ਪੁਲਾੜ ’ਚ ਵੱਸਣਾ ਲੋਚਦਾ ਮਨੁੱਖ
ਕਹਾਣੀ ਸਾਡੇ ਘਰ ਦੇਵਤਿਆਂ ਅਤੇ ਦੈਂਤਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਸਨ। ਕਦੀ ਸੁਣਦਾ ਸੀ ਕਿ ਪਾਣੀ ਦੀਆਂ ਲਹਿਰਾਂ ਦੇ ਥੱਲੇ ਰਾਕਸ਼ ਰਹਿੰਦੇ ਹਨ। ਕਦੀ ਸੁਣਦਾ ਸੀ ਕਿ ਬੱਦਲਾਂ ਤੋਂ ਉੱਪਰ ਰਾਕਸ਼ ਉੱਡਦੇ ਫਿਰਦੇ ਹਨ। ਮੈਂ ਇਸ ਦੀ ਖੋਜ ਕਰਨੀ...
ਕਹਾਣੀ
ਸਾਡੇ ਘਰ ਦੇਵਤਿਆਂ ਅਤੇ ਦੈਂਤਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਸਨ। ਕਦੀ ਸੁਣਦਾ ਸੀ ਕਿ ਪਾਣੀ ਦੀਆਂ ਲਹਿਰਾਂ ਦੇ ਥੱਲੇ ਰਾਕਸ਼ ਰਹਿੰਦੇ ਹਨ। ਕਦੀ ਸੁਣਦਾ ਸੀ ਕਿ ਬੱਦਲਾਂ ਤੋਂ ਉੱਪਰ ਰਾਕਸ਼ ਉੱਡਦੇ ਫਿਰਦੇ ਹਨ। ਮੈਂ ਇਸ ਦੀ ਖੋਜ ਕਰਨੀ ਚਾਹੁੰਦਾ ਸੀ। ਇੱਕ ਦਿਨ ਜਦ ਆਕਾਸ਼ ਵਿੱਚ ਪੀਲੀਆਂ ਕਿਰਨਾਂ ਉੱਗੀਆਂ, ਮੈਂ ਆਪਣੇ ਪਿਤਾ ਦੇ ਬੇੜੇ ਵਿੱਚੋਂ ਇੱਕ ਛੋਟਾ ਸਮੁੰਦਰੀ ਜਹਾਜ਼ ਚੋਰੀ ਕਰ ਲਿਆ। ਆਪਣੇ ਦੋਸਤ ਜੌਨੀ ਨੂੰ ਨਾਲ ਲੈ ਕੇ ਜਹਾਜ਼ ਸਮੁੰਦਰ ਵਿੱਚ ਠੇਲ਼ ਦਿੱਤਾ।
ਜਦ ਸਮੁੰਦਰੀ ਯਾਤਰਾ ’ਤੇ ਨਿਕਲਿਆਂ ਸਾਨੂੰ ਕਈ ਘੰਟੇ ਹੋ ਗਏ, ਇੱਕ ਭਿਆਨਕ ਵਾਅ ਵਰੋਲਾ ਪਤਾ ਨਹੀਂ ਆਕਾਸ਼ ਤੋਂ ਕਿੱਥੋਂ ਉਤਰ ਆਇਆ। ਸਮੁੰਦਰ ਦੀਆਂ ਲਹਿਰਾਂ ਉਤਾਂਹ ਵੱਲ ਚੁੱਕੀਆਂ ਗਈਆਂ। ਵਾਅ ਵਰੋਲਾ ਸਾਡੇ ਜਹਾਜ਼ ਨੂੰ ਉਤਾਂਹ ਨੂੰ ਚੁੱਕ ਕੇ ਲੈ ਗਿਆ। ਉਤਾਂਹ ਨੂੰ ਜਾਈ ਜਾਵੇ। ਜਾਈ ਜਾਵੇ...। ਅਸੀਂ ਤਾਂ ਜਹਾਜ਼ ਦੇ ਲੰਬੇ ਰੱਸਿਆਂ ਵਾਲੇ ਖੰਭੇ ਨਾਲ ਚਿੰਬੜੇ ਰਹੇ। ਅੱਖਾਂ ਬੰਦ ਕਰ ਲਈਆਂ। ਬਸ ਅਰਦਾਸ ਕਰੀ ਗਏ। ਜਦ ਅੱਖਾਂ ਖੋਲ੍ਹੀਆਂ ਤਾਂ ਅਸੀਂ ਕਿਸੇ ਅਣਜਾਣ ਧਰਤੀ ’ਤੇ ਆ ਗਏ ਸਾਂ। ਉੱਥੇ ਕੁਝ ਗਿੱਠੇ ਕੱਦ ਦੇ ਆਦਮੀ, ਸੰਘਣੇ ਜੰਗਲ ਵਿੱਚੋਂ ਹੁੰਦੇ ਹੋਏ ਸਾਨੂੰ ਉੱਚੇ ਪਹਾੜ ਦੀ ਚੋਟੀ ਵੱਲ ਲੈ ਗਏ।
ਅਸੀਂ ਜਹਾਜ਼ ਦੇ ਗਲਿਆਰੇ ’ਚੋਂ ਨਿਕਲ ਕੇ ਫਰਸ਼ ’ਤੇ ਸੁੱਟੀ ਇੱਕ ਨੀਲੀ ਦਰੀ ਉੱਪਰ ਆ ਗਏ ਸਾਂ। ਉਨ੍ਹਾਂ ਬੰਦਿਆਂ ਨੇ ਇੱਕ ਚਾਂਦੀ ਦੀ ਚਾਬੀ ਕੱਢੀ ਅਤੇ ਫਰਸ਼ ਥੱਲੇ ਇੱਕ ਦਰਵਾਜ਼ਾ ਖੁੱਲ੍ਹ ਗਿਆ। ਥੱਲੇ ਦੂਰ ਤੱਕ ਪੌੜੀਆਂ ਉਤਰਦੀਆਂ ਸਨ। ਸਾਨੂੰ ਪੌੜੀਆਂ ਤੋਂ ਥੱਲੇ ਲੈ ਗਏ। ਫਿਰ ਸਾਨੂੰ ਇੱਕ ਅਜੀਬ ਜਿਹੀ ਹੀਰੇ ਵਾਂਗ ਲਿਸ਼ਕਦੀ ਗੁਫ਼ਾ ਵਿੱਚ ਲਿਜਾਇਆ ਗਿਆ। ਜਿੱਥੇ ਸੋਨੇ ਦੇ ਸਿੰਘਾਸਨ ’ਤੇ ਇੱਕ ਉਦਾਸ ਜਿਹਾ ਬੰਦਾ ਬੈਠਾ ਸੀ।
“ਮੈਂ ਚੰਨ ਦਾ ਰਾਜਾ ਹਾਂ।” ਉਹ ਬੋਲਿਆ।
“ਤੁਸੀਂ ਕੌਣ ਹੋ?” ਉਸ ਨੇ ਸਾਨੂੰ ਪੁੱਛਿਆ।
“ਚੰਨ! ਕੀ ਇਸ ਵੇਲੇ ਅਸੀਂ ਚੰਨ ਉੱਤੇ ਹਾਂ?” ਮੈਂ ਪੁੱਛਿਆ।
“ਬਿਲਕੁਲ ਤੁਸੀਂ ਚੰਨ ਉੱਪਰ ਪਹੁੰਚ ਗਏ ਹੋ।” ਰਾਜੇ ਨੇ ਉੱਤਰ ਦਿੱਤਾ।
“ਤੁਸੀਂ ਕਿੱਥੇ ਸੋਚਦੇ ਸੀ?”
“ਧਰਤੀ ’ਤੇ।”
“ਇੰਜ ਕਿਉਂ ਸੋਚਦੇ ਹੋ?”
