ਲੁਤਰੋ ਦੇ ਪੁਆੜੇ... : The Tribune India

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਲਖਵਿੰਦਰ ਸਿੰਘ ਰਈਆ

ਜ਼ੁਬਾਨ ਸਰੀਰ ਦਾ ਮੁੱਖ ਤੇ ਨਾਜ਼ੁਕ ਅੰਗ ਹੈ। ਇਹ ਮੂੰਹ ਵਿੱਚ ਮਾਸ ਦੇ ਲੋਥੜੇ ਦੇ ਰੂਪ ਵਿੱਚ ਹੀ ਹੁੰਦੀ ਹੈ। ਇਸ ਦਾ ਕੰਟਰੋਲ ਦਿਮਾਗ਼ ਕੋਲ ਹੁੰਦਾ ਹੈ। ਉਸ ਦੇ ਸੰਦੇਸ਼ ਨਾਲ ਹੀ ਇਹ ਹਰਕਤ ਵਿੱਚ ਆ ਕੇ ਸਾਡੇ ਮਨ ਦੇ ਭਾਵਾਂ ਨੂੰ ਬੋਲੀ ਰੂਪ ਵਿੱਚ ਪ੍ਰਗਟ ਕਰਦੀ ਹੈ। ਖਾਧੇ ਪੀਤੇ ਜਾਂਦੇ ਪਦਾਰਥਾਂ ਦੇ ਸਵਾਦ ਦਾ ਅਨੁਭਵ ਵੀ ਏਸੇ ਰਾਹੀਂ ਹੁੰਦਾ ਹੈ।

ਸੁਰੀਲੀ ਆਵਾਜ਼ ਹਮੇਸ਼ਾਂ ਮਨ ਨੂੰ ਭਾਉਂਦੀ ਹੈ। ਇਸ ਦੇ ਉਲਟ ਖਰਵੀਂ ਆਵਾਜ਼ ਤੋਂ ਹਰ ਕੋਈ ਕੰਨੀਂ ਕਤਰਾਉਂਦਾ ਹੈ। ਆਪਣੀ ਜ਼ੁਬਾਨ ਦਾ ਰਸ (ਕੌੜਾ/ਖੱਟਾ/ ਮਿੱਠਾ) ਕਿਤੇ ਨਾ ਕਿਤੇ ਚੱਖਣਾ ਹੀ ਪੈਂਦਾ ਹੈ। ਹਲੀਮੀ ਭਰੀ ਬੋਲਬਾਣੀ ਦੀ ਮਿਠਾਸ ਤਪਦੇ ਤਨ ਮਨ ਨੂੰ ਠਾਰ ਕੇ ਖੇੜਾ ਭਰ ਦਿੰਦੀ ਹੈ ਅਤੇ ਵਿਗੜੇ ਤਿਗੜੇ ਕੰਮ ਵੀ ਸਿੱਧੀ ਲੀਹੇ ਪੈ ਜਾਂਦੇ ਹਨ। ਜਦੋਂ ਕਿ ਕੌੜੇ/ ਫ਼ਿਰਕੂ ਬੋਲਾਂ ਨਾਲ ਕ੍ਰੋਧ ਦੇ ਜ਼ਹਿਰੀਲੇ ਡੰਗ ਹੋਰ ਵੀ ਤਿੱਖੇ ਹੋ ਜਾਂਦੇ ਹਨ ਜੋ ਜੀਵਨ ਦੇ ਸਭ ਰੰਗਾਂ/ਸੁਰ ਸੁਆਦਾਂ ਨੂੰ ਹੀ ਫਿੱਕਾ ਕਰਕੇ ਰੱਖ ਦਿੰਦੇ ਹਨ। ਜਿਸ ਬਾਬਤ ਗੁਰੂ ਨਾਨਕ ਸਾਹਿਬ ਨੇ ਵੀ ਫੁਰਮਾਇਆ ਹੈ:

