ਡਾ. ਗੁਰਬਖ਼ਸ਼ ਸਿੰਘ ਭੰਡਾਲ
ਜ਼ਿੰਦਗੀ ਰੂਪੀ ਮਹਿਲ ਦੀਆਂ ਨੀਹਾਂ, ਕੰਧਾਂ, ਦਰਵਾਜ਼ੇ, ਰੌਸ਼ਨਦਾਨ, ਖਿੜਕੀਆਂ, ਛੱਤਾਂ ਸਮੇਤ ਇਸ ਦੀ ਸਮੁੱਚਤਾ ਵਿੱਚ ਬਹੁਤ ਕੁਝ ਅਜਿਹਾ ਹੁੰਦਾ ਹੈ ਜਿਸ ਨੇ ਇਸ ਦੀ ਦਿੱਖ, ਮਜ਼ਬੂਤੀ, ਸੁਹੱਪਣ ਅਤੇ ਸਥਿਰਤਾ ਨੂੰ ਆਪਣੇ ਵਿੱਚ ਸਮੋਇਆ ਹੁੰਦਾ ਹੈ।
ਕੋਈ ਵੀ ਜ਼ਿੰਦਗੀ ਕਦੇ ਵੀ ਸੰਪੂਰਨ ਨਹੀਂ ਹੁੰਦੀ। ਇਸ ਵਿੱਚ ਕੁਝ ਤਰੇੜਾਂ, ਵਿਰਲਾਂ, ਝਰੋਖੇ, ਤਾਕੀਆਂ, ਝੀਤਾਂ ਅਤੇ ਛੇਕ ਹੁੰਦੇ ਹਨ। ਕਦੇ ਕਦਾਈ ਇਹ ਵਿਰਲਾਂ ਹਵਾ ਦੇ ਆਉਣ-ਜਾਣ ਅਤੇ ਅੰਦਰਲੀ ਗੰਦਗੀ ਨੂੰ ਬਾਹਰ ਨਿਕਲਣ ਦਾ ਰਾਹ ਹੁੰਦੀਆਂ ਹਨ, ਪਰ ਕਈ ਵਾਰ ਇਹ ਜ਼ਿੰਦਗੀ ਦੀ ਮਜ਼ਬੂਤੀ ਨੂੰ ਖੋਰਦੀਆਂ, ਹੋਂਦ ਨੂੰ ਜ਼ਰਜ਼ਰੀ ਕਰਦੀਆਂ ਅਤੇ ਇਸ ਦੀਆਂ ਨੀਹਾਂ ਨੂੰ ਖੋਖਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ।
ਜ਼ਿੰਦਗੀ ਦੀਆਂ ਅਜਿਹੀਆਂ ਵਿਰਲਾਂ ਨੂੰ ਪਛਾਣਨਾ ਅਤੇ ਇਨ੍ਹਾਂ ਦੀ ਭਰਪਾਈ ਬਹੁਤ ਜ਼ਰੂਰੀ ਹੈ। ਵਿਰਲਾਂ ਹੀ ਸਬੰਧਾਂ ਦੀ ਕੱਚੀ ਤੰਦ ਨੂੰ ਤੋੜਦੀਆਂ ਹਨ। ਕਦੇ ਇਹ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਲੀਤ ਕਰਦੀਆਂ ਅਤੇ ਮੋਹ-ਭਿੱਜੀ ਸਾਂਝ ਨੂੰ ਤਾਰ-ਤਾਰ ਕਰਦੀਆਂ ਹਨ। ਜਿਊਣਾ ਮੁਹਾਲ ਕਰਦੀਆਂ ਹਨ ਅਤੇ ਇਸ ਦੀ ਤਲੀ ਤੇ ਅਣਸੁਖਾਵੀਆਂ ਅਤੇ ਅਣਸੁਣੀਆਂ ਘਟਨਾਵਾਂ ਦਾ ਚਿੱਤਰਪਟ ਖੁਣਦੀਆਂ ਹਨ।
ਜ਼ਿੰਦਗੀ ਦੀਆਂ ਇਨ੍ਹਾਂ ਤਰੇੜਾਂ, ਵਿਰਲਾਂ ਜਾਂ ਸੁਰਾਖਾਂ ਨੂੰ ਭਰਨ ਤੋਂ ਪਹਿਲਾਂ ਇਨ੍ਹਾਂ ਦੀ ਪਛਾਣ ਕਰਨੀ ਅਤਿ ਜ਼ਰੂਰੀ ਹੈ। ਇਲਾਜ ਤੋਂ ਪਹਿਲਾਂ ਅਲਾਮਤ ਨੂੰ ਜਾਣਨਾ ਅਤੇ ਕਾਰਨਾਂ ਨੂੰ ਸਮਝਣਾ ਬਹੁਤ ਅਹਿਮ ਹੁੰਦਾ ਹੈ। ਕਈ ਵਾਰ ਸਾਵੀਂ-ਪੱਧਰੀ ਜਾਪਦੀ ਜ਼ਿੰਦਗੀ ਵਿੱਚ ਪਏ ਹੋਏ ਅਦਿੱਖ ਖੱਡੇ, ਨਿਵਾਣ, ਉਚਾਣ ਜਾਂ ਖਾਈਆਂ ਦੀ ਭਰਪਾਈ ਵੀ ਜ਼ਰੂਰੀ ਹੁੰਦੀ ਹੈ। ਇਨ੍ਹਾਂ ਦੀ ਭਰਪਾਈ ਕਰਕੇ ਅਸੀਂ ਆਪਣੇ ਜੀਵਨ-ਸਫ਼ਰ ਨੂੰ ਸੁਖਨਵਾਰ ਅਤੇ ਸਹਿਜਮਈ ਬਣਾ ਸਕਦੇ ਹਾਂ। ਜੀਵਨ ਦੀਆਂ ਨਿਆਮਤਾਂ ਦੀ ਮਹਿਕ ਤੇ ਅਸੀਮਤਾ ਨਾਲ ਅੰਤਰੀਵ ਨੂੰ ਰੰਗ ਕੇ ਤਸੱਵਰੀ ਜ਼ਿੰਦਗੀ ਨੂੰ ਮਾਣ ਸਕਦੇ ਹਾਂ।