“ਕਿਉਂਕਿ ਅਸੀਂ ਉੱਥੇ ਰਹਿੰਦੇ ਹਾਂ। ਧਰਤੀ ਤੋਂ ਹੀ ਅਸੀਂ ਇੱਥੇ ਆਏ ਹਾਂ।”
“ਤੁਸੀਂ ਇੱਥੇ ਕਿਵੇਂ ਪਹੁੰਚ ਗਏ? ਤੁਹਾਡੇ ਕੋਲ ਤਾਂ ਕੋਈ ਪੁਲਾੜ ਗੱਡੀ ਵੀ ਨਹੀਂ। ਨਾ ਵੱਡੇ ਵੱਡੇ ਯੰਤਰ ਹਨ।”
“ਸ਼ਾਇਦ ਵਾਅ ਵਰੋਲਾ ਹੀ ਸਾਨੂੰ ਇਸ ਥਾਂ ’ਤੇ ਚੁੱਕ ਲਿਆਇਆ।” ਮੈਂ ਕਿਹਾ।
“ਤੁਸੀਂ ਤਾਕਤਵਰ ਲੋਕ ਹੋ। ਪਹਿਲਾਂ ਵੀ ਇੱਥੇ ਧਰਤੀ ਦੇ ਮਨੁੱਖ ਦੇ ਪੈਰ ਪੈ ਚੁੱਕੇ ਹਨ। ਤੁਹਾਡਾ ਝੰਡਾ ਵੀ ਇੱਥੇ ਮੌਜੂਦ ਹੈ।”
“ਅਸੀਂ ਉਹ ਥਾਂ ਦੇਖਣਾ ਚਾਹੁੰਦੇ ਹਾਂ। ਮੈਂ ਆਪਣੀ ਇੱਛਾ ਪ੍ਰਗਟਾਈ।
‘‘ਪਰ ਤੁਹਾਡੀ ਧਰਤੀ, ਉੱਬੜ ਖਾਬੜ ਜਿਹੀ ਕਿਉਂ ਹੈ? ਸਾਡੇ ਇੱਥੇ ਤਾਂ ਤੁਰਦਾ ਬੰਦਾ ਵੀ ਹਵਾ ਵਿੱਚ ਲਟਕਦਾ ਲੱਗਦੈ।”
“ਚੰਨ ’ਤੇ ਗੁਰੂਤਾ ਖਿੱਚ ਧਰਤੀ ਦੇ ਮੁਕਾਬਲੇ ਛੇਵਾਂ ਹਿੱਸਾ ਹੈ।” ਜੌਨੀ ਬੋਲਿਆ।
“ਧਰਤੀ ਦੀ ਗੁਰੂਤਾ ਖਿੱਚ ਕਰਕੇ ਤਾਂ ਚੰਨ ਧਰਤੀ ਦੁਆਲੇ ਪਰਿਕਰਮਾ ਕਰਦਾ ਹੈ।” ਮੈਂ ਕਿਹਾ
“ਬਈ ਤੁਹਾਨੂੰ ਤਾਂ ਸਾਡੇ ਬਾਰੇ ਬੜਾ ਕੁਝ ਪਤੈ।’’
“ਪਤਾ ਕਿਉਂ ਨਾ ਹੋਵੇ, ਸਾਡੀਆਂ ਮਾਵਾਂ ਚੰਨ ਨੂੰ ਬੱਚਿਆਂ ਦਾ ਮਾਮਾ ਕਹਿੰਦੀਆਂ ਹਨ।” ਜੌਨੀ ਬੋਲਿਆ।
“ਪਰ ਹੁਣ ਤੁਸੀਂ ਲੜਾਈ ਵਿੱਚ ਸਾਡੀ ਮਦਦ ਕਰੋ।” ਚੰਨ ਦੇ ਰਾਜੇ ਨੇ ਸਾਨੂੰ ਕਿਹਾ।
“ਲੜਾਈ?” ਮੈਂ ਹੈਰਾਨ ਹੁੰਦਿਆਂ ਪੁੱਛਿਆ।
“ਹਾਂ, ਲੜਾਈ।”
“ਪਰ ਲੜਾਈ ਹੈ ਕਿਸ ਦੇ ਨਾਲ?”