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।।

ਬੇਮੁਹਾਰੇ ਖਰ੍ਹਵੇ/ਮੰਦੇ ਬੋਲ ਬੋਲਣ ਜਾਂ ਕਹਿ ਲਵੋ ਝੱਖ ਮਾਰਨ ਵਾਲੇ ਬਣੇ ਬਣਾਏ ਕੰਮ ਵਿਗਾੜ ਕੇ ਹਮੇਸ਼ਾਂ ਘਾਟੇ ਵਿੱਚ ਹੀ ਰਹਿੰਦੇ ਹਨ ਯਾਨੀ ਉਹ ਆਪਣੇ ਜੀਵਨ ਦੇ ਰਸ ਨੂੰ ਵੀ ਗਵਾ ਬਹਿੰਦੇ ਹਨ। ਬੰਦੂਕ ਤੋਂ ਚੱਲੀ ਗੋਲੀ ਤੇ ਜ਼ੁਬਾਨੋਂ ਨਿਕਲੀ ਗੱਲ ਕਦੇ ਵਾਪਸ ਨਹੀਂ ਆਉਂਦੀ। ਬੇਲਗਾਮ ਹੋਈ ਜ਼ੁਬਾਨ ਹੀ ‘ਲੁਤਰੋ’ ਅਖਵਾਉਂਦੀ ਹੈ। ਤਲਵਾਰ ਦੇ ਫਟ ਤਾਂ ਭਰ ਜਾਂਦੇ ਹਨ, ਪਰ ਲੁਤਰੋ ਦੇ ਦਿੱਤੇ ਫਟ ਕਦੇ ਨਹੀਂ ਭਰਦੇ। ਖ਼ਾਸ ਕਰਕੇ ਕਿਸੇ ਖ਼ਾਸ ਆਪਣੇ ਵੱਲੋਂ ਬੋਲੇ ਬੋਲ ਕੁਬੋਲ ਹਮੇਸ਼ਾਂ ਰੜਕਦੇ ਰਹਿੰਦੇ ਹਨ। ਕਿਸੇ ਆਪਣੇ ਵੱਲੋਂ ਮਾਰਿਆ ਫੁੱਲ ਵੀ ਦੁਸ਼ਮਣ ਵੱਲੋਂ ਮਾਰੇ ਪੱਥਰ ਨਾਲੋਂ ਵਧੇਰੇ ਕਸ਼ਟਦਾਇਕ ਹੋ ਨਿੱਬੜਦਾ ਹੈ। ਬਹੁਤੇ ਘਰਾਂ ਤੇ ਪਰਿਵਾਰਾਂ ਦੇ ਆਪਸੀ ਪ੍ਰੇਮ ਪਿਆਰ ਨੂੰ ਲੁਤਰੋ ਹੀ ਲੀਰੋ ਲੀਰ ਕਰਨ ਦੀ ਜ਼ਿੰਮੇਵਾਰ ਹੁੰਦੀ ਹੈ। ਇਹ ਅਜਿਹੀ ਨਫ਼ਰਤ ਦੀ ਦੀਵਾਰ ਖੜ੍ਹੀ ਕਰ ਦਿੰਦੀ ਹੈ ਕਿ ਇੱਕੋ ਥਾਲੀ ਵਿੱਚ ਬੁਰਕੀ ਸਾਂਝੀ ਕਰਨ ਵਾਲਿਆਂ ਦਾ ਜੰਮਣ ਮਰਨ ਜਾਂ ਹੋਰ ਕਾਰ ਵਿਹਾਰਾਂ ’ਤੇ ਹੋਣ ਵਾਲੇ ਮੇਲ ਮਿਲਾਪ ਹੀ ਛੁਟ ਜਾਂਦੇ ਹਨ। ਗਲੀ ਗੁਆਂਢ /ਸ਼ਰੀਕੇ ਨਾਲ ਪੈਂਦੀ ਸਿਰ ਵੱਢਵੀਂ ਦੁਸ਼ਮਣੀ ਦੀ ਜੜ੍ਹ ਵੀ ਲੁਤਰੋ ਹੀ ਹੁੰਦੀ ਹੈ। ਲੁਤਰੋ ਦੇ ਪੁਆੜੇ, ਕਈ ਘਰ ਉਜਾੜੇ।

ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜ਼ੁਬਾਨ ਦੀ ਆਪਣੀ ਹੱਡੀ ਨਹੀਂ ਹੁੰਦੀ, ਪਰ ਕਦੇ ਕਦੇ ਇਹ ਹੱਡੀਆਂ ਜ਼ਰੂਰ ਤੁੜਾ ਦਿੰਦੀ ਹੈ। ਦੇਸ਼ ਦੁਨੀਆ ਵਿੱਚ ਹੋ ਰਹੇ ਦੰਗੇ ਫਸਾਦਾਂ ਦੇ ਵੱਡੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਲੁਤਰੋ ਵੱਲੋਂ ਦਾਗੇ ਹਵਾਈ ਗੋਲੇ ਹੀ ਹੁੰਦੇ ਹਨ। ਅੱਜਕੱਲ੍ਹ ਸੋਸ਼ਲ ਮੀਡੀਆ ਲੁਤਰੋ ਨੂੰ ਇੱਕ ਤਰ੍ਹਾਂ ਖੰਭ ਲਾ ਦਿੰਦਾ ਹੈ। ਖੰਭਾਂ ਦੀਆਂ ਬਣੀਆਂ ਇਹ ਉਡਾਰਾਂ ਜਦ ਕਿਸੇ ਦੀ ਆਸਥਾ ਦੇ ਹੰਕਾਰ ਦੀ ਹਿੱਕ ਵਿੱਚ ਠਾਹ ਕਰਕੇ ਵੱਜਦੀਆਂ ਹਨ ਤੇ ਅਗਲਾ ਕਿਹੜਾ ਘੱਟ ਹੁੰਦੈ ? ਉਹ ਵੀ ਅੱਗੋਂ ਖੰਭਾਂ ਨੂੰ ਨਾਗ ਵਲ਼ ਪਾ ਬਹਿੰਦਾ ਹੈ ਤਾਂ ਫਿਰ ‘ਹਾਏ ਉਏ ਮਾਰ ਸੁੱਟਿਆ’ ਦਾ ਚੀਕ ਚਿਹਾੜਾ ਪੈ ਜਾਂਦਾ।

