DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੂੰਜਾਂ: ਅਸਮਾਨ ਵਿੱਚ ਲਿਖੀ ਹੋਈ ਸੋਹਣੀ ਨਜ਼ਮ

ਕੁਝ ਦ੍ਰਿਸ਼ ਅਜਿਹੇ ਹੁੰਦੇ ਹਨ ਜੋ ਅੱਖਾਂ ਨਾਲ ਘੱਟ ਅਤੇ ਰੂਹ ਨਾਲ ਵੱਧ ਵੇਖੇ ਜਾਂਦੇ ਹਨ। ਸਰਦ ਰੁੱਤ ਦੀ ਕਿਸੇ ਸਵੇਰ ਜਾਂ ਸ਼ਾਮ, ਜਦੋਂ ਅਸਮਾਨ ਦੀ ਨੀਲੀ ਚੁੱਪ ਉੱਤੇ ਕੂੰਜਾਂ ਦਾ ਝੁੰਡ ਉੱਡਦਾ ਹੋਇਆ ਲੰਘਦਾ ਹੈ, ਤਾਂ ਲੱਗਦਾ ਹੈ ਜਿਵੇਂ...

  • fb
  • twitter
  • whatsapp
  • whatsapp
Advertisement

ਕੁਝ ਦ੍ਰਿਸ਼ ਅਜਿਹੇ ਹੁੰਦੇ ਹਨ ਜੋ ਅੱਖਾਂ ਨਾਲ ਘੱਟ ਅਤੇ ਰੂਹ ਨਾਲ ਵੱਧ ਵੇਖੇ ਜਾਂਦੇ ਹਨ। ਸਰਦ ਰੁੱਤ ਦੀ ਕਿਸੇ ਸਵੇਰ ਜਾਂ ਸ਼ਾਮ, ਜਦੋਂ ਅਸਮਾਨ ਦੀ ਨੀਲੀ ਚੁੱਪ ਉੱਤੇ ਕੂੰਜਾਂ ਦਾ ਝੁੰਡ ਉੱਡਦਾ ਹੋਇਆ ਲੰਘਦਾ ਹੈ, ਤਾਂ ਲੱਗਦਾ ਹੈ ਜਿਵੇਂ ਕੁਦਰਤ ਆਪਣੇ ਹੀ ਹੱਥਾਂ ਨਾਲ ਕੋਈ ਪ੍ਰਾਚੀਨ ਸ਼ਲੋਕ ਲਿਖ ਰਹੀ ਹੋਵੇ। ਉਹ ਕਦੇ ‘V’ ਬਣਾਉਂਦੀਆਂ ਹਨ, ਕਦੇ ਤੀਰ, ਕਦੇ ਅਰਧ ਚੰਦ ਅਤੇ ਕਦੇ ਅਜਿਹੇ ਅਣਗਿਣਤ ਨਕਸ਼, ਜਿਨ੍ਹਾਂ ਦਾ ਕੋਈ ਨਾਮ ਨਹੀਂ ਹੁੰਦਾ, ਪਰ ਜਿਨ੍ਹਾਂ ਦੀ ਸੁੰਦਰਤਾ ਮਨ ਦੇ ਅੰਦਰ ਲੰਮੇ ਸਮੇਂ ਤੱਕ ਗੂੰਜਦੀ ਰਹਿੰਦੀ ਹੈ।

ਅਸੀਂ ਅਕਸਰ ਉਨ੍ਹਾਂ ਨੂੰ ਪੰਛੀਆਂ ਦਾ ਇੱਕ ਝੁੰਡ ਸਮਝ ਕੇ ਵੇਖਦੇ ਹਾਂ, ਪਰ ਧਿਆਨ ਨਾਲ ਦੇਖੀਏ ਤਾਂ ਉਹ ਕੇਵਲ ਪੰਛੀ ਨਹੀਂ, ਇੱਕ ਵਿਚਾਰ ਹਨ; ਇੱਕ ਜੀਵਨ-ਦਰਸ਼ਨ ਹਨ; ਇੱਕ ਅਜਿਹੀ ਮੌਨ ਕਵਿਤਾ ਹਨ ਜਿਸ ਨੂੰ ਹਵਾ ਪੜ੍ਹਦੀ ਹੈ ਅਤੇ ਅਸਮਾਨ ਯਾਦ ਰੱਖਦਾ ਹੈ।