“ਅਸੀਂ ਸੂਰਜ ਖ਼ਿਲਾਫ਼ ਜੰਗ ਲੜ ਰਹੇ ਹਾਂ।” ਰਾਜੇ ਨੇ ਸਪੱਸ਼ਟ ਕੀਤਾ।
ਜੌਨੀ ਨੇ ਰਾਜੇ ਦੇ ਚਿਹਰੇ ਵੱਲ ਇੰਜ ਦੇਖਿਆ ਜਿਵੇਂ ਉਸ ਦੇ ਕੋਈ ਗੱਲ ਪੱਲੇ ਨਹੀਂ ਪਈ ਸੀ। ਜੌਨੀ ਨੇ ਪੁੱਛਿਆ,
‘‘ਤੁਸੀਂ ਸੂਰਜ ਨਾਲ ਕਿਉਂ ਲੜ ਰਹੇ ਹੋ? ਤੁਸੀਂ ਤਾਂ ਉਸ ਤੋਂ ਪ੍ਰਕਾਸ਼ ਲੈ ਕੇ ਪਰਾਵਰਤਿਤ ਰੌਸ਼ਨੀ ਨਾਲ ਚਮਕਦੇ ਹੋ?”
ਮੈਂ ਹੱਸ ਪਿਆ ਅਤੇ ਜੌਨੀ ਵੱਲ ਦੇਖਣ ਲੱਗਾ, ਜਿਸ ਨੂੰ ਚੰਨ ਬਾਰੇ ਕਾਫ਼ੀ ਕੁਝ ਪਤਾ ਸੀ। ਉਹ ਮੇਰੇ ਨਾਲੋਂ ਵਧੇਰੇ ਗੰਭੀਰ ਅਤੇ ਵਿਗਿਆਨ ਵਿੱਚ ਵੱਧ ਰੁਚੀ ਲੈਂਦਾ ਸੀ। ਤਾਂ ਹੀ ਮੈਂ ਹਮੇਸ਼ਾਂ ਉਸ ਨੂੰ ਆਪਣੇ ਨਾਲ ਰੱਖਦਾ ਸੀ।
“ਸੂਰਜ ਇੱਕ ਵੱਡਾ ਰਾਕਸ਼ ਹੈ। ਉਹ ਚਾਹੁੰਦਾ ਹੈ ਕਿ ਇੱਥੇ ਕਦੀ ਵੀ ਹਨੇਰਾ ਨਾ ਹੋਵੇ, ਕੋਈ ਰਾਤ ਵੀ ਨਾ ਹੋਵੇ।” ਰਾਜੇ ਨੇ ਮਨ ਦੀ ਗੱਲ ਕਹੀ।
“ਹਨੇਰਾ ਨਹੀਂ ਹੋਵੇਗਾ ਤਾਂ ਰਾਤ ਕਿੰਜ ਹੋਵੇਗੀ? ਰਾਤ ਨਹੀਂ ਹੋਵੇਗੀ ਤਾਂ ਲੋਕ ਸੌਣਗੇ ਕਿਵੇਂ? ਲੋਕ ਸੌਣਗੇ ਨਹੀਂ ਤਾਂ ਉਹ ਸੁਪਨੇ ਕਿਵੇਂ ਦੇਖਣਗੇ?” ਚੰਨ ਦੇ ਰਾਜੇ ਨੇ ਆਕਾਸ਼ ਵੱਲ ਘੂਰੀ ਵੱਟਦਿਆਂ ਕਿਹਾ।
“ਜੇ ਸੁਪਨੇ ਨਹੀਂ ਹੋਣਗੇ ਤਾਂ ਹਰ ਚੀਜ਼ ਖ਼ਤਮ ਹੋ ਜਾਵੇਗੀ।” ਰਾਜਾ ਫਿਰ ਗਰਜਿਆ।
ਸਾਡੇ ਪੈਰਾਂ ਥੱਲੇ ਜ਼ਮੀਨ ਜਿਵੇਂ ਹਿੱਲਣ ਲੱਗੀ। ਆਪਣੀ ਕਹਾਣੀ ਨੂੰ ਜਾਰੀ ਰੱਖਦਾ ਰਾਜਾ ਬੋਲਿਆ,
