ਉੱਤਰੀ ਅਮਰੀਕਾ ’ਚ ਗੁਰਮਤਿ ਕੈਂਪਾਂ ਦੇ ਮੋਢੀ ਕੁਲਦੀਪ ਸਿੰਘ
ਸਿੱਖ ਇਤਿਹਾਸ ਵਿੱਚ ਕੁਝ ਸ਼ਖ਼ਸੀਅਤਾਂ ਅਜਿਹੀਆਂ ਹਨ ਜੋ ਵੱਡੇ ਅਹੁਦਿਆਂ ਜਾਂ ਪ੍ਰਚਾਰ ਨਾਲ ਨਹੀਂ, ਸਗੋਂ ਚੁੱਪਚਾਪ ਕੀਤੀ ਲੰਮੀ ਸੇਵਾ ਨਾਲ ਪੀੜ੍ਹੀਆਂ ਦੇ ਮਨਾਂ ਵਿੱਚ ਆਪਣੀ ਥਾਂ ਬਣਾਉਂਦੀਆਂ ਹਨ। ਕੁਲਦੀਪ ਸਿੰਘ ਅਜਿਹੀ ਹੀ ਪੰਥਕ ਸ਼ਖ਼ਸੀਅਤ ਸਨ। ਉਹ 27 ਮਈ ਨੂੰ 87...
ਸਿੱਖ ਇਤਿਹਾਸ ਵਿੱਚ ਕੁਝ ਸ਼ਖ਼ਸੀਅਤਾਂ ਅਜਿਹੀਆਂ ਹਨ ਜੋ ਵੱਡੇ ਅਹੁਦਿਆਂ ਜਾਂ ਪ੍ਰਚਾਰ ਨਾਲ ਨਹੀਂ, ਸਗੋਂ ਚੁੱਪਚਾਪ ਕੀਤੀ ਲੰਮੀ ਸੇਵਾ ਨਾਲ ਪੀੜ੍ਹੀਆਂ ਦੇ ਮਨਾਂ ਵਿੱਚ ਆਪਣੀ ਥਾਂ ਬਣਾਉਂਦੀਆਂ ਹਨ। ਕੁਲਦੀਪ ਸਿੰਘ ਅਜਿਹੀ ਹੀ ਪੰਥਕ ਸ਼ਖ਼ਸੀਅਤ ਸਨ। ਉਹ 27 ਮਈ ਨੂੰ 87 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ। ਮੌਤ ਤੋਂ ਇੱਕ ਦਿਨ ਪਹਿਲਾਂ ਵੀ ਉਹ 26 ਮਈ ਦੀ ਸ਼ਾਮ ਨੂੰ ਡੀਟਰਾਇਟ, ਮਿਸ਼ੀਗਨ ਵਿਖੇ 18 ਤੋਂ 35 ਸਾਲ ਦੇ ਨੌਜਵਾਨ ਬਾਲਗਾਂ ਲਈ ਹੋਈ ਸਿੱਖ ਯੂਥ ਰਿਟਰੀਟ ਦੀ ਅਗਵਾਈ ਕਰਕੇ ਵਾਪਸ ਆਏ ਸਨ।
ਕੁਲਦੀਪ ਸਿੰਘ ਦਾ ਜਨਮ ਅਪਰੈਲ 1939 ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਨਵੀਂ ਦਿੱਲੀ ਦੇ ਬੇਅਰਡ ਰੋਡ ਜੋ ਅੱਜ ਬੰਗਲਾ ਸਾਹਿਬ ਰੋਡ ਵਜੋਂ ਜਾਣਿਆ ਜਾਂਦਾ ਹੈ, ਦੇ ਇਲਾਕੇ ਵਿੱਚ ਬੀਤਿਆ। ਉਨ੍ਹਾਂ ਦੇ ਪਿਤਾ ਗੁਰਬਖਸ਼ ਸਿੰਘ ਆਰਮੀ ਹੈੱਡਕੁਆਰਟਰ ਵਿੱਚ ਅਫ਼ਸਰ ਸੁਪਰਵਾਈਜ਼ਰ ਸਨ। ਪਰਿਵਾਰ ਸਿੱਖੀ ਸਰੂਪ ਅਤੇ ਗੁਰੂ ਘਰ ਪ੍ਰਤੀ ਸਤਿਕਾਰ ਵਾਲਾ ਸੀ। ਰਾਮਜਸ ਸੀਨੀਅਰ ਸੈਕੰਡਰੀ ਸਕੂਲ, ਪਹਾੜਗੰਜ ਵਿਖੇ ਪੜ੍ਹਦਿਆਂ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੁੜੇ। ਇਹ ਜਥੇਬੰਦੀ ਉਨ੍ਹਾਂ ਲਈ ਸਿਰਫ਼ ਵਿਦਿਆਰਥੀ ਸਰਗਰਮੀ ਦਾ ਮੰਚ ਨਹੀਂ ਰਹੀ, ਸਗੋਂ ਸਿੱਖੀ, ਅਨੁਸ਼ਾਸਨ ਅਤੇ ਪੰਥਕ ਸੋਚ ਦੀ ਪਾਠਸ਼ਾਲਾ ਬਣ ਗਈ। ਫੈਡਰੇਸ਼ਨ ਦੀਆਂ ਮੀਟਿੰਗਾਂ ਵਿੱਚ ਵਾਰੀ-ਵਾਰੀ ਹਰ ਮੈਂਬਰ ਨੂੰ ਅਰਦਾਸ ਕਰਨੀ ਪੈਂਦੀ ਸੀ। ਉਸ ਸਮੇਂ ਕੁਲਦੀਪ ਸਿੰਘ ਨੂੰ ਅਰਦਾਸ ਜ਼ੁਬਾਨੀ ਯਾਦ ਨਹੀਂ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੁਝ ਹਫ਼ਤਿਆਂ ਬਾਅਦ ਅਰਦਾਸ ਦੀ ਵਾਰੀ ਉਨ੍ਹਾਂ ਦੀ ਆਵੇਗੀ, ਤਾਂ ਉਨ੍ਹਾਂ ਨੇ ਅਰਦਾਸ ਕੰਠ ਕਰਨੀ ਸ਼ੁਰੂ ਕੀਤੀ। ਇਹ ਛੋਟੀ ਜਿਹੀ ਜ਼ਿੰਮੇਵਾਰੀ ਉਨ੍ਹਾਂ ਦੇ ਅੰਦਰ ਸਿੱਖੀ ਨਾਲ ਡੂੰਘਾ ਜੋੜ ਬਣਾਉਣ ਦਾ ਮੂਲ ਕਾਰਨ ਬਣੀ।
ਉਹ ਰੋਜ਼ਾਨਾ ਪੈਦਲ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਜਾਣ ਲੱਗੇ। ਉੱਥੇ ਸੂਰਜ ਪ੍ਰਕਾਸ਼ ਦੀ ਕਥਾ, ਗੁਰਬਾਣੀ ਦੀ ਵਿਆਖਿਆ ਅਤੇ ਵਿਦਵਾਨਾਂ ਦੇ ਵਿਚਾਰਾਂ ਨੇ ਉਨ੍ਹਾਂ ਦੇ ਮਨ ਵਿੱਚ ਸਿੱਖ ਇਤਿਹਾਸ ਅਤੇ ਗੁਰਬਾਣੀ ਲਈ ਅਥਾਹ ਪਿਆਰ ਪੈਦਾ ਕੀਤਾ। ਸਰੂਪ ਸਿੰਘ ਕੱਲਾ, ਪ੍ਰੋ. ਸੁਖਬੀਰ ਸਿੰਘ, ਪ੍ਰੋ. ਭਰਪੂਰ ਸਿੰਘ, ਪ੍ਰੋ. ਜਸਵੰਤ ਸਿੰਘ ਫੁੱਲ, ਪ੍ਰੋ. ਕਿਰਪਾਲ ਸਿੰਘ, ਭਾਨ ਸਿੰਘ ਅਤੇ ਡਾ. ਗੰਡਾ ਸਿੰਘ ਵਰਗੀਆਂ ਹਸਤੀਆਂ ਦੀ ਸੰਗਤ ਅਤੇ ਵਿਚਾਰਾਂ ਨੇ ਉਨ੍ਹਾਂ ਦੇ ਅੰਦਰ ਪੰਥਕ ਚੇਤਨਾ ਅਤੇ ਨੌਜਵਾਨਾਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਕੀਤੀ।
