DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada ਵਿੱਚ ਰੁਜ਼ਗਾਰ ਦਾ ਵੱਡਾ ਸੰਕਟ: ਸਤੰਬਰ ਵਿੱਚ 68,000 ਨੌਕਰੀਆਂ ਖ਼ਤਮ; ਬੇਰੁਜ਼ਗਾਰੀ 6.5 ਫ਼ੀਸਦੀ ’ਤੇ ਪਹੁੰਚੀ

ਨੌਜਵਾਨਾਂ ਅਤੇ ਔਰਤਾਂ ਨੂੰ ਸਭ ਤੋਂ ਵੱਡੀ ਮਾਰ; ਬੈਂਕ ਆਫ਼ ਕੈਨੇਡਾ ਦੀ ਮੀਟਿੰਗ ’ਤੇ ਸਭ ਦੀਆਂ ਨਜ਼ਰਾਂ

  • fb
  • twitter
  • whatsapp
  • whatsapp
Advertisement

ਕੈਨੇਡਾ ਵਿੱਚ ਨੌਕਰੀਆਂ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਮੁਤਾਬਕ, ਸਤੰਬਰ ਮਹੀਨੇ ਵਿੱਚ ਦੇਸ਼ ਭਰ ਵਿੱਚੋਂ 68,000 ਨੌਕਰੀਆਂ ਖ਼ਤਮ ਹੋ ਗਈਆਂ ਹਨ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ 42,000 ਲੋਕਾਂ ਨੂੰ ਰੁਜ਼ਗਾਰ ਤੋਂ ਹੱਥ ਧੋਣਾ ਪਿਆ ਸੀ। ਸਿਰਫ਼ ਦੋ ਮਹੀਨਿਆਂ ਦੇ ਅੰਦਰ ਕੈਨੇਡਾ ਵਿੱਚ ਕੁੱਲ 1,10,000 ਨੌਕਰੀਆਂ ਘੱਟ ਗਈਆਂ ਹਨ, ਜਿਸ ਨਾਲ ਬੇਰੁਜ਼ਗਾਰੀ ਦੀ ਦਰ ਵਧ ਕੇ 6.5 ਫ਼ੀਸਦੀ ਹੋ ਗਈ ਹੈ।

ਇਸ ਗਿਰਾਵਟ ਨੇ ਸੰਸਦ ਵਿੱਚ ਵੀ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਕੂਪਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਦੇਸ਼ ਵਿੱਚ ਬੇਰੁਜ਼ਗਾਰੀ ਜੀ-7 (G-7) ਦੇਸ਼ਾਂ ਵਿੱਚੋਂ ਦੂਜੀ ਸਭ ਤੋਂ ਵੱਧ ਹੈ ਅਤੇ ਲੇਬਰ ਪਾਰਟੀਸਿਪੇਸ਼ਨ ਰੇਟ ਪਿਛਲੇ 30 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ, ਤਾਂ ਸਰਕਾਰ ਦੀਆਂ ਨੀਤੀਆਂ ਕਿੱਥੇ ਖੜ੍ਹੀਆਂ ਹਨ? ਦੂਜੇ ਪਾਸੇ, ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਟੈਕਸਾਂ ਵਿੱਚ ਛੋਟ ਅਤੇ ਕਈ ਰਾਹਤ ਪੈਕੇਜ ਦੇ ਰਹੇ ਹਨ।

Advertisement

ਨੌਕਰੀਆਂ ਦੇ ਇਸ ਸੰਕਟ ਵਿੱਚ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸਤੰਬਰ ਵਿੱਚ ਇਕੱਲੇ ਨੌਜਵਾਨਾਂ ਦੀਆਂ 48,000 ਨੌਕਰੀਆਂ ਗਈਆਂ ਹਨ, ਜਦਕਿ 50,000 ਹੋਰ ਨੌਜਵਾਨਾਂ ਨੇ ਨਿਰਾਸ਼ ਹੋ ਕੇ ਲੇਬਰ ਮਾਰਕੀਟ ਨੂੰ ਹੀ ਛੱਡ ਦਿੱਤਾ ਹੈ। ਇਸ ਨਾਲ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 13 ਫ਼ੀਸਦੀ ਉੱਤੇ ਬਣੀ ਹੋਈ ਹੈ। ਇਸ ਤੋਂ ਇਲਾਵਾ, 25 ਤੋਂ 54 ਸਾਲ ਦੀ ਉਮਰ ਦੀਆਂ ਔਰਤਾਂ ਦੀਆਂ 28,000 ਨੌਕਰੀਆਂ ਘਟੀਆਂ ਹਨ ਅਤੇ ਉਨ੍ਹਾਂ ਦੀ ਬੇਰੁਜ਼ਗਾਰੀ ਦਰ ਵੀ ਵਧ ਕੇ 5.3 ਫ਼ੀਸਦੀ ਹੋ ਗਈ ਹੈ।