“ਲਓ ਮੰਗਲ ਗ੍ਰਹਿ ਦੀਆਂ ਮੱਕੜੀਆਂ ਵੀ ਆ ਗਈਆਂ ਹਨ। ਲੜਾਈ ਤਾਂ ਪੰਜ ਸੌ ਸਾਲਾਂ ਤੋਂ ਪੂਰੇ ਜ਼ੋਰ ਨਾਲ ਲੜੀ ਜਾ ਰਹੀ ਹੈ। ਇਨ੍ਹਾਂ ਮੱਕੜੀਆਂ ਨੇ ਗ੍ਰਹਿਆਂ ਵਿਚਾਲੇ ਮੋਟਾ ਜਾਲ ਬੁਣ ਦਿੱਤਾ ਸੀ, ਇਸ ਉੱਪਰੋਂ ਅਸੀਂ ਆਪਣੇ ਜਹਾਜ਼ ਲੈ ਕੇ ਗਲੈਕਸੀਆਂ ਵੱਲ ਨਿਕਲ ਜਾਂਦੇ ਹਾਂ। ਸੂਰਜ ਦੇ ਸੈਨਿਕ ਐਨੀ ਚਮਕਣੀ ਰੌਸ਼ਨੀ ਸਾਡੇ ਉੱਪਰ ਸੁੱਟਦੇ ਹਨ ਕਿ ਉਨ੍ਹਾਂ ਵੱਲ ਝਾਕਣਾ ਔਖਾ ਹੋ ਜਾਂਦਾ ਹੈ। ਬੇਰਹਿਮ ਸੂਰਜ ਨੇ ਚੰਨ ਦੇ ਕਿੰਨੇ ਹੀ ਬਹਾਦਰ ਸੈਨਿਕਾਂ ਨੂੰ ਸ਼ਹੀਦ ਕਰ ਦਿੱਤਾ ਹੈ। ਸੂਰਜ ਅੰਨ੍ਹੇਵਾਹ ਸਾਡੇ ਵੱਲ ਵਧਿਆ ਆ ਰਿਹਾ ਹੈ। ਸਾਨੂੰ ਪਤਾ ਹੈ ਕਿ ਅਸੀਂ ਸਿੱਧਾ ਉਸ ਨਾਲ ਟੱਕਰ ਲੈਣ ਦੇ ਸਮਰੱਥ ਨਹੀਂ ਹਾਂ।”
ਜੌਨੀ ਨੇ ਜਹਾਜ਼ ਦੇ ਉਲਟ ਪਾਸੇ ਸਾਡੇ ਪਰਛਾਵੇਂ ਬਣੇ ਦੇਖੇ। ਉਸ ਨੇ ਮਹਿਸੂਸ ਕੀਤਾ ਕਿ ਜੇ ਅਸੀਂ ਨਹੀਂ ਲੜ ਸਕਦੇ ਤਾਂ ਸਾਡੇ ਪਰਛਾਵੇਂ ਤਾਂ ਲੜਾਈ ਲੜ ਹੀ ਸਕਦੇ ਹਨ। ਜੌਨੀ ਦਾ ਪਰਛਾਵਾਂ ਸਾਰਿਆਂ ’ਚੋਂ ਵੱਡਾ ਅਤੇ ਗੂੜ੍ਹਾ ਸੀ। ਜੌਨੀ ਚੰਨ ਦੇ ਸੈਨਿਕਾਂ ਦੇ ਅੱਗੇ ਹੋ ਤੁਰਿਆ। ਮੈਂ ਇਹ ਦੇਖ ਕੇ ਹੈਰਾਨ ਹੋ ਰਿਹਾ ਸਾਂ ਕਿ ਉਸ ਨੇ ’ਕੱਲੇ ਹੱਥ ਨਾਲ ਸੂਰਜ ਦੇ ਸੈਨਿਕਾਂ ਨੂੰ ਪਿਛਾਂਹ ਧੱਕ ਦਿੱਤਾ ਸੀ। ਫਿਰ ਕੁਝ ਸਮੇਂ ਲਈ ਸ਼ਾਂਤੀ ਪਸਰ ਗਈ। ਸੰਤੁਲਨ ਬਹਾਲ ਹੋ ਗਿਆ। ਚੰਨ ਦਾ ਰਾਜਾ ਲੜਾਈ ਲੜਦਾ ਲੜਦਾ ਥੱਕ ਚੁੱਕਾ ਸੀ। ਉਸ ਨੇ ਜੌਨੀ ਨੂੰ ਚੰਨ ਦਾ ਰਾਜ-ਭਾਗ ਸੰਭਾਲਣ ਦੀ ਬੇਨਤੀ ਕੀਤੀ।
