ਨਾਵਲਕਾਰ ਜਰਨੈਲ ਸਿੰਘ ਸੇਖਾ ਦੇ 93ਵੇਂ ਜਨਮ ਦਿਨ ’ਤੇ ਸਾਹਿਤਕ ਮਿਲਣੀ
ਸਰੀ: ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਗੁਲਾਟੀ ਪਬਲਿਸ਼ਰਜ਼ ਲਿਮਟਿਡ, ਸਰੀ ਵਿਖੇ ਸਾਹਿਤਕ ਮਿਲਣੀ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਨੇ ਜਰਨੈਲ ਸਿੰਘ ਸੇਖਾ ਨੂੰ ਜਨਮ...
ਸਰੀ: ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਗੁਲਾਟੀ ਪਬਲਿਸ਼ਰਜ਼ ਲਿਮਟਿਡ, ਸਰੀ ਵਿਖੇ ਸਾਹਿਤਕ ਮਿਲਣੀ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਨੇ ਜਰਨੈਲ ਸਿੰਘ ਸੇਖਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੀ ਚੰਗੀ ਸਿਹਤ, ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।
ਇਸ ਮੌਕੇ ਮੋਹਨ ਗਿੱਲ, ਅੰਗਰੇਜ਼ ਬਰਾੜ, ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ ਅਤੇ ਪਰਮਜੀਤ ਸੇਖੋਂ ਨੇ ਜਰਨੈਲ ਸਿੰਘ ਸੇਖਾ ਨਾਲ ਸਾਹਿਤਕ ਸਾਂਝ ਅਤੇ ਉਨ੍ਹਾਂ ਦੇ ਲੰਮੇ ਰਚਨਾਤਮਕ ਸਫ਼ਰ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ। ਜਨਮ ਦਿਨ ਦੀ ਖ਼ੁਸ਼ੀ ਵਿੱਚ ਕੇਕ ਕੱਟਿਆ ਗਿਆ ਅਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨੇਹ ਅਤੇ ਸਤਿਕਾਰ ਪ੍ਰਗਟ ਕੀਤਾ ਗਿਆ।
ਜਰਨੈਲ ਸਿੰਘ ਸੇਖਾ ਦੀ ਸਾਹਿਤਕ ਦੇਣ ਬਾਰੇ ਗੱਲਬਾਤ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਸੇਖਾ ਨੇ ਪੰਜਾਬੀ ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀ ਰਚਨਾ ਵਿੱਚ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਯਾਦਾਂ ਦੇ ਨਾਲ ਨਾਲ ਪਰਵਾਸੀ ਜੀਵਨ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ, ਸਮਾਜਿਕ ਤਬਦੀਲੀਆਂ ਅਤੇ ਨਵੇਂ ਮਾਹੌਲ ਵਿੱਚ ਵਸਣ ਵਾਲੇ ਪੰਜਾਬੀ ਮਨੁੱਖ ਦੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਮਿਲਦੀ ਹੈ।
ਜਰਨੈਲ ਸਿੰਘ ਸੇਖਾ ਦਾ ਸਾਹਿਤਕ ਸਫ਼ਰ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਕੈਨੇਡਾ ਦੀ ਧਰਤੀ ਤੱਕ ਪਹੁੰਚਿਆ। ਅਧਿਆਪਕ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਕੈਨੇਡਾ ਆ ਕੇ ਉਨ੍ਹਾਂ ਨੇ ਪਰਵਾਸੀ ਜੀਵਨ ਦੇ ਤਜਰਬਿਆਂ ਨੂੰ ਬੜੀ ਨੇੜਿਓਂ ਮਹਿਸੂਸ ਕੀਤਾ। ਇਹ ਤਜਰਬੇ ਬਾਅਦ ਵਿੱਚ ਉਨ੍ਹਾਂ ਦੀ ਰਚਨਾ ਦਾ ਮਹੱਤਵਪੂਰਨ ਹਿੱਸਾ ਬਣੇ। ਉਨ੍ਹਾਂ ਨੇ ਆਪਣੇ ਆਲੇ ਦੁਆਲੇ ਦੇ ਜੀਵਨ, ਲੋਕਾਂ ਅਤੇ ਸਮਾਜਿਕ ਵਰਤਾਰਿਆਂ ਨੂੰ ਗਹੁ ਨਾਲ ਦੇਖਿਆ ਅਤੇ ਉਨ੍ਹਾਂ ਨੂੰ ਕਹਾਣੀਆਂ ਤੇ ਨਾਵਲਾਂ ਦੇ ਰੂਪ ਵਿੱਚ ਪੇਸ਼ ਕੀਤਾ।
ਸ੍ਰੀ ਸੇਖਾ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ‘ਦੁਨੀਆ ਕੈਸੀ ਹੋਈ’, ‘ਭਗੌੜਾ’, ‘ਆਪਣਾ ਆਪਣਾ ਸੁਰਗ’, ‘ਭਗੌੜਾ’, ‘ਦੁੱਲੇ ਦੀ ਬਾਰ ਤੱਕ’, ‘ਵੈਨਕੂਵਰ ਸੇ ਲਾਇਲਪੁਰ’, ‘ਬੇਗਾਨੇ’, ‘ਵਿਗੋਚਾ’ ‘ਨਾਬਰ’ ‘ਚੇਤੇ ਵਿੱਚ ਉੱਕਰੇ ਚਿਹਰੇ’ ਆਦਿ ਸ਼ਾਮਲ ਹਨ। ਉਨ੍ਹਾਂ ਦੀ ਆਤਮਕਥਾ ‘ਕੰਡਿਆਰੇ ਪੰਧ’ ਉਨ੍ਹਾਂ ਦੇ ਜੀਵਨ, ਸੰਘਰਸ਼ ਅਤੇ ਸਾਹਿਤਕ ਸਫ਼ਰ ਦਾ ਮਹੱਤਵਪੂਰਨ ਦਸਤਾਵੇਜ਼ ਮੰਨੀ ਜਾਂਦੀ ਹੈ। ਉਨ੍ਹਾਂ ਦੀਆਂ ਲਿਖਤਾਂ ਵਿੱਚ ਪਰਵਾਸ ਦੀ ਪੀੜ ਦੇ ਨਾਲ-ਨਾਲ ਆਪਣੀ ਮਿੱਟੀ, ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਤਾਂਘ ਵੀ ਪ੍ਰਮੁੱਖ ਰੂਪ ਵਿੱਚ ਉੱਭਰਦੀ ਹੈ।
ਜਰਨੈਲ ਸਿੰਘ ਸੇਖਾ ਦੀ ਦੇਣ ਸਿਰਫ਼ ਇੱਕ ਨਾਵਲਕਾਰ ਜਾਂ ਕਹਾਣੀਕਾਰ ਵਜੋਂ ਹੀ ਨਹੀਂ ਹੈ ਸਗੋਂ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਉਹ ਲੰਮੇ ਸਮੇਂ ਤੋਂ ਯਤਨਸ਼ੀਲ ਰਹੇ ਹਨ। ਸਾਹਿਤਕ ਸਮਾਗਮਾਂ, ਵਿਚਾਰ ਗੋਸ਼ਟੀਆਂ ਅਤੇ ਪੰਜਾਬੀ ਸਾਹਿਤ ਨਾਲ ਸਬੰਧਤ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਨੇ ਇੱਥੋਂ ਦੇ ਪੰਜਾਬੀ ਸਾਹਿਤਕ ਮਾਹੌਲ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ ਹੈ।
ਸੰਪਰਕ: +1 604 308 6663