ਜ਼ਿੰਦਗੀ ਬਸਰ ਕਰਦਿਆਂ, ਆਰ-ਪਰਿਵਾਰ ਵਿੱਚ ਰਹਿੰਦਿਆਂ, ਜੀਵਨ-ਸਾਥੀ ਦੀ ਸੰਗਤ ਮਾਣਦਿਆਂ, ਸੰਗੀ-ਸਾਥੀਆਂ ਨਾਲ ਨਿੱਤਾਪ੍ਰਤੀ ਦਾ ਕਾਰ-ਵਿਹਾਰ ਕਰਦਿਆਂ, ਕਾਰੋਬਾਰ ਜਾਂ ਨੌਕਰੀ ਕਰਦਿਆਂ, ਸੂਖ਼ਮਤਾ ਨਾਲ ਮਨੁੱਖੀ ਵਿਵਹਾਰ ਨੂੰ ਘੋਖਣ ਦੀ ਲੋੜ ਹੁੰਦੀ ਹੈ ਜਿਹੜਾ ਵਿਰਲਾਂ ਦੀ ਨਿਸ਼ਾਨਦੇਹੀ ਕਰਨ ਵਿੱਚ ਪ੍ਰਮੁੱਖ ਹੁੰਦਾ ਹੈ। ਕਈ ਵਾਰ ਅਸੀਂ ਉਹ ਨਹੀਂ ਕਹਿ ਸਕਦੇ ਜੋ ਸਾਡਾ ਵਰਤੋਂ-ਵਿਵਹਾਰ, ਬੋਲਚਾਲ, ਸ਼ਬਦ, ਲਹਿਜ਼ਾ ਜਾਂ ਨਜ਼ਰੀਆ ਪ੍ਰਗਟਾਉਂਦਾ ਹੈ।
ਜਦੋਂ ਕੋਈ ਖਾਮੋਸ਼ ਹੋ ਜਾਵੇ, ਹੋਠਾਂ ’ਤੇ ਚੁੱਪ ਦਾ ਜਿੰਦਰਾ ਲੱਗ ਜਾਵੇ, ਕੁਝ ਵੀ ਕਹਿਣ ਤੋਂ ਹਿਚਕਚਾਵੇ ਅਤੇ ਗੱਲ ਕਰਨ ਤੋਂ ਤ੍ਰਿਹਣ ਲੱਗ ਪਵੇ ਤਾਂ ਸਮਝੋ ਕਿ ਉਸ ਦੇ ਅੰਦਰ ਗੱਲਾਂ ਦਾ ਖੌਰੂ ਪਾਉਂਦਾ ਸਮੁੰਦਰ ਉਸ ਨੂੰ ਕੁਝ ਵੀ ਕਹਿਣ ਤੋਂ ਵਰਜਦਾ ਹੈ। ਉਸ ਦੇ ਅੰਦਰ ਇੱਕ ਡਰ ਹੁੰਦਾ ਹੈ ਕਿ ਪਤਾ ਨਹੀਂ ਮੇਰੀ ਗੱਲ ਦੇ ਕੀ ਅਰਥ ਕੱਢੇ ਜਾਣਗੇ ਅਤੇ ਇਸ ਨੂੰ ਕਿਸ ਸੰਦਰਭ ਵਿੱਚ ਸਮਝਿਆ ਜਾਵੇਗਾ?
ਜਦੋਂ ਕਿਸੇ ਨੂੰ ਕੁਝ ਪੁੱਛਿਆ ਜਾਵੇ ਅਤੇ ਉਹ ਸਭ ਕੁਝ ਜਾਣਦਿਆਂ ਵੀ ਇਹ ਕਹੇ ਕਿ ਪਤਾ ਨਹੀਂ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਪਿੱਛੇ ਕੋਈ ਗਹਿਰੀ ਚਾਲ ਹੈ। ਉਹ ਜਾਣ ਬੁੱਝ ਕੇ ਕੁਝ ਭੇਤ ਛੁਪਾ ਰਿਹਾ ਹੈ ਜਿਸ ਦੇ ਖੁੱਲ੍ਹਣ ਨਾਲ ਕੁਝ ਅਜਿਹਾ ਬੇਪਰਦ ਹੋ ਸਕਦਾ ਹੈ ਜਿਸ ਦਾ ਕੋਈ ਕਿਆਸ ਵੀ ਨਹੀਂ ਕਰ ਸਕਦਾ।
ਜਦੋਂ ਸਾਡਾ ਆਪਣਾ ਪਿਆਰਾ ਕਹੇ ਕਿ ਮੈਨੂੰ ’ਕੱਲਾ ਛੱਡ ਦੇਵੋ। ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਤੁਹਾਡੀ ਬਹੁਤ ਜ਼ਰੂਰਤ ਹੈ। ਉਸ ਦੇ ਕੁਝ ਨਾ ਕਹਿਣ ਵਿੱਚ ਇੱਕ ਲੋੜ ਛੁਪੀ ਹੁੰਦੀ ਹੈ ਜਿਸ ਨੂੰ ਤੁਸੀਂ ਹੀ ਪੂਰਾ ਕਰ ਸਕਦੇ ਹੋ। ਉਸ ਨੂੰ ਆਸ ਵੀ ਸਿਰਫ਼ ਆਪਣਿਆਂ ਤੋਂ ਹੀ ਹੁੰਦੀ ਹੈ। ਬਿਗਾਨਿਆਂ ’ਤੇ ਕਾਹਦੀ ਆਸ ਰੱਖੀ ਜਾ ਸਕਦੀ ਹੈ।
