DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਪਣਾ ਮੂਲੁ ਪਛਾਣੁ

ਕਹਾਣੀ ਰੱਜੇ ਪੁੱਜੇ ਮਾਪਿਆਂ ਦੇ ਪੁੱਤ ਜਗੀਰ ਸਿੰਘ ਦਾ ਕਰਮੋਂ ਨਾਲ ਵਿਆਹ ਹੋਇਆਂ ਚਾਰ ਸਾਲ ਲੰਘ ਗਏ ਸਨ, ਪਰ ਉਨ੍ਹਾਂ ਦੀ ਝੋਲੀ ਔਲਾਦ ਪੱਖੋਂ ਸੱਖਣੀ ਸੀ। ਸਾਲ ਦੋ ਸਾਲ ਤਾਂ ਉਨ੍ਹਾਂ ਇਸ ਗੱਲ ਵੱਲ ਬਹੁਤੀ ਤਵੱਜੋ ਨਹੀਂ ਸੀ ਦਿੱਤੀ, ਪਰ...

  • fb
  • twitter
  • whatsapp
  • whatsapp
Advertisement

ਕਹਾਣੀ

ਰੱਜੇ ਪੁੱਜੇ ਮਾਪਿਆਂ ਦੇ ਪੁੱਤ ਜਗੀਰ ਸਿੰਘ ਦਾ ਕਰਮੋਂ ਨਾਲ ਵਿਆਹ ਹੋਇਆਂ ਚਾਰ ਸਾਲ ਲੰਘ ਗਏ ਸਨ, ਪਰ ਉਨ੍ਹਾਂ ਦੀ ਝੋਲੀ ਔਲਾਦ ਪੱਖੋਂ ਸੱਖਣੀ ਸੀ। ਸਾਲ ਦੋ ਸਾਲ ਤਾਂ ਉਨ੍ਹਾਂ ਇਸ ਗੱਲ ਵੱਲ ਬਹੁਤੀ ਤਵੱਜੋ ਨਹੀਂ ਸੀ ਦਿੱਤੀ, ਪਰ ਤੀਜੇ ਸਾਲ ਤੋਂ ਲੋਕਾਂ ’ਚੋਂ ਕੋਈ ਉਨ੍ਹਾਂ ਨੂੰ ਸਵਾਲ ਪੁੱਛਦਾ ਤੇ ਕੋਈ ਮਸਾਲੇ ਵਾਲੀ ਟਕੋਰ ਕਰਕੇ ਮਨ ਖੁਸ਼ ਕਰ ਲੈਂਦਾ। ਉਹ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲੈਂਦੇ। ਕਦੇ ਪਿੰਡ ’ਚੋਂ ਕੋਈ ਬਜ਼ੁਰਗ ਔਰਤ ਕਰਮੋਂ ਨੂੰ ਕਿਸੇ ਬਾਬੇ ਦੇ ਡੇਰੇ ਜਾਣ ਦੀ ਸਲਾਹ ਦਿੰਦੀ ਤੇ ਕਦੇ ਕੋਈ ਹੋਰ ਧਾਰਮਿਕ ਸਥਾਨ ’ਤੇ ਸੁੱਖਣਾ ਸੁੱਖਣ ਲਈ ਕਹਿੰਦੀ, ਪਰ ਕਰਮੋ ਦਾ ਇੱਕੋ ਜਵਾਬ ਹੁੰਦਾ;

Advertisement

‘‘ਚਾਚੀ ਚਿੱਤ ਤਾਂ ਕਦੇ ਕਦੇ ਮੇਰਾ ਵੀ ਕਰਦਾ, ਕੱਦ ਤੱਕ ਸੱਖਣੀ ਝੋਲੀ ਲਈ ਫਿਰਾਂਗੀ, ਪਰ ਇਨ੍ਹਾਂ ਨੇ ਨਹੀਂ ਮੰਨਣਾ, ਇਹ ਕਹਿੰਦੇ ਨੇ ਵਾਹਿਗੁਰੂ ਤਾਂ ਸਾਡੇ ਮਨਾਂ ’ਚ ਵੱਸਦਾ ਏ ਤੇ ਉਸ ਨੂੰ ਸਾਡੀ ਹਰੇਕ ਮੰਗ ਦਾ ਪਤਾ ਹੁੰਦੈ, ਜਦ ਉਹ ਠੀਕ ਸਮਝੂ, ਆਪੇ ਝੋਲੀ ਖੈਰ ਪਾ ਦੇਊ।’’ ਕਰਮੋਂ ਪਤੀ ਦਾ ਨਾਂ ਲੈਣ ਦੀ ਥਾਂ ‘ਇਨ੍ਹਾਂ’ ਕਹਿ ਕੇ ਗੱਲ ਕਰਦੀ ਸੀ।

Advertisement

ਉਸ ਦਿਨ ਜੇਠ ਮਹੀਨੇ ਦੀ ਸੰਗਰਾਂਦ ਸੀ। ਜਗੀਰ ਤੇ ਉਸਦਾ ਕਾਮਾ ਤੜਕੇ ਤੋਂ ਖੇਤ ਆਏ ਹੋਏ ਸਨ, ਸੂਰਜ ਕਾਫ਼ੀ ਉੱਪਰ ਆ ਗਿਆ ਸੀ, ਪਰ ਕਰਮੋਂ ਭੱਤਾ ਲੈ ਕੇ ਆਉਂਦੀ ਨਹੀਂ ਸੀ ਦਿਸਦੀ। ਸਭ ਸੁੱਖ ਹੋਵੇ, ਸੋਚ ਕੇ ਉਹ ਘਰ ਨੂੰ ਤੁਰ ਪਿਆ। ਕਰਮੋਂ ਅੰਦਰ ਮੰਜੇ ’ਤੇ ਲੇਟੀ ਹੋਈ ਪਸੀਨੇ ਨਾਲ ਗੜੁੱਚ ਸੀ। ਕਰਮੋਂ ਨੂੰ ਸਵਾਲ ਜਵਾਬ ਕਰਨ ਦੀ ਥਾਂ ਉਸ ਨੇ ਘੜੀ ਤੋਂ ਟਾਈਮ ਵੇਖਿਆ ਤੇ ਪਿੰਡ ਦੀ ਡਿਸਪੈਂਸਰੀ ਵੱਲ ਨੂੰ ਤੁਰ ਪਿਆ। ਜਗੀਰ ਸਿੰਘ ਦਾ ਉਦਾਸ ਚਿਹਰਾ ਵੇਖ ਕੇ ਨਰਸ ਸਮਝ ਗਈ ਕਿ ਇਸ ਦੀ ਘਰਵਾਲੀ ਠੀਕ ਨਹੀਂ ਹੋਣੀ।

‘‘ਬੀਬੀ ਜੀ ਚਾਰ ਸਾਲਾਂ ’ਚ ਉਹਨੂੰ ਪਹਿਲੀ ਵਾਰ ਇੰਜ ਨਿਢਾਲ ਹੋਈ ਵੇਖਿਆ, ਬਸ ਆਪਣਾ ਬੈਗ ਚੁੱਕੋ ਤੇ ਜਲਦੀ ਨਾਲ ਚੱਲ ਪਓ। ਦੇਰੀ ਨਾ ਕਰਿਓ।’’ ਡਿਸਪੈਂਸਰੀ ਦਾ ਬਾਰ ਢੋਅ ਕੇ ਨਰਸ ਜਗੀਰ ਦੇ ਪਿੱਛੇ ਤੁਰ ਪਈ।

ਨਰਸ ਨੇ ਅਜੇ ਕਰਮੋਂ ਦੀ ਨਬਜ਼ ਫੜੀ ਹੋਈ ਸੀ ਕਿ ਤਾਈ ਬੰਤੀ ਪਹੁੰਚ ਗਈ। ਦੋਵਾਂ ਨੇ ਕਰਮੋਂ ਤੋਂ ਪੁੱਛਗਿੱਛ ਕਰਦਿਆਂ ਮਰਜ਼ ਦੀ ਟੋਹ ਲਾ ਲਈ। ਨਰਸ ਅਜੇ ਹੋਰ ਜਾਂਚ ਕਰ ਰਹੀ ਸੀ ਕਿ ਤਾਈ ਬੰਤੀ ਨੇ ਜਗੀਰ ਨੂੰ ਲੱਡੂਆਂ ਦਾ ਡੱਬਾ ਲਿਆਉਣ ਲਈ ਕਿਹਾ। ਤਾਈ ਨੇ ਡੱਬਾ ਖੋਲ੍ਹ ਕੇ ਪਹਿਲਾ ਲੱਡੂ ਜਗੀਰ ਦੇ ਮੂੰਹ ਪਾਉਂਦਿਆਂ ਵਧਾਈ ਦਿੱਤੀ।

‘‘ਜਗੀਰ ਰੱਬ ਨੇ ਤੁਹਾਡੀ ਨੇੜੇ ਹੋ ਕੇ ਸੁਣ ਲਈ। ਜਾ ਗੁਰਦੁਆਰੇ ਮੱਥਾ ਟੇਕ ਕੇ ਆ, ਕੁਝ ਮਹੀਨਿਆਂ ਬਾਅਦ ਤੁਹਾਡੀ ਖਾਲੀ ਝੋਲੀ ਭਰਨ ਵਾਲੀ ਆ।’’

ਤਾਈ ਦੀ ਗੱਲ ਸੁਣਕੇ ਜਗੀਰ ਨੇ ਉਸ ਦੇ ਪੈਰੀਂ ਹੱਥ ਲਾਏ ਤੇ ਕਿੰਨੀ ਦੇਰ ਹੱਥ ਜੋੜ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਰਿਹਾ। ਨਰਸ ਕਰਮੋਂ ਦੀ ਜਾਂਚ ਕਰਕੇ ਉਸਨੂੰ ਆਪਣਾ ਖ਼ਿਆਲ ਰੱਖਣ ਦੀਆਂ ਹਦਾਇਤਾਂ ਦੇ ਕੇ ਡਿਸਪੈਂਸਰੀ ਮੁੜ ਗਈ। ਗੁਰਦੁਆਰਿਓਂ ਆਏ ਜਗੀਰ ਸਿੰਘ ਨੇ ਅੰਦਰ ਆਉਂਦੇ ਹੀ ਕਰਮੋਂ ਨੂੰ ਬਾਹਵਾਂ ’ਚ ਭਰ ਲਿਆ।

‘‘ਛੱਡੋ ਜੀ ਹੁਣ ਕਿੰਨੇ ਕੰਮ ਕਰਨ ਵਾਲੇ ਪਏ ਆ ਅਜੇ, ਸੂਰਜ ਦੀ ਟਿੱਕੀ ਸਿਰ ’ਤੇ ਆਈ ਪਈ ਆ ਤੇ ਮੈਂ ਅਜੇ ਛਾਹ ਵੇਲਾ ਬਣਾਉਣਾ।’’ ਕਰਮੋਂ ਨਰਸ ਦੀਆਂ ਹਦਾਇਤਾਂ ਭੁਲਾ ਕੇ ਰਸੋਈ ਦੇ ਕੰਮ ’ਤੇ ਕੇਂਦਰਿਤ ਹੋਣਾ ਚਾਹੁੰਦੀ ਸੀ।

‘‘ਮਾਰ ਗੋਲੀ ਛਾਹ ਵੇਲੇ ਨੂੰ, ਪਹਿਲਾਂ ਇਹ ਦੱਸ ਕੇ ਤੈਨੂੰ ਇਸ ਖੁਸ਼ਖ਼ਬਰੀ ਦਾ ਪਤਾ ਕਿਉਂ ਨਹੀਂ ਲੱਗਿਆ।’’

‘‘ਲੈ, ਮੈਂ ਕੋਈ ਜਾਣੀ ਜਾਣ ਆਂ ਕਿ ਝੱਟ ਪਤਾ ਲਾ ਲੈਂਦੀ, ਨਾਲੇ ਮੈਨੂੰ ਪਹਿਲਾਂ ਕਿਹੜਾ ਇਹੋ ਜਿਹੀਆਂ ਗੱਲਾਂ ਦਾ ਪਤਾ ਸੀ। ਪਹਿਲੀ ਵਾਰ ਹੋਣ ਕਰਕੇ ਸਵੇਰੇ ਤੋਂ ਮੇਰੀਆਂ ਤਾਂ ਲੱਤਾਂ ਨਹੀਂ ਸੀ ਭਾਰ ਝੱਲ ਰਹੀਆਂ। ਚੰਗਾ ਹੋਇਆ ਤੁਸੀਂ ਨਰਸ ਬੀਬੀ ਨੂੰ ਲੈ ਆਏ, ਪਰ ਤਾਈ ਬੰਤੋ ਨੂੰ ਸੱਦਣ ਦੀ ਕੀ ਲੋੜ ਸੀ। ਐਵੇਂ ਵਹਿਮਾਂ ਭਰਮਾਂ ’ਚ ਪਾਈ ਜਾਂਦੀ ਆ।’’ ਜੀਅ ਤਾਂ ਕਰਮੋਂ ਦਾ ਵੀ ਪਤੀ ਨਾਲ ਲੰਮੀਆਂ ਗੱਲਾਂ ਕਰਨ ਦਾ ਸੀ, ਪਰ ਖੇਤਾਂ ’ਚ ਰੁਕੇ ਹੋਏ ਕੰਮ ਦਾ ਖ਼ਿਆਲ ਕਰਕੇ ਉਹ ਪਤੀ ਨੂੰ ਵਾਪਸ ਭੇਜਣਾ ਚਾਹੁੰਦੀ ਸੀ।

‘‘ਮੈਂ ਕਿਹਾ ਜੀ, ਤੁਸੀਂ ਜਾਓ, ਤੋਚੀ ਵਿਚਾਰਾ ’ਕੱਲਾ ਖਪਦਾ ਹੋਣਾ, ਗਰਮੀ ਵੀ ਤੇ ਅੱਜ ਰਿਕਾਰਡ ਤੋੜੀ ਜਾਂਦੀ ਆ, ਜੀਰੀ ਦਾ ਛੱਟਾ ਦੇ ਕੇ ਉੱਪਰ ਰੇਹ ਝੱਟ ਪੱਟ ਖਿਲਾਰ ਕੇ ਪਾਣੀ ਲਾ ਦਿਓ, ਨਹੀਂ ਤਾਂ ਚਿੜੀਆਂ ਚੁਗਣ ਲਈ ਤਿਆਰ ਬੈਠੀਆਂ ਹੁੰਦੀਆਂ ਨੇ।’’ ਖੇਤੀ ਵਾਲੇ ਮਾਪਿਆਂ ਦੇ ਘਰ ਜੰਮੀ ਪਲੀ ਹੋਣ ਕਰਕੇ ਕਰਮੋਂ ਨੂੰ ਯਾਦ ਸੀ ਕਿਹੜਾ ਕੰਮ ਕਿੰਜ ਠੀਕ ਬੈਠਦਾ।

