ਰਿਸਦੇ ਜ਼ਖ਼ਮ
ਕਹਾਣੀ
‘‘ਨਹੀਂ ਮੈਂ ਨਹੀਂ ਬਣਨਾ ਤੇਰੇ ਗਰੁੱਪ ਦਾ ਮੈਂਬਰ।’’
‘‘ਤੂੰ ਕਿਉਂ ਨਹੀਂ ਬਣਨਾ, ਕੋਈ ਕਾਰਨ ਤਾਂ ਹੋਵੇ।’’
‘‘ਸਵਰਨ ਜੀਤ ! ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਮੈਂ ਮੈਂਬਰ ਨਹੀਂ ਬਣਨਾ, ਨਹੀਂ ਬਣਨਾ ਤੇ ਬਸ ਨਹੀਂ ਬਣਨਾ।’’
ਸਤਬੀਰ ਅਤੇ ਸਵਰਨ ਜੀਤ ਪੁਰਾਣੇ ਜਮਾਤੀ ਸਨ। ਇੱਕੋ ਕਾਲਜ ਤੇ ਇੱਕੋ ਕਲਾਸ ਵਿੱਚ। ਪੁਰਾਣੇ ਦੋਸਤ ਸਨ। ਇਹ ਦੋਸਤੀ ਸਾਲ 1965 ਤੋਂ ਕਾਲਜ ਵਿੱਚ ਸ਼ੁਰੂ ਹੋ ਕੇ ਸਾਲ 1967 ਤੱਕ ਚੱਲਦੀ ਰਹੀ। ਹੁਣ ਤਾਂ ਸਾਲ 2021 ਚੱਲ ਰਿਹਾ ਹੈ। ਸਵਰਨ ਜੀਤ ਅਮਰੀਕਾ ਵਿੱਚ ਵੱਸ ਗਿਆ ਤੇ ਸਤਬੀਰ ਆਸਟਰੇਲੀਆ ਵਿੱਚ। ਬਸ! ਫੋਨ ’ਤੇ ਕਦੀ ਕਦੀ ਗੱਲ ਹੋ ਜਾਂਦੀ। ਕਦੀ ਕਦੀ ਤੋਂ ਕਦੇ ਕਦਾਈਂ ਤੱਕ ਆ ਗਏ ਤੇ ਫਿਰ ਕਦੇ ਨਹੀਂ। ਕਈ ਸਾਲ ਬੀਤ ਗਏ।
ਫੋਨ ਲੈਂਡ ਲਾਈਨ ਤੋਂ ਮੋਬਾਈਲ ’ਤੇ ਆ ਗਿਆ, ਪਰ ਦੋਵਾਂ ਦੋਸਤਾਂ ਦੀ ਕਦੀ ਗੱਲ ਨਾ ਹੋਈ। ਸਵਰਨ ਜੀਤ ਆਪਣੇ ਪਰਿਵਾਰ ਨਾਲ ਜ਼ਿੰਦਗੀ ਬਤੀਤ ਕਰਦਾ ਰਿਹਾ ਤੇ ਸਤਬੀਰ ਆਪਣੇ ਪਰਿਵਾਰ ਨਾਲ।
ਇੱਕ ਦਿਨ ਅਚਾਨਕ ਸਤਬੀਰ ਦੇ ਮੋਬਾਈਲ ਫੋਨ ਦੀ ਘੰਟੀ ਵੱਜੀ। ਸਤਬੀਰ ਨੇ ਫੋਨ ਦੇ ਸਕਰੀਨ ’ਤੇ ਝਾਤੀ ਮਾਰੀ। ਉਸ ’ਤੇ ਨੋ ਆਈਡੀ ਸੀ। ਸਤਬੀਰ ਸੋਚਣ ਲੱਗਾ, ‘‘ਇਸ ਵਕਤ ਰਾਤ ਦੇ ਗਿਆਰਾਂ ਵਜੇ ਕਿਸ ਦਾ ਫੋਨ ਹੋ ਸਕਦਾ ਹੈ। ਉਸ ਨੇ ਇਹ ਸੋਚ ਕੇ ਫੋਨ ਕੰਨ ਨੂੰ ਲਾ ਲਿਆ ਕਿ ਹੋ ਸਕਦਾ ਕਿਸੇ ਦਾ ਕੋਈ ਜ਼ਰੂਰੀ ਫੋਨ ਹੀ ਹੋਵੇ। ਸਤਬੀਰ ਨੇ ਹੌਲੀ ਜਿਹੀ ਹੈਲੋ ਕਿਹਾ ਤੇ ਦੂਸਰੇ ਪਾਸਿਉਂ ਆਵਾਜ਼ ਆਈ, ‘‘ਹੈਲੋ ਸਤਬੀਰ ਬੋਲ ਰਿਹੈਂ ?’’ ਸਤਬੀਰ ਨੇ ਜਵਾਬ ਦਿੱਤਾ, ‘‘ਮੈਂ ਤੇਰੀ ਆਵਾਜ਼ ਪਛਾਣ ਲਈ ਹੈ। ਤੂੰ ਸਵਰਨ ਜੀਤ ਹੈਂ ਨਾ ? ਤੇਰੀ ਆਵਾਜ਼ ਵਿੱਚ ਬਹੁਤਾ ਫ਼ਰਕ ਨਹੀਂ ਆਇਆ। ਉਹੀ ਕਾਲਜ ਵਾਲੀ ਖੜਕਦੀ ਆਵਾਜ਼। ਸੁਣਾ! ਅੱਜ ਮੇਰੀ ਯਾਦ ਕਿਵੇਂ ਆ ਗਈ?’’
‘‘ਯਾਰ! ਯਾਦ ਤਾਂ ਤੈਨੂੰ ਹਮੇਸ਼ਾਂ ਕਰਦਾ ਹਾਂ, ਪਰ ਜ਼ਿੰਦਗੀ ਦੇ ਰੁਝੇਵਿਆਂ ਨੇ ਕੁਝ ਕਰਨ ਨਹੀਂ ਦਿੱਤਾ।’’
ਸਤਬੀਰ ਨੂੰ ਇੱਕ ਖ਼ੁਸ਼ੀ ਜਿਹੀ ਮਹਿਸੂਸ ਹੋਈ। ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਕ ਯਾਰ ਦਾ ਫੋਨ ਆਇਆ ਸੀ। ਘੱਟੋ ਘੱਟ ਪੰਜਾਹ ਕੁ ਸਾਲ ਤਾਂ ਹੋ ਹੀ ਗਏ ਹੋਣਗੇ। ਏਨੇ ਸਾਲਾਂ ਬਾਅਦ ਖ਼ੁਸ਼ ਹੋਣਾ ਤਾਂ ਕੁਦਰਤੀ ਹੈ। ਦੋਵਾਂ ਨੇ ਇੱਕ ਦੂਜੇ ਦਾ ਹਾਲ ਪੁੱਛਿਆ। ਇੱਕ ਦੂਜੇ ਦੇ ਕੰਮਾਂ ਕਾਰਜਾਂ ਬਾਰੇ ਪੁੱਛਿਆ। ਜਿਉਂ ਜਿਉਂ ਗੱਲਾਂ ਹੁੰਦੀਆਂ ਗਈਆਂ, ਸਤਬੀਰ ਦੀ ਖ਼ੁਸ਼ੀ ਵਧਦੀ ਗਈ। ਇਹ ਖ਼ੁਸ਼ੀ ਇਕਦਮ ਘਟਣੀ ਸ਼ੁਰੂ ਹੋ ਗਈ ਜਦੋਂ ਸਵਰਨ ਜੀਤ ਕਹਿਣ ਲੱਗਾ,
‘‘ਸਤਬੀਰ! ਏਨੇ ਸਾਲਾਂ ਬਾਅਦ ਮੈਂ ਤੈਨੂੰ ਇਸ ਲਈ ਫੋਨ ਕੀਤਾ ਹੈ ਕਿ ਮੈਂ ਤੈਨੂੰ ਆਪਣੇ ਵਟਸਐਪ ਗਰੁੱਪ ਦਾ ਮੈਂਬਰ ਬਣਾਉਣਾ ਹੈ। ਮੈਂ ਆਪਣੇ 1967 ਸਾਲ ਦੀ ਕਲਾਸ ਦੇ ਵਿਦਿਆਰਥੀ ਲੱਭ ਰਿਹਾ ਹਾਂ। ਯਾਰ! ਇਹ ਫੇਸਬੁੱਕ ਤੇ ਵਟਸਐਪ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਤੇਰਾ ਨੰਬਰ ਵੀ ਮੈਂ ਫੇਸਬੁੱਕ ਤੋਂ ਲੱਭਿਆ। ਸਾਰੇ ਜਮਾਤੀ ਵਟਸਐਪ ’ਤੇ ਹੋਣਗੇ, ਇੱਕ ਦੂਜੇ ਨਾਲ ਗੱਪਾਂ ਮਾਰਿਆਂ ਕਰਾਂਗੇ। ਪੁਰਾਣੀਆਂ ਯਾਰੀਆਂ ਤੇ ਪੁਰਾਣੀਆਂ ਸ਼ਰਾਰਤਾਂ ਦੀਆਂ ਯਾਦਾਂ ਤਾਜ਼ੀਆਂ ਕਰਿਆ ਕਰਾਂਗੇ। ਸੱਚੀਂ ! ਬਹੁਤ ਮਜ਼ਾ ਆਏਗਾ।’’
ਸਵਰਨ ਜੀਤ ਬੋਲੀ ਜਾ ਰਿਹਾ ਸੀ ਤੇ ਸਤਬੀਰ ਪੁਰਾਣੀਆਂ ਯਾਦਾਂ ਤੇ ਪੁਰਾਣੀਆਂ ਸ਼ਰਾਰਤਾਂ ਵਿੱਚ ਗੁਆਚਦਾ ਜਾ ਰਿਹਾ ਸੀ। ਗੁਆਚਦਾ-ਗੁਆਚਦਾ ਉਹ ਸਾਲ 1962 ਵਿੱਚ ਪਹੁੰਚ ਗਿਆ। ਸਵਰਨ ਜੀਤ ਨੇ ਦੱਸਿਆ ਕਿ ਉਸ ਨੇ ਇੱਕ ਜਮਾਤੀ ਲੱਭ ਲਿਆ ਹੈ।
‘‘ਸਤਬੀਰ! ਤੈਨੂੰ ਯਾਦ ਹੈ ਕਿ ਸਾਡੇ ਨਾਲ ਜਗਜੀਤ ਕਾਲੀਆ ਹੁੰਦਾ ਸੀ ਜੋ ਆਰਮੀ ਵਿੱਚ ਚਲਾ ਗਿਆ ਸੀ। ਉਹ ਕਰਨਲ ਬਣ ਕੇ ਰਿਟਾਇਰ ਹੋਇਆ ਹੈ। ਬਹੁਤ ਤਕੜੀ ਪੈਨਸ਼ਨ ਮਿਲਦੀ ਹੈ। ਅੱਜਕੱਲ੍ਹ ਚੰਡੀਗੜ੍ਹ ਵਿੱਚ ਇੱਕ ਆਲੀਸ਼ਾਨ ਕੋਠੀ ਬਣਾ ਕੇ ਬੜੇ ਮਜ਼ੇ ਦੀ ਜ਼ਿੰਦਗੀ ਕੱਟ ਰਿਹਾ ਹੈ।’’ ਸਤਬੀਰ ਨੂੰ ਯਾਦ ਆ ਗਿਆ।
ਜਗਜੀਤ ਨਾਲ ਉਸ ਦੀ ਚੰਗੀ ਬਣਦੀ ਸੀ। ਉਹ ਉਸ ਦੇ ਚੰਗੇ ਦੋਸਤਾਂ ਵਿੱਚੋਂ ਇੱਕ ਸੀ। ਉਹ ਹੋਸਟਲ ਵਿੱਚ ਰਹਿੰਦਾ ਸੀ। ਛੁੱਟੀਆਂ ਵਿੱਚ ਉਹ ਸਤਬੀਰ ਨੂੰ ਆਪਣੇ ਪਿੰਡ ਲੈ ਜਾਇਆ ਕਰਦਾ ਸੀ। ਉਸ ਦੇ ਬੀਜੀ ਦੋਵਾਂ ਨੂੰ ਬਹੁਤ ਪਿਆਰ ਕਰਦੇ ਸਨ। ਕਦੇ ਗੋਭੀ ਦੇ ਪਰਾਂਠੇ ਤੇ ਕਦੇ ਮੱਕੀ ਦੀ ਰੋਟੀ ਸਰ੍ਹੋਂ ਦੇ ਸਾਗ ਨਾਲ ਖਵਾਇਆ ਕਰਦੇ ਸਨ। ਸੱਚੀਂ ! ਬਹੁਤ ਹੀ ਸਵਾਦ ਹੁੰਦੇ ਸਨ ਗੋਭੀ ਦੇ ਪਰਾਂਠੇ।
ਸਤਬੀਰ ਨੂੰ ਉਨ੍ਹਾਂ ਪਰਾਂਠਿਆਂ ਦਾ ਸਵਾਦ ਮਹਿਸੂਸ ਹੋਣ ਲੱਗਾ। ਦੂਸਰੇ ਪਾਸਿਉਂ ਸਵਰਨ ਜੀਤ ਦੀ ਆਵਾਜ਼ ਆਈ, ‘‘ਸਤਬੀਰ! ਤੂੰ ਆਪਣਾ ਪ੍ਰੋਫਾਈਲ ਮੇਰੇ ਵਟਸਐਪ ’ਤੇ ਭੇਜ ਦੇ। ਮੈਂ ਤੈਨੂੰ ਆਪਣਾ ਨੰਬਰ ਭੇਜਦਾ ਹਾਂ।’’ ਇਹ ਸੁਣਦਿਆਂ ਸਤਬੀਰ ਫਿਰ ਇਕਦਮ ਗੰਭੀਰ ਹੋ ਗਿਆ। ਸਵਰਨ ਜੀਤ ਉਸ ਨੂੰ ਪੁਰਾਣੇ ਜ਼ਖ਼ਮ ਫਰੋਲਣ ਲਈ ਕਹਿ ਰਿਹਾ ਸੀ। ਉਸ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਸੀ। ਉਸ ਨੇ ਸਵਰਨ ਜੀਤ ਨੂੰ ਟੋਕਿਆ, ‘‘ਵੇਖ ਸਵਰਨ ਜੀਤ! ਮੈਂ ਤੇਰੇ ਗਰੁੱਪ ਦਾ ਮੈਂਬਰ ਨਹੀਂ ਬਣ ਸਕਦਾ।’’ ਤੇ ਸਤਬੀਰ ਨੇ ਫੋਨ ਹੀ ਬੰਦ ਕਰ ਦਿੱਤਾ। ਦੂਸਰੇ ਪਾਸੇ ਸਵਰਨ ਜੀਤ ਹੈਲੋ ਹੈਲੋ ਕਰਦਾ ਰਿਹਾ। ਉਸ ਨੇ ਦੋ-ਤਿੰਨ ਵਾਰੀ ਸਤਬੀਰ ਦੇ ਫੋਨ ਦੀ ਘੰਟੀ ਵਜਾਈ, ਪਰ ਸਤਬੀਰ ਨੇ ਫੋਨ ਨਹੀਂ ਚੁੱਕਿਆ।
ਗੰਭੀਰ ਜਿਹਾ ਹੋਇਆ ਸਤਬੀਰ ਆਪਣੇ ਕਮਰੇ ਵਿੱਚ ਆ ਕੇ ਆਪਣੇ ਬਿਸਤਰ ’ਤੇ ਲੇਟ ਗਿਆ। ਲੰਮਾ ਪਿਆ ਛੱਤ ਵੱਲ ਵੇਖੀ ਜਾਏ। ਛੱਤ ਵਿੱਂਚੋਂ ਉਸ ਨੂੰ ਸਾਲ 1962 ਦੀਆਂ ਯਾਦਾਂ ਦਿੱਸਣ ਲੱਗੀਆਂ। ਉਹ ਆਪਣੇ ਪੁਰਾਣੇ ਜ਼ਖ਼ਮਾਂ ਵਿੱਚ ਡੁੱਬਦਾ ਗਿਆ। ਉਸ ਦੇ ਪੁਰਾਣੇ ਜ਼ਖ਼ਮ ਫਿੱਰ ਰਿਸਣੇ ਸ਼ੁਰੂ ਹੋ ਗਏ।
ਸਤਬੀਰ ਪੜ੍ਹਾਈ ਵਿੱਚ ਬਹੁਤ ਲਾਇਕ ਹੁੰਦਾ ਸੀ। ਕਲਾਸ ਵਿੱਚ ਸਭ ਤੋਂ ਅੱਗੇ ਹੁੰਦਾ ਸੀ। ਸਭ ਤੋਂ ਵੱਧ ਨੰਬਰ ਲੈਂਦਾ ਸੀ। ਉਸ ਨੂੰ ਆਪਣੇ ਆਪ ’ਤੇ ਮਾਣ ਹੁੰਦਾ ਸੀ ਕਿ ਉਸ ਦਾ ਨਾਮ ਲਾਇਕ ਵਿਦਿਆਰਥੀਆਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਹੁੰਦਾ ਸੀ। ਆਪਣੇ ਨਾਲ ਪੜ੍ਹਦੀਆਂ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਸੀ। ਉਨ੍ਹਾਂ ਨੂੰ ਆਪਣੀਆਂ ਭੈਣਾਂ ਵਾਂਗ ਹੀ ਸਮਝਦਾ ਸੀ। ਜੇ ਕਿਸੇ ਕੁੜੀ ਨਾਲ ਗੱਲ ਕਰਨੀ ਪੈ ਜਾਂਦੀ ਤਾਂ ਉਸ ਨੂੰ ਭੈਣ ਜੀ ਕਹਿ ਕੇ ਸੰਬੋਧਨ ਕਰਦਾ।
ਉਹ ਇੱਕ ਚੰਗਾ ਡਾਕਟਰ ਬਣਨਾ ਚਾਹੁੰਦਾ ਸੀ। ਉਹ ਡਾਕਟਰ ਬਣ ਕੇ ਗ਼ਰੀਬਾਂ ਦੀ ਸੇਵਾ ਕਰਨਾ ਚਾਹੁੰਦਾ ਸੀ। ਉਸ ਦੇ ਇਸ ਇਰਾਦੇ ਨੂੰ ਕੋਈ ਨਹੀਂ ਸੀ ਰੋਕ ਸਕਦਾ। ਡਾਕਟਰ ਬਣਨਾ ਉਸ ਦੇ ਮਾਂ-ਬਾਪ ਦਾ ਵੀ ਇੱਕ ਸੁਪਨਾ ਸੀ ਜਿਸ ਨੂੰ ਉਹ ਹਰ ਹਾਲਤ ਵਿੱਚ ਪੂਰਾ ਕਰਨਾ ਚਾਹੁੰਦਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਇੱਕ ਦਿਨ ਕਿਸਮਤ ਨੇ ਪਲਟਾ ਮਾਰਿਆ। ਉਹ ਕਲਾਸ ਵਿੱਚ ਬੈਠਾ ਸੀ। ਉਸ ਦਾ ਸਾਰਾ ਧਿਆਨ ਪ੍ਰੋਫੈਸਰ ਦੇ ਲੈਕਚਰ ਵੱਲ ਸੀ। ਅਚਾਨਕ ਪ੍ਰਿੰਸੀਪਲ ਦਾ ਚਪੜਾਸੀ ਕਮਰੇ ਵਿੱਚ ਦਾਖਲ ਹੋਇਆ। ਪ੍ਰੋਫੈਸਰ ਨੂੰ ਪ੍ਰਿੰਸੀਪਲ ਦਾ ਸੁਨੇਹਾ ਦਿੱਤਾ ਤੇ ਵਾਪਸ ਚਲਾ ਗਿਆ। ਪ੍ਰਿੰਸੀਪਲ ਨੇ ਸਤਬੀਰ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਸੀ। ਸਤਬੀਰ ਪ੍ਰਿੰਸੀਪਲ ਰਾਮ ਸਿੰਘ ਦੇ ਦਫ਼ਤਰ ਵਿੱਚ ਗਿਆ। ਉੱਥੇ ਪ੍ਰਿੰਸੀਪਲ ਰਾਮ ਸਿੰਘ ਦੀ ਕੁਰਸੀ ’ਤੇ ਵਾਈਸ ਪ੍ਰਿੰਸੀਪਲ ਸੁਜਾਨ ਸਿੰਘ ਬੈਠਾ ਸੀ। ਪ੍ਰਿੰਸੀਪਲ ਦੇ ਦਫ਼ਤਰ ਵਿੱਚ ਪੰਜ ਛੇ ਪ੍ਰੋਫੈਸਰ ਹੋਰ ਬੈਠੇ ਸਨ। ਪ੍ਰਿੰਸੀਪਲ ਰਾਮ ਸਿੰਘ ਕੁਝ ਦਿਨਾਂ ਲਈ ਛੁੱਟੀ ਗਿਆ ਹੋਇਆ ਸੀ।
ਵਾਈਸ ਪ੍ਰਿੰਸੀਪਲ ਸੁਜਾਨ ਸਿੰਘ, ਸਤਬੀਰ ਨੂੰ ਕਹਿਣ ਲੱਗਾ, ‘‘ਵੇਖ ਕਾਕਾ! ਸਾਡੇ ਕਾਲਜ ਦੀ ਕਿਸੇ ਵੀ ਕੁੜੀ ਨੂੰ ਛੇੜਨਾ ਇੱਕ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਹੈ। ਤੂੰ ਆਪਣੀ ਹੀ ਕਲਾਸ ਦੀ ਕੁੜੀ ਸਤਪਾਲ ਕੌਰ ਖਾਲੜਾ ਨੂੰ ਹਰ ਰੋਜ਼ ਬਹੁਤ ਬੁਰੀ ਤਰ੍ਹਾਂ ਛੇੜਦਾ ਹੈਂ।’’ ਸਤਬੀਰ ਹੱਕਾ ਬੱਕਾ ਰਹਿ ਗਿਆ। ਉਸ ਦੀਆਂ ਲੱਤਾਂ ਬਾਹਵਾਂ ਕੰਬਣ ਲੱਗੀਆਂ। ਮੂੰਹ ਵਿੱਚੋਂ ਕੋਈ ਗੱਲ ਨਾ ਨਿਕਲੇ। ਮੂੰਹ ਤਾਂ ਇਕਦਮ ਸੁੱਕ ਹੀ ਗਿਆ ਸੀ। ਉਸ ਨੂੰ ਯਾਦ ਆਇਆ ਕਿ ਇੱਕ ਦਿਨ ਸਤਪਾਲ ਕੌਰ ਖਾਲੜਾ ਨੇ ਉਸ ਕੋਲੋਂ ਫਿਜ਼ਿਕਸ ਦਾ ਕੋਈ ਸਵਾਲ ਪੁੱਛਿਆ ਸੀ ਤੇ ਉਸ ਨੂੰ ਉਹ ਜਵਾਬ ਉਸ ਦੀ ਕਾਪੀ ’ਚ ਲਿਖਣ ਲਈ ਕਿਹਾ ਸੀ। ਸਤਬੀਰ ਨੇ ਉਹ ਸਵਾਲ ਸਤਪਾਲ ਦੀ ਕਾਪੀ ਵਿੱਚ ਲਿਖ ਕੇ ਤੇ ਕਾਪੀ ਵਾਪਸ ਕਰਦਿਆਂ ਕਿਹਾ ਸੀ, ‘‘ਐ ਲਉ ਭੈਣ ਜੀ! ਤੁਹਾਡਾ ਕੰਮ ਹੋ ਗਿਆ।’’
ਇਸ ਤੋਂ ਪਹਿਲਾਂ ਕਿ ਸਤਬੀਰ ਹਿੰਮਤ ਕਰਕੇ ਆਪਣੀ ਸਫ਼ਾਈ ਵਿੱਚ ਵਾਈਸ ਪ੍ਰਿੰਸੀਪਲ ਸੁਜਾਨ ਸਿੰਘ ਨੂੰ ਕੁਝ ਕਹਿੰਦਾ, ਪੁਲੀਸ ਉਸ ਕਮਰੇ ਵਿੱਚ ਦਾਖਲ ਹੋ ਗਈ। ਵਾਈਸ ਪ੍ਰਿੰਸੀਪਲ ਸੁਜਾਨ ਸਿੰਘ, ਸਤਬੀਰ ਦੇ ਦਫ਼ਤਰ ਵਿੱਚ ਪਹੁੰਚਣ ਤੋਂ ਪਹਿਲਾਂ ਪੁਲੀਸ ਨੂੰ ਵੀ ਬੁਲਾ ਚੁੱਕਾ ਸੀ। ਮਤਲਬ ਕਿ ਉਸ ਨੇ ਸਤਬੀਰ ਦੀ ਕੋਈ ਗੱਲ ਨਹੀਂ ਸੀ ਸੁਣਨੀ। ਬਸ। ਪੁਲੀਸ ਦੇ ਹਵਾਲੇ ਕਰਨਾ ਸੀ। ਕੋਈ ਬਹੁਤ ਵੱਡੀ ਸਾਜ਼ਿਸ਼ ਲੱਗਦੀ ਸੀ।
ਪੁਲੀਸ ਸਤਬੀਰ ਨੂੰ ਹੱਥ ਕੜੀ ਲਾ ਕੇ ਥਾਣੇ ਲੈ ਗਈ। ਪਹਿਲਾਂ ਤਾਂ ਗੰਦੀਆਂ ਗਾਲ੍ਹਾਂ ਤੇ ਥੱਪੜਾਂ ਨਾਲ ਖ਼ੂਬ ਸੇਵਾ ਕੀਤੀ ਗਈ ਤੇ ਫਿਰ ਨੰਗਿਆਂ ਕਰ ਕੇ ਜ਼ਮੀਨ ’ਤੇ ਪੁੱਠਾ ਲੰਮਿਆਂ ਪਾ ਕੇ ਖ਼ੂਬ ਕੁਟਾਪਾ ਚਾੜ੍ਹਿਆ ਗਿਆ। ਅੱਧ ਮੋਇਆ ਜਿਹਾ ਕਰ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਸਤਬੀਰ ਦੇ ਘਰ ਸੁਨੇਹਾ ਭੇਜ ਦਿੱਤਾ ਕਿ ਉਹ ਥਾਣੇ ਵਿੱਚ ਹੈ।
ਅਗਲੇ ਦਿਨ ਸਤਬੀਰ ਨੂੰ ਕਚਹਿਰੀ ਵਿੱਚ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਦੇ ਪਿਤਾ ਜੀ ਆਪਣੇ ਇੱਕ ਦੋਸਤ ਦੀ ਮਦਦ ਨਾਲ ਸਤਬੀਰ ਨੂੰ ਜ਼ਮਾਨਤ ’ਤੇ ਘਰ ਲੈ ਆਏ। ਮੈਜਿਸਟਰੇਟ ਨੇ ਇੱਕ ਤਰੀਕ ਦੇ ਦਿੱਤੀ ਜਦੋਂ ਸਤਬੀਰ ਨੇ ਅਦਾਲਤ ਵਿੱਚ ਫਿਰ ਪੇਸ਼ ਹੋਣਾ ਸੀ।
ਕੁਝ ਦਿਨਾਂ ਬਾਅਦ ਸਤਬੀਰ ਦੇ ਪਿਤਾ ਜੀ ਕਾਲਜ ਜਾ ਕੇ ਪ੍ਰਿੰਸੀਪਲ ਰਾਮ ਸਿੰਘ ਨੂੰ ਮਿਲੇ ਅਤੇ ਸਤਬੀਰ ਨੂੰ ਫਿਰ ਕਾਲਜ ਵਿੱਚ ਪੜ੍ਹਾਈ ਸ਼ੁਰੂ ਕਰਨ ਲਈ ਬੇਨਤੀ ਕੀਤੀ। ਪ੍ਰਿੰਸੀਪਲ ਰਾਮ ਸਿੰਘ ਨੇ ਸਾਫ਼ ਕਹਿ ਦਿੱਤਾ ਕਿ ਜਿੰਨੀ ਦੇਰ ਸਤਬੀਰ ਦਾ ਕੇਸ ਅਦਾਲਤ ਵਿੱਚ ਹੈ, ਉਹ ਸਤਬੀਰ ਨੂੰ ਕਾਲਜ ਵਿੱਚ ਨਹੀਂ ਲੈ ਸਕਦਾ। ਇੱਕ ਸਲਾਹ ਦਿੱਤੀ ਕਿ ਉਹ ਸਤਬੀਰ ਨੂੰ ਦੂਜੇ ਕਾਲਜ ਵਿੱਚ ਦਾਖਲ ਕਰਵਾ ਲੈਣ। ਇਸ ਕੰਮ ਲਈ ਉਹ ਸਤਬੀਰ ਦੀ ਪੂਰੀ ਮਦਦ ਕਰਨਗੇ। ਸਤਬੀਰ ਦੇ ਪਿਤਾ ਜੀ ਦੇ ਬਹੁਤ ਕਹਿਣ ’ਤੇ ਪ੍ਰਿੰਸੀਪਲ ਰਾਮ ਸਿੰਘ ਨਹੀਂ ਮੰਨੇ ਅਤੇ ਅਖ਼ੀਰ ਸਤਬੀਰ ਦੂਜੇ ਕਾਲਜ ਵਿੱਚ ਦਾਖਲ ਹੋ ਗਿਆ।