ਮਿੱਤਰ ਪਿਆਰੇ ਨਾਲ ਗੱਲ ਕਰਦਿਆਂ ਅਤੇ ਉਸ ਦਾ ਹੁੰਗਾਰਾ ਭਰਦਿਆਂ ਜਦੋਂ ਅਸੀਂ ਉਸ ਨੂੰ ਆਪਣੇ ਵੱਲੋਂ ਕੁਝ ਕਹਿੰਦੇ ਜਾਂ ਸੁਝਾਅ ਦਿੰਦੇ ਹਾਂ ਤਾਂ ਉਹ ਅਣਮੰਨੇ ਜਿਹੇ ਮਨ ਨਾਲ ਕਹੇ ਕਿ ਚਲੋ ਜੋ ਤੁਸੀਂ ਕਹਿੰਦੇ ਹੋ, ਇਹ ਠੀਕ ਹੈ ਤਾਂ ਇਹ ਉਸ ਦੇ ਅੰਦਰ ਬੈਠੇ ਉਸ ਦਰਦ ਦੀ ਚੀਸ ਹੁੰਦੀ ਹੈ ਜਿਸ ਨੂੰ ਤੁਸੀਂ ਸਮਝਣ ਤੋਂ ਅਵੇਸਲੇ ਅਤੇ ਅਸਮਰੱਥ ਹੁੰਦੇ ਹੋ। ਇਹ ਪੀੜ ਹੀ ਹੁੰਦੀ ਹੈ ਜੋ ਉਸ ਨੂੰ ਅੰਦਰੋਂ ਅੰਦਰੀ ਖਾਂਦੀ, ਖੋਰਦੀ, ਸਿਵਾ ਸੇਕਦੀ ਅਤੇ ਉਸ ਨੂੰ ਜਿਉਂਦੇ-ਜੀਅ ਕਬਰਾਂ ਵੱਲ ਤੋਰਨ ਦਾ ਕਾਰਨ ਬਣਦੀ ਹੈ। ਅਜਿਹੇ ਵਕਤ ਉਸ ਦੇ ਦਰਦ ਦੀ ਥਾਹ ਪਾਉਣਾ ਅਤੇ ਰਾਹਤ ਬਣਨਾ ਬਹੁਤ ਜ਼ਰੂਰੀ ਹੈ।
ਸੱਜਣਾਂ ਨਾਲ ਗੱਲਬਾਤ ਦੌਰਾਨ ਜਦੋਂ ਕੋਈ ਇਹ ਕਹਿ ਦੇਵੇ ਕਿ ਇਸ ਨਾਲ ਮੈਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ ਤਾਂ ਦਰਅਸਲ, ਫ਼ਰਕ ਹੀ ਉਸ ਨੂੰ ਪੈਂਦਾ ਹੈ। ਇਸ ਵਿੱਚ ਕੁਝ ਕੁ ਤਾਂ ਅਜਿਹਾ ਹੋਵੇਗਾ ਜੋ ਉਸ ਸ਼ਖ਼ਸ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੋਵੇਗਾ। ਜ਼ਿੰਦਗੀ ਪਹਿਲਾਂ ਵਾਲੀ ਨਾ ਰਹਿਣ ਦਾ ਖਦਸ਼ਾ ਹੋਵੇਗਾ ਤਾਂ ਹੀ ਉਹ ਬੇਵਸੀ ਤੇ ਲਾਚਾਰੀ ਵਿੱਚ ਹੀ ਕਹਿੰਦਾ ਹੈ ਕਿ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।
ਗੱਲਾਂ-ਗੱਲਾਂ ਵਿੱਚ ਜਦੋਂ ਕੋਈ ਗੁੱਝੀ ਗੱਲ ਕਹਿ ਕੇ ਫਿਰ ਇਹ ਕਹੇ ਕਿ ਯਾਰਾ ਇਹ ਤਾਂ ਸਿਰਫ਼ ਮਜ਼ਾਕ ਸੀ ਤਾਂ ਸਮਝਣਾ ਚਾਹੀਦਾ ਹੈ ਕਿ ਇਸ ਵਿੱਚ ਬਹੁਤ ਵੱਡਾ ਸੱਚ ਛੁਪਿਆ ਹੋਇਆ ਹੈ। ਸੱਚ ਨੂੰ ਮਜ਼ਾਕ ਦਾ ਲਬਿਾਸ ਪਾ ਕੇ ਕੁਝ ਲੋਕ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਮੇਂ ਨਾਲ ਉਸ ਮਜ਼ਾਕ ਦੀ ਜਦੋਂ ਸਮਝ ਪੈਂਦੀ ਏ ਤਾਂ ਸਮਾਂ ਬਹੁਤ ਅੱਗੇ ਲੰਘ ਚੁੱਕਾ ਹੁੰਦਾ ਹੈ। ਫਿਰ ਕਈ ਵਾਰ ਪਰਤਣਾ ਬਹੁਤ ਮੁਹਾਲ ਹੋ ਜਾਂਦਾ ਹੈ। ਜਦੋਂ ਕੋਈ ਮਜ਼ਾਕ ਸੱਚ ਵੱਲ ਨੂੰ ਤੁਰ ਪਵੇ ਅਤੇ ਸੱਚ, ਮਜ਼ਾਕ ਵੱਲ ਦੀਆਂ ਰਾਹਾਂ ਮੱਲ ਲਵੇ ਤਾਂ ਸਮਝੋ ਜ਼ਿੰਦਗੀ ਨੇ ਅਜਿਹੀਆਂ ਘੁੰਮਣ-ਘੇਰੀਆਂ ਵਿੱਚ ਉਲਝ ਕੇ ਰਹਿ ਜਾਣਾ ਹੈ ਜਿਸ ਦਾ ਸਿਰਾ ਕਦੇ ਨਹੀਂ ਥਿਆਣਾ।
