ ਖੇਤ ਵਿਚ ਬੈਠੀ ਨੂੰ ਪੜ੍ਹਦਿਆਂ ਦੇਖ ਕੇ ਕਿਹਾ।

ਸਰਪੰਚ ਨੂੰ ਖੇਤ ਵਿਚ ਦੇਖ ਚਾਰੇ ਪਾਸੇ ਤੋਂ ਸਤਿ ਸ੍ਰੀ ਅਕਾਲ ਦੀਆਂ ਆਵਾਜ਼ਾਂ ਆਉਣ ਲੱਗੀਆ। ‘ਹਾਂ ਬਾਈ ਅੱਜ ਕਿੰਨੇ ਕਿੱਲੇ ਲਾ ਦਿੱਤੇੇ।’ ਸਰਪੰਚ ਨੇ ਸਤਿ ਸ੍ਰੀ ਅਕਾਲ ਦਾ ਜਵਾਬ ਦਿੰਦਿਆਂ ਸੰਦੀਪ ਤੋਂ ਪੁੱਛਿਆ।

‘ਸਰਪੰਚ ਸਾਬ੍ਹ ਪੰਜ ਕਿੱਲੇ ਲਾ ਦਿੱਤੇ ਨੇ ਖੇਤ ਕੱਦੂ ਕਰਨ ਵਾਲਾ ਹੈ, ਮੋਟਰਾਂ ਵਾਲੀ ਲਾਈਟ ਆ ਗਈ ਹੈ ਤਾਂ ਪਿੰਦੇ ਨੂੰ ਆਖ ਕੱਦੂ ਕਰਵਾ ਦੇਵੋ।’ ਸੰਦੀਪ ਨੇ ਪਨੀਰੀ ਪੁੱਟਦਿਆਂ ਕਿਹਾ। ‘ਕੋਈ ਨਾ ਪਾਣੀ ਆਉਣ ਦੇ ਕੱਦੂ ਵੀ ਹੋ ਜਾਵੇਗਾ।’ ਸਰਪੰਚ ਏਨਾ ਆਖ ਸਕੂਲ ਦਾ ਕੰਮ ਕਰ ਰਹੀ ਪ੍ਰਭਜੋਤ ਕੋਲ ਜਾ ਕੇ ਪੁੱਛਣ ਲੱਗਾ, ‘ਕਿਉਂ ਕੁੜੀਏ ਕਿਹੜੀ ਕਲਾਸ ਵਿਚ ਪੜ੍ਹਦੀ ਏ?’ ‘ਜੀ ਅੰਕਲ ਜੀ ਅੱਠਵੀਂ ਜਮਾਤ ਵਿਚ।’ ਪ੍ਰਭਜੋਤ ਨੇ ਬੜੇ ਸਲੀਕੇ ਨਾਲ ਖੜ੍ਹੇ ਹੋ ਕੇ ਉੱਤਰ ਦਿੱਤਾ। ‘ਦੇਖ ਕੁੜੀਏ ਪੜ੍ਹਨ ਲਿਖਣ ਦਾ ਕੋਈ ਫਾਇਦਾ ਨਹੀਂ ਹੈ, ਇੱਥੇ ਕਿਹੜਾ ਨੌਕਰੀਆਂ ਧਰੀਆਂ ਪਈਆਂ ਨੇ, ਪਹਿਲਾਂ ਹੀ ਲੱਖਾਂ ਕਰੋੜਾਂ ਪੜ੍ਹੇ-ਲਿਖੇ ਸਰਕਾਰਾਂ ਖਿਲਾਫ਼ ਧਰਨੇ ਲਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਪਰ ਮਿਲਦਾ ਕੀ ਹੈ? ਪੁਲੀਸ ਦੀਆਂ ਡਾਗਾਂ। ਤੂੰ ਆਪਣੇ ਘਰਦਿਆਂ ਨਾਲ ਕੰਮ ਕਰਵਾਇਆ ਕਰ, ਝੋਨੇ ਤੋਂ ਬਾਅਦ ਆਪਣੀ ਮਾਂ ਨਾਲ ਚਹੁੰ ਘਰਾਂ ਦਾ ਕੰਮ ਕਰਵਾ ਕੇ ਚਾਰ ਪੈਸੇ ਜੋੜ ਲਵੋ। ਅੱਗੇ ਤੇਰੀ ਮਰਜ਼ੀ।’ ਸਰਪੰਚ ਪ੍ਰਭਜੋਤ ਨੂੰ ਦੇਸ਼ ਦਾ ਹਾਲ ਦੱਸਦਾ ਇਸ ਤਰ੍ਹਾਂ ਸਮਝਾ ਰਿਹਾ ਸੀ, ਜਿਵੇਂ ਉਹ ਉਸਦਾ ਪੜ੍ਹਾਈ ਤੋਂ ਮਨ ਤੋੜਨਾ ਚਾਹੁੰਦਾ ਹੋਵੇ।