Advertisement

ਸੂਬੇ ਵਾਰ ਗੱਲ ਕਰੀਏ ਤਾਂ ਕਿਉਬਿਕ ਵਿੱਚ ਸਭ ਤੋਂ ਵੱਧ 49,000 ਨੌਕਰੀਆਂ ਦਾ ਨੁਕਸਾਨ ਹੋਇਆ ਹੈ, ਜਦਕਿ ਬ੍ਰਿਟਿਸ਼ ਕੋਲੰਬੀਆ ਵਿੱਚ 20,000 ਨੌਕਰੀਆਂ ਗਈਆਂ ਹਨ। ਉੱਥੇ ਹੀ ਮੈਨੀਟੋਬਾ ਵਿੱਚ ਵੀ 4,400 ਨੌਕਰੀਆਂ ਦਾ ਨੁਕਸਾਨ ਹੋਇਆ ਹੈ, ਹਾਲਾਂਕਿ, ਅਲਬਰਟਾ ਦਾ ਮਾਹੌਲ ਥੋੜ੍ਹਾ ਬਿਹਤਰ ਰਿਹਾ ਜਿੱਥੇ 23,000 ਨਵੇਂ ਰੁਜ਼ਗਾਰ ਜੁੜੇ ਹਨ। ਸੈਕਟਰਾਂ ਦੇ ਹਿਸਾਬ ਨਾਲ, ਵਿੱਦਿਅਕ ਸੇਵਾਵਾਂ (ਐਜੂਕੇਸ਼ਨਲ ਸਰਵਿਸਿਜ਼) ਵਿੱਚ 35,000, ਸਿਹਤ ਸੰਭਾਲ ਵਿੱਚ 23,000 ਅਤੇ ਮੈਨੂਫੈਕਚਰਿੰਗ ਵਿੱਚ 13,000 ਨੌਕਰੀਆਂ ਘਟੀਆਂ ਹਨ।

ਅਮਰੀਕਾ ਨਾਲ ਚੱਲ ਰਹੀ ਟਰੇਡ ਵਾਰ ਵਿਚਾਲੇ ਆਟੋਮੋਟਿਵ, ਸਟੀਲ ਅਤੇ ਐਲੂਮੀਨੀਅਮ ਉੱਤੇ ਲੱਗੇ ਅਮਰੀਕੀ ਟੈਕਸਾਂ ਨੇ ਕੈਨੇਡੀਅਨ ਅਰਥਚਾਰੇ ਨੂੰ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅਮਰੀਕੀ ਟੈਕਸਾਂ ਕਾਰਨ ਕੈਨੇਡਾ ਵਿੱਚ ਲਗਪਗ 87,000 ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ।

ਭਾਵੇਂ ਏ ਆਈ ਮੰਤਰੀ ਇਵਾਨ ਸੋਲੋਮਨ ਨੇ ਓਨਟਾਰੀਓ ਦੇ ਨਿਊਕਲੀਅਰ ਅਤੇ ਸਸਕੈਚਵਨ ਦੀ ਪੋਟਾਸ਼ ਖ਼ਾਨ ਵਰਗੇ ਵੱਡੇ ਪ੍ਰਾਜੈਕਟਾਂ ਦਾ ਹਵਾਲਾ ਦੇ ਕੇ ਭਵਿੱਖ ਵਿੱਚ ਨਵੀਆਂ ਨੌਕਰੀਆਂ ਮਿਲਣ ਦੀ ਉਮੀਦ ਜਤਾਈ ਹੈ, ਪਰ ਮੌਜੂਦਾ ਹਾਲਾਤ ਬਹੁਤ ਗੰਭੀਰ ਹਨ। ਹੁਣ ਸਾਰਿਆਂ ਦੀ ਨਜ਼ਰ ਬੈਂਕ ਆਫ਼ ਕੈਨੇਡਾ ਦੀ ਆਉਣ ਵਾਲੀ 28 ਅਕਤੂਬਰ ਦੀ ਵਿਆਜ ਦਰਾਂ ਬਾਰੇ ਮੀਟਿੰਗ ਉੱਤੇ ਟਿਕੀ ਹੋਈ ਹੈ ਕਿਉਂਕਿ ਮੌਜੂਦਾ ਬੈਂਚਮਾਰਕ ਰੇਟ 2.25 ਫ਼ੀਸਦੀ 'ਤੇ ਚੱਲ ਰਿਹਾ ਹੈ।

Advertisement
×