ਨਰਸ ਦੀਆਂ ਹਦਾਇਤਾਂ ਜਗੀਰ ਨੇ ਪੱਲੇ ਬੰਨ੍ਹ ਲਈਆਂ ਸਨ। ਉਹ ਕਰਮੋਂ ਨੂੰ ਭਾਰੇ ਕੰਮਾਂ ਤੋਂ ਵਰਜ ਦਿੰਦਾ। ਉਸ ਦੇ ਖਾਣ ਪੀਣ ਦਾ ਖ਼ਿਆਲ ਰੱਖਦਾ। ਲੰਘਦੇ ਸਮੇਂ ਨਾਲ ਉਹ ਕਰਮੋਂ ਨੂੰ ਨਰਸ ਕੋਲ ਜ਼ਰੂਰ ਲੈ ਕੇ ਜਾਂਦਾ। ਉਸ ਦੇ ਝੋਨੇ ਦੀ ਫ਼ਸਲ ਨੇ ਉਸ ਸਾਲ ਰਿਕਾਰਡ ਤੋੜ ਦਿੱਤੇ। ਦੋਵੇਂ ਜੀਅ ਚੰਗੀ ਫ਼ਸਲ ਹੋਣ ਨੂੰ ਆਉਣ ਵਾਲੇ ਜੀਅ ਦੇ ਕਰਮਾਂ ਨਾਲ ਜੋੜ ਕੇ ਵੇਖਦੇ। ਕਣਕ ਦੀ ਬਿਜਾਈ ਮੌਕੇ ਮੌਸਮ ਕਾਫ਼ੀ ਚੰਗਾ ਰਿਹਾ ਸੀ ਤੇ ਬਿਜਾਈ ਤੋਂ ਜਲਦੀ ਵਿਹਲਾ ਹੋਣ ਕਰਕੇ ਜਗੀਰ ਸਿੰਘ ਨੂੰ ਕਰਮੋਂ ਦਾ ਖ਼ਿਆਲ ਰੱਖਣ ਦਾ ਸਮਾਂ ਮਿਲ ਜਾਂਦਾ ਰਿਹਾ। ਕਣਕ ਦੇ ਖੇਤ ਲਹਿ-ਲਹਾਉਣ ਲੱਗ ਪਏ ਸਨ। ਉਸ ਦੇ ਖੇਤਾਂ ਦੇ ਨਾਲੋਂ ਜਾਂਦੇ ਪਹੇ ਤੋਂ ਲੰਘਦੇ ਲੋਕਾਂ ਦੀ ਨਜ਼ਰ ਆਪਣੇ ਆਪ ਉਸਦੀ ਫ਼ਸਲ ਉੱਤੇ ਜਾ ਟਿਕਦੀ।

ਉਨ੍ਹਾਂ ਦੇ ਪਿੰਡ ਆਉਂਦੀ ਟਿਊਬਵੈਲਾਂ ਦੀ ਬਿਜਲੀ ਵਾਲੀ ਲਾਈਨ ਦੀ ਵਾਰੀ ਰਾਤ ਨੂੰ ਹੁੰਦੀ ਸੀ। ਅੱਧੀ ਰਾਤ ਤੋਂ ਪਹਿਲਾਂ ਦਾ ਗਿਆ ਜਗੀਰ ਸਿੰਘ ਸਾਰੀ ਰਾਤ ਤਿੰਨ ਕਿੱਲਿਆਂ ਦੇ ਕਿਆਰੇ ਮੋੜਦਾ ਰਿਹਾ। ਸੂਰਜ ਦੀ ਟਿੱਕੀ ਨਿਕਲਣ ਵਾਲੀ ਸੀ, ਜਦ ਬਿਜਲੀ ਬੰਦ ਹੋ ਗਈ ਤੇ ਉਸਨੇ ਘਰ ਵੱਲ ਨੂੰ ਚਾਲੇ ਪਾ ਦਿੱਤੇ। ਏਧਰ ਕਰਮੋਂ ਨੂੰ ਹੱਥਾਂ ਪੈਰਾਂ ਦੀ ਹਰਕਤ ਜਵਾਬ ਦਿੰਦੀ ਮਹਿਸੂਸ ਹੋ ਰਹੀ ਸੀ। ਉਸਨੂੰ ਵਾਰ ਵਾਰ ਪਤੀ ਦੇ ਕੋਲ ਹੋਣ ਦੀ ਲੋੜ ਮਹਿਸੂਸ ਹੋ ਰਹੀ ਸੀ। ਮਿੰਟ ਮਿੰਟ ਉਸ ਲਈ ਭਾਰੂ ਹੋ ਰਿਹਾ ਸੀ। ਉਸਦੇ ਕੰਨ ਬਾਹਰਲਾ ਬਾਰ ਖੁੱਲ੍ਹਣ ਦੇ ਖੜਕੇ ਵੱਲ ਲੱਗੇ ਹੋਏ ਸਨ। ਜਿਵੇਂ ਜਿਵੇਂ ਬਾਹਰ ਚਾਨਣ ਦਾ ਪਸਾਰਾ ਹੋ ਰਿਹਾ ਸੀ, ਉਸਨੂੰ ਖਿਝ ਆ ਰਹੀ ਸੀ ਕਿ ‘ਉਹ’ ਖੇਤਾਂ ’ਚੋਂ ਅਜੇ ਤੱਕ ਮੁੜੇ ਕਿਉਂ ਨਹੀਂ। ਕੋਈ ਦਰਦ ਤਾਂ ਨਹੀਂ ਸੀ, ਪਰ ਪੇਟ ਵਿੱਚ ਹੁੰਦੀ ਹਿੱਲ ਜੁੱਲ ਮਹਿਸੂਸ ਕਰਕੇ ਉਸਨੂੰ ਲੱਗਣ ਲੱਗਦਾ ਜਿਵੇਂ ਉਸਦੀ ਜਾਨ ਨਿਕਲਣੀ ਹੋਵੇ।

ਬਾਹਰਲਾ ਬਾਰ ਖੁੱਲ੍ਹਣ ਦਾ ਖੜਕਾ ਸੁਣਦਿਆਂ ਕਰਮੋਂ ਨੂੰ ਹੌਸਲਾ ਹੋ ਗਿਆ। ਜਗੀਰ ਨੇ ਵੇਖਿਆ ਰਸੋਈ ’ਚ ਚੁੱਲ੍ਹਾ ਨਹੀਂ ਸੀ ਬਲਿਆ ਹੋਇਆ। ਕਰਮੋਂ ਨੂੰ ਆਵਾਜ਼ ਦੇ ਕੇ ਉਹ ਅੰਦਰਲੇ ਕਮਰੇ ਨੂੰ ਹੋ ਤੁਰਿਆ। ਲੇਟੀ ਹੋਈ ਤੇ ਵਾਰ ਵਾਰ ਪਾਸੇ ਬਦਲ ਰਹੀ ਕਰਮੋਂ ਵੱਲ ਵੇਖ ਕੇ ਉਸਨੇ ਸਮਝ ਲਿਆ ਕਿ ਨਵੇਂ ਜੀਅ ਵੱਲੋਂ ਦੁਨੀਆ ਨੂੰ ਮੂੰਹ ਵਿਖਾਉਣ ਦਾ ਮੌਕਾ ਆ ਗਿਆ ਹੈ। ਉਸਨੇ ਗੁੱਟ ’ਤੇ ਬੰਨ੍ਹੀ ਘੜੀ ਦੇਖੀ, ਫਿਰ ਯਾਦ ਆਇਆ, ਐਤਵਾਰ ਤਾਂ ਨਰਸ ਬੀਬੀ ਛੁੱਟੀ ਕਰਦੀ ਹੁੰਦੀ ਆ। ਉਸਦੇ ਚਿੱਤ ’ਚ ਪਹਿਲਾਂ ਤਾਈ ਬੰਤੀ ਤੇ ਫਿਰ ਟੋਭੇ ਵਾਲੇ ਪਾਸੇ ਰਹਿੰਦੀ ਦਾਈ ਅਮਰੋ ਦਾ ਕੋਠੜੀ ਵਾਲਾ ਘਰ ਉੱਭਰ ਆਇਆ। ਕਰਮੋਂ ਦੇ ਸਿਰ ’ਤੇ ਹੱਥ ਫੇਰਦਿਆਂ ਹੌਸਲਾ ਦਿੰਦਿਆਂ ਬੋਲਿਆ, ‘‘ਤੂੰ ਫ਼ਿਕਰ ਨਾ ਕਰ, ਹੁਣੇ ਅਮਰੋ ਮਾਸੀ ਨੂੰ ਸੱਦ ਕੇ ਲਿਆਉਂਦਾ।’’

ਅਮਰੋ ਨੇ ਚਾਹ ਪੀਕੇ ਗਲਾਸ ਅਜੇ ਰੱਖਿਆ ਈ ਸੀ ਕਿ ਜਗੀਰ ਸਿੰਘ ਦੀ ਹਾਕ ਸੁਣੀ, “ਮਾਸੀ ਘਰੇ ਈ ਐਂ?” ‘‘ਹਾਂ ਭਾਈ ਆਜੋ।’’ ਅਮਰੋ ਨੇ ਮੱਥੇ ’ਤੇ ਹੱਥ ਰੱਖ ਕੇ ਪਛਾਣਨ ਦਾ ਯਤਨ ਕੀਤਾ।

‘‘ਮਾਸੀ ਮੈਂ ਚੜ੍ਹਦੀ ਪੱਤੀ ਵਾਲਾ ਜਗੀਰ ਸਿਉਂ’’ ਤੇ ਕਰਮੋਂ ਦੀ ਹਾਲਤ ਦੱਸ ਕੇ ਅਮਰੋ ਨੂੰ ਤੁਰੰਤ ਨਾਲ ਚੱਲਣ ਲਈ ਕਿਹਾ। ਮਾਸੀ ਨੂੰ ਇਹੋ ਜਿਹੀਆਂ ਕਾਹਲੀਆਂ ਦਾ ਤੀਹ ਪੈਂਤੀ ਸਾਲਾਂ ਤੋਂ ਤਜਰਬਾ ਸੀ। ਉਸਨੇ ਬੈਗ ਨੁਮਾ ਝੋਲਾ ਫੜਿਆ ਤੇ ਜਗੀਰ ਸਿੰਘ ਦੇ ਪਿੱਛੇ ਪਿੱਛੇ ਹੋ ਤੁਰੀ। ਉਹ ਮਾਸੀ ਨੂੰ ਸਿੱਧਾ ਕਰਮੋਂ ਵਾਲੇ ਕਮਰੇ ’ਚ ਲੈ ਗਿਆ। ਮਾਸੀ ਆਈ ਨੂੰ ਮਸੀਂ ਅੱਧਾ ਕੁ ਘੰਟਾ ਹੋਇਆ ਸੀ, ਤਾਈ ਬੰਤੀ ਭੱਜੀ ਭੱਜੀ ਬਾਹਰ ਆਈ ਤੇ ਜਗੀਰ ਸਿੰਘ ਦਾ ਸਿਰ ਪਲੋਸ ਕੇ ਕਾਕੇ ਦਾ ਪਿਓ ਬਣਨ ਦੀ ਵਧਾਈ ਦਿੱਤੀ। ਜਗੀਰ ਨੇ ਜੇਬ ’ਚ ਹੱਥ ਮਾਰ ਕੇ ਸੌ ਦਾ ਨੋਟ ਤਾਈ ਦੀ ਤਲੀ ’ਤੇ ਧਰਿਆ।

ਜਣੇਪਾ ਠੀਕ ਠਾਕ ਹੋ ਗਿਆ ਸੀ। ਦਾਈ ਅਮਰੋ ਜੱਚਾ ਨੂੰ ਸਾਰਾ ਕੁਝ ਸਮਝਾ ਕੇ ਆਪਣਾ ਝੋਲਾ ਸਾਂਭਦੀ ਹੋਈ, ਕੱਲ੍ਹ ਨੂੰ ਆਉਣ ਬਾਰੇ ਕਹਿ ਕੇ ਆਪਣੇ ਘਰ ਨੂੰ ਤੁਰ ਪਈ। ਜਗੀਰ ਸਿੰਘ ਨੇ ਪੰਜ ਪੰਜ ਸੌ ਦੇ ਦੋ ਨੋਟ ਉਸਦੇ ਹੱਥ ’ਤੇ ਧਰੇ ਤੇ ਧੰਨਵਾਦ ਵਜੋਂ ਹੱਥ ਜੋੜੇ। ਕਿਸੇ ਨੂੰ ਸਾਈਕਲ ’ਤੇ ਭੇਜ ਕੇ ਉਸਨੇ ਆਪਣੀ ਵੱਡੀ ਭੈਣ ਨੂੰ ਦਸ-ਵੀਹ ਦਿਨਾਂ ਵਾਸਤੇ ਆਉਣ ਦੀ ਤਾਕੀਦ ਕਰਨ ਭੇਜ ਦਿੱਤਾ। ਦੁਪਹਿਰ ਭਖਣ ਵਾਲੀ ਸੀ, ਜਦ ਪਾਲ ਕੌਰ ਪਹੁੰਚ ਗਈ। ਛੋਟੇ ਭਰਾ ਦੇ ਘਰ ਦੀ ਵੇਲ ਅੱਗੇ ਤੁਰਨ ਤੋਂ ਉਸਦੇ ਪੈਰ ਭੁੰਜੇ ਨਹੀਂ ਸੀ ਲੱਗ ਰਹੇ। ਆਉਂਦੇ ਸਾਰ ਉਸਨੇ ਘਰ ਦਾ ਸਾਰਾ ਕੰਮ ਤੇ ਕਰਮੋਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਚੁੱਕ ਲਈ। ਕਾਕੇ ਦਾ ਨਾਂ ਉਨ੍ਹਾਂ ਗੁਰਦੁਆਰੇ ਜਾ ਕੇ ਬਾਬਾ ਜੀ ਤੋਂ ਕਢਵਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੱਬੇ ਪਾਸੇ ਦੇ ਅੰਗ ਦਾ ਪਹਿਲਾ ਅੱਖਰ ਕਿਰਪਾ ਤੋਂ ਕਾਕੇ ਦਾ ਨਾਂ ਕਿਰਪਾਲ ਸਿੰਘ ਰੱਖਿਆ ਗਿਆ। ਅਜੇ ਸੱਤ-ਅੱਠ ਮਹੀਨੇ ਦਾ ਹੋਊ, ਕਿਰਪਾਲ ਲੱਕੜੀ ਦੇ ਰੇਹੜੇ ਦਾ ਡੰਡਾ ਫੜ ਕੇ ਪੈਰ ਪੁੱਟਣ ਲੱਗ ਪਿਆ। ਉਸਨੂੰ ਖੇਡਦਿਆਂ ਵੇਖ ਕਰਮੋਂ ਦੇ ਅੰਦਰਲਾ ਚਾਅ ਉਮੜ ਉਮੜ ਪੈਂਦਾ।