Advertisement

ਵਿਗਿਆਨ ਦੱਸਦਾ ਹੈ ਕਿ ਕੂੰਜਾਂ ਦੇ ਇਨ੍ਹਾਂ ਪੈਟਰਨਾਂ ਪਿੱਛੇ ਊਰਜਾ ਦੀ ਬੱਚਤ ਦਾ ਸਿਧਾਂਤ ਕੰਮ ਕਰਦਾ ਹੈ। ਸਭ ਤੋਂ ਅੱਗੇ ਉੱਡਣ ਵਾਲੀ ਕੂੰਜ ਹਵਾ ਦੇ ਵਿਰੋਧ ਨੂੰ ਆਪਣੇ ਸੀਨੇ ਉੱਤੇ ਝੱਲਦੀ ਹੈ। ਉਸ ਦੇ ਪਰਾਂ ਦੀ ਧੜਕਣ ਹਵਾ ਵਿੱਚ ਅਜਿਹੀਆਂ ਲਹਿਰਾਂ ਪੈਦਾ ਕਰਦੀ ਹੈ ਜੋ ਪਿੱਛੇ ਵਾਲੀਆਂ ਕੂੰਜਾਂ ਲਈ ਸਹਾਰਾ ਬਣਦੀਆਂ ਹਨ। ਇਸ ਤਰ੍ਹਾਂ ਸਾਰਾ ਝੁੰਡ ਘੱਟ ਥਕਾਵਟ ਨਾਲ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦਾ ਹੈ, ਪਰ ਕੁਦਰਤ ਦੀ ਖ਼ੂਬਸੂਰਤੀ ਇਹ ਹੈ ਕਿ ਉਹ ਕਦੇ ਵਿਗਿਆਨ ਨੂੰ ਕਵਿਤਾ ਤੋਂ ਵੱਖ ਨਹੀਂ ਹੋਣ ਦਿੰਦੀ।

Advertisement

ਅੱਗੇ ਵਾਲੀ ਕੂੰਜ ਸਦਾ ਲਈ ਆਗੂ ਨਹੀਂ ਰਹਿੰਦੀ। ਜਦੋਂ ਉਹ ਥੱਕ ਜਾਂਦੀ ਹੈ ਤਾਂ ਚੁੱਪਚਾਪ ਪਿੱਛੇ ਹੋ ਜਾਂਦੀ ਹੈ ਅਤੇ ਕੋਈ ਹੋਰ ਉਸ ਦੀ ਥਾਂ ਲੈ ਲੈਂਦੀ ਹੈ। ਉੱਥੇ ਅਹੁਦੇ ਨਹੀਂ ਹੁੰਦੇ, ਸਿਰਫ਼ ਜ਼ਿੰਮੇਵਾਰੀਆਂ ਹੁੰਦੀਆਂ ਹਨ। ਉੱਥੇ ਹਕੂਮਤ ਨਹੀਂ ਹੁੰਦੀ, ਸੇਵਾ ਹੁੰਦੀ ਹੈ। ਉੱਥੇ ਕੋਈ ਕਿਸੇ ਤੋਂ ਵੱਡਾ ਨਹੀਂ ਹੁੰਦਾ; ਸਭ ਇੱਕ-ਦੂਜੇ ਦੀ ਉਡਾਣ ਦੇ ਸਾਥੀ ਹੁੰਦੇ ਹਨ। ਸ਼ਾਇਦ ਇਸੇ ਕਰਕੇ ਕੂੰਜਾਂ ਦਾ ਝੁੰਡ ਸਾਨੂੰ ਗੁਰਬਾਣੀ ਦੇ ‘ਸੰਗਤ’ ਸਿਧਾਂਤ ਦੀ ਯਾਦ ਦਿਵਾਉਂਦਾ ਹੈ। ਇਕੱਲਾ ਮਨੁੱਖ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ, ਪਰ ਸੰਗਤ ਨਾਲ ਚੱਲਣ ਵਾਲਾ ਮਨੁੱਖ ਯਾਤਰਾ ਦਾ ਅਰਥ ਵੀ ਸਮਝ ਲੈਂਦਾ ਹੈ। ਕੁਦਰਤ ਦੀ ਇਹ ਉਡਾਣ ਜਿਵੇਂ ਕਹਿ ਰਹੀ ਹੋਵੇ;