ਜਦੋਂ ਕੋਈ ਸ਼ਖ਼ਸ ਬੇਵਜਾ ਹੀ ਹੱਸਣ ਲੱਗ ਪਵੇ ਜਾਂ ਹੋਰਨਾਂ ਨੂੰ ਵੀ ਹਸਾਉਣ ਦੀ ਕੋਸ਼ਿਸ਼ ਕਰੇ ਤਾਂ ਸਮਝਣਾ ਕਿ ਇਹ ਵਿਅਕਤੀ ਅੰਦਰੋਂ ਬਹੁਤ ’ਕੱਲਾ, ਉਦਾਸ ਤੇ ਹਤਾਸ਼ ਹੈ। ਕਈ ਵਾਰ ਤਾਂ ਅੰਦਰੋਂ ਰੋਂਦਿਆਂ ਵੀ ਬਾਹਰੋਂ ਹੱਸਣ ਦਾ ਨਾਟਕ ਕਰਨਾ ਪੈਂਦਾ। ਸਾਰੇ ਹੱਸਣ ਵਾਲੇ ਵਿਅਕਤੀ ਖੁਸ਼ ਨਹੀਂ ਹੁੰਦੇ। ਉਹ ਸਿਰਫ਼ ਬਾਹਰੀ ਹਾਸਿਆਂ ਨਾਲ ਆਪਣੀ ਅੰਦਰਲੀ ਪੀੜ ਨੂੰ ਵਰਚਾਉਣ ਅਤੇ ਇਸ ਤੋਂ ਛੁਟਕਾਰਾ ਪਾਉਣ ਦਾ ਉਪਰਾਲਾ ਕਰਦੇ ਹਨ। ਬਹੁਤੀ ਵਾਰ ਉਹ ਇਸ ਵਿੱਚ ਕਾਮਯਾਬ ਵੀ ਹੁੰਦੇ ਹਨ।
ਜਦੋਂ ਕੋਈ ਕਹਿਰ ਵਾਪਰ ਜਾਵੇ ਅਤੇ ਵਿਅਕਤੀ ਬਾਹਰੋਂ ਮਜ਼ਬੂਤ ਰਹਿ ਕੇ ਨਾ ਰੋਣ ਦੀ ਕਸਮ ਖਾ ਲਵੇ ਤਾਂ ਉਹ ਅੰਦਰੋਂ ਬਹੁਤ ਰੋਂਦਾ ਹੈ। ਉਹ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਤ੍ਰਾਸਦੀ ਤੋਂ ਬਾਅਦ ਇੰਨਾ ਬਿੱਖਰ ਜਾਂਦਾ ਕਿ ਉਹ ਆਪਣੇ ਅੰਦਰ ਨੂੰ ਸੰਭਾਲ ਹੀ ਨਹੀਂ ਸਕਦਾ। ਫਿਰ ਟੁੱਟਿਆ ਤੇ ਤਿੜਕਿਆ ਬੰਦਾ ਕਿਵੇਂ ਰੋਵੇ? ਕਿਸ ਨੂੰ ਦਿਲ ਦਾ ਹਾਲ ਸੁਣਾਵੇ? ਕਿਸ ਦੇ ਗਲ਼ ਲੱਗ ਕੀਰਨੇ ਪਾਵੇ ਅਤੇ ਮਨ ਨੂੰ ਹਲਕਾ ਕਰੇ? ਕਈ ਵਾਰ ਅਜਿਹੇ ਵਿਅਕਤੀ ਦੇ ਗ਼ਮਾਂ ਦਾ ਗੋਲਾ ਫੇਹਣ ਲਈ ਉਸ ਨੂੰ ਰੁਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ। ਅਜਿਹੇ ਵਿਅਕਤੀ ਅੰਦਰੋਂ ਬਹੁਤ ਕਮਜ਼ੋਰ ਹੁੰਦੇ ਹਨ।
ਕੁਝ ਵਿਅਕਤੀ ਹੁੰਦੇ ਹਨ ਜਿਹੜੇ ਝਟਪਟ ਹੀ ਰੋ ਪੈਂਦੇ ਹਨ। ਕਿਸੇ ਫ਼ਿਲਮ ਦੇ ਸੀਨ, ਕਿਤਾਬ ਦੇ ਕਾਂਡ ਜਾਂ ਕਿਸੇ ਦੇ ਦਰਦ ਵਿੱਚ ਜਲਦੀ ਹੀ ਫਿੱਸਣ ਵਾਲੇ ਵਿਅਕਤੀ ਬਹੁਤ ਹੀ ਕੋਮਲ, ਮਾਸੂਮ ਅਤੇ ਨਾਜ਼ੁਕ ਜਿਹੀ ਤਰਬੀਅਤ ਦੇ ਮਾਲਕ ਹੁੰਦੇ ਹਨ। ਉਹ ਕਿਸੇ ਦਾ ਦੁੱਖ ਨਹੀਂ ਜ਼ਰ ਸਕਦੇ। ਤਾਂ ਹੀ ਉਹ ਕਿਸੇ ਦੇ ਦੁੱਖ ਨੂੰ ਆਪਣੇ ਹੰਝੂਆਂ ਵਿੱਚ ਸਮਾਅ, ਉਸ ਦੀ ਪੀੜਾ ਵਿੱਚ ਸ਼ਾਮਲ ਹੋਣ ਦਾ ਯਤਨ ਕਰਦੇ ਹਨ।