ਬਹੁਤ ਸਾਰੇ ਹਕੂਮਤਾਂ ਦੀ ਹੈਂਕੜਬਾਜ਼ੀ ਹੋਰਨਾਂ ’ਤੇ ਧੌਂਸ/ਕਬਜ਼ੇ ਕਰਨ ਦੀ ਬਦਨੀਤੀ ਵਾਲੀ ਲੁਤਰੋ ਦੀ ਬਿਆਨਬਾਜ਼ੀ ਕਰਕੇ ਹੀ ਬੰਦੂਕਾਂ ਤੋਂ ਗੱਲ ਵਧਦੀ ਵਧਦੀ ਕੁੱਲ ਦੁਨੀਆ ਦਾ ਮਿੰਟਾਂ ਸੈਕਿੰਡਾਂ ਵਿੱਚ ਵਿਨਾਸ਼ ਕਰਨ ਵਾਲੇ ਮਾਰੂ ਹਥਿਆਰਾਂ ਤੱਕ ਪਹੁੰਚ ਗਈ ਹੈ। ਹਥਿਆਰਾਂ/ਨਸ਼ਿਆਂ ਦੇ ਵਪਾਰੀਆਂ ਦੀ ਚਾਂਦੀ ਹੋਈ ਜਾਂਦੀ ਹੈ। ਬਹੁਤੇ ਗਾਇਕਾਂ ਨੇ ਵੀ ਗਾਣਿਆਂ ਵਿੱਚ ਨਸ਼ਿਆਂ/ਹਥਿਆਰਾਂ ਦੇ ਵਿਖਾਵਿਆਂ ਦੀ ਹਨੇਰੀ ਲਿਆ ਛੱਡੀ ਹੈ ਤੇ ਉੱਧਰੋਂ ਗੈਂਗਸਟਰ/ਹੁੱਲੜਬਾਜ਼ ਵੀ ਕੋਈ ਕਸਰ ਨਹੀਂ ਛੱਡ ਰਹੇ। ਬਦ ਨਾਲ ਬਦ ਹੀ ਪੂਰਾ ਮੋਢੇ ਜੋੜ ਕੇ ਸਾਥ ਦੇ ਰਿਹਾ ਹੈ। ਵਿਚਾਰੇ ਮਾਪਿਆਂ ਦੇ ਪੁੱਤ ਕੁਝ ਮਰੀ ਜਾਂਦੇ ਹਨ, ਕੁਝ ਜੇਲ੍ਹਾਂ ਵਿੱਚ ਸੜੀ ਜਾਂਦੇ ਹਨ ਤੇ ਕੁਝ ਜਹਾਜ਼ ਚੜ੍ਹੀ ਜਾਂਦੇ ਹਨ। ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ। ਸੁੰਨੀਆਂ ਹੋ ਜਾਣ ਗਲੀਆਂ ਵਿੱਚ ਲੁਤਰੋ ਪਈ ਨੱਚੇ, ਵਾਲੇ ਵਰਤਾਰੇ ਵਰਤ ਰਹੇ ਹਨ। ਲੋਕਾਂ ਦੇ ਦੁੱਖ ਤਕਲੀਫ਼ਾਂ ਦੇ ਅਫ਼ਸ­ੋਸਾਂ ਸਮੇਂ ਵੀ ਲੁਤਰੋ ਡੰਗ ਮਾਰਨੋਂ ਨਹੀਂ ਟਲਦੀ।

ਜ਼ੁਬਾਨੋਂ ਮੁੱਕਰਨ ਨੂੰ ਥੁੱਕ ਕੇ ਚੱਟਣਾ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਹਰ ਖੇਤਰ ਵਿੱਚ ਹੀ ਇਹ ਸਭ ਕੁਝ ਵੱਡੀ ਪੱਧਰ ਉਤੇ ਵਾਪਰ ਰਿਹਾ ਹੈ। ਸਿਆਸਤ ਵਿੱਚ ਇਸ ਨੂੰ ਬੜੀ ਟੌਹਰ ਨਾਲ ‘ਯੂ ਟਰਨ’ ਆਖ ਕੇ ਹੋਊ ਪਰੇ ਕੀਤਾ ਜਾ ਰਿਹਾ ਹੈ। ਲੁਤਰੋ ਪੂਰੇ ਪਟਾਕੇ ’ਤੇ ਪਟਾਕੇ ਪੁਆਈ ਜਾਂਦੀ ਹੈ। ਝੂਠ ਹੀ ਗੁੰਨ੍ਹ ਗੁੰਨ੍ਹ ਕੇ ਸਿਆਸੀ ਰੋਟੀਆਂ ਰਾੜ੍ਹ ਰਾੜ੍ਹ ਕੇ ਛਕੀਆਂ ਤੇ ਛਕਾਈਆਂ ਜਾ ਰਹੀਆਂ ਹਨ। ਗਰਮਾ ਗਰਮ ਕੁਲਫੀਆਂ ਤੇ ਠੰਢੀਆਂ ਠਾਰ ਚਾਹਾਂ ਵਿਕ ਰਹੀਆਂ ਹਨ। ਪੋਹ ਮਾਘ ਵਿੱਚ ਪਸੀਨੇ ਛੁਟ ਰਹੇ ਹਨ ਤੇ ਜੇਠ ਹਾੜ੍ਹ ਵਿੱਚ ਕਾਂਬੇ ਛਿੜੀ ਜਾਂਦੇ ਹਨ। ਲੋਕਤੰਤਰ ਦੇ ਮੰਦਰਾਂ (ਲੋਕ ਸਭਾ/ਵਿਧਾਨ ਸਭਾਵਾਂ ਆਦਿ) ਵਿੱਚ ਸਿਆਸੀ ਲੁਤਰੋ ਦੀ ਪੂਰੀ ਟੌਹਰ ਹੈ। ਰੰਗ ਰੰਗੀਲੇ ਭਰਮਾਊ ਜੁਮਲੇ ਹੀ ਜੁਮਲੇ ਹਨ। ਮਸਲਿਆਂ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਕਈ ਥਾਈਂ ਬਦਕਲਾਮੀ ਦੇ ਨਾਲ ਨਾਲ ‘ਤੂੰ ਤੂੰ ਮੈਂ ਮੈਂ’ ਦੇ ਬੋ ਬੱਕਰੇ ਵੀ ਬੁਲਾਏ ਜਾਂਦੇ ਹਨ। ਸੌਂਕਣ ਸੌਂਕਣ ਦੇ ਹੁੰਦੇ ਇਨ੍ਹਾਂ ਮੁਕਾਬਲਿਆਂ ਵਿੱਚ ਪੱਟਾਂ ਉਤੇ ਥਾਪੀਆਂ ਵੀ ਵੱਜਦੀਆਂ ਹਨ।

‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ’ ਅਨੁਸਾਰ ਸੱਤਾਧਾਰੀ ਲੁਤਰੋ ਲਾਰੇ ਲੱਪਿਆਂ ਦੇ ਠੁਮਕਿਆਂ ਨਾਲ ਕੁਰਸੀ ਨੂੰ ਪਏ ਜੱਫੇ ਦੀ ਪਕੜ ਨੂੰ ਮਜ਼ਬੂਤ ਕਰਨ ਵਿੱਚ ਮਸਤ ਹੈ ਅਤੇ ਵਿਰੋਧੀ ਲੁਤਰੋ ਕੁਰਸੀ ਖਿੱਚਣ ਲਈ ਭੰਡੀ ਵਾਲੀ ਡੁਗਡੁਗੀ ਵਜਾਉਣ ਵਿੱਚ ਪੂਰੀ ਮਸਤ ਹੈ। ਪਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਕੋਈ ਵੀ ਕੋਸ਼ਿਸ਼ ਨਹੀਂ ਕਰਦਾ। ਆਮ ਲੋਕਾਈ ਦੇ ਮੁੱਦੇ ਧਰੇ ਧਰਾਏ ਪਏ ਰਹਿੰਦੇ ਹਨ। ਕੌਣ ਜਾਣੇ ਪੀੜ ਪਰਾਈ? ਮਹਾਤੜ ਅੱਖਾਂ ਵਿੱਚ ਘਸੁੰਨ ਦੇ ਕੇ ਸਿਸਕੀ ਜਾਂਦੇ ਹਨ। ਬੇਗਾਨੀ ਪੀੜ ਦਾ ਕਿਸੇ ਨੂੰ ਕੋਈ ਦਰਦ ਨਹੀਂ। ਬੇ ਨਿਆਈਂ ਦੇ ਹਨੇਰ ਹੋਰ ਗਾੜ੍ਹੇ ਤੇ ਨੱਪੀਆਂ ਫਾਈਲਾਂ ਦੇ ਢੇਰ ਹੋਰ ਉੱਚੇ ਹੋਈ ਜਾਂਦੇ ਹਨ। ਇਨ੍ਹਾਂ ਥੱਲੇ ਦੱਬਿਆ ਸੱਚ/ ਨਿਆਂ ਦਮ ਤੋੜੀ ਜਾ ਰਿਹਾ ਹੈ। ਜੇ ਕੋਈ ਦੱਬੇ ਨਿਆਂ/ਸੱਚ ਦੀਆਂ ਪਰਤਾਂ ਫਰੋਲਣ ਲੱਭਣ ਲਈ ਨਿਆਂ ਦੇ ਮੰਦਰਾਂ ਵੱਲ ਭੱਜਣ ਦੀ ਹਿੰਮਤ ਕਰਦਾ ਵੀ ਹੈ ਤਾਂ ਲੁਤਰੋ ਇੱਥੇ ਵੀ ਆਪਣਾ ਜਲਵਾ ਵਿਖਾ ਹੀ ਦਿੰਦੀ ਹੈ। ਅੱਗੋਂ ਨਿਆਂ ਦੀ ਤੱਕੜੀ ਫੜੀਂ ਬੈਠੇ ਨਿਆਂ ਦੇ ਮੰਦਰਾਂ ਦੇ ਚੌਧਰੀ ਵੀ ਕਿਹੜੇ ਘੱਟ ਹਨ। ਹਿਰਦੇ ਵਿਸ਼ਾਲ ਕਰਕੇ ਬੇਨਿਆਈ ਦਾ ਅਸਲ ਮੁੱਦਾ ਫੜ ਕੇ ਸੱਚ ਨੂੰ ਨਿਆਂ ਦੇ ਛਾਬੇ ਨਾਲ ਬਾਹਰ ਲਿਆਉਣ ਦੀ ਥਾਂ ਲੁਤਰੋ ਨੂੰ ਹੀ ਵੱਡਾ ਮੁੱਦਾ ਬਣਾ ਕੇ ਉਹ ਵੀ ਮਾਣਹਾਨੀ ਦੇ ‘ਹਾਰਾਂ’ ਨਾਲ ਸੁਆਗਤ ਵੀ ਕਰੀ ਜਾਂਦੇ ਹਨ।

