DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡਾ. ਦੇਵਿੰਦਰ ਸੈਫ਼ੀ ਨਾਲ ਸਾਹਿਤਕ ਸੰਵਾਦ ਰਚਾਇਆ

ਬਰੈਂਪਟਨ: ਅੰਤਰਰਾਸ਼ਟਰੀ ਸਾਹਿਤਕ ਸਾਝਾਂ ਦੇ ਸੰਸਥਾਪਕ ਅਤੇ ਪ੍ਰਧਾਨ ਰਮਿੰਦਰ ਰੰਮੀ ਦੀ ਅਗਵਾਈ ਹੇਠ ਚੱਲ ਰਹੇ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’ ਦੀ 58ਵੀਂ ਕੜੀ ਬਹੁਤ ਹੀ ਯਾਦਗਾਰੀ ਰਹੀ। ਇਸ ਵਾਰ ਪੰਜਾਬੀ ਦੇ ਉੱਘੇ ਕਵੀ, ਚਿੰਤਕ ਅਤੇ ਆਲੋਚਕ ਡਾ. ਦੇਵਿੰਦਰ ਸੈਫ਼ੀ ਦੀ ਸ਼ਖ਼ਸੀਅਤ...

  • fb
  • twitter
  • whatsapp
  • whatsapp
Advertisement

ਬਰੈਂਪਟਨ: ਅੰਤਰਰਾਸ਼ਟਰੀ ਸਾਹਿਤਕ ਸਾਝਾਂ ਦੇ ਸੰਸਥਾਪਕ ਅਤੇ ਪ੍ਰਧਾਨ ਰਮਿੰਦਰ ਰੰਮੀ ਦੀ ਅਗਵਾਈ ਹੇਠ ਚੱਲ ਰਹੇ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’ ਦੀ 58ਵੀਂ ਕੜੀ ਬਹੁਤ ਹੀ ਯਾਦਗਾਰੀ ਰਹੀ। ਇਸ ਵਾਰ ਪੰਜਾਬੀ ਦੇ ਉੱਘੇ ਕਵੀ, ਚਿੰਤਕ ਅਤੇ ਆਲੋਚਕ ਡਾ. ਦੇਵਿੰਦਰ ਸੈਫ਼ੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸਾਹਿਤਕ ਸਫ਼ਰ ਨੂੰ ਪ੍ਰੋ. ਕੁਲਜੀਤ ਕੌਰ ਵੱਲੋਂ ਇੱਕ ਵਿਸ਼ੇਸ਼ ਰੂਬਰੂ ਰਾਹੀਂ ਉਜਾਗਰ ਕੀਤਾ ਗਿਆ।

ਪ੍ਰੋਗਰਾਮ ਦੇ ਆਗਾਜ਼ ਵਿੱਚ ਕਨਵੀਨਰ ਡਾ. ਬਲਜੀਤ ਕੌਰ ਰਿਆੜ ਨੇ ਡਾ. ਸੈਫ਼ੀ ਨੂੰ ਇੱਕ ਬਹੁਪੱਖੀ ਪ੍ਰਤਿਭਾ ਦਾ ਮਾਲਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ ਸਮਾਜਿਕ ਅਤੇ ਮਨੁੱਖੀ ਸਰੋਕਾਰਾਂ ਪ੍ਰਤੀ ਡੂੰਘੀ ਫ਼ਿਕਰਮੰਦੀ ਨੂੰ ਦਰਸਾਉਂਦੀ ਹੈ। ਸੰਵਾਦ ਦੌਰਾਨ ਡਾ. ਸੈਫ਼ੀ ਨੇ ਆਪਣੇ ਜੀਵਨ ਦੇ ਸੰਘਰਸ਼ਮਈ ਪੜਾਵਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਫ਼ਰੀਦਕੋਟ ਦੇ ਪਿੰਡ ਮੋਰਾਂਵਾਲੀ ਦੇ ਪਿਛੋਕੜ ਅਤੇ ਬਚਪਨ ਵਿੱਚ ਵੇਖੀਆਂ ਜਾਤੀਗਤ ਤੇ ਧਾਰਮਿਕ ਵੰਡੀਆਂ ਨੇ ਉਨ੍ਹਾਂ ਦੇ ਚਿੰਤਨ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਨੁੱਖ ਦਾ ਪਿਛੋਕੜ ਉਸ ਦੀ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

