ਉੱਘੀ ਗਲਪਕਾਰ ਸੁਰਿੰਦਰ ਨੀਰ ਨਾਲ ਰੂਬਰੂ
ਬਰੈਂਪਟਨ: ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜਸ਼ੀਲ ਸੰਸਥਾ ‘ਅੰਤਰਰਾਸ਼ਟਰੀ ਸਾਹਿਤਕ ਸਾਝਾਂ’ ਵੱਲੋਂ ਸੰਸਥਾਪਕ ਅਤੇ ਪ੍ਰਧਾਨ ਰਮਿੰਦਰ ਰੰਮੀ ਦੀ ਅਗਵਾਈ ਹੇਠ ਲੜੀਵਾਰ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’ ਦਾ 59ਵਾਂ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜੰਮੂ-ਕਸ਼ਮੀਰ ਦੀ ਨਾਮਵਰ ਗਲਪਕਾਰ, ਸ਼ਾਇਰਾ ਅਤੇ ਢਾਹਾਂ...
ਬਰੈਂਪਟਨ: ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜਸ਼ੀਲ ਸੰਸਥਾ ‘ਅੰਤਰਰਾਸ਼ਟਰੀ ਸਾਹਿਤਕ ਸਾਝਾਂ’ ਵੱਲੋਂ ਸੰਸਥਾਪਕ ਅਤੇ ਪ੍ਰਧਾਨ ਰਮਿੰਦਰ ਰੰਮੀ ਦੀ ਅਗਵਾਈ ਹੇਠ ਲੜੀਵਾਰ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’ ਦਾ 59ਵਾਂ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜੰਮੂ-ਕਸ਼ਮੀਰ ਦੀ ਨਾਮਵਰ ਗਲਪਕਾਰ, ਸ਼ਾਇਰਾ ਅਤੇ ਢਾਹਾਂ ਕੌਮਾਂਤਰੀ ਸਾਹਿਤਕ ਪੁਰਸਕਾਰ ਜੇਤੂ ਸੁਰਿੰਦਰ ਨੀਰ ਨਾਲ ਵਿਸ਼ੇਸ਼ ਸਾਹਿਤਕ ਸੰਵਾਦ ਰਚਾਇਆ ਗਿਆ। ਪ੍ਰੋਗਰਾਮ ਦਾ ਸੰਚਾਲਨ ਸੰਸਥਾ ਦੀ ਵਾਈਸ ਚੇਅਰਪਰਸਨ ਪ੍ਰੋ. ਕੁਲਜੀਤ ਕੌਰ ਨੇ ਕੀਤਾ।
ਪ੍ਰੋਗਰਾਮ ਦਾ ਆਗਾਜ਼ ਸੰਸਥਾ ਦੀ ਸਰਪ੍ਰਸਤ ਸੁਰਜੀਤ ਕੌਰ ਦੇ ਸੁਆਗਤੀ ਸ਼ਬਦਾਂ ਨਾਲ ਹੋਇਆ। ਉਨ੍ਹਾਂ ਸੁਰਿੰਦਰ ਨੀਰ ਦੀ ਸਾਹਿਤਕ ਘਾਲਣਾ ਅਤੇ ਪ੍ਰੋ. ਡਾ. ਕੁਲਜੀਤ ਕੌਰ ਵੱਲੋਂ ਸਾਹਿਤਕ ਸੰਵਾਦਾਂ ਲਈ ਕੀਤੀ ਜਾਂਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਉਪਰੰਤ ਪ੍ਰੋ. ਡਾ. ਕੁਲਜੀਤ ਕੌਰ ਨੇ ਲੇਖਿਕਾ ਦੇ ਨਿੱਜੀ ਜੀਵਨ, ਸਾਹਿਤਕ ਸਫ਼ਰ, ਗਲਪ-ਸਿਰਜਣਾ ਅਤੇ ਨਾਰੀ ਸਰੋਕਾਰਾਂ ਨਾਲ ਸਬੰਧਿਤ ਮਹੱਤਵਪੂਰਨ ਪ੍ਰਸ਼ਨਾਂ ਰਾਹੀਂ ਸੰਵਾਦ ਨੂੰ ਅੱਗੇ ਤੋਰਿਆ।
ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸੁਰਿੰਦਰ ਨੀਰ ਨੇ ਦੱਸਿਆ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਬੀਤਿਆ ਬਚਪਨ, ਮਾਂ ਕੋਲੋਂ ਸੁਣੀਆਂ ਲੋਕ-ਕਥਾਵਾਂ, ਉਰਦੂ ਸਾਹਿਤ ਨਾਲ ਸਾਂਝ ਅਤੇ ਅੰਮ੍ਰਿਤਾ ਪ੍ਰੀਤਮ ਦੀ ਪੁਸਤਕ ‘ਸੁਨੇਹੜੇ’ ਨੇ ਉਨ੍ਹਾਂ ਦੀ ਸਾਹਿਤਕ ਚੇਤਨਾ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਆਪਣੇ ਜੀਵਨ ਸਾਥੀ ਅਤੇ ਸਾਹਿਤਕਾਰ ਬਲਜੀਤ ਸਿੰਘ ਰੈਣਾ ਦੇ ਸਾਹਿਤਕ ਸਹਿਯੋਗ ਦਾ ਵੀ ਜ਼ਿਕਰ ਕੀਤਾ।
ਆਪਣੀਆਂ ਪ੍ਰਮੁੱਖ ਰਚਨਾਵਾਂ ‘ਦਸਤਕ ਦੀ ਉਡੀਕ’, ‘ਸ਼ਿਕਾਰਗਾਹ’, ‘ਮਾਇਆ’, ‘ਚਸ਼ਮੇ ਬੁਲਬੁਲ’ ਅਤੇ ‘ਟੈਬੂ’ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰ ਦਾ ਸੰਤਾਪ ਕਿਸੇ ਇੱਕ ਫ਼ਿਰਕੇ ਦਾ ਨਹੀਂ, ਸਗੋਂ ਸਮੁੱਚੀ ਕਸ਼ਮੀਰੀਅਤ ਦਾ ਸਾਂਝਾ ਦਰਦ ਹੈ। ਉਨ੍ਹਾਂ ਦੱਸਿਆ ਕਿ ‘ਮਾਇਆ’ ਦਾ ਕੈਨਵਸ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਰੋਕਾਰਾਂ ਨੂੰ ਸਮੇਟਦਾ ਹੈ, ਜਦਕਿ ‘ਚਸ਼ਮੇ ਬੁਲਬੁਲ’ ਕਸ਼ਮੀਰੀ ਪਸ਼ਮੀਨਾ ਸ਼ਾਲ ਦੇ ਕਾਰੀਗਰਾਂ ਦੀ ਸੰਘਰਸ਼ਮਈ ਜ਼ਿੰਦਗੀ ਨੂੰ ਪੇਸ਼ ਕਰਦਾ ਹੈ। ਢਾਹਾਂ ਪੁਰਸਕਾਰ ਜੇਤੂ ਕਹਾਣੀ ਸੰਗ੍ਰਹਿ ‘ਟੈਬੂ’ ਵਿੱਚ ਪੀੜ੍ਹੀਆਂ ਦੇ ਮਾਨਸਿਕ ਦਵੰਦ ਅਤੇ ਸਮਾਜਿਕ ਵਰਜਣਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਨਾਰੀ ਸਰੋਕਾਰਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਨਾਅਰੇਬਾਜ਼ੀ ਦੀ ਥਾਂ ਸਮਾਜਿਕ ਯਥਾਰਥ ਅਤੇ ਮਨੁੱਖੀ ਪੀੜ ਨੂੰ ਸਾਹਿਤਕ ਰੂਪ ਦੇਣਾ ਹੈ।
ਇਸ ਮੌਕੇ ਪ੍ਰੋ. ਕੁਲਜੀਤ ਕੌਰ ਵੱਲੋਂ ਤਿਆਰ ਕੀਤੀ ਵਿਸ਼ੇਸ਼ ਦਸਤਾਵੇਜ਼ੀ ਪੇਸ਼ਕਾਰੀ ਰਾਹੀਂ ਸੁਰਿੰਦਰ ਨੀਰ ਦੇ ਸਾਹਿਤਕ ਜੀਵਨ ਅਤੇ ਪ੍ਰਾਪਤੀਆਂ ਦੀ ਝਲਕ ਪੇਸ਼ ਕੀਤੀ ਗਈ। ਲੇਖਿਕਾ ਨੇ ਆਪਣੀ ਖ਼ੂਬਸੂਰਤ ਗ਼ਜ਼ਲ ਅਤੇ ਕਸ਼ਮੀਰੀ ਗੀਤ ਸੁਣਾ ਕੇ ਮਹਿਫ਼ਿਲ ਨੂੰ ਸੰਗੀਤਮਈ ਰੰਗਤ ਬਖ਼ਸ਼ੀ। ਉਨ੍ਹਾਂ ਆਪਣੇ ਨਵੇਂ ਰਚਨਾਧੀਨ ਨਾਵਲ ‘ਜੂਨ’ ਬਾਰੇ ਵੀ ਜਾਣਕਾਰੀ ਦਿੱਤੀ।