ਦੂਜੇ ਕਾਲਜ ਵਿੱਚ ਅੱਜ ਸਤਬੀਰ ਦਾ ਪਹਿਲਾ ਦਿਨ ਸੀ। ਉਹ ਕਾਲਜ ਵਿੱਚ ਗੁੰਮ-ਸੁੰਮ ਜਿਹਾ ਹੋ ਕੇ ਬੈਠਾ ਸੀ। ਪ੍ਰੋਫੈਸਰ ਕਲਾਸ ਵਿੱਚ ਆਇਆ। ਕੁਰਸੀ ’ਤੇ ਬੈਠਾ, ਰਜਿਸਟਰ ਖੋਲ੍ਹਿਆ ਤੇ ਵਿਦਿਆਰਥੀਆਂ ਦੀ ਹਾਜ਼ਰੀ ਲਾਉਣੀ ਸ਼ੁਰੂ ਕੀਤੀ। ਸਤਬੀਰ ਪ੍ਰੋਫੈਸਰ ਲਈ ਇੱਕ ਨਵਾਂ ਵਿਦਿਆਰਥੀ ਸੀ। ਉਸ ਨੇ ਸਤਬੀਰ ਨੂੰ ਖੜ੍ਹਾ ਹੋ ਕੇ ਆਪਣੇ ਬਾਰੇ ਦੱਸਣ ਲਈ ਕਿਹਾ। ਇਸ ਤੋਂ ਪਹਿਲਾਂ ਕਿ ਸਤਬੀਰ ਕੁਝ ਬੋਲੇ, ਕਲਾਸ ਵਿੱਚ ਪਿਛਲੇ ਬੈਂਚ ’ਤੇ ਬੈਠੇ ਕਿਸੇ ਵਿਦਿਆਰਥੀ ਨੇ ਉੱਚੀ ਸਾਰੀ ਬੋਲ ਦਿੱਤਾ, ‘‘ਇਹ ਜੀ! ਟੁੱਟਾ ਆਸ਼ਕ ਹੈ। ਪੁਲੀਸ ਦੀ ਕੁੱਟ ਖਾ ਕੇ ਏਥੇ ਆਇਆ ਹੈ।’’ ਇੱਕ ਅਜੀਬ ਜਿਹਾ ਹਾਸਾ ਕਲਾਸ ਵਿੱਚ ਗੂੰਜਿਆ। ਪ੍ਰੋਫੈਸਰ ਇਕਦਮ ਹੈਰਾਨ ਜਿਹਾ ਹੋ ਕੇ ਰਹਿ ਗਿਆ। ਉਸ ਨੇ ਸਤਬੀਰ ਨੂੰ ਕਿਹਾ ਕਿ ਉਹ ਕਲਾਸ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਉਸ ਦੇ ਦਫ਼ਤਰ ਵਿੱਚ ਆ ਕੇ ਮਿਲੇ।
ਇਸ ਤੋਂ ਪਹਿਲਾਂ ਉਹ ਪ੍ਰੋਫੈਸਰ ਨੂੰ ਉਸ ਦੇ ਦਫ਼ਤਰ ਵਿੱਚ ਆ ਕੇ ਮਿਲੇ ਅਤੇ ਆਪਣੀ ਕਹਾਣੀ ਦੱਸੇ, ਕਲਾਸ ਦੇ ਮੁੰਡਿਆਂ ਨੇ ਪੁੱਛ-ਪੁੱਛ ਕੇ ਸਤਬੀਰ ਦਾ ਬੁਰਾ ਹਾਲ ਕਰ ਦਿੱਤਾ। ਸਤਬੀਰ ਨੂੰ ਜਾਪਿਆ ਕਿ ਕਾਲਜ ਦੇ ਸਾਰੇ ਵਿਦਿਆਰਥੀਆਂ ਅਤੇ ਪ੍ਰੋਫੈਸਰ ਉਸ ਵੱਲ ਬਹੁਤ ਹੀ ਨਫ਼ਰਤ ਭਰੀਆਂ ਅੱਖਾਂ ਨਾਲ ਵੇਖਦੇ ਹਨ।
ਉਸ ਨੇ ਫਿਰ ਵੀ ਆਪਣੇ ਆਪ ਨੂੰ ਸੰਭਾਲਿਆ ਤੇ ਕਾਲਜ ਦੀ ਕੈਂਟੀਨ ਵਿੱਚ ਚਲਾ ਗਿਆ। ਇਕ ਕੱਪ ਚਾਹ ਦਾ ਲਿਆ ਤੇ ਇੱਕ ਖ਼ਾਲੀ ਮੇਜ਼ ਵੇਖ ਕੇ ਉੱਥੇ ਆ ਬੈਠਾ ਤੇ ਚਾਹ ਪੀਣ ਲੱਗਾ। ਅਜੇ ਦੋ ਘੁੱਟ ਹੀ ਭਰੇ ਹੋਣਗੇ ਕਿ ਦੋ ਵਿਦਿਆਰਥੀ ਉਸ ਦੇ ਸਾਹਮਣੇ ਆ ਕੇ ਬੈਠ ਗਏ ਤੇ ਉਸ ਨੂੰ ਪੁੱਠੇ-ਸਿੱਧੇ ਸਵਾਲ ਪੁੱਛਣ ਲੱਗੇ।
ਹੁਣ ਸਤਬੀਰ ਕੋਲੋਂ ਹੋਰ ਨਹੀਂ ਸੀ ਸਹਾਰਿਆ ਜਾਂਦਾ। ਉਹ ਕਾਲਜ ਵਿੱਚੋਂ ਨੱਸ ਆਇਆ। ਘਰ ਆ ਕੇ ਗੁੱਸੇ ਵਿੱਚ ਉਸ ਨੇ ਆਪਣੀਆਂ ਕਿਤਾਬਾਂ ਤੇ ਕਾਪੀਆਂ ਪਾੜ-ਪਾੜ ਕੇ ਸੁੱਟ ਦਿੱਤੀਆਂ।
ਕੁਝ ਦਿਨਾਂ ਬਾਅਦ ਸਤਪਾਲ ਕੌਰ ਖਾਲੜਾ ਮੁੰਡਿਆਂ ਦੇ ਹੋਸਟਲ ਵਿੱਚ ਇੱਕ ਮੁੰਡੇ ਨਾਲ ਰੰਗੇ ਹੱਥੀਂ ਆਯਾਸ਼ੀ ਕਰਦੀ ਫੜੀ ਗਈ। ਇਹ ਮੁੰਡਾ ਮਲੇਸ਼ੀਆ ਦਾ ਰਹਿਣ ਵਾਲਾ ਸੀ ਅਤੇ ਇੱਥੇ ਪੜ੍ਹਾਈ ਕਰਨ ਲਈ ਆਇਆ ਸੀ। ਮੁੰਡੇ-ਕੁੜੀ ਦੋਵਾਂ ਨੂੰ ਪ੍ਰਿੰਸੀਪਲ ਰਾਮ ਸਿੰਘ ਦੇ ਦਫ਼ਤਰ ਵਿੱਚ ਪੇਸ਼ ਕੀਤਾ ਗਿਆ। ਮੁੰਡੇ ਨੇ ਸਾਫ਼ ਕਹਿ ਦਿੱਤਾ ਕਿ ਜੇ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਉਹ ਆਪਣੇ ਦੇਸ਼ ਦੀ ਐਂਬੈਸੀ ਨੂੰ ਸੂਚਨਾ ਕਰੇਗਾ। ਪ੍ਰਿੰਸੀਪਲ ਰਾਮ ਸਿੰਘ ਸ਼ਾਇਦ ਇਸ ਗੱਲ ਤੋਂ ਡਰ ਗਏ। ਮੁੰਡੇ ਨੇ ਇਹ ਵੀ ਕਹਿ ਦਿੱਤਾ ਕਿ ਉਹ ਸਤਬੀਰ ਨਹੀਂ ਹੈ ਜਿਸ ਨੂੰ ਬਗ਼ੈਰ ਕਿਸੇ ਕਸੂਰ ਦੇ ਪੁਲੀਸ ਹਵਾਲੇ ਕਰ ਦਿਓਗੇ। ਪ੍ਰਿੰਸੀਪਲ ਰਾਮ ਸਿੰਘ ਨੇ ਉਸ ਮੁੰਡੇ ਨੂੰ ਸਤਬੀਰ ਬਾਰੇ ਹੋਰ ਵੀ ਜਾਣਕਾਰੀ ਦੇਣ ਲਈ ਪੁੱਛਿਆ।
@000-DT-BODY-NOINDENT:ਮੁੰਡੇ ਨੇ ਦੱਸਿਆ ਕਿ ਸਤਪਾਲ ਤਾਂ ਅਕਸਰ ਹੀ ਹੋਸਟਲ ਵਿੱਚ ਆਉਂਦੀ ਜਾਂਦੀ ਸੀ। ਉਸ ਨੇ ਹੋਰ ਵੀ ਕੁਝ ਮੁੰਡਿਆਂ ਦੇ ਨਾਮ ਲਏ। ਪ੍ਰਿੰਸੀਪਲ ਨੇ ਉਨ੍ਹਾਂ ਮੁੰਡਿਆਂ ਕੋਲੋਂ ਵੀ ਸਤਬੀਰ ਬਾਰੇ ਪੁੱਛਿਆ। ਉਨ੍ਹਾਂ ਮੁੰਡਿਆਂ ਨੇ ਦੱਸਿਆ ਕਿ ਸਤਬੀਰ ਨੂੰ ਤਾਂ ਐਵੇਂ ਹੀ ਫਸਾਇਆ ਗਿਆ। ਸਤਪਾਲ ਕੌਰ ਨੇ ਇੱਕ ਵਾਰੀ ਗੱਲਾਂ ਹੀ ਗੱਲਾਂ ਵਿੱਚ ਦੱਸਿਆ ਸੀ ਕਿ ਉਹ ਸਤਬੀਰ ਨੂੰ ਲਾਇਕ ਤੋਂ ਨਾਲਾਇਕ ਬਣਾਉਣਾ ਚਾਹੁੰਦੀ ਹੈ। ਹੀਰੋ ਤੋਂ ਜ਼ੀਰੋ ਕਰਨਾ ਚਾਹੁੰਦੀ ਹੈ। ਇਹ ਉਹ ਕਿਉਂ ਕਰਨਾ ਚਾਹੁੰਦੀ ਸੀ। ਇਸ ਸਵਾਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਮੁੰਡਿਆਂ ਨੇ ਇਹ ਵੀ ਦੱਸਿਆ ਕਿ ਉਹ ਸਤਪਾਲ ਕੌਰ ਨੂੰ ਫਿਰਦੌਸ ਕਹਿ ਕੇ ਬੁਲਾਉਂਦੇ ਸਨ।