ਮੈਂ ਬਥੇਰਾ ਜੌਨੀ ਨੂੰ ਅੱਖਾਂ ਦੇ ਇਸ਼ਾਰੇ ਕੀਤੇ, ਪਰ ਉਹ ਤਾਂ ਝੱਟ ਰਾਜਾ ਬਣਨ ਲਈ ਮੰਨ ਗਿਆ। ਉਸ ਨੇ ਚੰਨ ਦਾ ਰਾਜਾ ਬਣਨ ਦੀ ਸਹੁੰ ਵੀ ਚੁੱਕ ਲਈ। ਰਾਜੇ ਨੇ ਉਸ ਨੂੰ ਸੋਨੇ ਦੇ ਤਖ਼ਤ ’ਤੇ ਬਿਠਾ ਦਿੱਤਾ ਸੀ। ਰਾਜਾ ਆਪ ਉਸ ਦਾ ਸਲਾਹਕਾਰ ਬਣ ਗਿਆ ਸੀ।
“ਤੂੰ ਇੱਕ ਸਿਆਣਾ ਅਤੇ ਕਾਮਯਾਬ ਰਾਜਾ ਬਣੇਂ। ਮੇਰੀ ਤੇਰੇ ਲਈ ਦਿਲੋਂ ਦੁਆ ਹੈ।” ਰਾਜੇ ਨੇ ਜੌਨੀ ਨੂੰ ਕਿਹਾ। ਤਾਜਪੋਸ਼ੀ ਸਮੇਂ ਰਾਜੇ ਨੇ ਮੇਰਾ ਹੱਥ ਫੜ ਕੇ ਰੱਖਿਆ। ਬਿਨਾਂ ਬੋਲੇ ਆਪਣੇ ਮਨ ਵਿੱਚ ਗੱਲਾਂ ਕਰੀ ਗਿਆ।
‘‘ਉਂਜ ਵੀ ਤੁਹਾਡੇ ਧਰਤੀ ਦੇ ਲੋਕ ਇੱਥੇ ਘਰ ਬਣਾਉਣ ਬਾਰੇ ਵਿਉਂਤਾਂ ਬਣਾ ਹੀ ਰਹੇ ਹਨ। ਸਾਡੀ ਮਿੱਟੀ ਵੀ ਬੋਰੀਆਂ ਭਰ ਕੇ ਲੈ ਕੇ ਗਏ ਸਨ।’’
‘‘ਹਾਂ, ਇਹ ਤਾਂ ਤੁਹਾਡੀ ਗੱਲ ਠੀਕ ਹੈ। ਸਾਡੇ ਲੋਕ ਤਾਂ ਇੱਥੇ ਚੱਲਣ ਵਾਲੀ ਪੁਲਾੜ ਗੱਡੀ ਦਾ ਟਿਕਟ ਵੀ ਕਟਾਈ ਬੈਠੇ ਹਨ।’’
‘‘ਫਿਰ ਤਾਂ ਗੱਡੀ ਭਰਕੇ ਇੱਥੇ ਇਨਸਾਨ ਪਹੁੰਚਿਆ ਕਰਨਗੇ।’’
‘‘ਹੋ ਸਕਦਾ, ਸਾਲ ਛਿਮਾਹੀ ਪੁਲਾੜ ਗੱਡੀ ਆਇਆ ਕਰੇ।’’
‘‘ਮਨੁੱਖ ਧਰਤੀ ਨੂੰ ਕਾਹਤੋਂ ਛੱਡ ਛੱਡ ਭੱਜਦੇ ਨੇ?’’