ਜਿਹੜਾ ਮਨੁੱਖ ਘੜੀ-ਮੁੜੀ ਨਰਾਜ਼ ਹੋਵੇ, ਮੂੰਹ ਫੇਰੀ ਰੱਖੇ ਜਾਂ ਮੱਥੇ ’ਤੇ ਤਿਊੜੀਆਂ ਹੀ ਉੱਗੀਆਂ ਰਹਿਣ ਤਾਂ ਅਜਿਹਾ ਵਿਅਕਤੀ ਅੰਦਰੋਂ ਬਹੁਤ ਇਕੱਲਾ, ਨਿਰਬਲ ਅਤੇ ਨਿਤਾਣਾ ਮਹਿਸੂਸ ਕਰਦਾ ਹੈ। ਉਹ ਪਿਆਰ ਭਿੱਜੇ ਬੋਲਾਂ ਨੂੰ ਤਰਸਦਾ ਹੈ। ਆਪਣਿਆਂ ਦੀ ਨਿੱਘੀ ਗਲਵੱਕੜੀ ਲੋਚਦਾ ਹੈ। ਉਹ ਕਿਸੇ ਦੀ ਆਗੋਸ਼ ਵਿੱਚ ਬਹਿ, ਰੂਹ ਦੀ ਪਾਰਦਰਸ਼ਤਾ ਨਾਲ ਹਰੇਕ ਲਈ ਸੁਖਨ ਅਤੇ ਸਕੂਨ ਦੀ ਅਰਦਾਸ ਕਰਦਾ ਹੈ।
ਜਿਹੜਾਂ ਗੱਲ ਗੱਲ ’ਤੇ ਖਿਝਦਾ, ਟੁੱਟ ਕੇ ਪੈਂਦਾ ਅਤੇ ਰੁਆਂਸੇ ਜਿਹੇ ਮੂੰਹ ਨਾਲ ਆਪਣੀ ਹੋਂਦ ਨੂੰ ਅਣਹੋਂਦ ਬਣਾਉਂਦਾ ਹੈ, ਦਰਅਸਲ, ਉਹ ਈਰਖਾ ਵਿਚ ਸੜਿਆ ਅਤੇ ਭੁੱਜਿਆ ਹੁੰਦਾ ਹੈ। ਖ਼ੁਦ ਨੂੰ ਖ਼ੁਦ ਦੀ ਅੱਗ ਵਿੱਚ ਸਾੜ ਰਿਹਾ ਹੁੰਦਾ ਹੈ। ਜਿਹੜੇ ਲੋਕ ਹਰ ਵੇਲੇ ਕਿਸੇ ਦੀ ਨੁਕਤਾਚੀਨੀ ਕਰਨ, ਨੁਕਸ ਕੱਢਣ ਜਾਂ ਕੁਤਾਹੀਆਂ ਗਿਣਾਉਣ ਤੀਕ ਹੀ ਸੀਮਤ ਹੁੰਦੇ ਹਨ, ਉਹ ਆਪ ਉੱਪਰ ਉੱਠਣ ਦੀ ਬਜਾਏ ਦੂਸਰਿਆਂ ਨੂੰ ਨੀਵਾਂ ਦਿਖਾ ਕੇ ਖ਼ੁਦ ਉੱਪਰ ਸਮਝਣਾ ਲੋਚਦੇ ਹਨ। ਪਰ ਅਜਿਹਾ ਨਹੀਂ ਹੁੰਦਾ। ਦੂਸਰਿਆਂ ਨੂੰ ਹੇਠਾਂ ਸੁੱਟਣ ਦੀ ਬਜਾਏ, ਖ਼ੁਦ ਨੂੰ ਉੱਪਰ ਉਠਾਉਣ ਦਾ ਤਰਦੱਦ ਕਰੋਗੇ ਤਾਂ ਤੁਹਾਡੀ ਉਚਾਈ ਤੇ ਚੰਗਿਆਈ ਦੂਸਰਿਆਂ ਲਈ ਸਬਕ ਹੋਵੇਗੀ।
ਜੀਵਨ ਵਿੱਚ ਕਿਸੇ ਵੀ ਰਿਸ਼ਤੇ ਨੂੰ ਤੋੜਨ, ਨਾਰਾਜ਼ਗੀ ਉਪਜਾਉਣ, ਨਾਤਾ ਤੋੜਨ ਜਾਂ ਸਦਾ ਲਈ ਖ਼ਤਮ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚੋ ਕਿ ਹੁਣ ਤੀਕ ਇਸ ਰਿਸ਼ਤੇ ਨੂੰ ਕਿਉਂ ਨਿਭਾਇਆ? ਕੀ ਇਹ ਬੋਝ ਸੀ? ਇਸ ਦੀ ਰੰਗਤ ਵਿੱਚ ਪੈਦਾ ਹੋਏ ਫਿੱਕੇਪਣ ਲਈ ਕਿਹੜੇ ਹਾਲਾਤ, ਆਦਤਾਂ ਅਤੇ ਕਾਰਨ ਹਨ? ਪਰਿਵਾਰਕ ਜੀਵਨ ਵਿੱਚ ਰਿਸ਼ਤੇ ਕਦੇ ਟੁੱਟਦੇ ਨੇ ਸਹਿਮ ਨਾਲ, ਕਦੇ ਵਹਿਮ ਨਾਲ ਜਾਂ ਅਹਿਮ ਨਾਲ। ਕਦੇ ਇਹ ਤਿੜਕ ਜਾਂਦੇ ਹਨ ਸ਼ਰਮ ਨਾਲ, ਭਰਮ ਨਾਲ ਜਾਂ ਅਧਰਮ ਨਾਲ। ਕਦੇ ਇਹ ਬਿਖਰਦੇ ਨੇ ਬੇਸ਼ਰਮੀ ਨਾਲ, ਕੁਕਰਮੀ ਨਾਲ ਜਾਂ ਹੱਠ-ਧਰਮੀ ਨਾਲ।