ਲੁਤਰੋ ਨਾਲ ਬੰਦੇ ਨੇ ਧਰਮ ਨੂੰ ਵੇਚਣ ਤੇ ਰੱਬ ਨੂੰ ਵੀ ਨਿਲਾਮੀ ਉਤੇ ਲਾਇਆ ਹੋਇਆ ਹੈ। ਇਸ਼ਟ/ ਰੱਬ ਦੇ ਵੱਖ ਵੱਖ ਨਾਵਾਂ, ਧਾਰਮਿਕ ਗ੍ਰੰਥਾਂ ਦੇ ਪਾਠਾਂ ਦੇ ਬੇਸ਼ੁਮਾਰ ਤੋਤੇ ਰਟਨ ਜ਼ਰੂਰ ਹੋਈ ਜਾਂਦੇ ਹਨ, ਪਰ ਉਨ੍ਹਾਂ ਦੇ ਅਸਲ ਉਪਦੇਸ਼ਾਂ ਅਨੁਸਾਰ ਅਭਿਆਸੀ ਕਰਮ ਨਾਂਮਾਤਰ ਹੋ ਰਹੇ ਹਨ, ਪਰ ਅਡੰਬਰ ਸਭ ਤੋਂ ਵੱਧ। ਨਤੀਜੇ ਵਜੋਂ ਭਗਵਾਨ, ਰੱਬ/ਗੁਰੂ/ ਪੀਰਾਂ/ ਦਿਨ ਦਿਹਾਰਾਂ ਦੇ ਨਾਵਾਂ ਉਤੇ ਲੱਗਦੇ ਮੇਲੇ- ਮੱਸਿਆ ਵਿੱਚ ਅਸਲ ਸ਼ਰਧਾ ਦੀ ਥਾਂ ਦੇ ਅਖੌਤੀ ਭਗਤਾਂ/ ਸ਼ਰਧਾਲੂਆਂ ਦੀਆਂ ਤੀਰਥ ਯਾਤਰਾਵਾਂ ਦੌਰਾਨ ਫੁਕਰੀਆਂ, ਹੁੱਲੜਬਾਜ਼ੀਆਂ, ਹੁੜਦੰਗਪੁਣੇ ਤੇ ਬੇਦਰਦ ਕਤਲੋਗਾਰਤ ਦੇ ਮਾਮਲਿਆਂ ਦੀਆਂ ਗਤੀਵਿਧੀਆਂ ਦੇ ਪ੍ਰਚਲਨ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ। ਮਾਨੋ ਮਨੁੱਖ ਦੀ ਇਨਸਾਨੀਅਤ ਨੂੰ ਭਾਰੀ ਮਾਰ ਪੈ ਰਹੀ ਹੈ ਤੇ ਸ਼ਾਨਮੱਤੇ ਵਿਰਾਸਤੀ ਇਤਿਹਾਸ ਨੂੰ ਵੱਡਾ ਖੋਰਾ ਲੱਗ ਰਿਹਾ ਹੈ। ਪਰ ਸੰਗਠਨਾਂ ਦੇ ਅਖੌਤੀ ਨੇਤਾਵਾਂ ਦੀ ਲੁਤਰੋ ਹੋਰ ਵੀ ਬੇਥਵੀਆਂ ਮਾਰੀ ਜਾ ਰਹੀ ਹੈ। ਝੂਠ ਦੇ ਗੱਫੇ ਵਰਤਾਉਣ ਵਾਲੀ ਲੁਤਰੋ ਨੂੰ ਸੱਚ ਰੂਪੀ ਦੰਦਾਂ ਥੱਲੇ ਕਦੇ ਨਾ ਕਦੇ ਆਉਣਾ ਹੀ ਪੈਣਾ ਹੈ। ਸੋ ਗਪੌੜਾਂ ਦੇ ਕੜਾਹ ਨਾਲ ਹੋਰਨਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣ ਲਈ ਲੁਤਰੋ ਦੀ ਲਗਾਮ ਕਸਣੀ ਬਹੁਤ ਜ਼ਰੂਰੀ ਹੈ।