‘‘ਚੁੱਪ ਹੀ ਭਲੀ ਆ ਜਨਾਬ, ਆਪਣਾ ਪੱਲਾ ਚੁੱਕਦੇ ਹਾਂ ਤਾਂ ਆਪਣਾ ਹੀ ਢਿੱਡ ਦੀਂਹਦਾ।’’
‘‘ਮੈਂ ਵੀ ਸੋਚਿਆ ਕਿ ਆਪਣੀ ਜ਼ਿੰਮੇਵਾਰੀ ਹੁਣੇ ਹੀ ਮਨੁੱਖ ਨੂੰ ਕਿਉਂ ਨਾ ਸੰਭਾਲ ਦਿਆਂ। ਕੱਲ੍ਹ ਨੂੰ ਕੋਈ ਹਮਲਾ ਕਰਕੇ ਵੀ ਤਾਂ ਮਨੁੱਖ ਤਖ਼ਤ ਖੋਹੇਗਾ ਹੀ।’’
‘‘ਪਰ ਜੌਨੀ ਇੱਥੇ ਕਿਵੇਂ ਰਹਿ ਸਕੇਗਾ? ਇੱਥੇ ਦੁਪਹਿਰ ਤਪਦੀ ਹੈ ਅਤੇ ਰਾਤ ਯਖ ਠੰਢੀ ਹੁੰਦੀ ਹੈ।’’
‘‘ਆਪੇ ਆਦੀ ਹੋ ਜਾਵੇਗਾ। ਰਾਜਾ ਬਣ ਕੇ ਰਹਿਣਾ ਕਿਤੇ ਵੀ ਔਖਾ ਨਹੀਂ ਹੁੰਦਾ। ਹੌਲੀ ਹੌਲੀ ਤੁਹਾਡੀ ਪੁਲਾੜ ਗੱਡੀ ਚੱਲ ਪਵੇਗੀ ਅਤੇ ਜੌਨੀ ਦੇ ਮਾਂ ਬਾਪ ਵੀ ਇੱਥੇ ਪਹੁੰਚ ਜਾਣਗੇ।’’
‘‘ਸਾਡੇ ਘਰ ਵਾਲੇ ਚਿੰਤਾ ਕਰ ਰਹੇ ਹੋਣਗੇ।’’
‘‘ਤੂੰ ਧਰਤੀ ਦਾ ਗੇੜਾ ਲਗਾ ਕੇ ਫਿਰ ਮੁੜ ਆ। ਜੌਨੀ ਦੇ ਘਰ ਰਾਜਾ ਬਣਨ ਦੀ ਖ਼ੁਸ਼ਖ਼ਬਰੀ ਵੀ ਉਨ੍ਹਾਂ ਨੂੰ ਦੇ ਆਵੀਂ।’’
ਜੌਨੀ ਦੀ ਸਲਾਹ ਨਾਲ ਮੈਂ ਇੱਕ ਬੱਦਲ ਉੱਪਰ ਆਪਣਾ ਜਹਾਜ਼ ਲੈ ਕੇ ਧਰਤੀ ਵੱਲ ਵਾਪਸ ਮੁੜ ਪਿਆ। ਮੈਂ ਦੇਖਿਆ ਕਿ ਮੇਰੇ ਜਾਣ ਪਿੱਛੋਂ ਧਰਤੀ ਕਿੰਨੀ ਬਦਲ ਗਈ ਸੀ। ਜਦ ਮੇਰਾ ਸਮੁੰਦਰੀ ਜਹਾਜ਼ ਮੁੜਿਆ, ਮੇਰਾ ਪਿਤਾ ਡੈੱਕ ਉੱਤੇ ਬੈਠਾ ਮੈਨੂੰ ਉਡੀਕ ਰਿਹਾ ਸੀ। ਉਹ ਬਹੁਤ ਗੁੱਸੇ ਵਿੱਚ ਸੀ। ਕਹਿੰਦਾ;
‘‘ਤੂੰ ਮੇਰੇ ਖ਼ਾਸ ਜਹਾਜ਼ ਨੂੰ ਮੇਰੇ ਪੁੱਛੇ ਬਗੈਰ ਕਿਵੇਂ ਚੁੱਕ ਕੇ ਲੈ ਗਿਆ। ਮੈਨੂੰ ਤਾਂ ਡਰ ਪੈ ਗਿਆ ਸੀ ਕਿ ਤੂੰ ਹੁਣ ਮੁੜੇਂਗਾ ਨਹੀਂ। ਜਾਂ ਤਾਂ ਤੈਨੂੰ ਹਵਾ ਉਡਾ ਕੇ ਲੈ ਗਈ ਜਾਂ ਕੋਈ ਮਗਰਮੱਛ ਨਿਗਲ ਗਿਆ ਹੋਣਾ।” ਉਸ ਨੇ ਮੈਨੂੰ ਜਹਾਜ਼ ’ਚੋਂ ਬਾਹਰ ਕੱਢ ਕੇ ਘਰ ਵੱਲ ਤੋਰ ਲਿਆ। ਮੈਨੂੰ ਦੋ ਹਫ਼ਤੇ ਘਰੋਂ ਬਾਹਰ ਨਾ ਨਿਕਲਣ ਦੀ ਸਜ਼ਾ ਮਿਲੀ ਅਤੇ ਮੈਨੂੰ ਆਪਣੇ ਕਮਰੇ ਵਿੱਚ ਬੰਦ ਕਰ ਦਿੱਤਾ।