ਜਦੋਂ ਦੁੱਖਾਂ ਦੀ ਝੜੀ ਲੱਗਦੀ ਹੈ ਤਾਂ ਸਬੰਧਾਂ ਦੀ ਚੋਂਦੀ ਛੱਤ ਹੇਠ ਕਈ ਵਾਰ ਉਮਰ ਹੀ ਬੀਤ ਜਾਂਦੀ ਹੈ, ਪਰ ਬਰਸਾਤ ਤੋਂ ਪਹਿਲਾਂ ਛੱਤ ਦੀ ਲਿੰਬਾਪੋਚੀ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਹੀ ਸਾਡੀਆਂ ਮਾਵਾਂ ਕੱਚੇ ਕੋਠਿਆਂ ਨੂੰ ਬਰਸਾਤਾਂ ਤੋਂ ਪਹਿਲਾਂ ਚੰਗੀ ਤਰ੍ਹਾਂ ਲਿੰਬ ਪੋਚ ਲੈਂਦੀਆਂ ਸਨ ਤਾਂ ਕਿ ਇਹ ਨਾ ਚੋਣ। ਪਰ ਸਾਨੂੰ ਤਾਂ ਵੱਡੇ ਮਕਾਨਾਂ ਵਿੱਚ ਰਹਿੰਦਿਆਂ ਕਿਆਸ ਹੀ ਨਾ ਰਿਹਾ ਤਾਂ ਪੱਕੇ ਮਕਾਨਾਂ ’ਚ ਜਦੋਂ ਵਿਰਲਾਂ-ਤਰੇੜਾਂ ਪੈ ਜਾਣ ਤਾਂ ਇਨ੍ਹਾਂ ਦੇ ਡਿੱਗਣ ਨਾਲ ਬਹੁਤ ਨੁਕਸਾਨ ਹੁੰਦਾ। ਕੱਚਾ ਕੋਠਾ ਡਿੱਗਣ ’ਤੇ ਕੁਝ ਨਾ ਕੁਝ ਤਾਂ ਬਚਾਅ ਹੋ ਹੀ ਜਾਂਦਾ। ਲੋੜ ਹੈ ਕਿ ਮਹਿਲ-ਮੁਨਾਰਿਆਂ ਵਿੱਚ ਰਹਿੰਦੇ ਨਿੱਕੇ ਲੋਕਾਂ ਦੀ ਬੌਣੀ ਸੋਚ, ਸੱਚ ਦੇ ਰੂ-ਬ-ਰੂ ਹੋਵੇ। ਰਿਸ਼ਤਿਆਂ ਦੇ ਮਹੱਤਵ ਨੂੰ ਪਛਾਣਨ, ਆਧਾਰ ਮਜ਼ਬੂਤ ਕਰਨ ਅਤੇ ਇਸ ਦੀ ਸਥਿਰਤਾ ਲਈ ਪੱਥਰਾਂ ਜਿਹੇ ਬਣਨ ਤੋਂ ਗੁਰੇਜ਼ ਕਰਨ। ਇਨਸਾਨੀ ਫਿਤਰਤ, ਭਾਵਨਾਵਾਂ ਅਤੇ ਅਹਿਸਾਸਾਂ ਵਿੱਚ ਪਰੁੱਚੇ ਵਿਅਕਤੀ ਜੀਵਨ ਦੀ ਕੋਮਲਤਾ ਸਮਝਦੇ ਹਨ। ਇਸ ਦੀ ਨਜ਼ਾਕਤ ਵਿੱਚੋਂ ਜ਼ਿੰਦਗੀ ਦੇ ਸੱਚੇ ਅਤੇ ਸੂਹੇ ਰੰਗਾਂ ਦੀ ਪਛਾਣ ਕਰਨਾ ਅਤੇ ਇਸ ਵਿੱਚ ਰੰਗੇ ਜਾਣਾ ਜ਼ਰੂਰੀ ਹੁੰਦਾ ਹੈ।
ਰਿਸ਼ਤੇ ਤਾਂ ਨਿਭਦੇ ਨੇ ਵਿਸ਼ਵਾਸ ਨਾਲ, ਆਸ ਨਾਲ, ਧਰਵਾਸ ਨਾਲ ਅਤੇ ਖੁਲਾਸ ਨਾਲ। ਰਿਸ਼ਤੇ ਜੁੜਦੇ ਨੇ ਮੋਹ ਨਾਲ, ਛੋਹ ਨਾਲ, ਖੋਹ ਨਾਲ ਅਤੇ ਟੋਹ ਨਾਲ। ਸਬੰਧ ਉਸਰਦੇ ਨੇ ਰੂਹ ਦੇ ਹਾਣੀਆਂ ਨਾਲ, ਸੁਚੱਜੀਆਂ ਢਾਣੀਆਂ ਨਾਲ, ਜੀਵਨ ਦੀਆਂ ਰਾਂਗਲੀਆਂ ਕਹਾਣੀਆਂ ਨਾਲ ਅਤੇ ਜ਼ਿੰਦਗੀ ਦੀ ਫੁੱਲਕਾਰੀ ਕੱਢਦੀਆਂ ਸਵਾਣੀਆਂ ਨਾਲ।
ਜ਼ਿੰਦਗੀ ਦਾ ਸਫ਼ਰ ਪੀੜਾ ਵਿੱਚ ਬਹੁਤ ਲੰਮੇਰਾ, ਪਰ ਹੱਸਦਿਆਂ ਖੇਡਦਿਆਂ ਨਿੱਕਾ ਜਿਹਾ। ਵਿਰਲਾਂ, ਨਘੋਚਾਂ ਜਾਂ ਵਿੱਥਾਂ ਵਿੱਚ ਸਾਹ-ਸੰਗੀਤਕਤਾ ਨੂੰ ਉਲਝਾ ਕੇ ਇਸ ਨੂੰ ਹੋਰ ਛੁਟੇਰਾ ਨਾ ਕਰੋ। ਆਖਿਰ ਨੂੰ ਤਾਂ ਕਬਰਾਂ ਦਾ ਹੀ ਸਾਥ ਮਾਣਨਾ। ਪਰ ਇਸ ਤੋਂ ਪਹਿਲਾਂ ਉਨ੍ਹਾਂ ਪਲਾਂ ਦੀ ਸੰਗਤ ਜ਼ਰੂਰ ਮਾਣੀਏ ਜਿਨ੍ਹਾਂ ਵਿੱਚੋਂ ਅਸੀਂ ਜ਼ਿੰਦਗੀ ਦੀ ਸੁੰਦਰਤਾ, ਸੁਹਜਤਾ ਅਤੇ ਸਹਿਜਤਾ ਨੂੰ ਸੰਦਲੀ ਖ਼ਾਬਾਂ ਵਿੱਚ ਦੇਖ ਤੇ ਨਿਹਾਰ ਸਕੀਏ।