‘ਕੋਈ ਨਾ ਅੰਕਲ ਜੀ ਇੱਥੇ ਨੌਕਰੀ ਨਾ ਮਿਲੂ ਤਾਂ ਬਾਹਰਲੇ ਦੇਸ਼ ਚਲੀ ਜਾਵਾਂਗੀ, ਪਰ ਹੁਣ ਹੋਰ ਗ਼ੁਲਾਮੀ ਨਹੀਂ ਕਰਨੀ ਨਾ ਹੀ ਆਪਣੇ ਮਾਤਾ-ਪਿਤਾ ਨੂੰ ਕਰਨ ਦੇਣੀ ਹੈ। ਉਂਜ ਵੀ ਹੱਕ ਲੈਣ ਲਈ ਲੜਨਾ ਤਾਂ ਪੈਣਾ ਹੀ ਹੈ, ਉਹ ਚਾਹੇ ਫਿਰ ਸਰਕਾਰਾਂ ਨਾਲ ਚਾਹੇ ਗ਼ਰੀਬਾਂ ਦਾ ਹੱਕ ਖਾਣ ਵਾਲੇ ਧਨਾਢਾਂ ਨਾਲ। ਸਾਡੇ ਮਾਸਟਰ ਨਾਹਰ ਸਿੰਘ ਦੀਆਂ ਗੱਲਾਂ ਸੱਚ ਨੇ ਕਿ ਬਹੁਤੇ ਅਮੀਰ ਨਹੀਂ ਚਾਹੁੰਦੇ ਕਿ ਗ਼ਰੀਬਾਂ ਦੇ ਜਵਾਕ ਪੜ੍ਹ-ਲਿਖ ਕੇ ਨੌਕਰੀਆਂ ਲੱਗਣ। ਉਹ ਤਾਂ ਇਹੀ ਚਾਹੁੰਦੇ ਨੇ ਕਿ ਗ਼ਰੀਬ ਉਨ੍ਹਾਂ ਦੀਆਂ ਖੁਰਲੀਆਂ ਵਿਚ ਹੱਥ ਮਾਰਨ ਤੇ ਉਨ੍ਹਾਂ ਦੀਆਂ ਔਰਤਾਂ ਘਰਾਂ ਵਿਚ ਝਾੜੂ ਪੋਚਾ ਕਰਨ।’

‘ਨਹੀਂ ਕੁੜੀਏ ਮੇਰਾ ਇਹ ਮਤਲਬ ਨਹੀਂ ਸੀ।’ ਪ੍ਰਭਜੋਤ ਦੀਆਂ ਗੱਲਾਂ ਸੁਣ ਸਰਪੰਚ ਆਪਣੀ ਸਫ਼ਾਈ ਦੇਣ ਲੱਗਿਆ ਤਾਂ ਪ੍ਰਭ ਨੇ ਉਸਦੀ ਗੱਲ ਅਣਸੁਣੀ ਕਰ ਕਿਹਾ, ‘ਅੰਕਲ ਜੀ! ਮੈਂ ਉਨ੍ਹਾਂ ਵਿਚੋਂ ਨਹੀਂ ਹਾਂ ਜੋ ਧਰਨੇ ਲਾ ਰਹੇ ਬੇਰੁਜ਼ਗਾਰਾਂ ਨੂੰ ਦੇਖ ਕੇ ਆਪਣੇ ਇਰਾਦੇ ਬਦਲ ਲਵਾਂਗੀ, ਮੈਂ ਤਾਂ ਉਨ੍ਹਾਂ ਨੂੰ ਧਿਆਨ ਵਿਚ ਰੱਖਦੀ ਹਾਂ ਜਿਹੜੇ ਪੜ੍ਹ ਲਿਖ ਕੇ ਉੱਚ ਅਹੁਦਿਆਂ ’ਤੇ ਬੈਠੇ ਨੇ। ਮੇਰੇ ਧਿਆਨ ਵਿਚ ਤਾਂ ਆਪਣੇ ਹੀ ਫ਼ਰੀਦਕੋਟ ਦੀ ਜੱਜ ਬਣੀ ਸਤਵੀਰ ਕੌਰ ਹੈ।’