ਕਿਰਪਾਲ ਨੂੰ ਸਕੂਲ ਭੇਜਣ ਦੀਆਂ ਵਿਚਾਰਾਂ ਹੋਣ ਈ ਲੱਗੀਆਂ ਸਨ, ਜਦ ਕਰਮੋਂ ਨੂੰ ਫਿਰ ਉਂਜ ਦਾ ਮਹਿਸੂਸ ਹੋਇਆ ਜਿਵੇਂ ਕਿਰਪਾਲ ਦੇ ਜਨਮ ਤੋਂ 7-8 ਮਹੀਨੇ ਪਹਿਲਾਂ ਹੋਇਆ ਸੀ। ਉਹ ਸਮਝ ਗਈ ਕਿ ਕਿਰਪਾਲ ਦੇ ਪਿੱਛੇ ਉਸਦੀ ਭੈਣ ਜਾਂ ਭਰਾ ਆਉਣ ਵਾਲਾ ਹੈ। ਇਸ ਵਾਰੀ ਉਨ੍ਹਾਂ ਨੂੰ ਬਹੁਤੇ ਭੰਬਲਭੂਸੇ ਅਤੇ ਅਣਜਾਣਤਾ ’ਚੋਂ ਨਹੀਂ ਸੀ ਲੰਘਣਾ ਪਿਆ। ਜਨਮ ਹੋਇਆ ਤਾਂ ਭੂਆ ਨੇ ਮੂੰਹ ਚੁੰਮਦੇ ਹੋਏ ਹਰਪਾਲ ਕਹਿ ਕੇ ਪਿਆਰ ਕੀਤਾ। ਹਰਪਾਲ ਦੇ ਆਉਣ ਦੀ ਖੁਸ਼ੀ ਵਿੱਚ ਕਿਰਪਾਲ ਦੀ ਰੁਚੀ ਖਿਡੌਣਿਆਂ ਵੱਲੋਂ ਟੁੱਟ ਗਈ। ਨਿੱਕੇ ਭਰਾ ਨੂੰ ਗੋਦੀ ’ਚ ਬੈਠਾਉਣਾ ਤੇ ਉਸ ਨਾਲ ਗੱਲਾਂ ਕਰਨੀਆਂ ਉਸਨੂੰ ਚੰਗੀਆਂ ਲੱਗਦੀਆਂ। ਦਿਨਾਂ ਤੇ ਮਹੀਨਿਆਂ ਦੇ ਹਰਪਾਲ ਨੂੰ ਅਜੇ ਸੋਝੀ ਨਹੀਂ ਸੀ ਕਿ ਵੱਡਾ ਭਰਾ ਕੀ ਬੋਲ ਰਿਹਾ? ਪਰ ਉਹ ਮੁਸਕਰਾਉਂਦਾ ਜ਼ਰੂਰ ਤੇ ਕਿਰਪਾਲ ਖੁਸ਼ ਹੋ ਜਾਂਦਾ, ਜਿਵੇਂ ਛੋਟਾ ਉਸਦੀ ਗੱਲ ਸਮਝ ਕੇ ਜਵਾਬ ਦੇ ਰਿਹਾ ਹੋਵੇ। ਅਗਲੇ ਸਾਲ ਕਿਰਪਾਲ ਸਕੂਲ ਜਾਣ ਲੱਗਾ, ਪਰ ਉਸਦਾ ਉੱਥੇ ਜੀਅ ਨਾ ਲੱਗਦਾ। ਛੋਟੇ ਭਰਾ ਦੀ ਯਾਦ ਉਸਨੂੰ ਸਾਰਾ ਦਿਨ ਸਤਾਉਂਦੀ। ਘਰ ਪਰਤਦਾ ਤਾਂ ਪਹਿਲਾਂ ਹਰਪਾਲ ਨੂੰ ਬਾਹਾਂ ਵਿੱਚ ਭਰਦਾ।

ਕਿਰਪਾਲ ਤੀਜੀ ਜਮਾਤੇ ਚੜ੍ਹਿਆ ਤਾਂ ਹਰਪਾਲ ਵੀ ਉਸਦੇ ਨਾਲ ਉਸੇ ਸਕੂਲ ਜਾਣ ਲੱਗ ਪਿਆ। ਸਕੂਲ ਦੀ ਵਰਦੀ ’ਚ ਸਜੇ ਹੋਏ ਪੁੱਤਰਾਂ ਨੂੰ ਜਾਂਦੇ ਵੇਖ ਕਰਮੋਂ ਦੇ ਹੱਥ ਰੱਬ ਦੇ ਸ਼ੁਕਰਾਨੇ ’ਚ ਜੁੜ ਜਾਂਦੇ। ਬੇਗਾਨੀ ਨਜ਼ਰ ਦਾ ਖ਼ਿਆਲ ਆਇਆ ਤਾਂ ਇੱਕ ਦਿਨ ਉਸਨੇ ਦੋਹਾਂ ਦੇ ਮੱਥਿਆਂ ’ਤੇ ਛੋਟੇ ਛੋਟੇ ਕਾਲੇ ਟਿੱਕੇ ਲਾ ਦਿੱਤੇ।

ਮਾਪਿਆਂ ਨੇ ਦੋਹਾਂ ਨੂੰ ਗੁਰਬਾਣੀ ਦੇ ਕੁਝ ਸ਼ਬਦ ਕੰਠ ਕਰਾਏ ਤੇ ਹਰੇਕ ਪ੍ਰਾਪਤੀ ਮੌਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਸਿਖਾਇਆ। ਦੋਵੇਂ ਭਰਾ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸਨ। ਘਰ ਆ ਕੇ ਛੋਟਾ ਕਿਸੇ ਸ਼ਬਦ ’ਤੇ ਅੜ ਜਾਂਦਾ ਤਾਂ ਵੱਡੇ ਤੋਂ ਸਮਝ ਲੈਂਦਾ। ਦੋਵੇਂ ਰਾਤ ਨੂੰ ਇੱਕੋਂ ਥਾਲੀ ’ਚ ਰੋਟੀ ਪਵਾ ਕੇ ਖਾਂਦੇ। ਔਲਾਦ ਦਾ ਆਪਸ ਵਿੱਚ ਏਨਾ ਮੋਹ ਹੋਏ ਤਾਂ ਮਾਪਿਆਂ ਲਈ ਫ਼ਖਰ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਪਤੀ-ਪਤਨੀ ਦੋਵਾਂ ਨੂੰ ਗੁਰਦੁਆਰੇ ਨਾਲ ਲਿਜਾਂਦੇ। ਭਾਈ ਸਾਹਿਬ ਨਾਲ ਮਿਲਵਾ ਕੇ ਉਸਤੋਂ ਕੋਈ ਨਵੀਂ ਸਿੱਖਿਆ ਗ੍ਰਹਿਣ ਕਰਾਉਂਦੇ। ਗੁਰਦੁਆਰੇ ਦੀਆਂ ਅੰਦਰਲੀਆਂ ਦੀਵਾਰਾਂ ਉੱਤੇ ਗੁਰਬਾਣੀ ਦੀਆਂ ਤੁਕਾਂ ਉੱਕਰੀਆਂ ਹੋਈਆਂ ਸਨ। ਜਿਨ੍ਹਾਂ ’ਚੋਂ ਇੱਕ ਸੀ;

ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ, ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ।। ਕਿਰਪਾਲ ਪੰਜਾਬੀ ਚੰਗੀ ਤਰ੍ਹਾਂ ਪੜ੍ਹਨ ਲਿਖਣ ਲੱਗ ਪਿਆ ਸੀ। ਇੱਕ ਦਿਨ ਭਾਈ ਸਾਹਿਬ ਨੂੰ ਉਸਨੇ ਇਸ ਤੁਕ ਰਾਹੀਂ ਗੁਰੂ ਜੀ ਨੇ ਕੀ ਸਿਖਾਉਣ ਦਾ ਯਤਨ ਕੀਤਾ ਹੈ ? ਬਾਰੇ ਸਵਾਲ ਕੀਤਾ;

ਬੱਚੇ ਦੀ ਦਿਲਚਸਪੀ ਵੇਖ ਕੇ ਭਾਈ ਜੀ ਤਾਬਿਆ ਜਾ ਬੈਠੇ, ਕਿਰਪਾਲ ਨੂੰ ਆਪਣੀ ਗੋਦੀ ਵਿੱਚ ਬੈਠਾ ਲਿਆ ਤੇ ਪ੍ਰਕਾਸ਼ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਲਟਣ ਲੱਗੇ। ਅੰਗ 441 ’ਤੇ ਜਾ ਕੇ ਭਾਈ ਸਾਹਿਬ ਅਟਕ ਗਏ, ਖੱਬੇ ਪਾਸੇ ਕੁਝ ਸਤਰਾਂ ਤੋਂ ਬਾਅਦ ਰਾਗ ਆਸਾ ਵਿੱਚ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਿਆ ਸਲੋਕ ਸੀ, ਉਸਦੇ ਉੱਤੇ ਨਜ਼ਰ ਪੈਂਦੇ ਹੀ ਕਿਰਪਾਲ ਬੋਲ ਪਿਆ;

‘‘ਬਾਬਾ ਜੀ, ਆਹ ਵੇਖੋ, ਗੁਰੂ ਸਾਹਿਬ ਨੇ ਉਹੀ ਲਿਖਿਆ ਹੋਇਆ, ਜੋ ਕੰਧ ’ਤੇ ਉੱਕਰਿਆ ਹੋਇਆ।’’ ਤੇ ਭਾਈ ਜੀ ਕਿਰਪਾਲ ਨੂੰ ਉਸ ਤੁਕ ਦੇ ਅਰਥ ਸਮਝਾਉਣ ਲੱਗੇ।

“ਗੁਰੂ ਜੀ ਨੇ ਸਾਨੂੰ ਦੱਸਿਆ ਹੋਇਆ ਕਿ ਮਨੁੱਖਾ ਤੂੰ ਪ੍ਰਮੇਸ਼ਰ ਦੀ ਜੋਤਿ ਤੋਂ ਉਤਪੰਨ ਹੋਇਆ ਹੈਂ, ਤੂੰ ਆਪਣੇ ਆਪ ਵਿੱਚ ਰੱਬੀ ਰੋਸ਼ਨੀ ਵਾਲਾ ਸਰੂਪ ਹੈਂ। ਇਸ ਵਾਸਤੇ ਤੂੰ ਆਪਣੇ ਮੂਲ ਨੂੰ, ਜਿਸ ’ਚੋਂ ਪ੍ਰਭੂ ਨੇ ਤੈਨੂੰ ਮਨੁੱਖੀ ਹੋਂਦ ਵਿੱਚ ਲਿਆਂਦਾ, ਉਸ ਨੂੰ ਪਛਾਣ।” ਭਾਈ ਜੀ ਦਾ ਇੱਕ ਇੱਕ ਸ਼ਬਦ ਬੱਚੇ ਦੇ ਮਨ ਉੱਤੇ ਉੱਕਰ ਰਿਹਾ ਸੀ।

‘‘ਬਾਬਾ ਜੀ ਮੇਰਾ ਤੇ ਹਰਪਾਲ ਦਾ ਮੂਲ ਕੀ ਆ?’’ ਬੱਚੇ ਦਾ ਸਵਾਲ ਵਾਜਬ ਸੀ।

‘‘ਬੇਟਾ ਤੁਹਾਡਾ ਦੋਵਾਂ ਦਾ ਪਹਿਲਾ ਮੂਲ ਤਾਂ ਵਾਹਿਗੁਰੂ ਹੀ ਹੈ, ਪਰ ਦੁਨਿਆਵੀ ਰੂਪ ਵਿੱਚ ਸਾਡਾ ਮੂਲ ਮਾਪੇ ਹੁੰਦੇ ਨੇ। ਵਾਹਿਗੁਰੂ ਨੇ ਤਾਂ ਤੁਹਾਡੀ ਰੂਹ ਧਰਤੀ ’ਤੇ ਭੇਜ ਦਿੱਤੀ, ਪਰ ਉਸ ਰੂਹ ਨੂੰ ਮਨੁੱਖੀ ਰੂਪ ਦੇਣ ਲਈ ਮਾਪਿਆਂ ਦੀ ਲੋੜ ਹੁੰਦੀ ਐ ਤੇ ਵੇਖੋ ਗੁਰੂ ਜੀ ਨੇ ਤੁਹਾਨੂੰ ਦੋਹਾਂ ਭਰਾਵਾਂ ਨੂੰ ਕਿੰਨੇ ਚੰਗੇ ਮਾਪਿਆਂ ਦੇ ਘਰ ਭੇਜਿਆ, ਹੁਣ ਇਹ ਹੀ ਤੁਹਾਡਾ ਮੂਲ ਹਨ।’’ ਭਾਈ ਸਾਹਿਬ ਦੀ ਡੂੰਘੀ ਗੱਲ ਬੇਸ਼ੱਕ ਬੱਚੇ ਦੀ ਸਮਝ ਤੋਂ ਬਾਹਰ ਸੀ, ਪਰ ਉਸਦਾ ਕੁਝ ਅੰਸ਼ ਕਿਰਪਾਲ ਦੇ ਮਨ ’ਤੇ ਉੱਕਰਿਆ ਗਿਆ।

ਥੋੜ੍ਹੇ ਸਾਲਾਂ ’ਚ ਕਿਰਪਾਲ ਅਤੇ ਹਰਪਾਲ ਦੇ ਮਨਾਂ ’ਤੇ ਗੁਰਬਾਣੀ ਦਾ ਪ੍ਰਭਾਵ ਪ੍ਰਤੱਖ ਦਿਖਾਈ ਦੇਣ ਲੱਗਾ। ਸੱਚ ਦਾ ਪੱਲਾ ਫੜਨਾ, ਕਿਸੇ ਨਾਲ ਹੇਰਾਫੇਰੀ, ਬੇਈਮਾਨੀ ਨਹੀਂ ਕਰਨੀ। ਕਿਸੇ ਦਾ ਮਨ ਨਹੀਂ ਦੁਖਾਉਣਾ ਤੇ ਨਾ ਕਿਸੇ ਦਾ ਹੱਕ ਮਾਰਨਾ। ਮਾਪਿਆਂ ਦੇ ਸਾਰੇ ਗੁਣ ਉਨ੍ਹਾਂ ਦੇ ਅੰਦਰ ਘਰ ਕਰ ਗਏ ਸਨ। ਦੋਹਾਂ ਨੇ ਮੈਟ੍ਰਿਕ ਕਰਕੇ ਕਾਲਜ ਵਿੱਚ ਆਪਣੇ ਆਪਣੇ ਮਨਪਸੰਦ ਵਿਸ਼ੇ ਲੈ ਕੇ ਪੜ੍ਹਾਈ ਸ਼ੁਰੂ ਕੀਤੀ।

ਉਸ ਸਾਲ ਕਿਰਪਾਲ ਨੇ ਡਿਗਰੀ ਦਾ ਇਮਤਿਹਾਨ ਅਜੇ ਦੇਣਾ ਸੀ। ਉਸਦਾ ਵੀਹਵਾਂ ਜਨਮ ਦਿਨ ਕੁਝ ਦਿਨ ਪਹਿਲਾਂ ਹੀ ਮਨਾਇਆ ਗਿਆ ਸੀ। ਕਿਸੇ ਜ਼ਰੂਰੀ ਕੰਮ ਜਗੀਰ ਸਿੰਘ ਨੇ ਸ਼ਹਿਰ ਜਾਣਾ ਸੀ। ਮੋਟਰ ਸਾਈਕਲ ਬੱਚੇ ਕਾਲਜ ਲੈ ਗਏ ਸਨ, ਜਿਸ ਕਰਕੇ ਉਸਨੂੰ ਬੱਸ ’ਤੇ ਜਾਣਾ ਪਿਆ। ਬੱਸ ਆਈ ਤਾਂ ਪਹਿਲਾਂ ਹੀ ਓਵਰਲੋਡ ਸੀ। ਉਹ ਮੂਹਰਲੀ ਖਿੜਕੀ ਦੇ ਅੰਦਰਵਾਰ ਖੜ੍ਹ ਗਿਆ ਤੇ ਛੱਤ ਵਾਲੀ ਪਾਈਪ ਨੂੰ ਹੱਥ ਪਾ ਲਿਆ।

ਬੱਸ ਉਸਦੇ ਪਿੰਡੋਂ ਅਜੇ ਥੋੜ੍ਹੀ ਦੂਰ ਗਈ ਸੀ ਜਦ ਕਿਸੇ ਸਾਈਕਲ ਵਾਲੇ ਨੂੰ ਬਚਾਉਂਦਿਆਂ ਡਰਾਈਵਰ ਦੇ ਕੰਟੋਰਲ ਤੋਂ ਬਾਹਰੀ ਹੋ ਕੇ ਖੱਬੇ ਪਾਸੇ ਨੂੰ ਖਤਾਨਾਂ ਵਿੱਚ ਪਲਟ ਗਈ। ਚੀਕ ਚਿਹਾੜਾ ਪੈ ਗਿਆ। ਕਿੰਨੀਆਂ ਹੀ ਸਵਾਰੀਆਂ ਜਗੀਰ ਸਿੰਘ ਦੇ ਉੱਪਰ ਆਣ ਡਿੱਗੀਆਂ। ਸਵਾਰੀਆਂ ਦੇ ਭਾਰ ਹੇਠ ਦੱਬੇ ਜਾਣ ਕਰਕੇ ਉਸ ਦੀਆਂ ਹੱਡੀਆਂ ਪੱਸਲੀਆਂ ਟੁੱਟ ਗਈਆਂ ਤੇ ਖੂਨ ਅੰਦਰੇ ਅੰਦਰ ਡੁੱਲ੍ਹਦਾ ਰਿਹਾ। ਸ਼ੀਸ਼ੇ ਤੋੜ ਕੇ ਜਦ ਉਸਦੇ ਉੱਪਰ ਡਿੱਗੀਆਂ ਸਵਾਰੀਆਂ ਬਾਹਰ ਨਿਕਲੀਆਂ ਤਾਂ ਉਹ ਬੇਹੋਸ਼ ਸੀ। ਪੁਲੀਸ ਦੀ ਗੱਡੀ ਉੱਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਦੋ ਹਫ਼ਤੇ ਉਸਦੀ ਜ਼ਿੰਦਗੀ ਤੇ ਮੌਤ ਵਿਚਕਾਰ ਯੁੱਧ ਹੁੰਦਾ ਰਿਹਾ, ਪਰ ਦੁਨਿਆਵੀ ਘੋਲ ਜਿੱਤਣ ਵਾਲਾ ਜਗੀਰ ਸਿੰਘ ਮੌਤ ਹੱਥੋਂ ਹਾਰ ਗਿਆ। ਕਰਮੋਂ ਦਾ ਸੰਸਾਰ ਉੱਜੜ ਗਿਆ। ਉਸ ਦਿਨ ਪਿੰਡ ਵਿੱਚ ਕਿਸੇ ਦਾ ਚੁੱਲ੍ਹਾ ਸ਼ਾਇਦ ਹੀ ਤਪਿਆ ਹੋਏ।

ਜਗੀਰ ਸਿੰਘ ਦੀਆਂ ਆਖਰੀ ਰਸਮਾਂ ਤੋਂ ਬਾਅਦ ਬੱਚਿਆਂ ਦਾ ਧਿਆਨ ਕੰਮਾਂ ਅਤੇ ਪੜ੍ਹਾਈ ਵੱਲ ਪਰਤਣ ਲੱਗਾ। ਖੇਤੀ ਦੇ ਕੰਮਾਂ ਤੋਂ ਕਰਮੋਂ ਜਾਣਕਾਰ ਸੀ। ਬੱਚਿਆਂ ਦੇ ਸਾਲਾਨਾ ਪੇਪਰਾਂ ਦੇ ਦਿਨ ਹੋਣ ਕਰਕੇ ਉਹ ਉਨ੍ਹਾਂ ਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਤਾਕੀਦ ਕਰਦੀ ਤੇ ਖੇਤੀ ਦੇ ਕੰਮ ਕਾਮਿਆਂ ਨੂੰ ਦੱਸ ਕੇ ਕਰਵਾ ਲੈਂਦੀ। ਉਸਨੇ ਦਿਹਾੜੀਆਂ ਲਾਉਂਦੇ ਜੀਤੇ ਨੂੰ ਪੱਕਾ ਸੀਰੀ ਰਲਾ ਲਿਆ। ਮਹੀਨੇ ਲੰਘੇ, ਕਿਰਪਾਲ ਨੇ ਡਿਗਰੀ ਕਰਕੇ ਕੋਈ ਸਰਕਾਰੀ ਨੌਕਰੀ ਮਿਲਣ ਤੱਕ ਖੇਤੀ ਦਾ ਕੰਮ ਸੰਭਾਲ ਲਿਆ। ਮਾਂ-ਪੁੱਤ ਦਾ ਬਹੁਤਾ ਸਮਾਂ ਖੇਤਾ ’ਚ ਲੰਘਦਾ। ਵਿਹਲ ਦੇ ਦਿਨਾਂ ’ਚ ਉਹ ਕੀਤੇ ਜਾਣ ਵਾਲੇ ਘਰੇਲੂ ਤੇ ਰਿਸ਼ਤੇਦਾਰੀ ਦੇ ਕੰਮ ਨਿਬੇੜਦੇ। ਲਾਣੇਦਾਰ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਕਰਮੋਂ ਨੇ ਸੰਭਾਲ ਲਈਆਂ ਸਨ।

ਸਮੇਂ ਦੇ ਨਾਲ ਰੁਝੇਵੇਂ ਵਧਦੇ ਗਏ ਤੇ ਉਸਦੇ ਮਨ ਤੋਂ ਪਤੀ ਦੇ ਵਿਛੋੜੇ ਦਾ ਚੀਸ ਘਟਦੀ ਗਈ। ਜਦ ਕਦੇ ਉਸ ਤੋਂ ਮੌਕਾ ਸੰਭਾਲਣਾ ਔਖਾ ਹੋ ਜਾਂਦਾ ਤਾਂ ਉਹ ਟੁੱਟ ਜਾਂਦੀ। ਉਹੋ ਜਿਹੇ ਪੁਰਾਣੇ ਮੌਕਿਆਂ ਦੇ ਦ੍ਰਿਸ਼ ਉਸਦੀਆਂ ਅੱਖਾਂ ਮੂਹਰੇ ਆ ਜਾਂਦੇ, ਜੋ ਜਗੀਰ ਸਿੰਘ ਸਹਿਜੇ ਹੀ ਸੰਭਾਲ ਲੈਂਦਾ ਸੀ। ਪਤੀ ਨਾਲ ਬਿਤਾਏ ਸਾਲਾਂ ਦਾ ਇੱਕ ਇੱਕ ਦਿਨ ਉਸਦੇ ਚੇਤਿਆਂ ’ਚੋਂ ਉੱਭਰ ਆਉਂਦਾ। ਉਸਨੂੰ ਖ਼ੁਦ ਪਤਾ ਨਾ ਲੱਗਦਾ, ਕਦ ਉਸਦਾ ਧਿਆਨ ਆਪਣੇ ਕਰਤਾ ਨਾਲ ਜੁੜ ਜਾਂਦਾ ਤੇ ਚੌਪਈ ਸਾਹਿਬ ਦਾ ਜਾਪ ਕਰਦਿਆਂ ਸਾਰਾ ਕੁਝ ਵਾਹਿਗੁਰੂ ਉੱਤੇ ਸੁੱਟ ਕੇ ਆਪਣੇ ਆਪ ਨੂੰ ਸੁਰਖੁਰੂ ਕਰ ਲੈਂਦੀ।

ਛੋਟੇ ਦੀ ਪੜ੍ਹਾਈ ਪੂਰੀ ਹੋਈ ਤਾਂ ਉਨ੍ਹਾਂ ਦੇ ਸਿਰ ਅਮਰੀਕਾ ਜਾਣ ਦਾ ਭੂਤ ਸਵਾਰ ਹੋ ਗਿਆ। ਕਰਮੋਂ ਸੋਚਦੀ, ਇਨ੍ਹਾਂ ਦੇ ਡੈਡੀ ਦੇ ਇਲਾਜ ਨੇ ਤਾਂ ਪਹਿਲਾਂ ਈ ਕਰਜ਼ਾਈ ਕੀਤਾ ਹੋਇਆ, ਅਮਰੀਕਾ ਭੇਜਣ ਲਈ ਰੁਪਈਆਂ ਦੀਆਂ ਪੰਡਾਂ ਕਿੱਥੋਂ ਲਿਆਉਂਗੀ? ਉਸਨੂੰ ਆਪਣੇ ਬੁਢਾਪੇ ’ਚ ਸੰਭਾਲ ਦਾ ਖ਼ਿਆਲ ਵੀ ਆਉਂਦਾ, ਪਰ ਪੁੱਤਰਾਂ ਦੀ ਜ਼ਿੱਦ ਅੱਗੇ ਉਹ ਹਾਰ ਮੰਨ ਗਈ। ਦੋਵੇਂ ਏਜੰਟਾਂ ਤੋਂ ਕੁੱਲ ਖ਼ਰਚਾ ਪੁੱਛੀ ਬੈਠੇ ਸਨ। ਕੋਈ ਦੋਹਾਂ ਦਾ 50 ਲੱਖ ਮੰਗਦਾ ਤੇ ਕੋਈ ਹਵਾਈ ਜਹਾਜ਼ ’ਤੇ ਲਿਜਾਣ ਦਾ ਭਰੋਸੇ ਦੇ ਕੇ 55 ਲੱਖ ਤੋਂ ਹੇਠਾਂ ਨਾ ਆਉਂਦਾ। ਕਿਸਾਨਾਂ ਕੋਲ ਆਖਰੀ ਹਥਿਆਰ ਆਪਣੀ ਪੈਲੀ ਹੁੰਦੀ ਐ। ਉਨ੍ਹਾਂ ਕੋਲ 12 ਕਿੱਲੇ ਸੀ, ਜੋ ਜਗੀਰ ਸਿੰਘ ਦੀ ਮੌਤ ਤੋਂ ਬਾਅਦ ਕਰਮੋਂ ਦੇ ਨਾਂ ਚੜ੍ਹੀ ਹੋਈ ਸੀ। ਉਨ੍ਹਾਂ 8 ਕਿੱਲੇ ਗਹਿਣੇ ਕਰਕੇ ਪੈਸੇ ਪੂਰੇ ਕਰ ਲਏ। ਦੋਵੇਂ ਭਰਾ ਮਾਂ ਨੂੰ ਹੌਸਲਾ ਦਿੰਦੇ;

‘‘ਲੈ ਮੰਮੀ, ਅਸੀਂ ਤਾਂ ਸਾਲ ’ਚ ਹੀ ਏਨੇ ਪੈਸੇ ਕਮਾ ਕੇ ਭੇਜ ਦੇਣੇ ਜ਼ਮੀਨ ਛੁਡਾਉਣ ਲਈ। ਬਾਅਦ ’ਚ ਭਾਵੇਂ ਨਾਲ ਲੱਗਦਾ ਚਾਚੇ ਬਚਨੇ ਵਾਲਾ ਟੱਕ ਵੀ ਬੈਅ ਕਰਵਾ ਲਿਓ।’’ ਪੁੱਤਰਾਂ ਦਾ ਹੌਸਲਾ ਵੇਖ ਕਰਮੋਂ ਦਾ ਮਨ ਟਿਕਾਣੇ ਆ ਜਾਂਦਾ।

ਦੋਹਾਂ ਭਰਾਵਾਂ ਨੇ ਨੋਟਾਂ ਦਾ ਭਰਿਆ ਬੈਗ ਏਜੰਟ ਦੀ ਮੇਜ਼ ਉੱਤੇ ਜਾ ਰੱਖਿਆ। ਉਸਨੇ ਅਗਲੇ ਹਫ਼ਤੇ ਤਿਆਰ ਰਹਿਣ ਦਾ ਭਰੋਸਾ ਦਿੱਤਾ, ਪਰ ਅਗਲਾ ਹਫ਼ਤਾ ਆਉਂਦਿਆਂ ਚਾਰ ਮਹੀਨੇ ਲੰਘ ਗਏ। ਏਜੰਟ ਦਾ ਫੋਨ ਆਇਆ, ਲਓ ਪੁੱਤਰੋ ਅਮਰੀਕਾ ਦੀ ਤਿਆਰੀ ਖਿੱਚ ਕੇ ਪਰਸੋਂ ਰਾਤ ਨੂੰ ਅੱਠ ਵਜੇ ਦਿੱਲੀ ਏਅਰਪੋਰਟ ਦੇ ਬਾਹਰ ਮਿਲਿਓ।

ਦੋਵੇਂ ਭਰਾ ਆਪਣੇ ਅਟੈਚੀ ਲੈ ਕੇ 8 ਦੀ ਥਾਂ 6 ਵਜੇ ਦੱਸੀ ਥਾਂ ਪਹੁੰਚ ਗਏ। ਜਹਾਜ਼ ਚੜ੍ਹਨ ਦੀ ਉਡੀਕ ਉਨ੍ਹਾਂ ’ਤੇ ਭਾਰੂ ਪੈ ਰਹੀ ਸੀ। 9 ਵਜੇ ਉਨ੍ਹਾਂ ਵਰਗੇ ਤਿੰਨ ਹੋਰਾਂ ਨੂੰ ਲੈ ਕੇ ਏਜੰਟ ਆ ਪਹੁੰਚਿਆ।

‘‘ਵੇਖੋਂ ਮੁੰਡਿਓ, ਆਹ ਭਾਈ ਸਾਹਿਬ ਤੁਹਾਡੇ ਨਾਲ ਹੋਣਗੇ। ਇਸਦਾ ਕਹਿਣਾ ਮੰਨੀ ਜਾਣਾ, ਇਹ ਤੁਹਾਨੂੰ ਅਮਰੀਕਾ ਵਾੜ ਕੇ ਵਾਪਸ ਮੁੜੂਗਾ।’’

ਦਿੱਲੀਓਂ ਉੱਡਿਆ ਜਹਾਜ਼ ਸਾਢੇ 9 ਘੰਟਿਆਂ ਬਾਅਦ ਉਤਾਰਾ ਕਰਨ ਲੱਗਾ। ਜਹਾਜ਼ ’ਚੋਂ ਉਤਰ ਕੇ ਉਹ ਕਾਲੇ ਵਿਅਕਤੀ ਦੇ ਪਿੱਛੇ ਪਿੱਛੇ ਇਮੀਗ੍ਰੇਸ਼ਨ ਖਿੜਕੀ ਮੂਹਰੇ ਜਾ ਖੜੋਤੇ। ਕਾਲੇ ਨੇ ਅੰਦਰ ਬੈਠੇ ਅਫ਼ਸਰ ਨੂੰ ਮੁੰਡਿਆਂ ਬਾਰੇ ਕੁਝ ਸਮਝਾਇਆ ਤਾਂ ਉਸਨੇ ਪਾਸਪੋਰਟਾਂ ਉੱਤੇ ਮੋਹਰਾਂ ਲਾ ਕੇ ਅੱਗੇ ਤੋਰ ਦਿੱਤਾ। ਬਾਹਰ ਨਿਕਲੇ ਤਾਂ ਪਤਾ ਲੱਗਾ ਅਮਰੀਕਾ ਨਹੀਂ ਕੋਈ ਹੋਰ ਦੇਸ਼ ਹੈ। ਕਾਲੇ ਵਿਅਕਤੀ ਨੇ ਉਨ੍ਹਾਂ ਨੂੰ ਭੀੜੇ ਜਿਹੇ ਹਨੇਰੇ ਕਮਰੇ ਵਿੱਚ ਜਾ ਉਤਾਰਿਆ। ਦਸਵੇਂ ਕੁ ਦਿਨ ਸ਼ਾਮ ਵੇਲੇ ਉਨ੍ਹਾਂ ਨੂੰ ਆਪਣਾ ਸਾਮਾਨ ਉੱਥੇ ਛੱਡ ਕੇ ਟੁੱਟੀ ਜਿਹੀ ਵੈਨ ’ਚ ਬਿਠਾ ਲਿਆ। ਢਾਈ ਤਿੰਨ ਘੰਟੇ ਚੱਲਣ ਤੋਂ ਬਾਅਦ ਵੈਨ ਰੁਕੀ ਤੇ ਉਨ੍ਹਾਂ ਨੂੰ ਫੈਰੀ ’ਚ ਬਿਠਾ ਲਿਆ। ਫੈਰੀ ’ਚ ਉਨ੍ਹਾਂ ਵਰਗੇ 10-12 ਪਹਿਲਾਂ ਸਵਾਰ ਸਨ ਤੇ 7-8 ਉਨ੍ਹਾਂ ਤੋਂ ਬਾਅਦ ਹੋਰ ਆਣ ਚੜ੍ਹੇ। ਦਿੱਲੀਓਂ ਉਨ੍ਹਾਂ ਨਾਲ ਆਇਆ ਵਿਅਕਤੀ ਉਨ੍ਹਾਂ ਨੂੰ ਫੈਰੀ ਵਾਲਿਆਂ ਦੇ ਸਪੁਰਦ ਕਰਕੇ ਵਾਪਸ ਮੁੜ ਗਿਆ। ਉਨ੍ਹਾਂ ਦੀਆਂ ਅੱਖਾਂ ਮੂਹਰੇ ਡੰਕੀ ਰੂਟ ਵਾਲੀਆਂ ਖ਼ਬਰਾਂ ਦੇ ਖੌਫ਼ਨਾਕ ਦ੍ਰਿਸ਼ ਉੱਭਰਨ ਲੱਗੇ। ਘੁੱਪ ਹਨੇਰਾ ਹੋਇਆ ਤਾਂ ਫੈਰੀ ਕਾਲੇ ਸਮੁੰਦਰ ਵਿੱਚ ਠਿਲ ਕੇ ਡਿੱਕ ਡੋਲੇ ਖਾਂਦੀ ਅੱਗੇ ਵਧਣ ਲੱਗੀ। ਤੜਕਾ ਹੋਣ ਵਾਲਾ ਸੀ, ਜਦ ਉਨ੍ਹਾਂ ਨੂੰ ਕਿਨਾਰੇ ਦਾ ਝਾਉਲਾ ਪੈਣ ਲੱਗਾ, ਜੋ ਪਲ ਪਲ ਸਾਫ਼ ਹੁੰਦਾ ਜਾ ਰਿਹਾ ਸੀ।

ਆਖਰ ਕਿਸ਼ਤੀ ਕੰਢੇ ਜਾ ਲੱਗੀ। ਮਲਾਹਾਂ ਨੇ ਮੁੰਡਿਆਂ ਦੀ ਗਿਣਤੀ ਕਰਵਾ ਕੇ ਟੋਲੀ ਨੂੰ ਤਿੰਨ ਹਿੱਸਿਆ ’ਚ ਵੰਡ ਕੇ ਉਨ੍ਹਾਂ ਨੂੰ ਇੱਕ ਇੱਕ ਹਬਸ਼ੀ ਨਾਲ ਮੈਕਸਿਕੋ ਦੇ ਜੰਗਲ ਵੱਲ ਤੋਰ ਦਿੱਤਾ। ਦੋ ਦਿਨ ਅਤੇ ਰਾਤਾਂ ਉਹ ਤੁਰਦੇ ਰਹੇ। ਕੰਡੇ, ਸਰਕੜਾ ਤੇ ਜੰਗਲੀ ਜਾਨਵਰਾਂ ਤੋਂ ਬਚਦੇ ਬਚਾਉਂਦੇ ਭੁੱਖਣ ਭਾਣੇ ਉਹ ਕਾਲੇ ਹਬਸ਼ੀ ਦੀਆਂ ਹਦਾਇਤਾਂ ਅਨੁਸਾਰ ਚੱਲਦੇ ਹੋਏ ਅਗਲੇ ਦਿਨ ਦੀ ਅੱਧੀ ਰਾਤ ਤੋਂ ਬਾਅਦ ਉੱਥੇ ਪਹੁੰਚ ਗਏ, ਜਿੱਥੋਂ ਦੂਰ ਰੌਸ਼ਨੀਆਂ ਦਿਸ ਰਹੀਆਂ ਸਨ। ਉਹ ਮੈਕਸਿਕੋ ਨਾਲ ਲੱਗਦੀ ਅਮਰੀਕਨ ਸਰਹੱਦ ਦੇ ਕੋਲ ਪਹੁੰਚ ਚੁੱਕੇ ਸਨ। ਕਿਸ਼ਤੀ ਤੋਂ ਲੱਥ ਕੇ ਜੰਗਲ ’ਚ ਵੜਨ ਮੌਕੇ ਤਾਂ ਕਿਰਪਾਲ ਹੋਰਾਂ ਦੀ ਟੋਲੀ ਅੱਠ ਜਣਿਆਂ ਦੀ ਸੀ, ਪਰ ਅਮਰੀਕਨ ਬਾਰਡਰ ਤੱਕ ਦੋ ਰਸਤੇ ’ਚ ਕਿੱਥੇ ਗਾਇਬ ਹੋ ਗਏ, ਕਿਸੇ ਨੂੰ ਕੁਝ ਨਹੀਂ ਸੀ ਪਤਾ। ਬਾਰਡਰ ਪਾਰ ਕਰਕੇ ਹਨੇਰੇ ਵਿੱਚ ਭੱਜਦਿਆਂ ਟੋਲੀ ਦੇ ਬਹੁਤੇ ਜਣੇ ਇੱਕ ਦੂਜੇ ਤੋਂ ਵਿੱਛੜ ਗਏ। ਹਬਸ਼ੀ ਦੀਆਂ ਹਦਾਇਤਾਂ ਅਨੁਸਾਰ ਉਹ ਰੋਸ਼ਨੀਆਂ ਤੋਂ ਦੂਰ ਰਹਿ ਕੇ ਉੱਤਰ ਪੂਰਬ ਵੱਲ ਅੱਗੇ ਵਧ ਰਹੇ ਸਨ।

ਦੋਵਾਂ ਭਰਾਵਾਂ ਨੇ 5-6 ਮੀਲ ਪੈਂਡਾ ਤੈਅ ਕਰ ਲਿਆ ਹੋਏਗਾ। ਥੋੜ੍ਹਾ ਅੱਗੇ ਜਾ ਕੇ ਉਹ ਸ਼ਹਿਰ ਦੀ ਆਵਾਜਾਈ ਵਿੱਚ ਰਲਗੱਡ ਹੋ ਗਏ। ਕਿਰਪਾਲ ਨੇ ਜੇਬ ਵਿੱਚ ਹੱਥ ਮਾਰਿਆ, ਕੁਝ ਡਾਲਰ ਉਸ ਕੋਲ ਬਚੇ ਹੋਏ ਸਨ। ਢਾਬੇ ਵਰਗਾ ਸਟੋਰ ਵੇਖ ਕੇ ਉਸਦੇ ਅੰਦਰ ਜਾ ਵੜੇ। ਉਸਦਾ ਮਾਲਕ ਪਾਕਿਸਤਾਨੀ ਭਾਈ ਸੀ। ਉਹ ਹੁਲੀਏ ਤੋਂ ਈ ਸਮਝ ਗਿਆ ਕਿ ਇਨ੍ਹਾਂ ਨੇ ਅੱਜ ਈ ਬਾਰਡਰ ਟੱਪਿਆਂ ਹੋਊ ਤੇ ਦੋ ਦਿਨਾਂ ਤੋਂ ਭੁੱਖੇ ਹੋਣਗੇ। ਬਿਨਾਂ ਆਰਡਰ ਲਏ ਉਸਨੇ ਚਾਹ ਤੇ ਖਾਣਾ ਉਨ੍ਹਾਂ ਮੂਹਰੇ ਲਵਾ ਦਿੱਤਾ। ਦੋਹਾਂ ਨੂੰ ਖ਼ੁਦ ਪਤਾ ਨਾ ਲੱਗਾ ਕਿ ਉਹ ਕਦ ਪਲੇਟਾਂ ਵਿਹਲੀਆਂ ਕਰ ਗਏ। ਕਿਰਪਾਲ ਨੇ ਕੁਝ ਸੋਚ ਕੇ ਜੇਬ ’ਚ ਹੱਥ ਪਾਇਆ;

‘‘ਰਹਿਣ ਦਿਓ ਮੁੰਡਿਓ ਰਹਿਣ ਦਿਓ, ਮੈਂ ਪੈਸੇ ਨਹੀਂ ਲੈਣੇ ਤੁਹਾਡੇ ਤੋਂ। ਤੁਸੀਂ ਕਿਹੜਾ ਕੁਝ ਆਰਡਰ ਕੀਤਾ ਸੀ। ਹਾਂ, ਬਿਨਾਂ ਝਿਜਕ ਦੱਸ ਦਿਓ ਤੁਹਾਡਾ ਅਗਲਾ ਪ੍ਰੋਗਰਾਮ ਕੀ ਆ, ਮੁਹਾਂਦਰੇ ਤੋਂ ਤਾਂ ਸਕੇ ਭਰਾ ਲੱਗਦੇ ਓ, ਸੰਭਾਲਣ ਵਾਲਾ ਹੈਗਾ ਕੋਈ ਤੁਹਾਡਾ ਇੱਥੇ ਜਾਂ... ?’’ ਇਕੱਠੇ ਹੀ ਕਿੰਨੇ ਸਾਰੇ ਸਵਾਲ ਕਰਕੇ ਰਫੀਕ ਅਹਿਮਦ ਉਨ੍ਹਾਂ ਦੇ ਚਿਹਰੇ ਤੱਕਣ ਲੱਗਿਆ।

ਦੋਵਾਂ ਨੂੰ ਲੱਗਿਆ, ਜਿਵੇਂ ਵਾਹਿਗੁਰੂ ਨੇ ਨੇੜੇ ਹੋ ਕੇ ਸੁਣੀ ਹੋਵੇ। ਕਿਰਪਾਲ ਨੇ ਜੇਬ ’ਚ ਹੱਥ ਪਾ ਕੇ ਟੋਹ ਲਾਈ। 10-10 ਡਾਲਰਾਂ ਦੇ ਦੋ ਨੋਟ ਸਨ। ਖ਼ਰਚੇ ਲਈ ਲਿਆਂਦੇ ਡਾਲਰ ਸਾਰਿਆਂ ਤੋਂ ਫੈਰੀ ਵਾਲਿਆਂ ਖੋਹ ਲਏ ਸਨ। ਰਫੀਕ ਦੇ ਸਵਾਲਾਂ ਦੇ ਜਵਾਬ ਦੀ ਗੱਲ ਕਿਰਪਾਲ ਨੇ ਤੋਰ;

‘‘ਤੁਸੀਂ ਠੀਕ ਪਛਾਣਿਆ ਸਰ, ਅਸੀਂ ਸਕੇ ਭਰਾ ਹਾਂ। ਚੜ੍ਹਦੇ ਪੰਜਾਬ ਦੇ ਜਲੰਧਰ ਜ਼ਿਲ੍ਹੇ ’ਚ ਸਾਡਾ ਪਿੰਡ ਹੈ। ਦੋਵਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ। ਬਾਪ ਦਾ ਸਾਇਆ ਸਿਰੋਂ ਉੱਠ ਗਿਆ ਹੋਇਆ। ਏਜੰਟ ਨੇ ਪੈਸੇ ਸਿੱਧੀ ਫਲਾਈਟ ਦੇ ਲਏ ਸੀ, ਪਰ ਸਾਡੇ ਨਾਲ ਜੋ ਬੀਤੀ, ਉਹ ਸਾਡੇ ਤੋਂ ਦੱਸ ਨਹੀਂ ਹੋਣੀ। ਸੱਚ ਜਾਣਿਓ, ਤੁਹਾਡੇ ਵਿਹਾਰ ਨੇ ਸਾਡਾ ਮਨ ਕੁਝ ਠਿਕਾਣੇ ਕਰ ਦਿੱਤਾ। ਸਾਡਾ ਇੱਥੇ ਹੈ ਤਾਂ ਕੋਈ ਨਹੀਂ, ਪਰ ਲੱਗਦਾ ਤੁਹਾਡੇ ਨਾਲ ਕੋਈ ਜਨਮ ਜਮਾਂਤਰਾਂ ਦਾ ਰਿਸ਼ਤਾ ਜ਼ਰੂਰ ਹੋਊ। ਅਸੀਂ 40 ਘੰਟੇ ਭੁੱਖੇ ਪਿਆਸੇ ਤੁਰਦੇ ਤੁਰਦੇ ਇੱਥੇ ਪਹੁੰਚੇ। ਅੱਗੇ ਜ਼ਿੰਦਗੀ ਸੀ ਤੇ ਪਿੱਛੇ ਮੌਤ ਤੁਰੀ ਆ ਰਹੀ ਸੀ। ਸ਼ਾਇਦ ਸਾਡਾ ਰੱਬ ਸਾਡੇ ਨਾਲ ਨਾਲ ਤੁਰ ਰਿਹਾ ਸੀ। ਬਾਹਰ ਤੁਹਾਡੇ ਬਲਬ ਜਗਦੇ ਵੇਖ ਕੇ ਇੱਧਰ ਨੂੰ ਆ ਗਏ।’’ ਕਿਰਪਾਲ ਨੇ ਥੋੜ੍ਹੇ ਸ਼ਬਦਾਂ ਵਿੱਚ ਆਪਣਾ ਚਿੱਠਾ ਰਫੀਕ ਅੱਗੇ ਖੋਲ੍ਹ ਕੇ ਰੱਖ ਦਿੱਤਾ।

ਰਫੀਕ ਨੇ ਠੋਡੀ ਹੇਠਾਂ ਤਲੀ ਰੱਖ ਕੇ ਦੋ ਮਿੰਟ ਸੋਚਿਆ। ਮਨ ’ਚ ਕੁਝ ਯੋਜਨਾ ਬਣਾਈ ਤੇ ਦੋਹਾਂ ਦੇ ਚਿਹਰੇ ਪੜ੍ਹ ਕੇ ਗੱਲ ਅੱਗੇ ਤੋਰੀ;

‘‘ਵੇਖੋਂ ਪੁੱਤਰੋ, ਇਹ ਰੈਸਟੋਰੈਂਟ ਮੇਰਾ ਆਪਣਾ, ਗਾਹਕੀ ਚੰਗੀ ਐ, ਪਰ ਨੌਕਰ ਮੇਰੇ ਸੁਭਾਅ ਦਾ ਫਾਇਦਾ ਚੁੱਕ ਕੇ ਦਾਅ ਲਾ ਜਾਂਦੇ ਨੇ। ਇੱਕ ਨੂੰ ਕੱਲ੍ਹ ਰੰਗੇ ਹੱਥੀਂ ਫੜਕੇ ਘਰ ਨੂੰ ਤੋਰਿਆ। ਲੋੜ ਤਾਂ ਮੈਨੂੰ ਇੱਕ ਦੀ ਸੀ, ਪਰ ਦੋਵੇਂ ਰਹਿ ਸਕਦੇ ਓ, ਕੱਚਿਆਂ ਨੂੰ ਜਿੰਨੀ ਤਨਖਾਹ ਸਾਰੇ ਦਿੰਦੇ ਨੇ, ਉਸਤੋਂ ਥੋੜ੍ਹਾ ਵੱਧ ਈ ਦੇਊਂ, ਰਹਿਣ ਲਈ ਕਮਰਾ ਮਿਲ ਜਾਊ, ਮਨ ਪੱਕਾ ਕਰਕੇ ਹਾਂ ਕਰਿਓ ?’’ ਰਫੀਕ ਆਪਣੀ ਗੱਲ ਮੁਕਾ ਕੇ ਉਨ੍ਹਾਂ ਵੱਲ ਤੱਕਣ ਲੱਗਾ।

‘‘ਤੁਸੀਂ ਸਾਨੂੰ ਪੁੱਤਰੋਂ ਕਹਿ ਕੇ ਗੱਲ ਤੋਰੀ ਆ, ਮੈਨੂੰ ਕੁਝ ਅਹੁੜ ਨਹੀਂ ਰਿਹਾ, ਕੀ ਕਹਿ ਕੇ ਪੈਰੀਂ ਹੱਥ ਲਾਵਾਂ, ਬਸ ਤੁਸੀਂ ਸਾਡੇ ਮਨਾਂ ਦੀ ਹਾਲਤ ਆਪੇ ਈ ਸਮਝ ਲਓ। ਸਾਨੂੰ ਆਉਂਦੇ ਸਾਰ ਠਾਹਰ ਮਿਲ ਗਈ ਹੋਰ ਮੰਗਣ ਲਈ ਰਹਿ ਵੀ ਕੀ ਗਿਆ। ਤੁਸੀਂ ਬਾਂਹ ਫੜ ਲਈ, ਇਹ ਤੁਹਾਡੀ ਸਾਡੇ ਪ੍ਰਤੀ ਅਪਣੱਤ ਦਾ ਸਬੂਤ ਹੈ ਤੇ ਅਪਣੱਤ ਵਾਲੀ ਥਾਂ ਸਵਾਲ ਜਵਾਬ ਨਹੀਂ ਹੁੰਦੇ। ਸਿਰ ਸੁੱਟ ਕੇ ਕੰਮ ਕਰਨਾ ਸਾਡੇ ਮਾਪਿਆਂ ਸਿਖਾਇਆ ਹੋਇਆ। ਸਾਡੇ ਕੋਲ ਆਹ 20 ਡਾਲਰ ਹੀ ਨੇ, ਬਾਕੀ ਸਾਰੇ ਰਸਤੇ ਵਿੱਚ ਖੋਹ ਲਏ। ਸਾਨੂੰ ਕੁਝ ਕੱਪੜੇ ਲਿਆ ਦਿਓ, ਅੱਜ ਤੋਂ ਕੰਮ ਸ਼ੁਰੂ, ਪੰਜ ਸੱਤ ਦਿਨਾਂ ’ਚ ਸਾਰੇ ਕੰਮ ਸਮਝ ਜਾਵਾਂਗੇ।’’

ਮੁੰਡਿਆਂ ਨੂੰ ਆਉਂਦੇ ਈ ਕੰਮ ਅਤੇ ਰਿਹਾਇਸ਼ ਮਿਲਣੀ ਰੱਬੀ ਵਰਦਾਨ ਤੋਂ ਘੱਟ ਨਹੀਂ ਸੀ। ਦੂਜੇ ਚੌਥੇ ਮੰਮੀ ਨਾਲ ਗੱਲ ਹੋ ਜਾਂਦੀ। ਰਫੀਕ ਨਾਲ ਕੰਮ ਕਰਦਿਆਂ ਸਾਲ ਕੁ ਹੋ ਗਿਆ ਸੀ। ਦੋਹਾਂ ਨੇ ਟਰੱਕ ਡਰਾਈਵਿੰਗ ਲਾਇਸੈਂਸ ਬਣਵਾ ਲਏ। ਉਹ ਖ਼ੁਦ ਸਮਝਦਾ ਸੀ ਕਿ ਹੋਰ ਕਿੰਨੀ ਕੁ ਦੇਰ ਉਸ ਕੋਲ ਟਿਕੇ ਰਹਿਣਗੇ। ਵੱਡੇ ਕੰਮਾਂ ਨੂੰ ਹੱਥ ਪਾਉਣਾ ਇਨ੍ਹਾਂ ਦਾ ਹੱਕ ਬਣਦਾ। ਪਹਿਲਾਂ ਵੱਡਾ ਤੇ ਫਿਰ ਨਿੱਕਾ ਉੱਥੋਂ ਕੰਮ ਛੱਡ ਕੇ ਟਰੱਕ ਚਲਾਉਣ ਲੱਗੇ। ਦੋਵਾਂ ਨੇ ਪੈਸੇ ਜੋੜੇ ਸਨ। ਪਹਿਲਾਂ ਕਿਰਪਾਲ ਨੇ ਤੇ ਅਗਲੇ ਸਾਲ ਹਰਪਾਲ ਨੇ ਆਪਣੇ ਟਰੱਕ ਲੈ ਲਏ ਤੇ ਤਿੰਨ ਸਾਲਾਂ ’ਚ ਕਿਸ਼ਤਾਂ ਲਾਹ ਦਿੱਤੀਆਂ।

ਰੁਝੇਵੇਂ ਵਧਦੇ ਗਏ ਤੇ ਮੰਮੀ ਨਾਲ ਗੱਲ ’ਚ ਦੇਰ ਹੋਣ ਲੱਗ ਪਈ। ਵੇਖਾ ਵੇਖੀ ਦੋਵਾਂ ਦੇ ਮਨਾਂ ’ਚ ਵਿਆਹਾਂ ਦੇ ਖ਼ਿਆਲ ਪੁੰਗਰਨ ਲੱਗੇ। ਇੱਕ ਦਿਨ ਅਚਾਨਕ ਦੋਵਾਂ ਨੂੰ ਇੱਕੋ ਕੰਪਨੀ ਦਾ ਇੱਕੋ ਥਾਂ ਲਿਜਾਣ ਵਾਲਾ ਲੋਡ ਮਿਲ ਗਿਆ। ਰਫੀਕ ਦਾ ਰੈਸਟੋਰੈਂਟ ਰਸਤੇ ਵਿੱਚ ਪੈਣਾ ਸੀ। ਦੋਵਾਂ ਨੇ ਤੁਰਨ ਲੱਗਿਆਂ ਈ ਉਸਨੂੰ ਮਿਲ ਕੇ ਜਾਣਾ ਤੈਅ ਕਰ ਲਿਆ। ਉਨ੍ਹਾਂ ਨੂੰ ਵੇਖ ਕੇ ਰਫੀਕ ਬੜਾ ਖੁਸ਼ ਹੋਇਆ। ਉਹ ਦੋਵਾਂ ਨੂੰ ਪਿਛਲੇ ਕਮਰੇ ’ਚ ਲੈ ਗਿਆ। ਕਾਰੋਬਾਰ ਦੀਆਂ ਗੱਲਾਂ ਮੁੱਕੀਆਂ ਤਾਂ ਨਿੱਜੀ ਸ਼ੁਰੂ ਹੋ ਗਈਆਂ। ਵਿਆਹਾਂ ਦੀ ਗੱਲ ਛਿੜੀ ਤਾਂ ਰਫੀਕ ਦੇ ਮਨ ’ਚ ਘੰਟੀ ਵੱਜੀ ਤੇ ਉੱਧਰ ਸ਼ਮਿੰਦਰ ਦੇ ਫੋਨ ਉੱਤੇ ਘੰਟੀ ਜਾ ਖੜਕੀ। ਸ਼ਮਿੰਦਰ ਦੇ ਫੋਨ ਦੀ ਸਕਰੀਨ ਉੱਤੇ ਰਫੀਕ ਅਹਿਮਦ ਚਮਕ ਰਿਹਾ ਸੀ। ਗੱਲ ਮੁਕਣ ਤੋਂ 20 ਕੁ ਮਿੰਟਾਂ ਬਾਅਦ ਸ਼ਮਿੰਦਰ ਤੇ ਉਸਦੀ ਪਤਨੀ ਰਫੀਕ ਦੇ ਹੋਟਲ ਅੱਗੇ ਸਨ। ਰਫੀਕ ਨੇ ਮੁੰਡਿਆਂ ਬਾਰੇ ਪਤੀ-ਪਤਨੀ ਨੂੰ ਸਾਰਾ ਕੁਝ ਸਮਝਾਇਆ ਤੇ ਅੰਦਰ ਲੈ ਗਿਆ।

ਧੀਆਂ ਦੀਆਂ ਫੋਟੋਆਂ ਸ਼ਮਿੰਦਰ ਹੋਰੀਂ ਲੈ ਕੇ ਆਏ ਸਨ। ਵੇਖਾ ਵਿਖਾਈ ਤੇ ਗੱਲਬਾਤ ਨੇ ਦੋਵੀਂ ਪਾਸੀਂ ਆਪਣਾ ਪ੍ਰਭਾਵ ਛੱਡਿਆ। ਹਫ਼ਤੇ ਕੁ ਬਾਅਦ ਦੋਵਾਂ ਭੈਣਾਂ ਨਾਲ ਵੇਖ ਵਿਖਾਈ ਹੋਣ ਮੌਕੇ ਰਿਸ਼ਤੇ ਤੈਅ ਹੋ ਗਏ। ਦੋ ਧੀਆਂ ਦੇ ਮਾਪੇ ਹੋਣ ਕਰਕੇ ਸ਼ਮਿੰਦਰ ਹੋਰਾਂ ਦੋਵਾਂ ਨੂੰ ਘਰ ਜਵਾਈ ਬਣਾਉਣ ਬਾਰੇ ਸੋਚਿਆ ਹੋਇਆ ਸੀ। ਦੋਵਾਂ ਭਰਾਵਾਂ ਨੇ ਆਪਣੀਆਂ ਮੰਗੇਤਰਾਂ ਨਾਲ ਗੱਲਾਂ ਕੀਤੀਆਂ ਤੇ ਅਗਲੇ ਵੀਕਐੰਡ ਵਿਆਹ ਦਾ ਦਿਨ ਤੈਅ ਹੋ ਗਿਆ। ਵਿਆਹ ਮੌਕੇ ਮੰਮੀ ਨੂੰ ਸੱਦਣ ਬਾਰੇ ਉਨ੍ਹਾਂ ਸੋਚਿਆ ਜ਼ਰੂਰ, ਪਰ ਇਹ ਭੁੱਲ ਗਏ ਕਿ ਵੀਜ਼ਾ ਇੰਨੀ ਕਾਹਲੀ ਵਿੱਚ ਨਹੀਂ ਲੱਗਦਾ ਹੁੰਦਾ।

ਮੁੰਡਿਆਂ ਦੇ ਵਿਆਹਾਂ ਦੇ ਚਾਅ ਕਰਮੋਂ ਦੇ ਮਨ ’ਚ ਧਰੇ ਧਰਾਏ ਰਹਿ ਗਏ ਤੇ ਫੋਟੋਆਂ ਵੇਖ ਕੇ ਉਸਨੂੰ ਸਬਰ ਦਾ ਘੁੱਟ ਭਰਨਾ ਪਿਆ। ਹਫ਼ਤਾ 10 ਦਿਨ ਤਾਂ ਨੂੰਹਾਂ ਨੇ ਗੱਲਾਂ ਕੀਤੀਆਂ, ਪਰ ਮਹੀਨੇ ਕੁ ਬਾਅਦ ਉਹ ਭੁੱਲਣ ਲੱਗੀਆਂ ਤੇ ਕੁਝ ਮਹੀਨਿਆਂ ਬਾਅਦ ਕਰਮੋਂ ਉਡੀਕਦੀ ਰਹਿੰਦੀ ਕਿ ਮੁੰਡਿਆਂ ਜਾਂ ਨੂੰਹਾਂ ਨੂੰ ਫੋਨ ਕਰਨ ਦਾ ਸਮਾਂ ਲੱਗੂ। ਵਿਆਹ ਨੂੰ ਅਜੇ ਸਾਲ ਨਹੀਂ ਸੀ ਹੋਇਆ, ਦੋਵੇਂ ਭਰਾ ਮੰਮੀ ਦੀ ਕਾਲ ਸੁਣਨ ਤੋਂ ਪਾਸਾ ਵੱਟਣ ਲੱਗੇ। ਕਰਮੋਂ ਹਰ ਦੂਜੇ ਚੌਥੇ ਕਾਲ ਕਰਦੀ, ਪਰ ਬਹੁਤੀ ਵਾਰੀਂ ਚਾਰਾਂ ’ਚੋਂ ਕੋਈ ਵੀ ਫੋਨ ਨਾ ਚੁੱਕਦਾ। ਜੇ ਕਦੇ ਕਦਾਈਂ ਚੁੱਕ ਲੈਂਦੇ ਤਾਂ ‘‘ਮੰਮੀ ਕੰਮ ’ਤੇ ਆਂ ਠਹਿਰ ਕੇ ਗੱਲ ਕਰਾਂਗੇ’’, ਕਹਿਕੇ ਫੋਨ ਕੱਟ ਦਿੰਦੇ। ਘਰਦੇ ਕੰਮਾਂ ਲਈ ਕਰਮੋਂ ਨੇ ਜੰਡੂ ਮਹਿਰੇ ਦੀ ਧੀ ਪ੍ਰੀਤੋ ਨੂੰ ਰੱਖ ਲਿਆ ਸੀ। ਅਗਲੇ ਸਾਲ ਠੰਢ ਵਾਹਵਾ ਪੈ ਰਹੀ ਸੀ। ਦੋ ਹਫ਼ਤੇ ਬਾਅਦ ਚਮਕੇ ਸੂਰਜ ਦੇ ਦਰਸ਼ਨ ਕਰਕੇ ਕਰਮੋਂ ਕੇਸੀ ਇਸ਼ਨਾਨ ਕਰ ਬੈਠੀ। ਹੱਡ ਚੀਰਵੀਂ ਸੀਤ ਹਵਾ ਚੱਲਣ ਲੱਗੀ ਤੇ ਕਰਮੋਂ ਦਾ ਸਰੀਰ ਜਕੜਿਆ ਗਿਆ। ਢਿੱਲ ਮੱਠ ਵੇਖ ਕੇ ਪ੍ਰੀਤੋ ਨਰਸ ਬੀਬੀ ਨੂੰ ਸੱਦ ਲਿਆਈ। ਉਸਨੇ ਤੁਰੰਤ ਹਸਪਤਾਲ ਪਹੁੰਚ ਜਾਣ ਲਈ ਕਿਹਾ। ਪ੍ਰੀਤੋ ਨੇ ਵੇਖਿਆ ਕਿ ਟੈਕਸੀ ਵਾਲਾ ਘਰੇ ਈ ਸੀ। ਉਸਨੇ ਚੁੰਨੀ ਦੀ ਕੰਨੀ ਖੋਲ ਕੇ ਵੇਖਿਆ, ਟੈਕਸੀ ਦੇ ਕਿਰਾਏ ਜੋਗੇ ਪੈਸੇ ਬੱਝੇ ਹੋਏ ਸਨ। ਉਹ ਕਰਮੋਂ ਨੂੰ ਪੁੱਛੇ ਬਿਨਾਂ ਟੈਕਸੀ ਸੱਦ ਲਿਆਈ ਤੇ ਸ਼ਹਿਰ ਵਾਲੇ ਹਸਪਤਾਲ ਜਾ ਦਾਖਲ ਕਰਾਇਆ।

ਮੁੱਢਲੇ ਟੈਸਟਾਂ ਦੀ ਰਿਪੋਰਟ ਵੇਖ ਕੇ ਲੇਡੀ ਡਾਕਟਰ ਅਵਿਨਾਸ਼ ਕੌਰ ਨੇ ਮਰੀਜ਼ ਨੂੰ ਹੌਸਲਾ ਦੇਣ ਦੀ ਥਾਂ ਸਿਰ ਜਿਹਾ ਫੇਰਿਆ, ਪਰ ਪ੍ਰੀਤੋ ਨੇ ਤਰਲੇ ਕਰਕੇ ਇਲਾਜ ਲਈ ਮਨਾ ਲਿਆ। ਤੀਜੇ ਦਿਨ ਰਾਊਂਡ ’ਤੇ ਆਈ ਡਾਕਟਰ ਨੇ ਕਰਮੋਂ ਦੀ ਬਿਮਾਰੀ ਵਿੱਚ ਮੋੜਾ ਪੈਂਦਾ ਵੇਖ ਕੇ ਪ੍ਰੀਤੋ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਪੁੱਛ ਲਿਆ, ‘‘ਕਰਮ ਕੌਰ ਬੇਔਲਾਦ ਐ ?’’ ਬੇਔਲਾਦ ਸ਼ਬਦ ਪ੍ਰੀਤੋ ਦੇ ਮਨ ਉੱਤੇ ਹਥੋੜੇ ਵਾਂਗ ਵੱਜਿਆ।

‘‘ਡਾਕਟਰ ਸਾਬ੍ਹ, ਇਹ ਕਿਹੋ ਜੀ ਗੱਲ ਕਰਤੀ ਤੁਸੀਂ, ਜੇ ਧੀਆਂ ਦੇ ਮਾਪੇ ਬੇਔਲਾਦ ਹੁੰਦੇ ਆ, ਫਿਰ ਤਾਂ ਤੁਹਾਡੇ ਮਾਪੇ ਵੀ ਬੇਔਲਾਦ ਈ ਹੋਗੇ।’’ ਕੁੜੀ ਦੇ ਮੂੰਹੋਂ ਐਨਾ ਠੋਕਵਾਂ ਤੇ ਸਪੱਸ਼ਟ ਜਵਾਬ ਸੁਣ ਕੇ ਇੱਕ ਵਾਰ ਤਾਂ ਡਾਕਟਰ ਹਿੱਲ ਗਈ। ਉਸਨੂੰ ਤੁਰੰਤ ਜਵਾਬ ਨਾ ਸੁੱਝਾ। ਫਾਈਲ ਉੱਤੇ ਕੁਝ ਲਿਖਕੇ ਉਸਨੇ ਅਗਲੇ ਮਰੀਜ਼ ਦੀ ਨਬਜ਼ ਜਾ ਫੜੀ। ਡਾਕਟਰ ਦਾ ਸਵਾਲ ਤੇ ਪ੍ਰੀਤੋ ਦਾ ਪੱਥਰ ਵਰਗਾ ਜਵਾਬ ਸੁਣਕੇ ਕਰਮੋਂ ਨੇ ਅੱਖਾਂ ਉੱਤੇ ਹੱਥ ਰੱਖ ਲਏ।

ਉਸਤੋਂ ਤੀਜੇ ਦਿਨ ਡਾਕਟਰ ਨੇ ਕਰਮੋਂ ਨੂੰ ਛੁੱਟੀ ਦੇ ਦਿੱਤੀ। ਘਰ ਜਾ ਕੇ ਪ੍ਰੀਤੋ ਨੇ ਕਈ ਦਿਨ ਕਰਮੋਂ ਨੂੰ ਬਹੁਤਾ ਤੁਰਨ ਫਿਰਨ ਨਾ ਦਿੱਤਾ। ਪੁੱਤਰਾਂ ਨੂੰ ਆਪਣੀ ਬਿਮਾਰੀ ਬਾਰੇ ਦੱਸਣ ਲਈ ਕਰਮੋਂ ਨੇ ਫੋਨ ਲਾ ਲਿਆ।

‘‘ਮੰਮੀ ਸਾਡੀ ਨੀਂਦ ਦਾ ਈ ਲਿਹਾਜ਼ ਕਰ ਲਿਆ ਕਰੋ। ਕਿਰਪਾਲ ਕੰਮ ਤੋਂ ਆ ਕੇ ਹੁਣੇ ਸੁੱਤਾ, ਤੁਸੀਂ ਵੇਲਾ ਕੁਵੇਲਾ ਵੀ ਨਹੀਂ ਵੇਖਦੇ ?’’ ਕਿਸੇ ਤਰ੍ਹਾਂ ਦੇ ਸਤਿਕਾਰ ਦੀ ਥਾਂ ਨੂੰਹ ਦੇ ਤਿੱਖੇ ਤੇ ਕੌੜੇ ਬੋਲ ਕਰਮੋਂ ਦੇ ਕੰਨਾਂ ’ਚ ਪੱਥਰ ਵਾਂਗ ਵੱਜੇ।

‘‘ਕਿਹੜੀ ਮੰਮੀ ਕੁੜੀਏ, ਮੰਮੀ ਨੂੰ ਤਾਂ ਤੁਸੀਂ ਕਦੋਂ ਦਾ ਮਾਰ ਦਿੱਤਾ ਹੋਇਆ। ਮੁਆਫ਼ ਕਰਨਾ ਮੇਰੇ ਤੋਂ ਗ਼ਲਤੀ ਨਾਲ ਤੁਹਾਡੇ ਨੰਬਰ ਉੱਤੇ ਉਂਗਲ ਵੱਜ ਗਈ ਸੀ।’’ ਕਰਮੋਂ ਨੇ ਜ਼ਿੰਦਗੀ ’ਚ ਪਹਿਲੀ ਵਾਰ ਕਿਸੇ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਸੀ ਤੇ ਉਹ ਆਪਣੇ ਨੂੰ।

ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਦੋਵਾਂ ਭਰਾਵਾਂ ਦੇ ਔਲਾਦ ਹੋ ਗਈ, ਪਰ ਉਨ੍ਹਾਂ ਮਾਤਾ ਦੇ ਜਜ਼ਬਾਤ ਨੂੰ ਅਣਗੋਲਿਆ ਕਰਕੇ ਕਦੇ ਵਤਨ ਫੇਰੀ ਬਾਰੇ ਨਾ ਸੋਚਿਆ। ਲੰਮੀ ਵਿਚਾਰ ਤੋਂ ਬਾਅਦ ਕਰਮੋਂ ਨੇ ਪੇਕਿਆਂ ਵੱਲੋਂ ਭਰਾ ਲੱਗਦੇ ਵਕੀਲ ਨੂੰ ਘਰ ਸੱਦਿਆ। ਉਸਨੂੰ ਆਪਣੀ ਵਸੀਅਤ ਤਿਆਰ ਕਰਨ ਬਾਰੇ ਕਿਹਾ। ਆਪਣੇ ਮਨ ਦੀ ਸਾਰੀ ਗੱਲ ਦੱਸ ਕੇ ਉਸਨੂੰ ਕਾਨੂੰਨੀ ਢਾਂਚੇ ਵਿੱਚ ਢਾਲ ਕੇ ਤਿਆਰ ਕਰਕੇ ਲਿਆਉਣ ਲਈ ਕਿਹਾ। ਚੌਥੇ ਦਿਨ ਵਕੀਲ ਵਸੀਅਤ ਲੈ ਆਇਆ। ਕਰਮੋਂ ਨੇ ਤਹਿਸੀਲਦਾਰ ਅੱਗੇ ਜਾ ਕੇ ਉਸ ਉੱਤੇ ਦਸਤਖ਼ਤ ਕੀਤੇ। ਰਜਿਸਟਰ ਹੋਈ ਅਸਲ ਵਸੀਅਤ ਲਿਫ਼ਾਫ਼ੇ ਵਿੱਚ ਸੀਲ ਕਰਕੇ ਉਸਨੇ ਵਕੀਲ ਨੂੰ ਸੌਂਪ ਦਿੱਤੀ ਤੇ ਘਰ ਜਾ ਕੇ ਪ੍ਰੀਤੋ ਨੂੰ ਸਭ ਕੁਝ ਸਮਝਾ ਦਿੱਤਾ। ਮਸੀਂ ਦੋ ਕੁ ਸਾਲ ਲੰਘੇ ਹੋਣਗੇ। ਮੰਜੇ ਤੋਂ ਉੱਠ ਕੇ ਰਸੋਈ ਵੱਲ ਜਾਂਦੀ ਕਰਮੋਂ ਧੜੱਮ ਡਿੱਗ ਪਈ। ਪ੍ਰੀਤੋ ਨੇ ਆਵਾਜ਼ ਮਾਰ ਕੇ ਗੁਆਂਢਣ ਨੂੰ ਡਾਕਟਰ ਸੱਦਣ ਲਈ ਕਿਹਾ। ਡਾਕਟਰ ਆਇਆ ਤਾਂ ਨਬਜ਼ ਵੇਖ ਕੇ ਸਿਰ ਫੇਰ ਦਿੱਤਾ। ਉਹ ਕਰਮੋਂ ਦਾ ਚਿਹਰਾ ਢਕ ਕੇ ਵਾਪਸ ਮੁੜ ਗਿਆ। ਪ੍ਰੀਤੋ ਨੇ ਕਰਮੋਂ ਦੀ ਡਾਇਰੀ ’ਚੋਂ ਉਸਦੇ ਦੋਵੇਂ ਪੁੱਤਰਾਂ ਦੇ ਫੋਨ ਲੈ ਕੇ ਫੋਨ ਕੀਤਾ ਤੇ ਹੋਣੀ ਬਾਰੇ ਸੂਚਿਤ ਕਰ ਦਿੱਤਾ, ਪਰ ਦੋਵੇਂ ਸਸਕਾਰ ਤੋਂ 10 ਦਿਨ ਬਾਅਦ ਪਹੁੰਚੇ। ਉਸ ਦਿਨ ਭੋਗ ਦੀ ਤਿਆਰੀ ਹੋ ਰਹੀ ਸੀ। ਸ਼ਰਧਾਂਜਲੀਆਂ ਮੌਕੇ ਬੁਲਾਰਿਆਂ ਵੱਲੋਂ ਕਰਮੋਂ ਨੂੰ ਦਾਨੀ ਤੇ ਪਿੰਡ ਦਾ ਭਲਾ ਚਾਹੁਣ ਵਾਲੀ ਕਹਿ ਕੇ ਵਡਿਆਉਣ ਵਾਲੀ ਗੱਲ ਉਸਦੇ ਪੁੱਤਰਾਂ ਲਈ ਬੁਝਾਰਤ ਬਣ ਗਈ, ਪਰ ਪ੍ਰੀਤੋ ਸਮਝਾਉਣ ’ਚ ਦੇਰ ਨਹੀਂ ਸੀ ਕਰਨਾ ਚਾਹੁੰਦੀ।

ਕਰਮੋਂ ਦੀ ਮੌਤ ਤੋਂ ਬਾਅਦ ਇੱਕ ਦਿਨ ਪ੍ਰੀਤੋ ਅਲਮਾਰੀ ਦੀ ਸਫ਼ਾਈ ਕਰ ਰਹੀ ਸੀ। ਪਈ ਹੋਈ ਡਾਇਰੀ ’ਚੋਂ ਦੋ ਕਾਗਜ਼ ਹੇਠਾਂ ਡਿੱਗੇ, ਪ੍ਰੀਤੋ ਨੇ ਇਬਾਰਤ ਦੇ ਮੁੱਢ ’ਚ ਪੁੱਤਰੋ ਪੜ੍ਹਿਆ ਤਾਂ ਅੱਗੇ ਜਾਣਨ ਦੀ ਜਗਿਆਸਾ ਹੋਈ। ਵਰਕੇ ਪੂਰੇ ਖੋਲ੍ਹ ਕੇ ਉਹ ਪੜ੍ਹਨ ਲੱਗੀ ਤੇ ਭੋਗ ਦੀ ਰਸਮ ਤੋਂ ਬਾਅਦ ਉਹੀ ਵਰਕੇ ਦੋਵਾਂ ਭਰਾਵਾਂ ਅੱਗੇ ਲਿਆ ਰੱਖੇ। ਪੜ੍ਹਦੇ ਪੜ੍ਹਦੇ ਉਹ ਹੈਰਾਨਗੀ ਦੇ ਨਾਲ ਸ਼ਰਮਿੰਦੇ ਹੋ ਰਹੇ ਸਨ। ਲਿਖਿਆ ਸੀ;

‘‘ਪੁੱਤਰੋ ਚੰਗਾ ਹੋਇਆ ਤੁਸੀਂ ਮੈਨੂੰ ਰਿਸ਼ਤਿਆਂ ਦੀ ਪਛਾਣ ਕਰਵਾ ਦਿੱਤੀ। ਮੈਂ ਤੇ ਖੂਨ ਤੇ ਆਂਦਰਾਂ ਦੇ ਰਿਸ਼ਤੇ ਨੂੰ ਸਭ ਤੋਂ ਨੇੜਲਾ ਮੰਨੀ ਬੈਠੀ ਸੀ, ਪਰ ਐਸ ਪ੍ਰੀਤੋ ਨੇ ਬਿਨਾਂ ਕਿਸੇ ਸਵਾਰਥ ਦੇ ਬੁਢਾਪੇ ਵਿੱਚ ਸੰਭਾਲ ਕਰਕੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਚੰਗਾ ਹੋਇਆ ਤੁਹਾਨੂੰ ਆਪਣੇ ਰੁਝੇਵਿਆਂ ’ਚੋਂ ਆਪਣੀ ਜਾਇਦਾਦ ਵਾਲੇ ਹੱਕ ਦਾ ਚੇਤਾ ਨਹੀਂ ਭੁੱਲਿਆ, ਪਰ ਸ਼ਾਇਦ ਇਹ ਭੁੱਲ ਗਏ ਹੋਵੋਗੇ ਕਿ ਤੁਹਾਡੇ ਡੈਡੀ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਜ਼ਮੀਨ ਮੇਰੇ ਨਾਂ ਕਰਵਾ ਦਿੱਤੀ ਸੀ। ਤੁਹਾਨੂੰ ਯਾਦ ਕਰਵਾ ਦਿੰਦੀ ਆਂ। ਤੁਹਾਡੇ ਦਾਦਾ ਜੀ ਦੇ ਜਾਣ ਤੋਂ ਬਾਅਦ ਤੁਹਾਡੇ ਡੈਡੀ ਤੇ ਚਾਚੇ ਦੇ ਨਾਂ 12- 12 ਕਿੱਲੇ ਜ਼ਮੀਨ ਚੜ੍ਹੀ ਸੀ। ਮੈਂ ਨਹੀਂ ਸੀ ਚਾਹੁੰਦੀ, ਤੁਸੀਂ ਬਾਹਰ ਜਾਓ, ਪਰ ਤੁਸੀਂ ਟਲਦੇ ਨਹੀਂ ਸੀ। ਯਾਦ ਕਰੋ, ਤੁਹਾਡੀ ਜ਼ਿੱਦ ਪੁਗਾਉਣ ਲਈ ਮੈਂ 8 ਕਿੱਲੇ ਗਹਿਣੇ ਕੀਤੇ ਸੀ। ਮੈਨੂੰ ਅੱਜ ਵੀ ਯਾਦ ਹੈ, ਉਦੋਂ ਮੈਂ ਕਿੰਨਾ ਵੱਡਾ ਕੌੜਾ ਘੁੱਟ ਪੀਤਾ ਸੀ। ਤੁਸੀਂ ਤੇ ਮੇਰੀਆਂ ਆਂਦਰਾ ਦੇ ਟੁਕੜੇ ਸੀ, ਮੇਰਾ ਆਪਣਾ ਖੂਨ, ਜਿਹੜੇ ਅਮਰੀਕਾ ਜਾ ਕੇ ਭੁੱਲ ਗਏ ਕਿ ਸਾਡੀ ਮਾਂ ਜਿਊਂਦੀ ਵੀ ਆ ਕਿ ਨਹੀਂ। ਮੈਂ ਮਨ ਉੱਤੇ ਪੱਥਰ ਰੱਖ ਕੇ, ਕੰਜੂਸੀਆਂ ਕਰਕੇ ਪੈਸਾ ਪੈਸਾ ਜੋੜਦੀ ਰਹੀ ਤੇ ਗਹਿਣੇ ਪਾਈ ਸਾਰੀ ਜ਼ਮੀਨ ਛੁਡਵਾ ਲਈ।

ਭਲਾ ਹੋਵੇ ਐਸ ਪ੍ਰੀਤੋ ਦਾ, ਜੋ ਲੱਗਦੀ ਤਾਂ ਮੇਰੀ ਕੁਝ ਨਹੀਂ ਸੀ, ਕੋਈ ਰਿਸ਼ਤਾ ਨਹੀਂ ਸੀ ਮੇਰਾ ਇਸ ਨਾਲ, ਦੂਰ ਦੁਰਾਡੇ ਦੀ ਵੀ ਰਿਸ਼ਤੇਦਾਰੀ ਨਹੀਂ ਸੀ, ਪਰ ਇਸਨੇ ਢਿੱਡੋਂ ਜੰਮਿਆਂ ਤੋਂ ਵੱਧ ਬਣ ਕੇ ਮੇਰਾ ਬੁਢਾਪਾ ਸੰਭਾਲਿਆ। ਇਸੇ ਕਰਕੇ ਮੈਂ ਲੰਮੀ ਸੋਚ ਵਿਚਾਰ ਕਰਕੇ 4 ਕਿੱਲੇ ਜ਼ਮੀਨ ਅਤੇ ਘਰ ਇਸਦੇ ਨਾਂ ਕਰਨ ਦਾ ਫ਼ੈਸਲਾ ਕਰਕੇ ਵਸੀਅਤ ਰਜਿਸਟਰ ਕਰਵਾ ਦਿੱਤੀ ਹੈ। ਮੇਰੀ ਮੌਤ ਤੋਂ ਬਾਅਦ ਵਕੀਲ ਉਹ ਵਸੀਅਤ ਪਟਵਾਰੀ ਨੂੰ ਦੇ ਕੇ ਜ਼ਮੀਨ ਦਾ ਇੰਤਕਾਲ ਕਰਵਾ ਦੇਵੇਗਾ। ਮੈਨੂੰ ਫਖ਼ਰ ਹੈ ਕਿ ਮੈਂ ਅਕ੍ਰਿਤਘਣ ਨਹੀਂ ਬਣੀ ਤੇ ਪ੍ਰੀਤੋ ਦੀ ਸੇਵਾ ਦੀ ਕਦਰ ਪਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ। ਇਹ ਉਹੀ ਪ੍ਰੀਤੋ ਆ ਜਿਸਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪੈਂਦੀ ਕਿ ਪਾਣੀ ਦਾ ਗਲਾਸ ਫੜਾ ਦੇ। ਇਹ ਮੇਰਾ ਦਰਦ ਸਮਝਦੀ ਸੀ। ਬਾਕੀ ਦੇ 8 ਕਿੱਲੇ ਮੈਂ ਪਿੰਡ ਦਾ ਸਾਂਝਾ ਸਕੂਲ ਖੋਲ੍ਹਣ ਲਈ ਦਾਨ ਕੀਤੇ ਨੇ। ਵਸੀਅਤ ਵਿੱਚ ਇਹ ਵੀ ਲਿੱਖ ਦਿੱਤਾ ਕਿ ਸਕੂਲ ਨੂੰ ਪਿੰਡ ਦੇ 60 ਸਾਲ ਦੀ ਉਮਰ ਟੱਪ ਚੁੱਕੇ ਮਰਦ-ਔਰਤਾਂ (ਬਜ਼ੁਰਗਾਂ) ਦੀ ਆਪਸੀ ਸਹਿਮਤੀ ਜਾਂ ਬਹੁਮੱਤ ਨਾਲ ਚੁਣੇ 7 ਟਰੱਸਟੀ ਚਲਾਉਣਗੇ। ਮੈਨੂੰ ਭਰੋਸਾ ਹੈ ਕਿ ਸਕੂਲ ਦੀ ਉਸਾਰੀ ਅਤੇ ਬਾਅਦ ਦੇ ਖ਼ਰਚੇ ਪਿੰਡ ਦੇ ਵਿਦੇਸ਼ ਬੈਠੇ ਦਾਨੀ ਭੇਜਿਆ ਕਰਨਗੇ। ਜੇ ਤੁਹਾਨੂੰ ਮੇਰੀ ਰੂਹ ਤੋਂ ਅਸੀਸਾਂ ਲੈਣ ਦੀ ਲੋੜ ਮਹਿਸੂਸ ਹੋਏ ਤਾਂ ਕਦੇ ਕਦਾਈਂ ਕਮੇਟੀ ਨੂੰ ਦਾਨ ਪੁੰਨ ਭੇਜ ਦਿਆ ਕਰਿਓ। ਸਕੂਲ ’ਚ ਪੜ੍ਹਾਈ ਦੇ ਨਾਲ ਬੱਚਿਆਂ ਨੂੰ ਸਹਿਚਾਰ, ਵਿਵਹਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਸਿਖਾਉਣ ਦਾ ਇੱਕ ਪੀਰੀਅਡ ਹੋਇਆ ਕਰੇਗਾ ਤਾਂ ਕਿ ਉਹ ਤੁਹਾਡੇ ਵਾਂਗ ਅਣਕਿਆਸੇ ਹਾਲਾਤ ਵਿੱਚ ਵੀ ਆਪਣਾ ਮੂਲ ਭੁੱਲਾ ਨਾ ਸਕਣ। ਐਨਾ ਕੁ ਪੜ੍ਹਕੇ ਜੇ ਗੱਲ ਤੁਹਾਡੇ ਖਾਨੇ ਪੈ ਗਈ ਹੋਵੇ ਤਾਂ ਪ੍ਰੀਤੋ ਨਾਲ ਕਿਸੇ ਤਰ੍ਹਾਂ ਦਾ ਕਲੇਸ਼ ਕਰਨ ਦੀ ਥਾਂ ਆਪਣੀਆਂ ਗ਼ਲਤੀਆਂ ਨੂੰ ਚਿਤਾਰਿਓ। ਮੇਰੀ ਥਾਂ ਮੁਆਫ਼ੀ ਪ੍ਰੀਤੋ ਤੋਂ ਮੰਗ ਲੈਣਾ, ਇਹ ਬਹੁਤ ਹੀ ਵੱਡੇ ਦਿਲ ਵਾਲੀ ਔਰਤ ਹੈ।’’

ਸੰਪਰਕ: +16044427676

Advertisement
×