ਅਗਲੇ ਦਿਨ ਪ੍ਰਿੰਸੀਪਲ ਰਾਮ ਸਿੰਘ ਨੇ ਵਾਈਸ ਪ੍ਰਿੰਸੀਪਲ ਸੁਜਾਨ ਸਿੰਘ ਨੂੰ ਆਪਣੇ ਨਾਲ ਲਿਆ ਤੇ ਕਚਹਿਰੀ ਜਾ ਕੇ ਸਤਬੀਰ ਦਾ ਕੇਸ ਵਾਪਸ ਲੈ ਲਿਆ। ਸਤਬੀਰ ਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਉਸ ਨੇ ਸਤਪਾਲ ਕੌਰ ਖਾਲੜਾ ਨਾਲ ਕੀ ਮਾੜਾ ਕੀਤਾ ਸੀ ? ਉਸ ਨੇ ਵਾਈਸ ਪ੍ਰਿੰਸੀਪਲ ਕੋਲ ਉਸ ਦੀ ਸ਼ਿਕਾਇਤ ਕਿਉਂ ਕੀਤੀ ਸੀ ? ਵਾਈਸ ਪ੍ਰਿੰਸੀਪਲ ਸੁਜਾਨ ਸਿੰਘ ਨੇ ਉਸ ਨੂੰ ਪੁਲੀਸ ਦੇ ਹਵਾਲੇ ਕਿਉਂ ਕੀਤਾ ਸੀ ? ਪੁਲੀਸ ਨੇ ਉਸ ਨੂੰ ਏਨਾ ਜ਼ਿਆਦਾ ਕਿਉਂ ਕੁੱਟਿਆ ਸੀ ? ਸਤਬੀਰ ਨੂੰ ਅੱਜ ਵੀ ਇਹ ਸਾਰੇ ਜ਼ਖ਼ਮ ਰਿਸਦੇ ਹੋਏ ਮਹਿਸੂਸ ਹੁੰਦੇ ਹਨ। ਅੱਜ ਵੀ ਇਨ੍ਹਾਂ ਦੀ ਪੀੜ ਸਤਬੀਰ ਦੇ ਸਰੀਰ ਵਿੱਚ ਤੇ ਰੂਹ ਵਿੱਚ ਹੁੰਦੀ ਹੈ।
ਸਤਬੀਰ ਦੀ ਪੜ੍ਹਾਈ ਖ਼ਤਮ ਹੋ ਗਈ ਸੀ। ਉਸ ਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਗਈ ਸੀ। ਕਈ ਵਾਰੀ ਆਪਣੇ ਸਰੀਰ ਨੂੰ ਕਿਸੇ ਤਿੱਖੀ ਛੁਰੀ ਨਾਲ ਜ਼ਖ਼ਮੀ ਕਰ ਲੈਂਦਾ। ਉਸ ਦੇ ਬੀਬੀ ਜੀ ਰਸੋਈ ਵਿਚਲੇ ਚਾਕੂ ਛੁਰੀਆਂ ਨੂੰ ਲੁਕੋ ਲੁਕੋ ਕੇ ਰੱਖਦੇ। ਇੱਕ ਦੋ ਵਾਰੀ ਤਾਂ ਸਤਬੀਰ ਨੇ ਆਤਮ ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋਇਆ। ਉਸ ਦੇ ਪਿਤਾ ਜੀ ਨੇ ਉਸ ਦਾ ਇਲਾਜ ਕਰਾਉਣ ਵਿੱਚ ਕੋਈ ਕਸਰ ਨਾ ਛੱਡੀ। ਉਹ ਬਹੁਤ ਅਮੀਰ ਤਾਂ ਨਹੀਂ ਸਨ, ਪਰ ਫਿਰ ਵੀ ਉਨ੍ਹਾਂ ਨੇ ਪੈਸਾ ਪਾਣੀ ਵਾਂਗ ਰੋੜ੍ਹ ਦਿੱਤਾ। ਘਰ ਵਿੱਚ ਸ਼ਾਂਤੀ ਨਾਮ ਦੀ ਕੋਈ ਚੀਜ਼ ਨਾ ਰਹੀ।
ਸਤਬੀਰ ਦੇ ਬੀਬੀ ਜੀ ਪਹਿਲਾਂ ਤਾਂ ਸਭ ਦੇ ਸਾਹਮਣੇ ਰੋਂਦੇ ਰਹਿੰਦੇ, ਫਿਰ ਉਨ੍ਹਾਂ ਆਪਣੇ ਆਪ ਨੂੰ ਸੰਭਾਲਿਆ ਤਾਂ ਲੁਕ ਲੁਕ ਕੇ ਰੋਣਾ ਸ਼ੁਰੂ ਕਰ ਦਿੱਤਾ। ਨਾ ਤਾਂ ਉਨ੍ਹਾਂ ਨੂੰ ਖਾਣਾ ਬਣਾਉਣ ਦੀ ਸੁਰਤ ਰਹਿੰਦੀ ਤੇ ਨਾ ਹੀ ਘਰ ਨੂੰ ਸੰਭਾਲਣ ਦੀ। ਸਤਬੀਰ ਦੇ ਪਿਤਾ ਜੀ ਤਾਂ ਹਰ ਵੇਲੇ ਘਬਰਾਏ ਜਿਹੇ, ਗਵਾਚੇ ਜਿਹੇ ਰਹਿੰਦੇ। ਕਦੀ ਗੁੱਸੇ ਵਿੱਚ ਆ ਕੇ ਕਾਲਜ ਵਾਲਿਆਂ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਤੇ ਕਦੇ ਆਪਣੀ ਕਿਸਮਤ ਨੂੰ। ਉਨ੍ਹਾਂ ਨੂੰ ਨਾ ਤਾਂ ਸਮਝ ਆਉਂਦੀ ਕਿ ਉਹ ਕੀ ਕਰਨ ਤੇ ਨਾ ਹੀ ਉਨ੍ਹਾਂ ਨੂੰ ਕੋਈ ਹੌਸਲਾ ਦੇਣ ਵਾਲਾ। ਉਨ੍ਹਾਂ ਨੂੰ ਜੇ ਸਮਝ ਹੁੰਦੀ ਤਾਂ ਉਹ ਕਾਲਜ ਵਾਲਿਆਂ ’ਤੇ ਕੇਸ ਕਰ ਸਕਦੇ ਸਨ। ਉਹ ਵਾਈਸ ਪ੍ਰਿੰਸੀਪਲ ਸੁਜਾਨ ਸਿੰਘ ਤੇ ਉਸ ਕੁੜੀ ਸਤਪਾਲ ਕੌਰ ਖਾਲੜਾ ਨੂੰ ਕਚਹਿਰੀ ਵਿੱਚ ਘਸੀਟ ਸਕਦੇ ਸਨ।
ਸਤਬੀਰ ਦਾ ਛੋਟਾ ਭਰਾ ਸਕੂਲ ਵਿੱਚ ਪੜ੍ਹਦਾ ਸੀ। ਜੇ ਉਸ ਨੂੰ ਸਕੂਲ ਦੀ ਕੋਈ ਚੀਜ਼ ਚਾਹੀਦੀ ਹੁੰਦੀ ਤਾਂ ਉਹ ਪਿਤਾ ਜੀ ਕੋਲੋਂ ਮੰਗਦਾ। ਅੱਗੋਂ ਬਗ਼ੈਰ ਕਿਸੇ ਗੱਲ ਤੋਂ ਚੀਜ਼ ਦੀ ਥਾਂ ਉਸ ਨੂੰ ਥੱਪੜ ਮਿਲ ਜਾਂਦਾ। ਘਰ ਵਿੱਚ ਅਜੀਬ ਤਰ੍ਹਾਂ ਦਾ ਵਾਤਾਵਰਨ ਬਣ ਗਿਆ ਸੀ। ਕਿਸੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਭਾਣਾ ਵਰਤ ਗਿਆ ਹੈ।
ਸਤਬੀਰ ਤਾਂ ਬਸ ਗੁੰਮ-ਸੁੰਮ ਬੈਠਾ ਰਹਿੰਦਾ। ਕਿਸੇ ਵੇਲੇ ਉਸ ਨੂੰ ਪਤਾ ਨਹੀਂ ਕੀ ਹੁੰਦਾ, ਉੱਠਦਾ ਤੇ ਕਾਪੀਆਂ ਕਿਤਾਬਾਂ ਪਾੜਨੀਆਂ ਸ਼ੁਰੂ ਕਰ ਦਿੰਦਾ, ਭਾਵੇਂ ਇਹ ਉਸ ਦੇ ਛੋਟੇ ਭਰਾ ਦੀਆਂ ਹੀ ਕਿਉਂ ਨਾ ਹੋਣ। ਕਦੇ ਰਸੋਈ ਵਿੱਚ ਜਾ ਕੇ ਭਾਂਡੇ ਇੱਧਰ ਉੱਧਰ ਸੁੱਟਣ ਲੱਗ ਪੈਂਦਾ। ਕੋਈ ਉਸ ਨੂੰ ਕੁਝ ਨਾ ਕਹਿੰਦਾ। ਸਾਰੇ ਉਸ ਦਾ ਦੁੱਖ ਸਮਝਦੇ ਸਨ ਤੇ ਆਪ ਦੁਖੀ ਹੁੰਦੇ ਸਨ। ਡਾਕਟਰ ਬਣਨ ਦੇ ਸੁਪਨੇ ਦੇਖਣ ਵਾਲਾ ਆਪ ਇੱਕ ਮਰੀਜ਼ ਬਣ ਚੁੁੱਕਾ ਸੀ।
ਵਕਤ ਬੀਤਦਾ ਗਿਆ। ਸਤਬੀਰ ਦੇ ਪਿਤਾ ਜੀ ਅਤੇ ਬੀਬੀ ਜੀ ਦੀ ਤਪੱਸਿਆ ਰੰਗ ਲਿਆਈ। ਸਤਬੀਰ ਦੇ ਛੋਟੇ ਭਰਾ ਦੀਆਂ ਅਰਦਾਸਾਂ ਨੇ ਵੀ ਆਪਣਾ ਰੰਗ ਵਿਖਾਇਆ। ਸਤਬੀਰ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਠੀਕ ਹੋ ਗਈ। ਮਾਂ-ਬਾਪ ਨੇ ਸਤਬੀਰ ਨੂੰ ਆਪਣੀ ਪੜ੍ਹਾਈ ਫਿਰ ਸ਼ੁਰੂ ਕਰਨ ਲਈ ਪ੍ਰੇਰਿਆ। ਸਤਬੀਰ ਦੇ ਦਿਲ ਵਿੱਚ ਵੀ ਪੜ੍ਹਾਈ ਕਰਨ ਦੀ ਇੱਕ ਕਿਰਨ ਜਾਗੀ। ਉਹ ਆਪਣੇ ਮਾਂ-ਬਾਪ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਸੀ। ਸਤਬੀਰ ਦੇ ਪਿਤਾ ਜੀ ਕਾਲਜ ਜਾ ਕੇ ਪ੍ਰਿੰਸੀਪਲ ਰਾਮ ਸਿੰਘ ਨੂੰ ਮਿਲੇ। ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਸਤਬੀਰ ਨੂੰ ਫਿਰ ਦਾਖਲ ਕਰ ਲੈਣ। ਇਸ ਵਾਰੀ ਪ੍ਰਿੰਸੀਪਲ ਰਾਮ ਸਿੰਘ ਨੇ ਕੋਈ ਨਾਂਹ-ਨੁੱਕਰ ਨਹੀਂ ਕੀਤੀ ਤੇ ਸਤਬੀਰ ਨੂੰ ਦਾਖਲ ਕਰ ਲਿਆ। ਸਤਬੀਰ ਨੇ ਫਿਰ ਪੜ੍ਹਾਈ ਸ਼ੁਰੂ ਕਰ ਦਿੱਤੀ।