ਜਿਸ ਉਡਾਣ ਵਿੱਚ ਸਿਰਫ਼ ਮੈਂ ਹਾਂ, ਉਹ ਯਾਤਰਾ ਨਹੀਂ

ਜਿਸ ਉਡਾਣ ਵਿੱਚ ਅਸੀਂ ਹਾਂ, ਉਹੀ ਅਸਮਾਨ ਹੈ।

ਅੱਜ ਦਾ ਮਨੁੱਖ ਆਪਣੀ ਸਫਲਤਾ ਦੇ ਬੋਝ ਹੇਠ ਥੱਕਿਆ ਹੋਇਆ ਹੈ। ਉਹ ਦੌੜ ਰਿਹਾ ਹੈ, ਪਰ ਕਈ ਵਾਰ ਇਹ ਭੁੱਲ ਜਾਂਦਾ ਹੈ ਕਿ ਮੰਜ਼ਿਲਾਂ ਇਕੱਲੇ ਨਹੀਂ ਵਸਦੀਆਂ। ਘਰ, ਪਿੰਡ, ਸਮਾਜ, ਦੇਸ਼ ਅਤੇ ਮਨੁੱਖਤਾ-ਸਭ ਸਾਂਝ ਦੀਆਂ ਨੀਂਹਾਂ ਉੱਤੇ ਖੜ੍ਹੇ ਹਨ। ਕੂੰਜਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਜੀਵਨ ਦਾ ਸਭ ਤੋਂ ਵੱਡਾ ਰਾਜ਼ ਮੁਕਾਬਲੇ ਵਿੱਚ ਨਹੀਂ, ਸਹਿਯੋਗ ਵਿੱਚ ਲੁਕਿਆ ਹੋਇਆ ਹੈ।

ਪੰਜਾਬੀ ਲੋਕ-ਚੇਤਨਾ ਵਿੱਚ ਕੂੰਜਾਂ ਦਾ ਸਥਾਨ ਸਦੀਆਂ ਪੁਰਾਣਾ ਹੈ। ਲੋਕ-ਗੀਤਾਂ ਵਿੱਚ ਉਹ ਵਿੱਛੜੇ ਸੱਜਣਾਂ ਦਾ ਸੁਨੇਹਾ ਲੈ ਕੇ ਆਉਂਦੀਆਂ ਹਨ। ਹੀਰ ਦੀਆਂ ਅੱਖਾਂ ਵਿੱਚ, ਮਾਹੀਏ ਦੇ ਬੋਲਾਂ ਵਿੱਚ, ਟੱਪਿਆਂ ਦੀਆਂ ਸੁਰਾਂ ਵਿੱਚ ਅਤੇ ਖੇਤਾਂ ਦੀ ਨਿਰਵਤਾ ਵਿੱਚ ਕੂੰਜਾਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਉਹ ਪ੍ਰੇਮ ਦੀਆਂ ਦੂਤ ਵੀ ਹਨ ਅਤੇ ਯਾਤਰਾ ਦੀਆਂ ਸਾਥਣਾਂ ਵੀ, ਪਰ ਅੱਜ ਜਦੋਂ ਮਨੁੱਖ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਰਿਹਾ ਹੈ, ਤਦ ਕੂੰਜਾਂ ਦੀ ਉਡਾਣ ਇੱਕ ਹੋਰ ਸੰਦੇਸ਼ ਵੀ ਲਿਆਉਂਦੀ ਹੈ। ਉਹ ਹਜ਼ਾਰਾਂ ਮੀਲਾਂ ਦੂਰ ਜਾਂਦੀਆਂ ਹਨ, ਪਰ ਆਪਣੇ ਰਸਤੇ ਨਹੀਂ ਭੁੱਲਦੀਆਂ। ਉਹ ਮੌਸਮ ਬਦਲਦੀਆਂ ਹਨ, ਦੇਸ਼ ਬਦਲਦੀਆਂ ਹਨ, ਅਸਮਾਨ ਬਦਲਦੀਆਂ ਹਨ, ਪਰ ਆਪਣੀ ਸੰਗਤ ਨਹੀਂ ਛੱਡਦੀਆਂ। ਮਨੁੱਖ ਨੇ ਤਕਨਾਲੋਜੀ ਦੀਆਂ ਉੱਚੀਆਂ ਉਡਾਣਾਂ ਭਰ ਲਈਆਂ ਹਨ, ਪਰ ਕਈ ਵਾਰ ਆਪਣੇ ਹੀ ਲੋਕਾਂ ਤੋਂ ਦੂਰ ਹੋ ਗਿਆ ਹੈ। ਕੂੰਜਾਂ ਜਿਵੇਂ ਸਾਨੂੰ ਪੁੱਛਦੀਆਂ ਹਨ, ‘ਕੀ ਵਿਕਾਸ ਦਾ ਅਰਥ ਆਪਣੀ ਸੰਗਤ ਤੋਂ ਦੂਰ ਹੋ ਜਾਣਾ ਹੈ?’