ਸਾਲ 1960 ਦਾ ਪੰਜਾਬੀ ਸੂਬਾ ਮੋਰਚਾ ਉਨ੍ਹਾਂ ਦੇ ਜੀਵਨ ਦਾ ਅਹਿਮ ਪੜਾਅ ਸੀ। ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ 12 ਜੂਨ 1960 ਨੂੰ ਦਿੱਲੀ ਵਿੱਚ ਰੋਸ ਮਾਰਚ ਹੋਣਾ ਸੀ, ਪਰ ਸਰਕਾਰ ਨੇ ਪਹਿਲਾਂ ਹੀ ਕਈ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਫੈਡਰੇਸ਼ਨ ਦੇ ਦਿੱਲੀ ਦੇ ਪ੍ਰਧਾਨ (1960 ਤੋਂ 1964) ਹੋਣ ਕਰਕੇ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਲਈ ਉਨ੍ਹਾਂ ਦੇ ਘਰ ਅਤੇ ਪਿਤਾ ਦੇ ਦਫ਼ਤਰ ਉੱਤੇ ਦਬਾਅ ਪਾਇਆ। ਜਦੋਂ ਉਹ ਖੁਦ ਪੁਲੀਸ ਦੇ ਸਾਹਮਣੇ ਪੇਸ਼ ਹੋਏ, ਤਾਂ ਉਨ੍ਹਾਂ ਉੱਤੇ ਇਰਾਦਾ ਕਤਲ ਸਮੇਤ 13 ਗੰਭੀਰ ਦੋਸ਼ ਲਗਾ ਕੇ ਦਿੱਲੀ ਦੀ ਤਿਹਾੜ ਜੇਲ੍ਹ ਭੇਜ ਦਿੱਤਾ, ਹਾਲਾਂਕਿ ਉਹ ਉਸ ਜਲੂਸ ਵਿੱਚ ਮੌਜੂਦ ਵੀ ਨਹੀਂ ਸਨ। ਜੇਲ੍ਹ ਵਿੱਚ ਵੀ ਉਨ੍ਹਾਂ ਨੇ ਚੜ੍ਹਦੀ ਕਲਾ ਦਾ ਮਾਹੌਲ ਦੇਖਿਆ, ਜਿੱਥੇ ਢਾਡੀ ਜਥੇ ਅਤੇ ਕੀਰਤਨੀਏ ਸਿੱਖੀ ਰੰਗ ਵਿੱਚ ਸੰਗਤ ਨੂੰ ਜੋੜ ਰਹੇ ਸਨ। ਤਕਰੀਬਨ ਇੱਕ ਹਫ਼ਤੇ ਬਾਅਦ ਉਹ ਜ਼ਮਾਨਤ ’ਤੇ ਬਾਹਰ ਆਏ ਅਤੇ ਦੋ ਸਾਲਾਂ ਬਾਅਦ ਇਹ ਮਾਮਲਾ ਸਰਕਾਰ ਨਾਲ ਗੱਲਬਾਤ ਰਾਹੀਂ ਮੁਕੰਮਲ ਹੋਇਆ।
ਸਾਲ 1964 ਵਿੱਚ ਉਹ ਦਿੱਲੀ ਯੂਨੀਵਰਸਿਟੀ ਤੋਂ ਬੀ.ਐੱਸਸੀ. ਕੈਮਿਸਟਰੀ ਦੀ ਡਿਗਰੀ ਅਤੇ ਨੌਕਰੀ ਦਾ ਤਜਰਬਾ ਲੈ ਕੇ ਇੰਗਲੈਂਡ ਚਲੇ ਗਏ। ਉੱਥੇ ਉਨ੍ਹਾਂ ਨੂੰ ਉਸ ਸਮੇਂ ਦੇ ਸਾਬਤ-ਸੂਰਤ ਸਿੱਖ ਪਰਵਾਸੀਆਂ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਰੁਜ਼ਗਾਰ ਦਫ਼ਤਰ ਵਿੱਚ ਕੁਝ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜੇ ਉਹ ਕੈਮਿਸਟ ਵਜੋਂ ਪੇਸ਼ੇਵਰ ਨੌਕਰੀ ਚਾਹੁੰਦੇ ਹਨ ਤਾਂ ਕੇਸ-ਦਾੜ੍ਹੀ ਕਟਵਾ ਲਵੋ; ਨਹੀਂ ਤਾਂ ਮਜ਼ਦੂਰੀ ਦੀ ਨੌਕਰੀ ਹੀ ਮਿਲ ਸਕਦੀ ਹੈ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਤਿੰਨ ਮਹੀਨਿਆਂ ਵਿੱਚ ਹੀ ਉਨ੍ਹਾਂ ਨੂੰ ਦੋ ਕੰਪਨੀਆਂ ਤੋਂ ਬਤੌਰ ਕੁਆਲਿਟੀ ਕੰਟਰੋਲ ਕੈਮਿਸਟ ਨੌਕਰੀ ਦੀ ਪੇਸ਼ਕਸ਼ ਮਿਲ ਗਈ। ਇਹ ਸਿਰਫ਼ ਪੇਸ਼ੇਵਰ ਯੋਗਤਾ ਦੀ ਨਹੀਂ, ਸਿੱਖੀ ਸਿਦਕ ਦੀ ਵੀ ਜਿੱਤ ਸੀ। ਬਾਅਦ ਵਿੱਚ ਨਾਰਥ ਥੇਮਸ ਗੈਸ ਬੋਰਡ ਦੇ ਚੀਫ ਨੇ ਉਨ੍ਹਾਂ ਦਾ ਸਿੱਖੀ ਸਰੂਪ ਦੇਖ ਕੇ ਬਿਨਾਂ ਵੱਡੇ ਸਵਾਲਾਂ ਦੇ ਨੌਕਰੀ ਦੇ ਦਿੱਤੀ, ਕਿਉਂਕਿ ਉਹ ਬ੍ਰਿਟਿਸ਼ ਆਰਮੀ ਵਿੱਚ ਰਹਿ ਕੇ ਸਿੱਖਾਂ ਦੀ ਇਮਾਨਦਾਰੀ ਅਤੇ ਮਿਹਨਤ ਤੋਂ ਜਾਣੂ ਸੀ।
ਸਾਲ 1967 ਵਿੱਚ ਉਹ ਇੰਗਲੈਂਡ ਤੋਂ ਕੈਨੇਡਾ ਗਏ ਅਤੇ ਟੋਰਾਂਟੋ ਵਿੱਚ ਵੱਸੇ। 1971 ਵਿੱਚ ਉਨ੍ਹਾਂ ਦਾ ਵਿਆਹ ਬੀਬੀ ਅਰਮਿੰਦਰ ਕੌਰ ਨਾਲ ਹੋਇਆ। 1972 ਵਿੱਚ ਉਹ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਡੀਟਰਾਇਟ ਸ਼ਹਿਰ ਵਿੱਚ ਆ ਵੱਸੇ। ਪੇਸ਼ੇਵਰ ਜੀਵਨ ਵਿੱਚ ਉਨ੍ਹਾਂ ਨੇ ਹਸਪਤਾਲਾਂ ਅਤੇ ਆਪਣੀ ਲੈਬ ਵਿੱਚ ਕੈਮਿਸਟ ਵਜੋਂ ਲੰਬਾ ਸਮਾਂ ਕੰਮ ਕੀਤਾ, ਪਰ ਉਨ੍ਹਾਂ ਦੀ ਸਭ ਤੋਂ ਵੱਡੀ ਪਛਾਣ ਸਿੱਖ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਕੀਤੀ ਸੇਵਾ ਨਾਲ ਬਣੀ।
ਉੱਤਰੀ ਅਮਰੀਕਾ ਆ ਕੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇੱਥੇ ਵੱਸ ਰਹੇ ਸਿੱਖ ਪਰਿਵਾਰਾਂ ਦੇ ਬੱਚਿਆਂ ਲਈ ਸਿੱਖੀ, ਗੁਰਬਾਣੀ, ਇਤਿਹਾਸ ਅਤੇ ਪਛਾਣ ਨਾਲ ਜੋੜਨ ਵਾਲਾ ਸੰਗਠਿਤ ਮੰਚ ਬਹੁਤ ਘੱਟ ਹੈ। ਭਾਰਤ ਵਿੱਚ ਸਿੱਖ ਕੈਂਪਾਂ ਅਤੇ ਫੈਡਰੇਸ਼ਨ ਦੇ ਤਜਰਬੇ ਨਾਲ ਉਹ ਇਸ ਲੋੜ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਸੇ ਸੋਚ ਨਾਲ 1973 ਵਿੱਚ ਮੈਡੀਸਨ ਹਾਈਟਸ, ਮਿਸ਼ੀਗਨ ਸਥਿਤ ਆਪਣੇ ਘਰ ਤੋਂ ਉਨ੍ਹਾਂ ਨੇ ਉੱਤਰੀ ਅਮਰੀਕਾ ਵਿੱਚ ਆਪਣੀ ਗੁਰਮਤਿ ਕੈਂਪ ਸੇਵਾ ਦੀ ਸ਼ੁਰੂਆਤ ਕੀਤੀ। ਇੱਕ ਘਰ ਤੋਂ ਸ਼ੁਰੂ ਹੋਈ ਇਹ ਸੇਵਾ ਸਮੇਂ ਦੇ ਨਾਲ ਮਜ਼ਬੂਤ ਪੰਥਕ ਸੰਸਥਾ ਅਤੇ ਸੇਵਾ-ਪਰੰਪਰਾ ਬਣ ਗਈ। ਜੁਲਾਈ 2023 ਵਿੱਚ ਇਸ 7 ਦਿਨਾਂ ਗੁਰਮਤਿ ਕੈਂਪ ਨੇ ਆਪਣੇ ਸਫਲ 50 ਸਾਲ ਪੂਰੇ ਕੀਤੇ।
ਇਹੀ ਉਨ੍ਹਾਂ ਦੀ ਸੇਵਾ ਦਾ ਸਾਰ ਸੀ। ਗੁਰਮਤਿ ਕੈਂਪ ਸਿਰਫ਼ ਇੱਕ ਹਫ਼ਤੇ ਦਾ ਪ੍ਰੋਗਰਾਮ ਨਹੀਂ ਹੈ। ਇਹ ਇੱਕ ਅਜਿਹਾ ਮਾਹੌਲ ਹੈ ਜਿੱਥੇ ਬੱਚੇ ਅਰਦਾਸ, ਹੁਕਮਨਾਮਾ, ਗੁਰਬਾਣੀ, ਕੀਰਤਨ, ਸਿੱਖ ਇਤਿਹਾਸ, ਸੰਗਤ, ਸੇਵਾ ਅਤੇ ਆਪਣੀ ਪਛਾਣ ਨਾਲ ਜੁੜਦੇ ਹਨ। ਉਹ ਹੋਰ ਸਿੱਖ ਬੱਚਿਆਂ ਨੂੰ ਮਿਲਦੇ ਹਨ, ਨਵੇਂ ਰਿਸ਼ਤੇ ਬਣਾਉਂਦੇ ਹਨ, ਆਤਮ-ਵਿਸ਼ਵਾਸ ਲੈਂਦੇ ਹਨ ਅਤੇ ਸਿੱਖੀ ਨੂੰ ਜੀਵਨ ਦਾ ਹਿੱਸਾ ਵਜੋਂ ਮਹਿਸੂਸ ਕਰਦੇ ਹਨ। ਇਨ੍ਹਾਂ ਕੈਂਪਾਂ ਨੇ ਹਜ਼ਾਰਾਂ ਬੱਚਿਆਂ, ਨੌਜਵਾਨਾਂ, ਮਾਪਿਆਂ ਅਤੇ ਸੇਵਾਦਾਰਾਂ ਨੂੰ ਛੂਹਿਆ ਹੈ। ਕਈ ਬੱਚੇ ਜੋ ਕਦੇ ਛੋਟੀ ਉਮਰ ਵਿੱਚ ਕੈਂਪ ਵਿੱਚ ਆਏ, ਬਾਅਦ ਵਿੱਚ ਕੌਂਸਲਰ, ਅਧਿਆਪਕ, ਪ੍ਰਬੰਧਕ ਅਤੇ ਮਾਪੇ ਬਣ ਕੇ ਮੁੜ ਸੇਵਾ ਨਾਲ ਜੁੜੇ। ਇਹੀ ਕਿਸੇ ਵਿਰਾਸਤ ਦੀ ਅਸਲ ਨਿਸ਼ਾਨੀ ਹੁੰਦੀ ਹੈ। ਅੱਜ ਇਸ ਦੀ ਵਾਗਡੋਰ ਸੰਭਾਲਣ ਵਾਲੇ ਕਈ ਪ੍ਰਬੰਧਕ ਅਤੇ ਅਧਿਆਪਕ ਕਦੇ ਖੁਦ ਇਸ ਕੈਂਪ ਵਿੱਚ ਵਿਦਿਆਰਥੀ ਵਜੋਂ ਸ਼ਾਮਲ ਹੁੰਦੇ ਸਨ।