ਰਿੰਟੂ ਭਾਟੀਆ ਨੇ ਦੋ ਸਾਹਿਤਕ ਕਲਾਕਾਰਾਂ ਦੀ ਜ਼ਿੰਦਗੀ ਬਾਰੇ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਉਨ੍ਹਾਂ ਦਾ ਪਤੀ ਇੱਕ ਸਥਾਪਿਤ ਸਾਹਿਤਕਾਰ ਹੈ, ਉਹ ਸਾਹਿਤਕ ਖੇਤਰ ਵਿੱਚ ਉਨ੍ਹਾਂ ਤੋਂ ਬਾਅਦ ਵਿੱਚ ਆਏ ਹਨ ਤੇ ਉਨ੍ਹਾਂ ਦੀ ਰਚਨਾ ‘ਸ਼ਿਕਾਰਗਾਹ’ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਕਾਫ਼ੀ ਮਾਣ ਦਿਵਾਇਆ। ‘ਮਾਇਆ’ ਨੇ ਪਛਾਣ ਹੋਰ ਵਧਾਈ ਤੇ ਲੇਖਕਾਂ ਦੀ ਨਰਾਜ਼ਗੀ ਦਾ ਖ਼ਮਿਆਜ਼ਾ ਭੁਗਤਿਆ ਕਿਉਂਕਿ ਸਮੇਂ ਤੇ ਸਮਝ ਨਾਲ ਹੀ ਸੰਤੁਲਨ ਬਣਦਾ ਹੈ।
ਸੰਸਥਾ ਦੇ ਕਨਵੀਨਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ਸੁਰਿੰਦਰ ਨੀਰ ਨੇ ਡਾ. ਦਲੀਪ ਕੌਰ ਟਿਵਾਣਾ ਅਤੇ ਅੰਮ੍ਰਿਤਾ ਪ੍ਰੀਤਮ ਦੀ ਗਲਪ ਪਰੰਪਰਾ ਨੂੰ ਅੱਗੇ ਤੋਰਦਿਆਂ ਪੰਜਾਬੀ ਨਾਵਲਕਾਰੀ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਸੰਸਥਾ ਦੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਪੂਰੇ ਪ੍ਰੋਗਰਾਮ ਦਾ ਕੁੰਜੀਵਤ ਸਾਰ ਪੇਸ਼ ਕਰਦਿਆਂ ਕਿਹਾ ਕਿ ਸੁਰਿੰਦਰ ਨੀਰ ਦੀ ਕਲਮ ਵਿੱਚ ਕਸ਼ਮੀਰ ਦੀ ਖ਼ੂਬਸੂਰਤੀ ਦੇ ਨਾਲ ਉੱਥੋਂ ਦੇ ਲੋਕਾਂ ਦੀ ਪੀੜ ਅਤੇ ਮਨੁੱਖੀ ਸੰਵੇਦਨਾ ਵੀ ਧੜਕਦੀ ਹੈ। ਉਨ੍ਹਾਂ ਲੇਖਿਕਾ ਦੀ ਨਿਮਰਤਾ ਅਤੇ ਸਾਹਿਤਕ ਸਾਧਨਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੰਸਥਾ ਦੇ ਮਾਸਿਕ ਈ-ਮੈਗਜ਼ੀਨ ‘ਅੰਤਰਰਾਸ਼ਟਰੀ ਸਾਹਿਤਕ ਸਾਝਾਂ’ ਦਾ ਅਕਤੂਬਰ ਅੰਕ ਵੀ ਰਿਲੀਜ਼ ਕੀਤਾ ਗਿਆ। ਅੰਤ ਵਿੱਚ ਸੰਸਥਾ ਦੀ ਸੰਸਥਾਪਕ ਰਮਿੰਦਰ ਰੰਮੀ ਨੇ ਸੁਰਿੰਦਰ ਨੀਰ ਨਾਲ ਆਪਣੀਆਂ ਸਾਹਿਤਕ ਸਾਝਾਂ ਨੂੰ ਯਾਦ ਕਰਦਿਆਂ ਸਮੂਹ ਮਹਿਮਾਨਾਂ, ਪ੍ਰਬੰਧਕੀ ਟੀਮ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਅਜੈਬ ਸਿੰਘ ਚੱਠਾ, ਡਾ. ਅਮਰਜੀਤ ਕੌਂਕੇ, ਰਿੰਟੂ ਭਾਟੀਆ, ਡਾ. ਪੁਸ਼ਵਿੰਦਰ ਖੋਖਰ, ਗੁਰਚਰਨ ਸਿੰਘ ਜੋਗੀ, ਪ੍ਰੋ. ਪਵਨ ਖਿੱਚੀ, ਡਾ. ਸਤਿੰਦਰ ਕੌਰ ਕਾਹਲੋਂ, ਡਾ. ਅਮਰ ਜੋਤੀ ਮਾਂਗਟ, ਹਰਭਜਨ ਕੌਰ ਗਿੱਲ, ਹਰਦਿਆਲ ਸਿੰਘ ਜੀਤਾ, ਪਰਮਜੀਤ ਦਿਓਲ, ਰਾਜਵੀਰ ਗਰੇਵਾਲ ਅਤੇ ਅਮਰ ਕੌਰ ਬੇਦੀ ਸਮੇਤ ਦੇਸ਼-ਵਿਦੇਸ਼ ਦੀਆਂ ਅਨੇਕਾਂ ਸਾਹਿਤਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

