ਵਿਰਾਸਤੀ ਸ਼ਹਿਰ

ਮਾਲੇਰਕੋਟਲਾ: ਰਿਆਸਤ ਤੋਂ ਜ਼ਿਲ੍ਹੇ ਤਕ ਦਾ ਸਫ਼ਰ

ਮਾਲੇਰਕੋਟਲਾ: ਰਿਆਸਤ ਤੋਂ ਜ਼ਿਲ੍ਹੇ ਤਕ ਦਾ ਸਫ਼ਰ

ਸੰਤੋਖ ਸਿੰਘ ਮੰਡੇਰ

ਮਾਲੇਰਕੋਟਲਾ ਰਿਆਸਤ ਜ਼ਿਲ੍ਹਾ ਸੰਗਰੂਰ ਦੀ ਸਬ-ਤਹਿਸੀਲ ਸੀ ਜੋ ਹੁਣ ਸੰਪੂਰਨ ਜ਼ਿਲ੍ਹਾ ਬਣ ਗਿਆ ਹੈ। ‘ਬ੍ਰਿਟਿਸ਼ ਅੰਪਾਇਰ’ ਅੰਗਰੇਜ਼ ਰਾਜ ਸਮੇਂ ਸ਼ਾਹੀ ਸ਼ਹਿਰ ਮਾਲੇਰਕੋਟਲਾ ਇਕ ਆਜ਼ਾਦ ਮੁਸਲਿਮ ਰਿਆਸਤ ਸੀ ਜੋ 1947 ਵਿਚ ਵੰਡ ਸਮੇਂ ਆਜ਼ਾਦ ਭਾਰਤ ਵਿਚ ਸ਼ਾਮਲ ਹੋ ਗਈ ਸੀ। ਬਾਅਦ ਵਿਚ 01 ਮਾਰਚ 1948 ਨੂੰ ਪਟਿਆਲਾ ਰਿਆਸਤ ਦੀਆਂ ਗੁਆਂਢੀ ਰਿਆਸਤਾਂ ਨਾਭਾ, ਮਾਲੇਰਕੋਟਲਾ, ਜੀਂਦ, ਫ਼ਰੀਦਕੋਟ, ਕਪੂਰਥਲਾ, ਸ਼ਿਮਲਾ ਕਲਸੀਆਂ, ਕਸੌਲੀ, ਕੰਢਾਘਾਟ, ਨਾਲਾਗੜ੍ਹ ਤੇ ਚੈਲ ਨੂੰ ‘ਪੈਪਸੂ ਸੂਬਾ’ ਬਣਾ ਕੇ ਉਸ ਵਿਚ ਸ਼ਾਮਲ ਕਰ ਲਿਆ ਗਿਆ ਸੀ।

ਸਾਲ 1956 ਵਿਚ ਪੈਪਸੂ ਨੂੰ ਖ਼ਤਮ ਕਰਕੇ ਰਿਆਸਤ ਮਾਲੇਰਕੋਟਲਾ ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਖਾਤੇ ਵਿਚ ਪਾ ਦਿੱਤਾ ਗਿਆ ਅਤੇ ਰਿਆਸਤੀ ਨਵਾਬੀ ਸ਼ਹਿਰ ਨੂੰ ਸਬ ਤਹਿਸੀਲ ਬਣਾ ਦਿੱਤਾ। ਮਾਲੇਰਕੋਟਲਾ ਸਥਾਨ ਦਾ ਮੋਢੀ ਡੇਰਾ ਇਸਮਾਈਲ ਖ਼ਾਨ ਦਾ ਵਡੇਰਾ ਪਠਾਨ ਕੌਮ ਦਾ ਮੌਲਾਨਾ ਖ਼ਾਨ ਸੀ। ਸੰਨ 1454 ਵਿਚ ਦਿੱਲੀ ਤਖ਼ਤ ਦੇ ਮੁਗ਼ਲ ਬਾਦਸ਼ਾਹ ਸੁਲਤਾਨ ਬਹਿਲੋਲ ਲੋਧੀ ਨੇ ਆਪਣੀ ਧੀ ਦੇ ਵਿਆਹ ਵਿਚ ਲੁਧਿਆਣਾ ਲਾਗੇ 58 ਪਿੰਡਾਂ ਦੀ ਜਾਗੀਰ ‘ਦਾਜ’ ਵਿਚ ਲਾੜੇ ਸਦਰ-ਊ-ਦੀਨ ਨੂੰ ਦਿੱਤੀ ਸੀ। ਅਫ਼ਗਾਨਿਸਤਾਨ ਦੇ ਦੱਰਰਾਬਨ ਖੁਸ਼ਕ ਪਹਾੜੀ ਇਲਾਕੇ ਦੇ ਰਹਿਣ ਵਾਲੇ ਸ਼ੇਰਵਾਨੀ ਘਰਾਣੇ ਦੇ ਸ਼ੇਖ ਸਦਰ-ਊ-ਦੀਨ, ਸਦਰ-ਏ-ਜਹਾਨ ਨੇ ਸੰਨ 1454 ਵਿਚ ਮਾਲੇਰਕੋਟਲਾ ਨਗਰ ਨੂੰ ਸਥਾਪਤ ਕੀਤਾ ਸੀ। ਉਸ ਦੇ ਸ਼ੇਰਵਾਨੀ ਘਰਾਣੇ ਦੇ ਉੱਤਰਾਧਿਕਾਰੀ, ਮੁਸਲਿਮ ਸ਼ਾਸਕ ਵਜੀਦ ਖ਼ਾਨ ਨੇ 1657 ਵਿਚ ਕੋਟਲਾ ਮਲੇਰ ਨਗਰ ਨੂੰ ‘ਰਿਆਸਤ ਮਾਲੇਰਕੋਟਲਾ’ ਦਾ ਦਰਜਾ ਦਿੱਤਾ ਸੀ। ਵਜੀਦ ਖ਼ਾਨ ਮੁਗਲ ਫ਼ੌਜ ਵਿਚ ਬਹੁਤ ਬਹਾਦਰ ਤੇ ਨਿਡਰ ਸਿਪਾਹੀ ਸਨ ਜਿਨ੍ਹਾਂ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਦੀ ਜੰਗਲ ਵਿਚ ਸ਼ਿਕਾਰ ਸਮੇਂ ਖ਼ਤਰਨਾਕ ਜੰਗਲੀ ਬਾਘ ਨੂੰ ਮਾਰ ਕੇ ਜਾਨ ਬਚਾਈ ਸੀ। ਇਸ ਦੇ ਇਨਾਮ ਵਿਚ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੇ ਵਜੀਦ ਖ਼ਾਨ ਨੂੰ ਇਕ ਆਜ਼ਾਦ ਰਿਆਸਤ ਦੀ ਪ੍ਰਵਾਨਗੀ ਦੇ ਨਾਲ ‘ਨਵਾਬ’ ਦੀ ਉਪਾਧੀ ਦਿੱਤੀ ਤੇ ਪਰਿਵਾਰ ਦੀ ਰਾਖੀ ਲਈ ਕਿਲ੍ਹਾ ਬਣਾਉਣ ਦਾ ਅਧਿਕਾਰ ਵੀ ਦੇ ਦਿੱਤਾ ਸੀ। ਵਜੀਦ ਖ਼ਾਨ ਨੇ ਰਿਆਸਤੀ ਕਿਲ੍ਹੇ ਦੀ ਨੀਂਹ ਰੱਖਣ ਲਈ ਮੁਸਲਮਾਨ ਸੂਫ਼ੀ ਫਕੀਰ ਸ਼ਾਹ ਫੱਜਲ ਚਿਸ਼ਤੀ ਅਤੇ ਹਿੰਦੂ ਸਾਧੂ ਮਹਾਤਮਾ ਦਮੋਦਰ ਦਾਸ ਨੂੰ ਨਿਮਰਤਾ ਸਹਿਤ ਇਸ ਸ਼ੁਭ ਤੇ ਇਤਿਹਾਸਕ ਕਾਰਜ ਲਈ ਸੱਦਾ ਦਿੱਤਾ। ਦੋ ਧਰਮਾਂ ‘ਅੱਲਾ’ ਤੇ ‘ਰਾਮ’ ਦੇ ਸਾਂਝੇ ਸੂਫ਼ੀ ਸੰਤਾਂ ਦੇ ਕਰ ਕਮਲਾਂ ਨਾਲ ਕਿਲ੍ਹੇ ਦੀ ਨੀਂਹ ਰਖਵਾ ਕੇ ਕਿਲ੍ਹੇ ਦਾ ਨਾਂ ਵੀ ‘ਕਿਲ੍ਹਾ ਮਾਲੇਰਕੋਟਲਾ’ ਰੱਖਿਆ ਸੀ। ਨਵਾਬ ਵਜੀਦ ਖ਼ਾਨ ਦੇ ਪੋਤੇ ਨਵਾਬ ਸ਼ੇਰ ਮੁਹੰਮਦ ਖ਼ਾਨ ਬਹਾਦਰ, ਨਵਾਬ ਮਾਲੇਰਕੋਟਲਾ ਰਿਆਸਤ ਨੇ ਮੁਗ਼ਲ ਸਰਕਾਰ ਦੇ ਸੂਬਾ ਸਰਹਿੰਦ, ਗਵਰਨਰ ਵਜ਼ੀਰ ਖ਼ਾਨ ਦੇ ਜ਼ੁਲਮ ਵਿਰੁੱਧ ਨਿਧੜਕ ਖੜ੍ਹ ਕੇ ਸਿੱਖ ਕੌਮ ਦਾ ਦਲੇਰੀ ਨਾਲ ਸਾਥ ਦਿੱਤਾ ਸੀ।

ਸੰਨ 1705 ਵਿਚ ਦਸਮ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨਾਲੋਂ ਵਿੱਛੜੇ ਦੋ ਛੋਟੇ ਬੱਚੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਨੂੰ ਮੁਸਲਿਮ ਧਰਮ ਨਾ ਅਪਨਾਉਣ ਦੀ ਸਜ਼ਾ ਵਜੋਂ ਜਿਉਂਦੇ ਇੱਟਾਂ ਦੀ ਕੰਧ ਵਿਚ ਚਿਣਨ ਦਾ ਹੁਕਮ ਦੇ ਕੇ ਸ਼ਹੀਦ ਕਰ ਦਿੱਤਾ ਸੀ। ਉਸ ਸਮੇਂ ਸਰਹਿੰਦ ਦਰਬਾਰ ਵਿਚ ਸ਼ਾਮਲ ਮਾਲੇਰਕੋਟਲਾ ਦੇ ਮੁਸਲਿਮ ਨਵਾਬ ਸ਼ੇਰ ਮੁਹੰਮਦ ਖ਼ਾਨ ਬਹਾਦਰ ਜੋ ਨਵਾਬ ਵਜ਼ੀਰ ਖ਼ਾਨ ਦਾ ਨੇੜੇ ਦਾ ਰਿਸ਼ਤੇਦਾਰ ਵੀ ਸੀ, ਨੇ ਸਰਹਿੰਦ ਦਰਬਾਰ ਵਿਚ ਮਾਸੂਮ ਬੱਚਿਆਂ ਉੱਪਰ ਹੋ ਰਹੇ ਜ਼ੁਲਮ ਦਾ ਸਖ਼ਤ ਵਿਰੋਧ ਕੀਤਾ ਅਤੇ ਖੁੱਲ੍ਹੇਆਮ ਕਿਹਾ, ‘ਖ਼ਾਨ ਬਹਾਦਰ ਤੁਹਾਡਾ ਇਹ ਜ਼ੁਲਮ ਕੁਰਾਨ ਤੇ ਇਸਲਾਮ ਦੇ ਅਸੂਲਾਂ ਦੇ ਬਿਲਕੁਲ ਵਿਰੁੱਧ ਹੈ। ਤੁਹਾਨੂੰ ਇਸ ਘੋਰ ਕੁਕਰਮ ਦੀ ਸਜ਼ਾ ਭੋਗਣੀ ਪਵੇਗੀ।’ ਨਵਾਬ ਮਾਲੇਰਕੋਟਲਾ ਬਹੁਤ ਗੁੱਸੇ ਤੇ ਕਰੋਧ ਵਿਚ ਭਰੇ ਮੁਸਲਿਮ ਦਰਬਾਰ ਵਿਚੋਂ ਬਾਹਰ ਹੋ ਗਏ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਨਵਾਬ ਸ਼ੇਰ ਖ਼ਾਨ ਦੇ ਇਸ ਇਨਸਾਨੀਅਤ ਭਰੇ ਵਤੀਰੇ ਦਾ ਪਤਾ ਲੱਗਾ ਤਾਂ ਉਨ੍ਹਾਂ ਰਿਆਸਤ ਮਾਲੇਰਕੋਟਲਾ ਨੂੰ ਹਮੇਸ਼ਾਂ ਖੁਸ਼ੀਆਂ ਤੇ ਖੇੜਿਆਂ ਵਿਚ ਵਸਦੇ ਰਹਿਣ ਦਾ ਆਸ਼ੀਰਵਾਦ ਦਿੱਤਾ ਸੀ। ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਸ਼ਹਿਰ ਵਿਚ ਪਟਿਆਲਾ ਧੂਰੀ ਬਾਈਪਾਸ ਦੇ ਇਕ ਨੁੱਕਰ ਵਿਚ ਬਣਿਆ ਗੁਰਦੁਆਰਾ ‘ਹਾਅ ਦਾ ਨਾਅਰਾ ਸਾਹਿਬ’ ਇਸ ਗਵਾਹੀ ਦਾ ਸੱਚਾ ਪ੍ਰਤੀਕ ਹੈ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਕੇ ਬੱਚਿਆਂ ਦੇ ਜ਼ੁਲਮ ਦਾ ਬਦਲਾ ਲਿਆ ਸੀ।

ਸੰਨ 1947 ਵਿਚ ਭਾਰਤ ਦੀ ਵੰਡ ਸਮੇਂ ਮੁਸਲਿਮ ਰਿਆਸਤ ਮਾਲੇਰਕੋਟਲਾ ਦੀਆਂ ਹੱਦਾਂ ਵਿਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ। ਮੁਸਲਿਮ ਨਵਾਬ ਰਿਆਸਤ ਮਾਲੇਰਕੋਟਲਾ ਦੀ ਪ੍ਰਜਾ ਦੇ ਸਾਰੇ ਮੁਸਲਿਮ, ਹਿੰਦੂ, ਸਿੱਖ, ਜੈਨ ਧਰਮੀਂ ਗੁਰੂ ਸਾਹਿਬ ਦੇ ਦਿੱਤੇ ਵਰ ਨਾਲ ਭਾਈਚਾਰਕ ਸਾਂਝ ਦੀ ਸੰਸਾਰ ਵਿਚ ਮਿਸਾਲ ਹਨ। ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਅੰਗਰੇਜ਼ਾਂ ਦੇ ਦੌਰ ਸਮੇਂ ਜਨਵਰੀ 1872 ਵਿਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਮਿਸਟਰ ਕੋਵਾਨ ਤੇ ਅੰਬਾਲੇ ਦੇ ਕਮਿਸ਼ਨਰ ਮਿਸਟਰ ਫੋਰਿਸਥ ਦੇ ਹੁਕਮਾਂ ਨਾਲ ਨਿਹੱਥੇ ਆਜ਼ਾਦੀ ਦੇ ਪ੍ਰਵਾਨੇ 65 ਸਿੱਖ ਕੂਕਾ ਨਾਮਧਾਰੀ ਬੱਚੇ ਬਜ਼ੁਰਗ, ਬਿਨਾਂ ਕਿਸੇ ਅਦਾਲਤੀ ਸੁਣਵਾਈ ਦੇ ਮਾਲੇਰਕੋਟਲਾ ਸ਼ਹਿਰ ਦੇ ਚੜ੍ਹਦੇ ਵੱਲ ਜਰਗ ਰੋਡ ਉੱਪਰ ਪਏ ਕੱਲਰਾਂ ਵਿਚ ਤੋਪਾਂ ਨਾਲ ਜਿਉਂਦੇ ਉੱਡਾ ਦਿੱਤੇ ਗਏ ਸਨ। ਇਸ ਜਗ੍ਹਾ ਨੂੰ ਅੱਜਕੱਲ੍ਹ ‘ਕੂਕਿਆਂ ਦਾ ਕੱਲਰ’ ਕਰਕੇ ਜਾਣਿਆ ਜਾਂਦਾ ਹੈ। ਇਸ ਜਗ੍ਹਾ ਹੁਣ ਖੰਡਾ ਸਾਹਿਬ ਉਸਾਰ ਕੇ ਧਾਰਮਿਕ ‘ਕੂਕਾ ਸਮਾਰਕ’ ਬਣਾ ਦਿੱਤਾ ਗਿਆ ਹੈ ਜਿੱਥੇ ਹਰ ਸਾਲ ਨਾਮਧਾਰੀ ਕਾਨਫਰੰਸ ਹੁੰਦੀ ਹੈ।

ਮਾਲੇਰਕੋਟਲਾ ਸ਼ਹਿਰ ਵਿਚ ਲਾਹੌਰ ਦੇ ਸ਼ਾਹੀ ਮੋਤੀ ਬਾਜ਼ਾਰ ਦੀ ਤਰਜ਼ ’ਤੇ ਬਣੀ, ਨਾਮੀ ਖ਼ਰੀਦੋ ਫਰੋਖਤ ਜਗ੍ਹਾ ‘ਮੋਤੀ ਬਾਜ਼ਾਰ’ ਲੰਘ ਕੇ ਮਾਲੇਰ ਦੇ ਮੁਸਲਿਮ ਇਲਾਕੇ ਵਿਚ ਹਰ ਸਾਲ ਅਗਸਤ ਵਿਚ ਵੀਰਵਾਰ ਨੂੰ ਨਿਮਾਣੀ ਕਾਸ਼ਤੀ ਨੂੰ ਸੂਫ਼ੀ ਸੰਤ ਬਾਬਾ ਹੈਦਰ ਸ਼ੇਖ ਦੀ ਦਰਗਾਹ ਉੱਪਰ ‘ਜਰਗ ਦੇ ਮੇਲੇ’ ਵਾਂਗ ਪੰਜਾਬੀ ਜੱਟਾਂ/ਸਿੱਖਾਂ ਤੇ ਮੁਸਲਮਾਨਾਂ ਦਾ ਲੋਕ ਮੇਲਾ ਭਰਦਾ ਹੈ। ਜ਼ਿਲ੍ਹਾ ਮਾਲੇਰਕੋਟਲਾ ਵਿਚ 68% ਮੁਸਲਿਮ, 21% ਹਿੰਦੂ, 10% ਸਿੱਖ ਤੇ 2% ਜੈਨ ਮੱਤ ਦੇ ਲੋਕ ਵਸਦੇ ਹਨ।

ਪੰਜਾਬ ਡਿਸਟ੍ਰਿਕਟ ਗਜ਼ਟੀਅਰ, ਪੰਜਾਬ ਸਰਕਾਰ-ਲਾਹੌਰ, 1904 ਅਨੁਸਾਰ: ਸ਼ਾਹੀ ਰਿਆਸਤ ਮਾਲੇਰਕੋਟਲਾ ਦੇ ‘ਸ਼ੇਰਵਾਨੀ ਘਰਾਣੇ’ ਦਾ ਛੱਜਰਾ ਕੁਝ ਇਸ ਤਰ੍ਹਾਂ ਹੈ: ਸੰਨ 1672 ਤੋਂ 1712 ਤਕ ਨਵਾਬ ਸ਼ੇਰ ਮੁਹੰਮਦ ਖ਼ਾਨ ਬਹਾਦਰ 1, 1712 ਤੋਂ 1717 ਤਕ ਗੁਲਾਮ ਹੁਸੈਨ ਖ਼ਾਨ, 1717 ਤੋਂ 1762 ਤਕ ਜਮਾਲ ਖ਼ਾਨ, 1908 ਤੋਂ 1947 ਤਕ ਅਹਿਮਦ ਅਲੀ ਖ਼ਾਨ ਆਦਿ ਸਨ। ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਸ਼ਾਹੀ ਖਾਨਦਾਨ ਵਿਚ ਪਰਿਵਾਰਕ ਰੁਤਬਿਆਂ ਮੁਤਾਬਿਕ ਰਿਆਸਤ ਮਾਲੇਰਕੋਟਲਾ ’ਤੇ ਰਾਜ ਕਰ ਰਹੇ ਹੁਕਮਰਾਨ ਨੂੰ ਨਾਮ ਦੇ ਨਾਲ ਖ਼ਾਨ ਬਹਾਦਰ, ਨਵਾਬ ਮਾਲੇਰਕੋਟਲਾ ਕਿਹਾ ਜਾਂਦਾ ਸੀ। ਰਾਜ ਕਰ ਰਹੇ ਨਵਾਬ ਦੀ ਪਤਨੀ ਨੂੰ ‘ਬੇਗ਼ਮ ਸਾਹਿਬਾ’, ਉਨ੍ਹਾਂ ਦੇ ਨੌਜਵਾਨ ਪੁੱਤਰਾਂ ਨੂੰ ‘ਨਵਾਬਜ਼ਾਦਾ ਖ਼ਾਨ ਬਹਾਦਰ’, ਨੌਜਵਾਨ ਧੀ ਨੂੰ ‘ਸ਼ਹਿਜਾਦੀ ਬੇਗ਼ਮ’, ਪੋਤਰਿਆਂ ਦੋਹਤਰਿਆਂ ਨੂੰ ‘ਸਾਹਿਬਜ਼ਾਦਾ ਖ਼ਾਨ’ ਅਤੇ ਹੁਕਮਰਾਨ ਸ਼ਾਹੀ ਖਾਨਦਾਨ ਦੇ ਮਰਦਾਂ ਨੂੰ ‘ਖ਼ਾਨ ਸਾਹਿਬ’ ਨਾਲ ਇਕ ਤਹਿਜ਼ੀਬ ਤੇ ਸਲੀਕੇ ਨਾਲ ਝੁਕ ਕੇ ਬੁਲਾਇਆ ਤੇ ਸੱਦਿਆ ਜਾਂਦਾ ਸੀ।

ਅੰਗਰੇਜ਼ ਦੌਰ ਅੰਦਰ ਸੰਨ 1809 ਵਿਚ ਨਵਾਬ ਵਜ਼ੀਰ ਖ਼ਾਨ, ਰਿਆਸਤ ਮਾਲੇਰਕੋਟਲਾ ਦੀ ਗੱਦੀ ਦਾ ਹੱਕਦਾਰ ਬਣਿਆ ਅਤੇ ਉਨ੍ਹਾਂ ਨੇ ਰਿਆਸਤ ਦੀ ਖੁਸ਼ਹਾਲੀ ਲਈ ਅੰਗਰੇਜ਼ਾਂ ਨਾਲ ਨੇੜਤਾ ਵਧਾਈ। ਸੰਨ 1821 ਵਿਚ ਨਵਾਬ ਅਮੀਰ ਅਲੀ ਖ਼ਾਨ ਸਾਹਿਬ ਨੂੰ ਅੰਗਰੇਜ਼ ਸਰਕਾਰ ਵੱਲੋਂ ‘ਹਿਜ਼ ਹਾਈਨੈੱਸ’ ਦੇ ਸ਼ਾਹੀ ਖਿਤਾਬ ਨਾਲ ਨਿਵਾਜਿਆ ਗਿਆ। ਸੰਨ 1871 ਵਿਚ ਜਨਾਬ ਅਹਿਮਦ ਅਲੀ ਖ਼ਾਨ ਵਰਾਸਤੇ ਮਾਲੇਰਕੋਟਲਾ ਦੇ ਨਵਾਬ ਬਣਨ ਉਪਰੰਤ ਮਾਲੇਰਕੋਟਲਾ ਸ਼ਹਿਰ ਦੀ ਤਰੱਕੀ ਤੇ ਉੱਨਤੀ ਵੱਲ ਖ਼ਾਸ ਧਿਆਨ ਦਿੱਤਾ ਗਿਆ। ਸ਼ਹਿਰ ਮਾਲੇਰਕੋਟਲਾ ਵਿਚ ਆਲੀਸ਼ਾਨ ਨਵਾਂ ਮੋਤੀ ਬਾਜ਼ਾਰ, ਸ਼ਾਹੀ ਰਿਹਾਇਸ਼ਗਾਹ ਮੁਬਾਰਕ ਮੰਜ਼ਿਲ, ਲਾਲ ਬਾਜ਼ਾਰ, ਸਰਕਾਰੀ ਸਕੂਲ, ਸਰਕਾਰੀ ਕਾਲਜ ਉਚੇਚੇ ਤੌਰ ’ਤੇ ਬਣਾਏ ਗਏ। ਰਿਆਸਤ ਮਾਲੇਰਕੋਟਲਾ ਦੇ ਆਖਰੀ ਨਵਾਬ ਜਨਾਬ ਇਫ਼ਤਖਾਰ ਅਲੀ ਖ਼ਾਨ ਬਹਾਦਰ ਸਨ ਜੋ 20 ਮਈ 1904 ਨੂੰ ਮਾਲੇਰਕੋਟਲਾ ਸ਼ਾਹੀ ਰਿਆਸਤ ਦੇ ਨਵਾਬ ਬਣੇ ਸਨ ਅਤੇ ਇਨ੍ਹਾਂ ਦੇ ਸਮੇਂ ਵਿਚ ਹੀ 1915 ਵਿਚ ਮਾਲੇਰਕੋਟਲਾ ਰਿਆਸਤ ਨੂੰ ‘ਸਟੇਟ ਆਫ ਇੰਡਿਆ’ ਦਾ ਦਰਜਾ ਦਿੱਤਾ ਗਿਆ ਸੀ, ਜੋ 20 ਨਵੰਬਰ 1982 ਨੂੰ ਫ਼ੌਤ ਹੋ ਗਏ ਸਨ। ਦੇਸ਼ ਦੀ ਵੰਡ ਤੋਂ ਬਾਅਦ ਸ਼ਾਹੀ ਨਵਾਬ ਖਾਨਦਾਨ ਦੇ ਕੁਝ ਪਰਿਵਾਰਕ ਜੀਅ ਆਪਣੀ ਮਰਜ਼ੀ ਨਾਲ ਨਵੇਂ ਬਣੇ ਮੁਸਲਿਮ ਮੁਲਕ ਪਾਕਿਸਤਾਨ ਹਿਜਰਤ ਕਰ ਗਏ ਸਨ, ਜੋ ਅੱਜਕੱਲ੍ਹ ਲਾਹੌਰ ਦੇ ਮਾਡਲ ਟਾਊਨ, ਜ਼ਿਲ੍ਹਾ ਮੁਜ਼ੱਫਰਗੜ੍ਹ ਤੇ ਖਾਨਗੜ੍ਹ ਦੇ ਸਥਾਨਾਂ ਵਿਚ ਰਹਿ ਰਹੇ ਹਨ।

ਜ਼ਿਲ੍ਹਾ ਬਣਨ ਤੋਂ ਪਹਿਲਾਂ ਮਾਲੇਰਕੋਟਲਾ ਮਿਊਂਸਿਪਲ ਕਾਰਪੋਰੇਸ਼ਨ ਦਾ ਰੁਤਬਾ ਰੱਖਦਾ ਸੀ। ਪੁਰਾਣੇ ਸਮਿਆਂ ਵਿਚ ਸਾਰੇ ਰਿਆਸਤੀ ਸ਼ਹਿਰਾਂ ਵਿਚ ਪਰਜਾ ਦੀ ਬਾਹਰਲੇ ਧਾੜਵੀਆਂ ਤੇ ਲੁਟੇਰਿਆਂ ਤੋਂ ਰੱਖਿਆ ਲਈ ਖਾਸ ਕਿਸਮ ਦੇ ਮਜ਼ਬੂਤ ਦਰਵਾਜ਼ੇ ਤਾਮੀਰ ਕਰਵਾਏ ਜਾਂਦੇ ਸਨ। ਮਾਲੇਰਕੋਟਲਾ ਵਿਚ ਇਸ ਤਰ੍ਹਾਂ ਦੇ ਸੱਤ ਦਰਵਾਜ਼ੇ ਸਨ, ਦਿੱਲੀ ਦਰਵਾਜ਼ਾ, ਸਰਹੰਦੀ ਦਰਵਾਜ਼ਾ, ਢਾਬੀ ਦਰਵਾਜ਼ਾ-ਲੋਹਾ ਬਾਜ਼ਾਰ, ਮਲੇਰੀ ਗੇਟ, ਮੰਡੀ ਗੇਟ, ਸੁਨਾਮੀ ਦਰਵਾਜ਼ਾ-ਸੱਠਾ ਬਾਜ਼ਾਰ ਤੇ ਸ਼ੇਰਵਾਨੀ ਦਰਵਾਜ਼ਾ। ਮਾਲੇਰਕੋਟਲਾ ਦਾ ਮੋਤੀ ਬਾਜ਼ਾਰ ਇਲਾਕੇ ਦੀਆਂ ਘਰੇਲੂ ਵਸਤਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਮੋਤੀ ਬਾਜ਼ਾਰ ਦੇ ਚੜ੍ਹਦੇ ਪਾਸੇ ਦੀ ਵੱਖੀ ਵੱਲ ਮਾਲੇਰਕੋਟਲਾ ਦੀ ਪੁਰਾਣੀ ਦਾਣਾ ਮੰਡੀ ਹੁਣ ਵੀ ਰਸਦੀ ਵਸਦੀ ਹੈ। ਮਾਲੇਰਕੋਟਲਾ ਵਿਚ ਮੁਸਲਿਮ ਧਰਮ ਦੀ ਇਬਾਦਤ ਕਰਨ ਲਈ ਹਰ ਮੁਹੱਲੇ ਅਬਾਦੀ ਵਿਚ ਸੈਂਕੜੇ ਮਸਜਿਦਾਂ ਹਨ। ਇਕੱਠੇ ਇਬਾਦਤ ਕਰਨ ਵਾਲਾ ਸਥਾਨ ‘ਈਦਗਾਹ’ ਏਸ਼ੀਆ ਵਿਚ ਸਭ ਤੋਂ ਵੱਡੀ ਤੇ ਖੁੱਲ੍ਹੀ ‘ਮਾਲੇਰਕੋਟਲਾ ਦੀ ਈਦਗਾਹ’ ਹੈ। ਮਾਲੇਰਕੋਟਲਾ ਸ਼ਹਿਰ ਵਿਚ ਗੁਰਦੁਆਰਿਆਂ ਤੇ ਮੰਦਿਰਾਂ ਵਿਚ ਵੀ ਪੂਰੀ ਰੌਣਕ ਰਹਿੰਦੀ ਹੈ। ਲਾਹੌਰ ਦੇ ‘ਸ਼ਾਹੀ ਮੁਹੱਲੇ’ ਵਾਂਗ ਮਾਲੇਰਕੋਟਲਾ ਦਾ ‘ਸੱਠਾ ਬਾਜ਼ਾਰ’ ਰਿਆਸਤ ਵਿਚ ਖੂਬ ਭਰਿਆ ਰਹਿੰਦਾ ਸੀ। ਮਾਲੇਰਕੋਟਲਾ ਸ਼ਹਿਰ ਵਿਚ ਭਾਰਤ ਭਰ ਤੇ ਬਾਹਰਲੇ ਮੁਲਕਾਂ ਲਈ ਫ਼ੌਜ, ਪੁਲੀਸ ਤੇ ਖੇਡਾਂ ਦੇ ਕਢਾਈ ਵਾਲੇ ਬੈਜ ਤੇ ਕੋਟ ਕਲਰ ਉਚੇਚੇ ਬਣਦੇ ਹਨ। ਇੱਥੋਂ ਦੀਆਂ ਜ਼ਰੀ ਦੀ ਕਢਾਈ ਵਾਲੀਆਂ ਜੁੱਤੀਆਂ ਤੇ ਪੰਜਾਬੀ ਖੁੱਸੇ ਵੀ ਮਸ਼ਹੂਰ ਹਨ। ਖੇਡਾਂ ਦਾ ਸਾਮਾਨ ਵੀ ਵੱਡੀ ਪੱਧਰ ਉੱਪਰ ਤਿਆਰ ਹੁੰਦਾ ਹੈ। ਹਾਜੀ ਹਨੀਫ਼ ਸੰਨਜ ‘ਕੋਟ ਕਲਰ’ ਬਣਾਉਣ ਵਾਲੇ ਪੁਰਾਣੇ ਤੇ ਨਾਮੀ ਕਾਰੀਗਰ ਹਨ।

ਮਾਲੇਰਕੋਟਲਾ ਦਾ ਸਰਕਾਰੀ ਕਾਲਜ 1924 ਵਿਚ ਲਾਹੌਰ ਤੇ ਲੁਧਿਆਣਾ ਦੇ ਸਰਕਾਰੀ ਕਾਲਜਾਂ ਦੀ ਤਰਜ ਉੱਪਰ ਰਿਆਸਤ ਮਾਲੇਰਕੋਟਲਾ ਵਿਚ ਉੱਚੀ ਵਿਦਿਆ ਦਾ ਸਭ ਤੋਂ ਵੱਡਾ ਤੇ ਮਸ਼ਹੂਰ ਵਿਦਿਅਕ ਅਦਾਰਾ ਖੋਲ੍ਹਿਆ ਗਿਆ ਸੀ, ਜਿੱਥੇ ਇਲਾਕੇ ਦੇ ਸੈਂਕੜੇ ਨੌਜਵਾਨ ਮੁੰਡੇ ਕੁੜੀਆਂ ਪੜ੍ਹੇ ਤੇ ਪੜ੍ਹ ਰਹੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਹ ਅਹਿਮ ਵਿਦਿਅਕ ਅਦਾਰਾ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਹੋ ਗਿਆ। ਖੇਤਰੀ ਭਾਸ਼ਾਵਾਂ ਵਿਚ ਉਚੇਰੀ ਵਿਦਿਆ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ, ਮਾਲੇਰਕੋਟਲਾ ਵਿਖੇ ‘ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼’ ਵਿਖੇ ਉਰਦੂ, ਅਰਬੀ, ਫਾਰਸੀ ਦੀ ਪੜ੍ਹਾਈ ਤੇ ਖੋਜ ਕਰਨ ਲਈ ਖਾਸ ਸਹੂਲਤਾਂ ਹਨ। ਇੱਥੇ ‘ਪੰਜਾਬ ਉਰਦੂ ਅਕੈਡਮੀ’ ਦਾ ਕੰਮ ਵੀ ਬਹੁਤ ਸ਼ਲਾਘਾਯੋਗ ਹੈ। ਮਾਲੇਰਕੋਟਲਾ ਦੇ ਖਾਸ ਪਰਿਵਾਰਾਂ ਵਿਚ ਅਰਬੀ ਤੇ ਫ਼ਾਰਸੀ ਦਾ ਗਿਆਨ ਵੀ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਇੱਥੇ ਰਹਿਣ ਵਾਲੀ ਵਸੋਂ ਜ਼ਿਆਦਾ ਸੁੰਨੀ ਮੁਸਲਮਾਨਾਂ ਦੀ ਹੈ। ਸ਼ੀਆ ਮੁਸਲਿਮ ਭਾਈਚਾਰਾ ਵੀ ਕਾਫ਼ੀ ਹੈ ਜੋ ਹਰ ਸਾਲ ਅਗਸਤ ਵਿਚ ਕਾਲੇ ਕੱਪੜੇ ਪਾ ਕੇ ਕਰਬਲਾ (ਇਰਾਕ) ਵਿਚ ਸ਼ਹੀਦੀ ਪਾ ਗਏ ਹਸਨ ਹੁਸੈਨ ਦੀ ਯਾਦ ਵਿਚ ‘ਤਾਜ਼ੀਏ’ ਕੱਢਦੇ ਹਨ।

ਸੰਨ 1893 ਵਿਚ ਅੰਗਰੇਜ਼ਾਂ ਦੇ ਰਾਜ ਸਮੇਂ ਭਾਰਤੀ ਬ੍ਰਿਟਿਸ਼ ਸਰਕਾਰ ਨੇ ਪੱਛਮੀ ਭਾਰਤ ਦੀਆਂ ਖਾਨਦਾਨੀ ਸ਼ਾਹੀ ਆਜ਼ਾਦ ਰਿਆਸਤਾਂ ਪਟਿਆਲਾ, ਮਾਲੇਰਕੋਟਲਾ, ਜੀਂਦ ਤੇ ਸੰਗਰੂਰ ਨਾਲ ਇਕ ਲਿਖਤੀ ਅਹਿਦਨਾਮਾ ਲੁਧਿਆਣਾ-ਧੂਰੀ-ਜਾਖਲ ਮੇਨ ਰੇਲਵੇ ਲਾਈਨ ਵਰਾਸਤਾ ਸੰਗਰੂਰ ਵਿਛਾਉਣ ਲਈ ਤਿਆਰ ਕੀਤਾ ਸੀ। 1901 ਵਿਚ ਇਹ ਨਵੀਂ ਰੇਲਵੇ ਲਾਈਨ ‘ਸਦਰਨ (ਦੱਖਣੀ) ਪੰਜਾਬ ਰੇਲਵੇ ਕੰਪਨੀ’ ਦੇ ਨਾਂ ਨਾਲ ਸ਼ੁਰੂ ਕਰ ਦਿੱਤੀ ਗਈ ਜੋ ਬਾਅਦ ਵਿਚ ਹਿਸਾਰ ਰੇਲਵੇ ਜੰਕਸ਼ਨ ਤਕ ਵਧਾ ਦਿੱਤੀ ਗਈ ਸੀ। ਮਾਲੇਰਕੋਟਲਾ ਸ਼ਹਿਰ ਦਾ ਆਪਣਾ ਰੇਲਵੇ ਸ਼ਟੇਸਨ ਹੈ ਜੋ ਦਿੱਲੀ ਦਰਵਾਜ਼ੇ ਤੋਂ ਖੁੱਲ੍ਹੀ ਵੱਡੀ ਸੜਕ ਉੱਪਰ ਇਕ ਕਿਲੋਮੀਟਰ ਦੇ ਫਾਸਲੇ ਨਾਲ ਹੈ। ਸ਼ਹਿਰ ਦੇ ਵੱਖੋ ਵੱਖ ਹਿੱਸਿਆਂ ਤੋਂ ਘੋੜੇ ਵਾਲੇ ਤਾਂਗੇ ਵੀ ਚੱਲਦੇ ਹਨ। ਰੇਲਵੇ ਰੋਡ ਤੋਂ ਮਾਲੇਰਕੋਟਲਾ ਫ਼ੌਜੀ ਛਾਉਣੀ ਤੋਂ ਸਰਕਾਰੀ ਕਾਲਜ ਵੱਲ ਨੂੰ ਜਾਂਦੀ ਸੜਕ ਸੰਘਣੇ ਹਰੇ ਦਰੱਖਤ ਲੱਗੇ ਹੋਣ ਕਰਕੇ ਠੰਢੀ ਸੜਕ ਵਜੋਂ ਮਸ਼ਹੂਰ ਹੈ। ਕਿਲ੍ਹਾ ਰਹਿਮਤ ਗੜ੍ਹ, ਜਾਮਾ ਮਸਜਿਦ, ਦੀਵਾਨਖਾਨਾ, ਸ਼ੀਸ਼ ਮਹਿਲ, ਮੁਬਾਰਿਕ ਮੰਜ਼ਿਲ, ਕੂਕਾ ਸਮਾਰਕ, ਦਰਗਾਹ ਬਾਬਾ ਹੈਦਰ ਸ਼ੇਖ ਇੱਥੋਂ ਦੀਆਂ ਦੇਖਣਯੋਗ ਥਾਵਾਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All