ਸੋ ਜ਼ਿੰਦਗੀ ਨੂੰ ਜਚਣ, ਜਚਾਉਣ ਅਤੇ ਯਾਦਗਾਰੀ ਬਣਾਉਣ ਲਈ ਜ਼ਰੂਰੀ ਹੈ ਕਿ ਜੀਵਨ-ਰਾਹ ’ਤੇ ਬੰਦਿਆਂ ਨੂੰ ਨਾ ਵਰਤੋ। ਸਗੋਂ ਉਨ੍ਹਾਂ ਨੂੰ ਸਮਝੋ। ਇਸ ਸਮਝਦਾਰੀ ਵਿੱਚੋਂ ਹੀ ਕੁਝ ਕੁ ਸਮਝੌਤੇ ਕਰੋ ਜਿਸ ਨਾਲ ਜੀਵਨ ਪੈੜਾਂ ਸੁਗੰਧ ਭਰਪੂਰ ਹੋ ਜਾਣ।
ਜ਼ਿੰਦਗੀ ਵਿੱਚ ਕਸ਼ਟਾਂ, ਕਠਿਨਾਈਆਂ ਅਤੇ ਵਿਰਲਾਂ ਨੇ ਤਾਂ ਜ਼ਰੂਰ ਆਉਣਾ ਹੈ। ਇਨ੍ਹਾਂ ਦੀ ਭਰਪਾਈ ਕਰਨਾ, ਮਨੁੱਖ ਦਾ ਕੰਮ ਹੈ। ਇਸ ਨੂੰ ਪਿੱਠ ਦਿਖਾਉਣ ਵਾਲੇ ਕਦੇ ਵੀ ਗ਼ੈਰਤਮੰਦ ਨਹੀਂ ਹੁੰਦੇ। ਨਾਬਰੀ ਵਿੱਚੋਂ ਹੀ ਜ਼ਿੰਦਗੀ ਦੀ ਨਿਸ਼ਾਨਦੇਹੀ ਹੁੰਦੀ ਹੈ। ਇਹ ਵਿਰਲਾਂ-ਤਰੇੜਾਂ ਹੀ ਹੁੰਦੀਆਂ ਹਨ ਜੋ ਮਨੁੱਖ ਨੂੰ ਪਰਖਦੀਆਂ ਹਨ। ਉਸ ਦੀ ਤਾਕਤ ਜਾਂ ਕਮਜ਼ੋਰੀ ਦਾ ਅੰਦਾਜ਼ਾ ਹੁੰਦਾ ਹੈ। ਪਰਖੇ ਜਾਂਦੇ ਨੇ ਸਿਰੜ, ਸਿਦਕ ਅਤੇ ਸਾਧਨਾ। ਇਸ ਵਿੱਚੋਂ ਉੱਗਦੇ ਨੇ ਉਹ ਸੁਪਨੇ ਜਿਨ੍ਹਾਂ ਵਿੱਚ ਜ਼ਿੰਦਗੀ ਨੂੰ ਆਪਣੇ ਹੁਸਨ, ਹਾਸਲ ਅਤੇ ਹੋਂਦ ’ਤੇ ਮਾਣ ਹੁੰਦਾ ਹੈ।
ਤਰੇੜਾਂ ਨੂੰ ਆਪਣੀਆਂ ਤਮੰਨਾਵਾਂ, ਤਰਜੀਹਾਂ, ਤਾਘਾਂ, ਤਪੱਸਿਆ ਜਾਂ ਤੀਖਣਤਾ ’ਤੇ ਕਦੇ ਭਾਰੂ ਨਾ ਹੋਣ ਦਿਓ ਕਿਉਂਕਿ ਜੇ ਤਮੰਨਾ ਹੀ ਖ਼ਤਮ ਹੋ ਗਈ ਤਾਂ ਤੁਹਾਡੇ ਪੱਲੇ ਸਿਰਫ਼ ਵਿਰਲਾਂ ਹੀ ਵਿਰਲਾਂ ਰਹਿ ਜਾਣੀਆਂ ਹਨ। ਇਨ੍ਹਾਂ ਨੇ ਕਦੇ ਵੀ ਬੁੱਕ ਬਣਕੇ ਅੰਮ੍ਰਿਤਮਈ ਪਾਣੀ ਪੀਣ ਦਾ ਉੱਦਮ ਨਹੀਂ ਬਣਨਾ।
ਉਮਰ ਭਰ ਦੇ ਸਾਰਥਿਕ ਅਤੇ ਸਚਿਆਰੇ ਸਬੰਧਾਂ ਲਈ ਜ਼ਰੂਰੀ ਹੈ ਕਿ ਜੇ ਇੱਕ ਚੁੱਪ ਹੈ ਤਾਂ ਦੂਸਰਾ ਹਾਕ ਮਾਰੇ, ਮਿਲਣ ਦਾ ਬਹਾਨਾ ਬਣਾਵੇ, ਕਦੇ ਚਿੱਠੀ ਪਾਵੇ, ਫੋਨ ਕਰੇ, ਈ-ਮੇਲ ਕਰੇ, ਮੈਸੇਜ਼ ਭੇਜੇ ਜਾਂ ਬੰਦ ਦਰਵਾਜ਼ੇ ’ਤੇ ਦਸਤਕ ਦੇਵੇ। ਚੁੱਪ ਵਿੱਚੋਂ ਦਸਤਕ ਦਾ ਹੁੰਗਾਰਾ ਜਦੋਂ ਪੈਦਾ ਹੁੰਦਾ ਹੈ ਤਾਂ ਚੁੱਪ ਦੇ ਮੁਖਾਰਬਿੰਦ ਵਿੱਚੋਂ ਅਨਾਇਤਾਂ ਦੀ ਬਖ਼ਸ਼ਿਸ਼ ਹੁੰਦੀ ਹੈ। ਜੇ ਦੋਵੇਂ ਹੀ ਚੁੱਪ ਹੋ ਜਾਣ ਤਾਂ ਕੰਧਾਂ, ਕਮਰਿਆਂ ਅਤੇ ਕੋਠਿਆਂ ਵਿੱਚੋਂ ਕਿਵੇਂ ਬੋਲ ਪੈਦਾ ਹੋਵੇਗਾ ਅਤੇ ਕੌਣ ਹੁੰਗਾਰਾ ਭਰੇਗਾ?