ਇਹ ਉਹੀ ਜਮਾਤ ਸੀ ਜਿਸ ਵਿੱਚ ਸਵਰਨ ਜੀਤ ਪੜ੍ਹਦਾ ਸੀ ਜਿਸ ਵਿੱਚ ਜਗਜੀਤ ਕਾਲੀਆ ਪੜ੍ਹਦਾ ਸੀ। ਸਤਬੀਰ ਦੀ ਇਨ੍ਹਾਂ ਦੋਵਾਂ ਨਾਲ ਚੰਗੀ ਦੋਸਤੀ ਹੋ ਗਈ। ਦੋਵੇਂ ਦੋਸਤ ਪੜ੍ਹਾਈ ਵਿੱਚ ਬਹੁਤ ਲਾਇਕ ਸਨ, ਪਰ ਸਤਬੀਰ ਪਹਿਲੇ ਵਾਂਗ ਲਾਇਕ ਨਹੀਂ ਬਣ ਸਕਿਆ। ਬਹੁਤ ਘੱਟ ਨੰਬਰ ਆਉਂਦੇ ਸਨ। ਕਦੇ ਕਿਸੇ ਮਜ਼ਮੂਨ ਵਿੱਚੋਂ ਫੇਲ੍ਹ ਵੀ ਹੋ ਜਾਂਦਾ। ਉਸ ਦੀ ਸਿਹਤ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਸੀ ਹੋਈ। ਉਸ ਦਾ ਦਿਮਾਗ਼ ਪੜ੍ਹਾਈ ਦਾ ਬੋਝ ਨਹੀਂ ਸੀ ਸਹਾਰਦਾ, ਪਰ ਸਤਬੀਰ ਦਾ ਇਰਾਦਾ ਪੱਕਾ ਸੀ ਕਿ ਉਹ ਗ੍ਰੈਜੂਏਟ ਜ਼ਰੂਰ ਬਣੇਗਾ।
ਆਪਣੀ ਜ਼ਿੰਦਗੀ ਦੀ ਪੁਰਾਣੀ ਫਿਲਮ ਵੇਖਦਿਆਂ-ਵੇਖਦਿਆਂ ਪਤਾ ਨਹੀਂ ਕਿਹੜੇ ਵੇਲੇ ਸਤਬੀਰ ਦੀ ਅੱਖ ਲੱਗ ਗਈ। ਜਦੋਂ ਸਵੇਰੇ ਅੱਖ ਖੁੱਲ੍ਹੀ ਤਾਂ ਕਾਫ਼ੀ ਦਿਨ ਚੜ੍ਹ ਚੁੱਕਿਆ ਸੀ। ਸਤਬੀਰ ਸੋਚਣ ਲੱਗਾ, ‘‘ਆਪਣੇ ਜ਼ਖ਼ਮ ਧੋਂਦਿਆਂ ਧੋਂਦਿਆਂ ਇੱਕ ਉਮਰ ਬੀਤ ਗਈ। ਜ਼ਖ਼ਮ ਹਨ ਕਿ ਅਜੇ ਵੀ ਰਿਸਦੇ ਜਾ ਰਹੇ ਹਨ।’’
ਹਰ ਦੂਜੇ ਚੌਥੇ ਦਿਨ ਸਵਰਨ ਜੀਤ ਦਾ ਫੋਨ ਆ ਜਾਂਦਾ ਤੇ ਹਰ ਵਾਰੀ ਉਹ ਸਤਬੀਰ ਨੂੰ ਵਟਸਐਪ ’ਤੇ ਗਰੁੱਪ ਦਾ ਮੈਂਬਰ ਬਣਨ ਲਈ ਜ਼ੋਰ ਪਾਉਂਦਾ। ਸਤਬੀਰ ਹਰ ਵਾਰ ਨਾਂਹ ਕਰ ਦਿੰਦਾ। ਉਹ ਵਾਪਸ ਉਸ ਵਕਤ ਵਿੱਚ ਨਹੀਂ ਸੀ ਜਾਣਾ ਚਾਹੁੰਦਾ, ਜਿੱਥੇ ਜਾ ਕੇ ਉਸ ਦੇ ਜ਼ਖ਼ਮ ਫਿਰ ਰਿਸਣ ਲੱਗ ਪੈਣ। ਜਿਉਂ ਹੀ ਉਸ ਵਕਤ ਬਾਰੇ ਸੋਚਦਾ, ਸਤਪਾਲ ਕੌਰ ਖਾਲੜਾ ਉਸ ਦੇ ਸਾਹਮਣੇ ਆ ਕੇ ਖੜ੍ਹੀ ਹੋ ਜਾਂਦੀ। ਵਾਈਸ ਪ੍ਰਿੰਸੀਪਲ ਸੁਜਾਨ ਸਿੰਘ, ਸਤਪਾਲ ਕੌਰ ਖਾਲੜਾ ਦੇ ਨਾਲ ਆ ਕੇ ਖੜ੍ਹਾ ਹੋ ਜਾਂਦਾ। ਫਿਰ ਪੁਲੀਸ ਤੇ ਫਿਰ ਪੁਲੀਸ ਦੀ ਮਾਰ। ਸਤਬੀਰ ਦਾ ਸਾਰਾ ਸਰੀਰ ਅੱਜ ਏਨੇ ਸਾਲ ਬਾਅਦ ਫਿਰ ਦੁਖਣ ਲੱਗ ਪੈਂਦਾ। ਉਸ ਦੇ ਰਿਸਦੇ ਜ਼ਖ਼ਮ ਫਿਰ ਹਰੇ ਹੋਣ ਲੱਗਦੇ।
ਅੱਜ ਫਿਰ ਸਤਬੀਰ ਦੇ ਮੋਬਾਈਲ ਫੋਨ ਦੀ ਘੰਟੀ ਵੱਜੀ। ਸਤਬੀਰ ਦੇ ਮੋਬਾਈਲ ਫੋਨ ਦੀ ਸਕਰੀਨ ’ਤੇ ਸਵਰਨ ਜੀਤ ਦਾ ਨਾਮ ਚਮਕ ਰਿਹਾ ਸੀ। ਉਸ ਨੂੰ ਖਿਝ ਜਿਹੀ ਆ ਗਈ। ਉਸ ਨੇ ਫੋਨ ਕੰਨ ਨਾਲ ਲਾਇਆ। ਇਸ ਤੋਂ ਪਹਿਲਾਂ ਕਿ ਸਵਰਨ ਜੀਤ ਕੁਝ ਬੋਲੇ, ਸਤਬੀਰ ਬੋਲ ਪਿਆ, ‘‘ਨਹੀਂ ਮੈਂ ਨਹੀਂ ਬਣਨਾ ਤੇਰੇ ਗਰੁੱਪ ਦਾ ਮੈਂਬਰ।’’
‘‘ਤੂੰ ਕਿਉਂ ਨਹੀਂ ਬਣਨਾ ? ਕੋਈ ਕਾਰਨ ਵੀ ਤਾਂ ਹੋਵੇ।’’ ਸਵਰਨ ਜੀਤ ਪੁੱਛਦਾ।
‘‘ਸਵਰਨ ਜੀਤ! ਮੈਂ ਤੈਨੂੰ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਾ ਹਾਂ ਕਿ ਮੈਂ ਮੈਂਬਰ ਨਹੀਂ ਬਣਨਾ, ਨਹੀਂ ਬਣਨਾ ਤੇ ਬਸ ਨਹੀਂ ਬਣਨਾ।’’
ਸਤਬੀਰ ਨੇ ਫੋਨ ਬੰਦ ਕੀ ਕਰਨਾ ਸੀ, ਉਸ ਨੇ ਸਵਰਨ ਜੀਤ ਦਾ ਫੋਨ ਨੰਬਰ ਹੀ ਬਲਾਕ ਕਰ ਦਿੱਤਾ। ਅਸਲ ਵਿੱਚ ਉਸ ਨੇ ਸਵਰਨ ਜੀਤ ਦਾ ਫੋਨ ਨੰਬਰ ਬਲਾਕ ਨਹੀਂ ਕੀਤਾ, ਉਸ ਨੇ ਤਾਂ ਪਿਛਲੇ ਕਈ ਸਾਲਾਂ ਤੋਂ ਪਲ ਰਹੇ ਰਿਸਦੇ ਜ਼ਖ਼ਮਾਂ ਨੂੰ ਬਲਾਕ ਕਰ ਦਿੱਤਾ। ਕੋਈ ਡੇਢ ਕੁ ਮਹੀਨਾ ਲੰਘ ਗਿਆ ਹੋਵੇਗਾ, ਸਵਰਨ ਜੀਤ ਦਾ ਕੋਈ ਫੋਨ ਨਹੀਂ ਆਇਆ। ਸਤਬੀਰ ਨੂੰ ਅਹਿਸਾਸ ਹੋਣ ਲੱਗਾ ਕਿ ਉਸ ਨੇ ਸਵਰਨ ਜੀਤ ਦਾ ਨੰਬਰ ਬਲਾਕ ਕਰ ਕੇ ਠੀਕ ਨਹੀਂ ਕੀਤਾ। ਉਹ ਆਪਣਾ ਪੁਰਾਣਾ ਦੋਸਤ ਗਵਾ ਬੈਠਾ ਹੈ। ਕਈ ਵਾਰੀ ਸੋਚਦਾ ਕਿ ਉਹ ਸਵਰਨ ਜੀਤ ਨੂੰ ਫੋਨ ਕਰ ਲਏ ਅਤੇ ਉਸ ਨੂੰ ਆਪਣੇ ਦਿਲ ਦੀ ਗੱਲ ਦੱਸ ਦੇਵੇ। ਉਸ ਨੂੰ ਆਪਣੇ ਰਿਸਦੇ ਹੋਏ ਜ਼ਖ਼ਮ ਵਿਖਾ ਦੇਵੇ। ਇੱਕ ਦਿਨ ਇਨ੍ਹਾਂ ਹੀ ਸੋਚਾਂ ਵਿੱਚ ਗਵਾਚਾ ਹੋਇਆ ਆਪਣੇ ਬੈੱਡ ਰੂਮ ਵਿੱਚ ਸੌਣ ਦੀ ਤਿਆਰੀ ਕਰ ਰਿਹਾ ਸੀ ਕਿ ਉਸ ਦੇ ਮੋਬਾਈਲ ਫੋਨ ਦੀ ਘੰਟੀ ਵੱਜੀ। ਉਸ ਨੇ ਸਕਰੀਨ ’ਤੇ ਵੇਖਿਆ। ਇਹ ਨੋ ਆਈ ਡੀ ਕਾਲ ਸੀ। ਉਸ ਨੇ ਝੱਟ ਫੋਨ ਨੂੰ ਕੰਨ ਨਾਲ ਲਾਇਆ ਤੇ ਹੌਲੀ ਜਿਹੀ ਕਿਹਾ, ‘‘ਹੈਲੋ! ਸਤਬੀਰ ਸਪੀਕਿੰਗ।’’
ਅੱਗੋਂ ਆਵਾਜ਼ ਆਈ, ‘‘ਸਤਬੀਰ! ਮੈਂ ਜਗਜੀਤ ਬੋਲ ਰਿਹਾ ਹਾਂ। ਤੇਰਾ ਪੁਰਾਣਾ ਯਾਰ। ਭਰਾਵਾਂ ਵਰਗਾ ਯਾਰ।’’
ਸਤਬੀਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਖ਼ੁਸ਼ੀ ਵੀ ਕੋਈ ਘੱਟ ਨਾ ਹੋਈ, ਜਦੋਂ ਉਸ ਨੇ ਜਗਜੀਤ ਦੀ ਆਵਾਜ਼ ਸੁਣੀ। ਉਸ ਨੂੰ ਇੰਝ ਜਾਪਿਆ ਜਿਵੇਂ ਜਗਜੀਤ ਉਸ ਦੇ ਬਹੁਤ ਹੀ ਨੇੜੇ ਹੈ ਜਿੱਥੋਂ ਉਹ ਬੋਲ ਰਿਹਾ ਹੈ। ਉਸ ਨੇ ਜਗਜੀਤ ਨੂੰ ਬੜੇ ਮਾਣ ਅਤੇ ਥੋੜ੍ਹਾ ਗੁੱਸੇ ਵਿਚ ਕਿਹਾ, ‘‘ਜਗਜੀਤ! ਤੇਰੀ ਹਿੰਮਤ ਕਿਵੇਂ ਪਈ ਮੈਨੂੰ ਫੋਨ ਕਰਨ ਦੀ। ਤੈਥੋਂ ਸਿੱਧਾ ਮੇਰੇ ਘਰ ਨਹੀਂ ਸੀ ਆਇਆ ਜਾਂਦਾ।’’
‘‘ਸਤਬੀਰ! ਮੈਂ ਚੰਡੀਗੜ੍ਹੋਂ ਬੋਲ ਰਿਹਾ ਹਾਂ, ਸਿਡਨੀ ਤੋਂ ਨਹੀਂ।’’ ਜਗਜੀਤ ਨੇ ਸਤਬੀਰ ਨੂੰ ਸਮਝਾਉਂਦਿਆਂ ਕਿਹਾ।
‘‘ਮੈਨੂੰ ਨਹੀਂ ਪਤਾ ਤੂੰ ਕਿੱਥੋਂ ਬੋਲ ਰਿਹਾ ਹੈਂ! ਬਸ। ਮੇਰੇ ਕੋਲ ਆ ਜਾ।’’
ਸਤਬੀਰ ਨੂੰ ਤਾਂ ਹੋਸ਼ ਵੀ ਨਾ ਰਹੀ ਕਿ ਉਹ ਸਿਡਨੀ ਆਸਟਰੇਲੀਆ ਵਿੱਚ ਅਤੇ ਜਗਜੀਤ ਚੰਡੀਗੜ੍ਹ ਵਿੱਚ। ਏਨੀ ਖ਼ੁਸ਼ੀ ਕਿ ਬਸ ਪੁੱਛੋ ਹੀ ਕੁਝ ਨਾ। ਕਈ ਸਾਲਾਂ ਦਾ ਪੁਰਾਣਾ ਦੋਸਤਾਨਾ ਹੜ੍ਹ ਆਏ ਦਰਿਆ ਵਾਂਗ ਵਗ ਤੁਰਿਆ ਸੀ। ਦੋਵਾਂ ਦੋਸਤਾਂ ਵਿੱਚ ਖ਼ੂਬ ਗੱਲਾਂ ਹੋਈਆਂ। ਖ਼ੂਬ ਯਾਦਾਂ ਤਾਜ਼ਾ ਕੀਤੀਆਂ। ਦੋਵੇਂ ਦੋਸਤ ਕਦੇ ਜਗਜੀਤ ਦੇ ਪਿੰਡ ਦੀਆਂ ਯਾਦਾਂ ਤਾਜ਼ਾ ਕਰਦੇ ਤੇ ਕਦੇ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿੱਚ ਬਿਤਾਏ ਹੋਏ ਦਿਨ। ਗੱਲਾਂ ਕਰਦਿਆਂ-ਕਰਦਿਆਂ ਜਗਜੀਤ, ਸਤਬੀਰ ਨੂੰ ਪੁੱਛਣ ਲੱਗਾ,
‘‘ਸਤਬੀਰ! ਮੈਨੂੰ ਸਵਰਨ ਜੀਤ ਨੇ ਦੱਸਿਆ ਕਿ ਤੂੰ ਵਟਸਐਪ ’ਤੇ ਸਾਡੇ ਗਰੁੱਪ ਦਾ ਮੈਂਬਰ ਨਹੀਂ ਬਣਨਾ ਚਾਹੁੰਦਾ ?’’
‘‘ਜਗਜੀਤ! ਤੈਨੂੰ ਤਾਂ ਮੇਰੀ ਸਾਰੀ ਕਹਾਣੀ ਬਾਰੇ ਪਤਾ ਹੀ ਹੈ। ਬਸ ਮੈਂ ਵਾਪਸ ਉਸ ਵਕਤ ਵਿੱਚ ਨਹੀਂ ਜਾਣਾ ਚਾਹੁੰਦਾ ਜਿਸ ਵਿੱਚ ਮੇਰੇ ਜ਼ਖ਼ਮ ਹਰੇ ਹੋ ਜਾਣ।’’
‘‘ਵੇਖ ਸਤਬੀਰ! ਸਾਡਾ ਗਰੁੱਪ ਸਾਲ 1967 ਦੀ ਕਲਾਸ ਦਾ ਹੈ। ਤੇਰਾ ਬੁਰਾ ਵਕਤ 1963 ਵਿੱਚ ਸੀ। ਅਸੀਂ 1967 ਵਾਲੇ ਤੇਰੇ ਦੋਸਤ ਅਤੇ ਖ਼ਾਸ ਕਰਕੇ ਮੈਂ ਤੈਨੂੰ ਯਕੀਨ ਦਿਵਾਉਂਦਾ ਹਾਂ ਕਿ ਅਸੀਂ ਸਾਰੇ ਤੈਨੂੰ ਬਹੁਤ ਪਿਆਰ ਕਰਦੇ ਹਾਂ। ਸਤਬੀਰ! ਜੇ ਤੂੰ ਮੈਨੂੰ ਪਿਆਰ ਕਰਦਾ ਹੈਂ ਨਾ, ਤੈਨੂੰ ਸਾਡੀ ਦੋਸਤੀ ਦੀ ਸਹੁੰ। ਤੂੰ ਵਾਅਦਾ ਕਰ ਕਿ ਤੂੰ ਮੈਨੂੰ ਨਾਂਹ ਨਹੀਂ ਕਰੇਂਗਾ।’’
‘‘ਜਗਜੀਤ! ਐਹੋ ਜਿਹੀ ਕਿਹੜੀ ਗੱਲ ਏ ਜਿਸ ਲਈ ਤੂੰ ਮੇਰਾ ਵਾਅਦਾ ਜ਼ਰੂਰੀ ਸਮਝਦਾ ਏਂ। ਮੈਂ ਅੱਜ ਤੱਕ ਤੇਰੀ ਕੋਈ ਗੱਲ ਮੋੜੀ ਏ ?’’ ਸਤਬੀਰ ਨੇ ਬੜੀ ਹੈਰਾਨੀ ਨਾਲ ਪੁੱਛਿਆ।
‘‘ਨਹੀਂ ਸਤਬੀਰ! ਇਹ ਗੱਲ ਨਹੀਂ। ਮੈਂ ਮੰਨਦਾ ਹਾਂ ਕਿ ਤੂੰ ਅੱਜ ਤੱਕ ਕਦੇ ਮੇਰੀ ਕੋਈ ਗੱਲ ਨਹੀਂ ਮੋੜੀ ਅਤੇ ਨਾ ਹੀ ਮੈਂ ਕਦੇ ਤੇਰੀ ਗੱਲ ਮੋੜੀ ਏ, ਪਰ ਅੱਜ ਮੈਨੂੰ ਤੇਰੇ ਵਾਅਦੇ ਦੀ ਲੋੜ ਹੈ।’’ ਜਗਜੀਤ ਨੇ ਆਪਣੀ ਵਾਅਦੇ ਵਾਲੀ ਗੱਲ ’ਤੇ ਜ਼ੋਰ ਦਿੱਤਾ।
‘‘ਐਵੇਂ ਨਾ ਜਬਲੀਆਂ ਮਾਰੀ ਜਾ। ਚੱਲ ਕੀਤਾ ਵਾਅਦਾ। ਤੂੰ ਗੱਲ ਦੱਸ।’’ ਸਤਬੀਰ ਨੇ ਵਾਅਦਾ ਕਰ ਲਿਆ।