ਮੈਂ ਬਥੇਰਾ ਉਨ੍ਹਾਂ ਨੂੰ ਆਪਣੇ ਸੰਘਰਸ਼ ਦੀ ਕਹਾਣੀ ਸੁਣਾਈ। ਸਾਰੇ ਮੇਰੀ ਕਹਾਣੀ ਨੂੰ ਝੂਠਾ ਕਹਿ ਰਹੇ ਹਨ। ਜਦ ਜੌਨੀ ਦੀ ਮਾਂ ਮੇਰੇ ਕੋਲ ਆਈ ਤਾਂ ਕਹਿਣ ਲੱਗੀ, ‘‘ਸਾਡੇ ਜੌਨੀ ਨੂੰ ਕਿੱਥੇ ਛੱਡ ਆਇਆਂ।”
ਉਸ ਨੂੰ ਇਹ ਸੁਣਨ ਵਿੱਚ ਕੋਈ ਦਿਲਚਸਪੀ ਨਹੀਂ ਸੀ ਕਿ ਜੌਨੀ ਐਸ ਵੇਲੇ ਚੰਨ ਦਾ ਰਾਜਾ ਹੈ। ਉਹ ਮੇਰੇ ਵੱਲ ਦੁਖੀ ਮਨ ਨਾਲ ਦੇਖਦੀ ਹੋਈ ਕਹਿੰਦੀ, ‘‘ਜਾਂ ਤਾਂ ਉਹ ਕਿਤੇ ਜਹਾਜ਼ ਵਿੱਚ ਹੀ ਸੁੱਤਾ ਪਿਆ ਹੋਣਾ ਜਾਂ ਫਿਰ ਡੁੱਬ ਕੇ ਮਰ ਗਿਆ ਹੈ।”
ਉਹ ਰੋਂਦੀ ਹੈ। ਚੀਕ ਚਿਹਾੜਾ ਪੈ ਗਿਆ ਹੈ। ਉਹ ਮੇਰੇ ਕੁੜਤੇ ਦੇ ਕਾਲਰ ਨੂੰ ਫੜ ਕੇ ਕਹਿੰਦੀ, ‘‘ਕਾਤਲਾ, ਮੇਰਾ ਪੁੱਤ ਮੈਨੂੰ ਵਾਪਸ ਦੇ। ਮੈਂ ਹੁਣੇ ਪੁਲੀਸ ਬੁਲਾਉਂਦੀ ਹਾਂ।”
“ਪਰ ਜੌਨੀ ਵਾਪਸ ਆ ਨਹੀਂ ਸਕਦਾ। ਉਹ ਤਾਂ ਆਪਣੇ ਸਿੰਘਾਸਨ ’ਤੇ ਬੈਠਾ ਹੋਣਾ।” ਮੈਂ ਦੱਸਦਾ ਹਾਂ।
ਮੈਂ ਸੋਚਦਾ ਹਾਂ ਇਹ ਬ੍ਰਹਿਮੰਡ ਸੁਪਨੇ ਲੈਣ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਹੈ। ਮੇਰੀ ਸੋਚ ਦੀ ਲੜੀ ਉਦੋਂ ਟੁੱਟੀ ਜਦੋਂ ਮੇਰੀ ਮਾਂ ਮੇਰੇ ਸਿਰਹਾਣੇ ਖੜ੍ਹੀ ਚਾਹ ਪੀਣ ਲਈ ਆਵਾਜ਼ਾਂ ਮਾਰ ਰਹੀ ਸੀ। ਉੱਥੇ ਨਾ ਜੌਨ੍ਹੀ ਦੀ ਮਾਂ ਸੀ ਨਾ ਹੀ ਮੇਰਾ ਪਿਤਾ।
ਈਮੇਲ: mayer_hk@yahoo.com