ਕੂੰਜਾਂ ਦੇ ਪੈਟਰਨ ਕਦੇ ਸਥਿਰ ਨਹੀਂ ਰਹਿੰਦੇ। ਹਵਾ ਬਦਲਦੀ ਹੈ ਤਾਂ ਉਹ ਵੀ ਆਪਣਾ ਰੂਪ ਬਦਲ ਲੈਂਦੀਆਂ ਹਨ। ਇੱਥੇ ਕੁਦਰਤ ਦਾ ਇੱਕ ਹੋਰ ਮਹਾਨ ਪਾਠ ਲੁਕਿਆ ਹੋਇਆ ਹੈ ਜੋ ਬਦਲਾਅ ਨੂੰ ਸਵੀਕਾਰ ਨਹੀਂ ਕਰਦਾ, ਉਹ ਯਾਤਰਾ ਪੂਰੀ ਨਹੀਂ ਕਰ ਸਕਦਾ। ਦਰਿਆ, ਬੱਦਲ, ਰੁੱਤਾਂ ਅਤੇ ਕੂੰਜਾਂ ਸਭ ਸਾਨੂੰ ਇਹੀ ਸਿਖਾਉਂਦੀਆਂ ਹਨ ਕਿ ਜੀਵਨ ਦਾ ਦੂਜਾ ਨਾਮ ਪ੍ਰਵਾਹ ਹੈ।

ਜਦੋਂ ਮੈਂ ਕੂੰਜਾਂ ਨੂੰ ਅਸਮਾਨ ਵਿੱਚ ਉੱਡਦਾ ਵੇਖਦਾ ਹਾਂ ਤਾਂ ਮੈਨੂੰ ਉਹ ਸਿਰਫ਼ ਪੰਛੀ ਨਹੀਂ ਲੱਗਦੀਆਂ। ਉਹ ਮੈਨੂੰ ਮਨੁੱਖੀ ਸੱਭਿਆਚਾਰ ਦੀਆਂ ਪ੍ਰਾਚੀਨ ਯਾਦਾਂ ਵਰਗੀਆਂ ਲੱਗਦੀਆਂ ਹਨ। ਜਿਵੇਂ ਧਰਤੀ ਨੇ ਆਪਣੇ ਸੁਫ਼ਨੇ ਪਰਾਂ ਉੱਤੇ ਬਿਠਾ ਕੇ ਅਸਮਾਨ ਵੱਲ ਭੇਜ ਦਿੱਤੇ ਹੋਣ। ਜਿਵੇਂ ਹਵਾ ਨੇ ਸੰਗੀਤ ਨੂੰ ਰੂਪ ਦੇ ਦਿੱਤਾ ਹੋਵੇ। ਜਿਵੇਂ ਚੁੱਪ ਨੇ ਆਪਣੇ ਲਈ ਕੋਈ ਭਾਸ਼ਾ ਲੱਭ ਲਈ ਹੋਵੇ।