‘‘ਸਤਬੀਰ ! ਤੂੰ ਸਤਪਾਲ ਕੌਰ ਖਾਲੜਾ ਨੂੰ ਮੁਆਫ਼ ਕਰ ਦੇ। ਇੱਕ ਵਾਰੀ ਤੂੰ ਉਸ ਨੂੰ ਮੁਆਫ਼ ਕਰ ਦਏਂਗਾ ਨਾ, ਫਿਰ ਵੇਖੀਂ ਤੇਰੀ ਰੂਹ ਕਿੰਨੀ ਖ਼ੁਸ਼ ਹੁੰਦੀ ਏ। ਇਸ ਲਈ ਬਹੁਤ ਹਿੰਮਤ ਚਾਹੀਦੀ ਹੈ। ਤੇਰੀ ਹਿੰਮਤ ਮੈਂ ਹਾਂ। ਮੇਰੇ ਨਾਲ ਕੀਤਾ ਵਾਅਦਾ ਸਾਡੇ ਦੋਵਾਂ ਦੀ ਹਿੰਮਤ ਹੈ। ਸਾਡੀ ਦੋਸਤੀ ਦੀ ਹਿੰਮਤ ਹੈ।’’ ਜਗਜੀਤ ਭਾਵੁਕ ਹੋ ਕੇ ਪਤਾ ਨਹੀਂ ਕੀ ਕੀ ਬੋਲੀ ਜਾ ਰਿਹਾ ਸੀ।
ਸਤਬੀਰ ਚੁੱਪ ਜਿਹਾ ਕਰ ਗਿਆ। ਜਗਜੀਤ ਨਾਲ ਕੀਤੇ ਵਾਅਦੇ ਨੂੰ ਉਹ ਠੁਕਰਾ ਨਹੀਂ ਸੀ ਸਕਦਾ।
ਜਗਜੀਤ ਨੇ ਫਿਰ ਕਿਹਾ, ‘‘ਸਤਬੀਰ! ਚੁੱਪ ਕਿਉਂ ਕਰ ਗਿਐਂ ? ਕੁਝ ਤਾਂ ਬੋਲ।’’
‘‘ਤੂੰ ਮੈਨੂੰ ਬੋਲਣ ਲਈ ਛੱਡਿਆ ਈ ਨਹੀਂ। ਮੈਂ ਸੋਚ ਰਿਹਾਂ ਹਾਂ ਕਿ ਉਸ ਨੂੰ ਮੁਆਫ਼ ਕਰਨ ਲਈ ਉਸ ਦੇ ਸਾਹਮਣੇ ਕਿਵੇਂ ਜਾਵਾਂਗਾ। ਮੇਰੀ ਤਾਂ ਹਿੰਮਤ ਹੀ ਨਹੀਂ ਉਸ ਦਾ ਨਾਮ ਲੈਣ ਦੀ, ਉਸ ਦੀ ਸ਼ਕਲ ਵੇਖਣ ਦੀ ਅਤੇ ਤੂੰ ਉਸ ਨੂੰ ਮੁਆਫ਼ ਕਰ ਦੇਣ ਬਾਰੇ ਕਹਿ ਰਿਹਾ ਏਂ।’’ ਸਤਬੀਰ ਨੇ ਆਪਣੀ ਉਲਝਣ ਜਗਜੀਤ ਨੂੰ ਦੱਸੀ।
‘‘ਉਹ ਨਹੀਂ ਸਤਬੀਰ, ਮੇਰੇ ਵੀਰ।’’ ਜਗਜੀਤ ਨੇ ਸਤਬੀਰ ਦੀ ਉਲਝਣ ਸੁਲਝਾਉਂਦਿਆਂ ਆਖਿਆ।
‘‘ਸਤਪਾਲ ਨੂੰ ਮੁਆਫ਼ ਕਰਨ ਲਈ ਜ਼ਰੂਰੀ ਨਹੀਂ ਕਿ ਤੈਨੂੰ ਉਸ ਦੇ ਕੋਲ ਜਾਣਾ ਪਵੇਗਾ। ਬਸ! ਤੂੰ ਆਪਣੀ ਆਤਮਾ ਵੱਲੋਂ ਉਸ ਨੂੰ ਮੁਆਫ਼ ਕਰ ਦੇ। ਤੂੰ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਮਝ ਲੈ ਕਿ ਤੂੰ ਉਸ ਨੂੰ ਮੁਆਫ਼ ਕਰ ਦਿੱਤਾ ਹੈ। ਗੁਰਬਾਣੀ ਵੀ ਸਾਨੂੰ ਇਹ ਸਿਖਾਉਂਦੀ ਹੈ;
ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ।।
ਰੋਗੁ ਨ ਬਿਆਪੈ ਨਾ ਜਮ ਦੋਖੰ ।।
ਸਤਬੀਰ ਫਿਰ ਚੁੱਪ ਕਰ ਗਿਆ। ਇਸ ਵਾਰੀ ਉਹ ਆਪਣੇ ਆਪ ਨੂੰ ਸਮਝਾ ਰਿਹਾ ਸੀ ਕਿ ਉਸ ਨੇ ਸਤਪਾਲ ਕੌਰ ਖਾਲੜਾ ਨੂੰ ਮੁਆਫ਼ ਕਰ ਦਿੱਤਾ ਹੈ।
‘‘ਹੁਣ ਫਿਰ ਚੁੱਪ ਕਰ ਗਿਐਂ ? ਕਿੱਥੇ ਗੁੰਮ ਹੋ ਗਿਐਂ ? ਹੈਲੋ...।’’ ਜਗਜੀਤ ਨੇ ਸਤਬੀਰ ਨੂੰ ਬੁਲਾਇਆ।
‘‘ਨਹੀਂ ਨਹੀਂ ! ਕਿਤੇ ਨਹੀਂ ਗੁੰਮ ਹੋਇਆ। ਇੱਥੇ ਹੀ ਹਾਂ ਤੇਰੇ ਨਾਲ।’’
ਸਤਬੀਰ ਨੇ ਹੌਲੀ ਜਿਹੀ ਜਗਜੀਤ ਨੂੰ ਆਪਣੀ ਹੋਂਦ ਬਾਰੇ ਦੱਸਿਆ।
‘‘ਫਿਰ ਮੈਂ ਸਮਝ ਲਵਾਂ ਕਿ ਤੂੰ ਸਤਪਾਲ ਨੂੰ ਮੁਆਫ਼ ਕਰ ਦਿੱਤਾ ਹੈ?’’ ਜਗਜੀਤ ਨੇ ਫਿਰ ਇੱਕ ਸਵਾਲ ਕਰ ਦਿੱਤਾ।
‘‘ਜਗਜੀਤ! ਵਾਅਦਾ ਕੀਤਾ ਏ। ਨਿਭਾਉਣਾ ਤਾਂ ਪਵੇਗਾ ਹੀ।’’ ਸਤਬੀਰ ਨੇ ਜਗਜੀਤ ਨੂੰ ਯਕੀਨ ਦਿਵਾਇਆ।
‘‘ਤੇ ਫਿਰ ਮੈਂ ਇਹ ਵੀ ਯਕੀਨ ਕਰ ਲਵਾਂ ਕਿ ਤੂੰ ਵਟਸਐਪ ’ਤੇ ਸਾਡੇ ਗਰੁੱਪ ਦਾ ਮੈਂਬਰ ਵੀ ਬਣ ਜਾਏਂਗਾ।’’ ਜਗਜੀਤ ਨੇ ਫਿਰ ਸਤਬੀਰ ਨੂੰ ਪੱਕਿਆਂ ਕੀਤਾ।
‘‘ਹਾਂ ਹਾਂ! ਮੈਂ ਤੁਹਾਡੇ ਗਰੁੱਪ ਦਾ ਵੀ ਮੈਂਬਰ ਬਣ ਜਾਵਾਂਗਾ। ਜਗਜੀਤ! ਤੂੰ ਸਵਰਨ ਜੀਤ ਨੂੰ ਵੀ ਦੱਸ ਦੇਵੀਂ। ਨਹੀਂ ਨਹੀਂ। ਤੂੰ ਨਾ ਦੱਸੀਂ...ਮੈਂ ਉਸ ਨੂੰ ਆਪੇ ਦੱਸਾਂਗਾ।’’ ਸਤਬੀਰ ਨੇ ਜਗਜੀਤ ਨੂੰ ਕਿਹਾ।
ਦੋਵਾਂ ਦੋਸਤਾਂ ਵਿੱਚ ਥੋੜ੍ਹੀ ਜਿਹੀ ਗੱਲ ਹੋਰ ਹੋਈ ਤੇ ਫਿਰ ਫੋਨ ਵਾਰਤਾ ਬੰਦ ਹੋ ਗਈ। ਸਤਬੀਰ ਨੂੰ ਮਹਿਸੂਸ ਹੋਇਆ ਕਿ ਉਸ ਦਾ ਸਰੀਰ ਬੜਾ ਹਲਕਾ ਫੁਲਕਾ ਜਿਹਾ ਹੋ ਗਿਆ ਹੈ। ਉਸ ਦਾ ਸਿਰ ਵੀ ਹਲਕਾ ਹਲਕਾ ਮਹਿਸੂਸ ਹੋਣ ਲੱਗਾ। ਸਤਬੀਰ ਨੂੰ ਜਾਪਿਆ ਕਿ ਉਸ ਦੇ ਸਿਰੋਂ ਕੋਈ ਬਹੁਤ ਵੱਡੇ ਭਾਰ ਦੀ ਪੰਡ ਲੱਥ ਗਈ ਹੈ। ਉਸ ਨੇ ਅੱਖਾਂ ਬੰਦ ਕੀਤੀਆਂ, ਹੱਥ ਜੋੜੇ ਤੇ ਅੰਤਰ ਧਿਆਨ ਹੋ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ। ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਰੂਹ ਵਿੱਚ ਵੀ ਹੁਣ ਕੋਈ ਪੀੜ ਨਹੀਂ ਸੀ। ਉਸ ਨੇ ਆਪਣਾ ਮੋਬਾਈਲ ਫੜਿਆ ਤੇ ਸਵਰਨ ਜੀਤ ਦਾ ਨੰਬਰ ਅਨ ਬਲਾਕ ਕਰ ਦਿੱਤਾ। ਸਤਬੀਰ ਨੇ ਮਹਿਸੂਸ ਕੀਤਾ ਕਿ ਉਸ ਦੇ ਰਿਸਦੇ ਜ਼ਖ਼ਮਾਂ ਨੇ ਰਿਸਣਾ ਬੰਦ ਕਰ ਦਿੱਤਾ ਹੈ।