‘ਬਸ ਕਰ ਕੁੜੀਏ ਬਸ ਕਰ।’ ਸਰਪੰਚ ਨੇ ਪ੍ਰਭਜੋਤ ਦੀਆਂ ਖਰੀਆਂ-ਖਰੀਆਂ ਗੱਲਾਂ ਸੁਣ ਉੱਥੋਂ ਭੱਜਣਾ ਹੀ ਠੀਕ ਸਮਝਿਆ। ਪਰ ਵੱਟ ’ਤੇ ਤੁਰਿਆ ਜਾਂਦਾ ਉਹ ਵਾਰ ਵਾਰ ਪਿੱਛੇ ਮੁੜ ਦੇਖ ਰਿਹਾ ਸੀ, ਪ੍ਰਭ ਅਜੇ ਵੀ ਚੁੱਪ ਨਹੀਂ ਹੋਈ ਸੀ। ਉਹ ਉੱਚੀ ਦੇਣੇ ਬੋਲੀ ‘ਅੰਕਲ ਜੀ ਪੜ੍ਹਾਈ ਸਿਰਫ਼ ਨੌਕਰੀ ਲਈ ਹੀ ਨਹੀਂ ਕੀਤੀ ਜਾਂਦੀ,ਪੜ੍ਹਾਈ ਗ਼ਰੀਬ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਜਾਗਰੂਕ ਕਰਨ ਲਈ ਵੀ ਕੀਤੀ ਜਾਂਦੀ ਹੈ ਤਾਂ ਜੋ ਫਿਰ ਕੋਈ ਉਨ੍ਹਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ’ਤੇ ਉਨ੍ਹਾਂ ਤੋਂ ਹੀ ਮਜ਼ਦੂਰੀ ਨਾ ਕਰਵਾ ਸਕੇ। ਕੋਈ ਧਨਾਢ ਗ਼ਰੀਬਾਂ ਦੇ ਹੱਕ ਨਾ ਮਾਰ ਸਕੇ।’ ਪ੍ਰਭ ਦੀ ਗੱਲ ਸੁਣ ਸਰਪੰਚ ਨੇ ਆਪਣੇ ਕਦਮ ਹੋਰ ਤੇਜ਼ ਕਰ ਲਏ ਤੇ ਕੁਝ ਪਲਾਂ ਵਿਚ ਹੀ ਉਹ ਅੱਖੋਂ ਓਹਲੇ ਹੋ ਗਿਆ,ਪਰ ਪ੍ਰਭਜੋਤ ਦੇ ਬੋਲ ਉਸਦੀ ਸੋਚ ਨੂੰ ਸਲਾਮ ਕਰਦੇ ਹੋਏ ਅਜੇ ਵੀ ਆਸਮਾਨ ਵਿਚ ਗੂੰਜ ਰਹੇ ਸਨ।

ਸੰਪਰਕ: 97804-51878

ਤਰਜੀਹ

ਰਾਜ ਕੌਰ ਕਮਾਲਪੁਰ

ਕਰੋਨਾ ਮਹਾਂਮਾਰੀ ਪੂਰੇ ਜ਼ੋਰਾਂ ’ਤੇ ਸੀ। ਇਸੇ ਕਾਰਨ ਘਰ ਵਿਚ ਬਜ਼ੁਰਗ ਦੀ ਮੌਤ ’ਤੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ। ਹਾਂ! ਬਜ਼ੁਰਗ ਦੀ ਮੌਤ ’ਤੇ ਅਫ਼ਸੋਸ ਕਰਨ ਲਈ ਇੱਕਾ-ਦੁੱਕਾ ਰਿਸ਼ਤੇਦਾਰਾਂ ਦੇ ਫੋਨ ਜ਼ਰੂਰ ਆਏ। ਉਸ ਤੋਂ ਮਹੀਨੇ ਕੁ ਪਿੱਛੋਂ ਚੋਰਾਂ ਨੇ ਲੌਕਡਾਊਨ ਦਾ ਫਾਇਦਾ ਉਠਾ ਕੇ ਉਨ੍ਹਾਂ ਦੇ ਘਰ ਚੋਰੀ ਕਰ ਲਈ। ਕਈ ਲੱਖ ਦਾ ਨੁਕਸਾਨ ਹੋ ਗਿਆ। ਹੁਣ ਅਜਿਹਾ ਕਿਹੜਾ ਰਿਸ਼ਤੇਦਾਰ ਸੀ ਜਿਸਦਾ ਫੋਨ ਨਾ ਆਇਆ ਹੋਵੇ। ਸਭ ਆਪੋ-ਆਪਣੇ ਢੰਗ ਨਾਲ ਅਫ਼ਸੋਸ ਪ੍ਰਗਟ ਕਰ ਰਹੇ ਸਨ। ਕਈ ਕਹਿ ਰਹੇ ਸਨ,‘‘ਬੜਾ ਮਾੜਾ ਹੋਇਆ ਤੁਹਾਡੇ ਨਾਲ ਤਾਂ। ਇਹ ਕਿਹੜਾ ਇਕ ਦਿਨ ਦੀ ਮਿਹਨਤ ਐ। ਐਨਾ ਸਾਮਾਨ ਬਣਾਉਂਦਿਆਂ ਨੂੰ ਤਾਂ ਉਮਰਾਂ ਲੱਗ ਜਾਂਦੀਆਂ ਨੇ। ਬੰਦਾ ਬੜੀ ਮੁਸ਼ਕਿਲ ਨਾਲ ਪਾਈ-ਪਾਈ ਜੋੜਦੈ ਤਾਂ ਕਿਤੇ ਜਾ ਕੇ ਘਰ ਦਾ ਸਾਮਾਨ ਬਣਦੈ।”