ਉਹ ਸਾਨੂੰ ਦੱਸਦੀਆਂ ਹਨ ਕਿ ਇਕੱਲੀ ਉਡਾਣ ਭਾਵੇਂ ਤੇਜ਼ ਹੋ ਸਕਦੀ ਹੈ, ਪਰ ਲੰਬੀ ਨਹੀਂ ਹੁੰਦੀ। ਲੰਬੀਆਂ ਯਾਤਰਾਵਾਂ ਲਈ ਸਾਥ ਚਾਹੀਦਾ ਹੈ, ਵਿਸ਼ਵਾਸ ਚਾਹੀਦਾ ਹੈ, ਇੱਕ-ਦੂਜੇ ਲਈ ਜਗ੍ਹਾ ਬਣਾਉਣੀ ਪੈਂਦੀ ਹੈ। ਅਸਲ ਮਹਾਨਤਾ ਅੱਗੇ ਉੱਡਣ ਵਿੱਚ ਨਹੀਂ, ਸਗੋਂ ਦੂਜਿਆਂ ਲਈ ਹਵਾ ਨੂੰ ਚੀਰਨ ਵਿੱਚ ਹੈ। ਸ਼ਾਇਦ ਇਸੇ ਲਈ ਕੂੰਜਾਂ ਜਦੋਂ ਅਸਮਾਨ ਉੱਤੇ ਲਕੀਰਾਂ ਖਿੱਚਦੀਆਂ ਹਨ ਤਾਂ ਉਹ ਕੇਵਲ ਆਪਣਾ ਰਾਹ ਨਹੀਂ ਬਣਾਉਂਦੀਆਂ; ਉਹ ਮਨੁੱਖਤਾ ਲਈ ਇੱਕ ਸੁਨੇਹਾ ਲਿਖਦੀਆਂ ਹਨ;

‘ਜੇ ਅਸਮਾਨ ਜਿੱਤਣਾ ਹੈ ਤਾਂ ਪਰ ਮਜ਼ਬੂਤ ਕਰਨ ਤੋਂ ਪਹਿਲਾਂ ਰਿਸ਼ਤੇ ਮਜ਼ਬੂਤ ਕਰੋ। ਕਿਉਂਕਿ ਉਡਾਣ ਪਰਾਂ ਨਾਲ ਨਹੀਂ, ਸੰਗਤ ਨਾਲ ਲੰਬੀ ਹੁੰਦੀ ਹੈ।’

ਕੂੰਜਾਂ ਦੀ ਉਡਾਣ ਕੁਦਰਤ ਦਾ ਇੱਕ ਅਜਿਹਾ ਗ੍ਰੰਥ ਹੈ ਜਿਸ ਦਾ ਹਰ ਪੰਨਾ ਸਹਿਯੋਗ, ਨਿਮਰਤਾ, ਸਾਂਝ ਅਤੇ ਪ੍ਰੇਮ ਦੀ ਬਾਣੀ ਨਾਲ ਲਿਖਿਆ ਹੋਇਆ ਹੈ। ਜਿਹੜਾ ਮਨੁੱਖ ਇਸ ਗ੍ਰੰਥ ਨੂੰ ਪੜ੍ਹ ਲੈਂਦਾ ਹੈ, ਉਹ ਸਮਝ ਜਾਂਦਾ ਹੈ ਕਿ ਅਸਮਾਨ ਦੀ ਅਸਲ ਵਿਸ਼ਾਲਤਾ ਉੱਚਾ ਉੱਡਣ ਵਿੱਚ ਨਹੀਂ, ਇਕੱਠੇ ਉੱਡਣ ਵਿੱਚ ਹੈ।

ਸੰਪਰਕ: 61 412913021

Advertisement
×