Advertisement

ਡਾ. ਸੈਫ਼ੀ ਦਾ ਸਾਹਿਤਕ ਘੇਰਾ ਕਵਿਤਾ ਤੋਂ ਪਰੇ ਆਲੋਚਨਾ, ਦਰਸ਼ਨ, ਕਹਾਣੀ ਅਤੇ ਸਾਹਿਤ-ਸਿਧਾਂਤ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਦੀਆਂ ਪ੍ਰਮੁੱਖ ਪੁਸਤਕਾਂ ਜਿਵੇਂ ‘ਦੁਪਹਿਰ ਦਾ ਸਫ਼ਾ’, ‘ਨੀਤਸ਼ੇ ਦਾ ਮਹਾਂਮਾਨਵ’, ‘ਵੱਡਿਆਂ ਦੀਆਂ ਮੱਤਾਂ’ ਅਤੇ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ‘ਕਲਾਮ-ਏ-ਸੈਫ਼ੀ’ ਉਨ੍ਹਾਂ ਦੀ ਬਹੁਪੱਖੀ ਲੇਖਣੀ ਦੀ ਗਵਾਹੀ ਭਰਦੀਆਂ ਹਨ। ਆਪਣੇ ਸਿਰਜਣਾਤਮਕ ਸਫ਼ਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਵਿਦਿਆਰਥੀ ਜੀਵਨ ਦੀਆਂ ਠੋਕਰਾਂ ਅਤੇ ਸਰਕਾਰੀ ਨੌਕਰੀ ਦੌਰਾਨ ਵੇਖੇ ਭ੍ਰਿਸ਼ਟਾਚਾਰ ਨੇ ਉਨ੍ਹਾਂ ਨੂੰ ‘ਵੋਟ ਰਾਜ’ ਵਰਗੀਆਂ ਤਿੱਖੀਆਂ ਰਚਨਾਵਾਂ ਲਿਖਣ ਲਈ ਪ੍ਰੇਰਿਤ ਕੀਤਾ।

Advertisement

ਆਪਣੇ ਤਖ਼ੱਲਸ ‘ਸੈਫ਼ੀ’ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਨਾਮ ਜਾਤੀਗਤ ਪਛਾਣ ਤੋਂ ਉੱਪਰ ਉੱਠ ਕੇ ਨਿਰਪੱਖ ਰਹਿਣ ਦੀ ਇੱਛਾ ਦਾ ਪ੍ਰਤੀਕ ਹੈ। ਮਾਂ-ਬੋਲੀ ਪ੍ਰਤੀ ਆਪਣੀ ਅਟੁੱਟ ਸ਼ਰਧਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਅਹੁਦੇ ਨਾਲੋਂ ਸੱਚ ਬੋਲਣ ਦੀ ਆਜ਼ਾਦੀ ਅਤੇ ਮਾਂ-ਬੋਲੀ ਦਾ ਸਤਿਕਾਰ ਉਨ੍ਹਾਂ ਲਈ ਸਭ ਤੋਂ ਉੱਪਰ ਹੈ। ਇਸ ਮੌਕੇ ਪ੍ਰੋ. ਕੁਲਜੀਤ ਕੌਰ ਨੇ ਉਨ੍ਹਾਂ ਦੀ ਰਚਨਾ ‘ਜੇ ਸਾਈਂ ਤੌਫ਼ੀਕ ਦੇਵੇ ਤਾਂ’ ਨੂੰ ਸੰਗੀਤਕ ਰੂਪ ਵਿੱਚ ਪੇਸ਼ ਕਰਕੇ ਮਾਹੌਲ ਨੂੰ ਭਾਵਪੂਰਤ ਬਣਾ ਦਿੱਤਾ।

ਸਮਾਗਮ ਦੌਰਾਨ ਅੰਤਰਰਾਸ਼ਟਰੀ ਸਾਹਿਤਕ ਸਾਝਾਂ ਦਾ ਸਤੰਬਰ ਮਹੀਨੇ ਦਾ ਈ-ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ। ਅੰਤ ਵਿੱਚ ਸਰਪ੍ਰਸਤ ਸੁਰਜੀਤ ਨੇ ਸਮੁੱਚੇ ਸੰਵਾਦ ਦਾ ਸਾਰ ਪੇਸ਼ ਕਰਦਿਆਂ ਇਸ ਨੂੰ ਪ੍ਰੇਰਨਾਮਈ ਅਤੇ ਚਿੰਤਨ-ਭਰਪੂਰ ਕਰਾਰ ਦਿੱਤਾ। ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਤੋਂ ਕਈ ਨਾਮਵਰ ਸਾਹਿਤਕਾਰਾਂ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਡਾ. ਸੈਫ਼ੀ ਦੇ ਕਲਾਮ ਦੀ ਸ਼ਲਾਘਾ ਕੀਤੀ।

Advertisement
×