ਰਿਸ਼ਤੇਦਾਰਾਂ ਦੀਆਂ ਗੱਲਾਂ ਸੁਣ ਕੇ ਉਹ ਸੋਚਦੀ,‘‘ਪੈਸਾ ਤਾਂ ਹੱਥਾਂ ਦੀ ਮੈਲ ਹੁੰਦੈ, ਬੰਦਾ ਹੋਰ ਕਮਾ ਲੈਦਾਂ ਏ, ਪਰ ਕੀ ਕਦੇ ਗਏ ਵੀ ਮੁੜਦੇ ਨੇ।’’ ਬਜ਼ੁਰਗ ਦੀ ਮੌਤ ਪਿੱਛੋਂ ਪਰਿਵਾਰ ਨੂੰ ਪਏ ਵੱਡੇ ਘਾਟੇ ਦਾ ਤਾਂ ਕਿਸੇ ਨੂੰ ਚਿੱਤ- ਚੇਤਾ ਵੀ ਨਹੀ ਸੀ। ਹੁਣ ਬੰਦੇ ਨਾਲੋਂ ਜ਼ਿਆਦਾ ਪੈਸੇ ਨੂੰ ਦਿੱਤੀ ਤਰਜੀਹ ਵਾਲੇ ਫੋਨਾਂ ਨੂੰ ਸੁਣ- ਸੁਣਕੇ ਉਸਦਾ ਮਨ ਉਚਾਟ ਹੋ ਜਾਂਦਾ।

ਜੰਗਲ ਰਾਜ

ਰਾਜਿੰਦਰ ਵਰਮਾ

ਜਿਓਂ ਹੀ ਵੱਡੀ ਮੱਛੀ ਛੋਟੀ ਕੋਲ ਆਈ ਤਾਂ ਉਹ ਡਰ ਗਈ, ‘‘ਭੈਣੇ ਮੈਨੂੰ ਨਾ ਖਾਈਂ, ਮੇਰੇ ਛੋਟੇ-ਛੋਟੇ ਬੱਚੇ ਵਿਲ੍ਹਕ ਰਹੇ ਨੇ, ਮਰ ਜਾਣਗੇ। ਮੈੈਂ ਤਾਂ ਕੀੜੇ-ਮਕੌੜੇ ਖਾਣ ਆਈ ਹਾਂ ਤੇ ਤੂੰ ਮੈਨੂੰ ਈ।’’ ਦੂਜੀ ਬੋਲੀ ‘‘ਮੈਂ ਕੁਝ ਨਹੀਂ ਜਾਣਦੀ, ਮੈਂ ਭੁੱਖੀ ਹਾਂ ਕੀੜੇ-ਮਕੌੜਿਆਂ ਨਾਲ ਤੇਰਾ ਢਿੱਡ ਭਰ ਸਕਦਾ ਐ, ਪਰ ਮੇਰਾ ਨਹੀਂ, ਕਿਉਂਕਿ ਮੇਰਾ ਢਿੱਡ ਵੱਡਾ ਐ।’’

‘‘ਪਰ, ਤੂੰ ਤਾਂ ਮੇਰੀ ਆਪਣੀ ਨਸਲ ਐ, ਭਲਾ ਕੋਈ ਆਪਣੀ ਨਸਲ ਵੀ ਖ਼ਤਮ ਕਰਦੈ।’’