ਇਸ ਪੂਰੇ ਸਫ਼ਰ ਵਿੱਚ ਬੀਬੀ ਅਰਮਿੰਦਰ ਕੌਰ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਕੈਂਪਾਂ ਦੇ ਪ੍ਰਬੰਧ, ਬੱਚਿਆਂ ਦੀ ਸੰਭਾਲ, ਰਹਿਣ-ਸਹਿਣ ਦੀ ਵਿਵਸਥਾ ਅਤੇ ਪਰਿਵਾਰਾਂ ਨਾਲ ਜੁੜੀਆਂ ਅਨੇਕਾਂ ਜ਼ਿੰਮੇਵਾਰੀਆਂ ਵਿੱਚ ਉਨ੍ਹਾਂ ਦੀ ਸੇਵਾ ਬਹੁਤ ਅਹਿਮ ਰਹੀ। ਇਹ ਕੈਂਪ ਅਤੇ ਰਿਟਰੀਟ ਸਿਰਫ਼ ਬੱਚਿਆਂ ਜਾਂ ਨੌਜਵਾਨਾਂ ਲਈ ਨਹੀਂ ਸਨ, ਸਗੋਂ ਮਾਪਿਆਂ ਅਤੇ ਸੇਵਾਦਾਰਾਂ ਲਈ ਵੀ ਸਿੱਖਣ ਦੇ ਮੰਚ ਬਣੇ। ਬਹੁਤ ਸਾਰੇ ਮਾਪੇ ਪਹਿਲਾਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਅਤੇ ਬਾਅਦ ਵਿੱਚ ਖੁਦ ਸੇਵਾ ਨਾਲ ਜੁੜ ਗਏ। ਇਸ ਤਰ੍ਹਾਂ ਇਹ ਪ੍ਰੋਗਰਾਮ ਪੂਰੇ ਪਰਿਵਾਰਾਂ ਅਤੇ ਸੰਗਤਾਂ ਦੀ ਪੰਥਕ ਤਾਲੀਮ ਦੇ ਕੇਂਦਰ ਬਣੇ।
ਕੁਲਦੀਪ ਸਿੰਘ ਨੇ ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ ਸੰਸਥਾ, ਜਿਸ ਨੂੰ ਸਿਆਨਾ ਕਿਹਾ ਜਾਂਦਾ ਹੈ, ਦੀ ਸਥਾਪਨਾ ਕੀਤੀ। ਇਸ ਦੇ ਬੈਨਰ ਹੇਠ ਕੈਂਪਾਂ ਦੇ ਨਾਲ-ਨਾਲ ਭਾਸ਼ਣ ਸਿੰਪੋਜ਼ੀਅਮ ਅਤੇ ਨੌਜਵਾਨਾਂ ਲਈ ਯੂਥ ਰਿਟਰੀਟ ਵਰਗੇ ਪ੍ਰੋਗਰਾਮ ਸ਼ੁਰੂ ਹੋਏ। ਉਨ੍ਹਾਂ ਦਾ ਜ਼ੋਰ ਹਮੇਸ਼ਾਂ ਇਸ ਗੱਲ ਉੱਤੇ ਰਿਹਾ ਕਿ ਕੈਂਪਾਂ ਵਿੱਚ ਕਿਸੇ ਡੇਰੇ ਜਾਂ ਵਿਅਕਤੀ ਵਿਸ਼ੇਸ਼ ਦੀ ਮਰਿਆਦਾ ਦੀ ਥਾਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਹੀ ਆਧਾਰ ਬਣਾਇਆ ਜਾਵੇ। ਉਨ੍ਹਾਂ ਦਾ ਜੀਵਨ-ਫਲਸਫ਼ਾ ਸਪੱਸ਼ਟ ਸੀ ‘ਪੰਥ ਪਹਿਲਾਂ’।
ਉਨ੍ਹਾਂ ਨੂੰ ਹਮੇਸ਼ਾਂ ਇਹ ਚਿੰਤਾ ਰਹਿੰਦੀ ਸੀ ਕਿ ਸਿਆਨਾ ਦੇ ਸਾਧਨ ਸੀਮਤ ਹਨ ਅਤੇ ਹਰ ਬੱਚੇ ਨੂੰ ਕੈਂਪ ਵਿੱਚ ਥਾਂ ਨਹੀਂ ਮਿਲ ਸਕਦੀ। ਇਸ ਲਈ ਉਹ ਚਾਹੁੰਦੇ ਸਨ ਕਿ ਹੋਰ ਸਿੱਖ ਜਥੇਬੰਦੀਆਂ ਅਤੇ ਪਰਿਵਾਰ ਇਨ੍ਹਾਂ ਕੈਂਪਾਂ ਤੋਂ ਸੇਧ ਲੈ ਕੇ ਆਪਣੇ ਇਲਾਕਿਆਂ ਵਿੱਚ ਅਜਿਹੇ ਪ੍ਰੋਗਰਾਮ ਸ਼ੁਰੂ ਕਰਨ। ਪਰਵਾਸ ਵਿੱਚ ਵੱਸਦੇ ਸਿੱਖ ਮਾਪਿਆਂ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਿੱਖੀ ਦਾ ਮਾਹੌਲ ਮਿਲੇ; ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣਾ ਔਖਾ ਹੋ ਜਾਵੇਗਾ।
ਕੁਲਦੀਪ ਸਿੰਘ ਨੇ ਆਪਣੀ ਨੇਕ ਕਮਾਈ, ਸਮਾਂ, ਪਰਿਵਾਰ ਅਤੇ ਸਮਰੱਥਾ ਪੰਥਕ ਸੇਵਾ ਲਈ ਲਗਾਈ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਸਿਰਫ਼ ਯਾਦ ਕਰਨ ਨਾਲ ਨਹੀਂ, ਸਗੋਂ ਉਨ੍ਹਾਂ ਦੀ ਸੋਚ ਨੂੰ ਅੱਗੇ ਵਧਾਉਣ ਨਾਲ ਹੋਵੇਗੀ। ਜੇ ਹਰ ਸ਼ਹਿਰ ਅਤੇ ਹਰ ਸੰਗਤ ਆਪਣੇ ਬੱਚਿਆਂ ਲਈ ਗੁਰਮਤਿ ਸਿੱਖਿਆ, ਸੰਗਤ, ਸੇਵਾ ਅਤੇ ਪਛਾਣ ਦਾ ਜੀਵੰਤ ਮਾਹੌਲ ਬਣਾਏ, ਤਾਂ ਇਹੀ ਉਨ੍ਹਾਂ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਦਾ ਸਭ ਤੋਂ ਸੁੰਦਰ ਢੰਗ ਹੋਵੇਗਾ।
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ॥
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥
ਇਸ ਪਾਵਨ ਪੰਕਤੀ ਦੇ ਅਰਥ ਹਨ ਕਿ ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅੰਤ ਤੱਕ ਨਿਭਦੀ ਹੈ। ਜਿੰਨਾ ਚਿਰ ਉਹ ਜੀਵਨ ਵਿੱਚ ਰਹਿੰਦਾ ਹੈ, ਆਪਣੇ ਮਾਲਕ ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ ਅਤੇ ਜਗਤ ਤੋਂ ਤੁਰਨ ਵੇਲੇ ਵੀ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਵਸਾਈ ਰੱਖਦਾ ਹੈ। ਕੁਲਦੀਪ ਸਿੰਘ ਦੀ ਜੀਵਨ-ਸੇਵਾ ਇਸ ਪਾਵਨ ਭਾਵਨਾ ਦੀ ਜੀਵੰਤ ਮਿਸਾਲ ਸੀ।
ਸੰਪਰਕ: +1-937-654-8873