ਜ਼ਿੰਦਗੀ ਦੀ ਸੁੱਚਮਤਾ, ਉੱਚਮਤਾ ਅਤੇ ਸਦਾ-ਬਹਾਰ ਰੰਗੀਨਤਾ ਤੇ ਰਾਂਗਲੇਪਣ ਦੀ ਬਰਕਰਾਰੀ ਲਈ ਜ਼ਰੂਰੀ ਹੈ ਕਿ ਅੰਗ-ਸੰਗ ਰਹਿੰਦਿਆਂ, ਜੀਵਨ-ਗੁਰਮੰਤਰ ਯਾਦ ਰੱਖਣਾ ਚਾਹੀਦਾ ਹੈ। ਜਦੋਂ ਆਪਣਿਆਂ ਵਿੱਚ ਹੋਵੇ ਤਕਰਾਰਬਾਜ਼ੀ ਤਾਂ ਖ਼ੁਦ ਹਾਰ ਹੀ ਜਾਣਾ ਚਾਹੀਦਾ ਹੈ। ਰੁੱਸ ਜਾਵੇ ਸੱਜਣ ਤਾਂ ਆਪ ਚੱਲ ਕੇ ਮਨਾਉਣਾ ਚਾਹੀਦਾ ਅਤੇ ਜੇਕਰ ਮਿੱਤਰ-ਪਿਆਰਾ ਭੁੱਖ ਨਾ ਹੋਣ ਦਾ ਬਹਾਨਾ ਕਰੇ ਤਾਂ ਬੁਰਕੀ ਮੂੰਹ ਵਿੱਚ ਪਾ ਕੇ ਵਰਾਉਣਾ ਚਾਹੀਦਾ ਹੈ।
ਜ਼ਿੰਦਗੀ ਨਿਰੰਤਰਤਾ ਦਾ ਨਾਮ ਹੈ। ਇਸ ਦੀ ਤੋਰ ਕਦੇ ਮੱਠੀ ਤਾਂ ਪੈ ਜਾਵੇ, ਕਦੇ ਰੁਕਦੀ ਨਹੀਂ। ਨਾ ਇਸ ਦੇ ਰਾਹ ਵਿੱਚ ਕੋਈ ਵਿਸ਼ਰਾਮਘਰ ਜਾਂ ਠਹਿਰ ਹੁੰਦੀ ਹੈ। ਜ਼ਿੰਦਗੀ ਕਦੇ ਇੰਤਜ਼ਾਰ ਨਹੀਂ ਕਰਦੀ। ਐਵੇਂ ਵਕਤ ਗਵਾਉਣ ਦਾ ਕੀ ਫਾਇਦਾ? ਸਗੋਂ ਇਸ ਨੂੰ ਸਮਝੀਏ, ਸਮਝਾਈਏ ਅਤੇ ਇਸ ਦੀ ਸਮਝ ਲਈ ਝੋਲੀ ਫੈਲਾਈਏ ਅਤੇ ਸਮਝਾਂ ਨਾਲ ਖ਼ੁਦ ਨੂੰ ਵਰਸੋਈਏ। ਜ਼ਿੰਦਗੀ ਦਾ ਮਿਆਰ, ਆਧਾਰ ਅਤੇ ਦਿਸਹੱਦੇ ਨਿਸ਼ਚਤ ਕਰੀਏ। ਕਿਸੇ ਨੇ ਸਾਡੀਆਂ ਤਰਜੀਹਾਂ ਨੂੰ ਤਸ਼ਬੀਹਾਂ ਨਹੀਂ ਦੇਣੀਆਂ।
ਸਭ ਤੋਂ ਜ਼ਰੂਰੀ ਹੁੰਦਾ ਏ ਕਿ ਆਪਣਿਆਂ ਨੂੰ ਅਹਿਸਾਸ ਕਰਾਓ ਕਿ ਉਹ ਤੁਹਾਡੇ ਲਈ ਕਿੰਨੇ ਖ਼ਾਸ ਨੇ? ਉਨ੍ਹਾਂ ’ਤੇ ਕਿੰਨਾ ਵਿਸ਼ਵਾਸ ਹੈ? ਤੁਸੀਂ ਉਨ੍ਹਾਂ ਤੋਂ ਕਿੰਨੀ ਆਸ ਰੱਖਦੇ ਹੋ? ਦੱਸੋ ਕਿ ਉਹ ਤੁਹਾਡੇ ਲਈ ਧਰਵਾਸ ਤੇ ਹੁਲਾਸ ਦਾ ਪੈਗ਼ਾਮ ਹਨ। ਇਸ ਅਹਿਸਾਸ ਵਿੱਚੋਂ ਹੀ ਜ਼ਿੰਦਗੀ ਦੇ ਅਜਿਹੇ ਸਵੇਰੇ ਨੇ ਅੱਖ ਪੁੱਟਣੀ ਏ ਜਿਸ ਦੀ ਸਾਨੂੰ ਸਾਰਿਆਂ ਨੂੰ ਉਡੀਕ ਹੁੰਦੀ ਹੈ। ਫਿਰ ਇਸ ਉਡੀਕ ਨੂੰ ਕਿਉਂ ਲਮਕਾਉਣਾ? ਚਲੋ ਪਹਿਲ ਤਾਂ ਕਰੀਏ!