‘‘ਤੂੰ ਵਕਾਲਤ ਕਰਦੀ ਐ, ਮੇਰੇ ਨਾਲ ਜ਼ੁਬਾਨ ਲੜਾਉਂਦੀ ਐ, ਤੇਰੀ ਏਨੀ ਹਿੰਮਤ।’’

ਹੁਣ ਛੋਟੀ ਮੱਛੀ ਵੱਡੀ ਮੱਛੀ ਦਾ ਸ਼ਿਕਾਰ ਬਣ ਗਈ ਸੀ।

ਸੰਪਰਕ: 99142-21910

ਸ਼ੁਭ ਕਾਰਜ

ਰਘਬੀਰ ਸਿੰਘ ਮਹਿਮੀ

‘‘ਅੱਜਕੱਲ੍ਹ ਦੀ ਔਲਾਦ ਬਜ਼ੁਰਗਾਂ ਨੂੰ ਪੁੱਛਦੀ ਨਹੀਂ। ਇਸੇ ਲਈ ਬ੍ਰਿਧ ਆਸ਼ਰਮ ਜਿਸ ਦਾ ਨਾਂ ਪਹਿਲਾਂ ਕਦੇ ਸੁਣਿਆ ਨਹੀਂ ਸੀ, ਮੈਰਿਜ ਪੈਲੇਸਾਂ ਵਾਂਗ ਧੜਾ-ਧੜ ਬਣ ਰਹੇ ਹਨ। ਇਹੀ ਸੋਚ ਕੇ ਮੈਂ ਫੈਸਲਾ ਕਰ ਲਿਆ ਸੀ ਕਿ ਜਿਉਂਦੇ ਜੀਅ ਮੈਂ ਆਪਣੇ ਜੁਆਕਾਂ ਨੂੰ ਕਾਣੀ ਕੌਡੀ ਵੀ ਨਹੀਂ ਦੇਣੀ।

ਕੱਲ੍ਹ ਦਾ ਮੈਂ ਪਾਇਦਾਨ ਲੱਭ ਰਿਹਾ ਹਾਂ, ਪਰ ਲੱਭ ਨਹੀਂ ਰਿਹਾ। ਹੈਰਾਨੀ ਦੀ ਗੱਲ ਹੈ ਗਿਆ ਕਿੱਥੇ? ਲੱਭਦਿਆਂ-ਲੱਭਦਿਆਂ ਮੇਰਾ ਧਿਆਨ ਪੋਰਚ ਦੇ ਇਕ ਕੋਨੇ ਵਿਚ ਜਾ ਪਿਆ, ਜਿੱਥੇ ਇਕ ਬਿੱਲੀ ਮੇਰੇ ਗੁੰਮ ਹੋਏ ਪਾਇਦਾਨ ਉੱਪਰ ਠੰਢ ਤੋਂ ਬਚਾਉਣ ਲਈ ਆਪਣੇ ਤਿੰਨ ਬਲੂੰਗੜਿਆਂ ਨੂੰ ਆਪਣੀ ਛਾਤੀ ਨਾਲ ਲਗਾਈ ਨਿੱਘ ਦੇ ਰਹੀ ਹੈ।

‘‘ਇਕ ਬਿੱਲੀ, ਆਪਣੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਪਤਾ ਨਹੀਂ ਕਿੰਨੀ ਘਾਲਣਾ ਨਾਲ ਆਪਣੇ ਪੰਜਿਆਂ ਨਾਲ ਪਾਇਦਾਨ ਨੂੰ ਖਿੱਚ ਕੇ ਏਨੀ ਦੂਰ ਲੈ ਕੇ ਗਈ ਹੋਵੇਗੀ, ਕੀਹਦੇ ਲਈ? ਕੀ ਉਸ ਨੇ ਆਪਣੇ ਬੱਚਿਆਂ ਦੀ ਕਮਾਈ ਖਾਣੀ ਹੈ?’’

ਇਹੀ ਸੋਚ ਕੇ ਮੈਂ ਰਾਤ ਮਸਾਂ ਲੰਘਾਈ ਤੇ ਅਗਲੀ ਸਵੇਰ ਹੀ ਪਹਿਲਾਂ ਸ਼ੁਭ ਕਾਰਜ ਇਹੀ ਕੀਤਾ ਕਿ ਆਪਣੀ ਸਾਰੀ ਜਾਇਦਾਦ ਬੱਚਿਆਂ ਦੇ ਨਾਂ ਕਰ ਦਿੱਤੀ।

ਸੰਪਰਕ: 96460-24321

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All