ਜੇ ਲੁਤਰੋ ਨੂੰ ਕਾਬੂ ਕਰਨ ਦਾ ਆ ਜਾਵੇ ਵੱਲ

ਤਾਂ ਫਿਰ ਬਹੁਤ ਸਾਰੇ ਮਸਲੇ ਹੋ ਜਾਣਗੇ ਹੱਲ।

ਮਨੁੱਖੀ ਜੀਵਨ ਦੇ ਸੁੱਚੇ ਅਸੂਲਾਂ ਵਿੱਚੋਂ ਇੱਕ ਅਸੂਲ ਇਹ ਵੀ ਹੈ ਕਿ ਬੋਲਣ ਤੋਂ ਪਹਿਲਾਂ ਤੋਲਣ ਵਾਲੇ ਸਲੀਕੇਦਾਰ ਵਿਅਕਤੀ ਕਦੇ ਵੀ ਕਿਸੇ ਦੇ ਹਿਰਦੇ ਨੂੰ ਲੁਤਰੋ ਦੇ ਸ਼ਬਦੀ ਬਾਣਾਂ ਨਾਲ ਛਲਣੀ ਨਹੀਂ ਕਰਦੇ। ਸਗੋਂ ਉਹ ਸਮਝਦੇ ਹੁੰਦੇ ਹਨ ਕਿ ਚੰਗੇ ਬੋਲਾਂ ਨਾਲ ਖ਼ੁਦ ਦੇ ਆਤਮ ਸਨਮਾਨ ਵਿੱਚ ਵੀ ਵਾਧਾ ਹੁੰਦਾ ਹੈ ਤੇ ਦੂਜਿਆਂ ਦੀਆਂ ਭਾਵਨਾਵਾਂ ਦਾ ਵੀ ਪੂਰਾ ਸਨਮਾਨ ਹੁੰਦਾ ਹੈ:

ਨਾਪ ਤੋਲ ਕੇ ਬੋਲੀਏ, ਕਦੇ ਨਾ ਡੋਲੀਏ।
ਸੰਪਰਕ: 61423191173

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All