
ਗੁਰਚਰਨ ਕੌਰ ਥਿੰਦ
ਅੱਗੇ ਅੱਗੇ ਕਦਮ ਵਧਾਵੇ ਜਾਏ
ਮੁਕਾਉਂਦਾ ਵਾਟਾਂ ਨੀਰ
ਗੀਤ ਗ਼ਜ਼ਲ ਕਵਿਤਾਵਾਂ ਲਿਖਦਾ
ਲਿਖਦਾ ਦਿਲ ਦੀਆਂ ਬਾਤਾਂ ਨੀਰ
ਜਿਵੇਂ ਕੋਈ ਸੁਨਿਆਰਾ ਜੜਦਾ
ਚੁਣ ਚੁਣ ਮੋਤੀ ਮੁੰਦਰੀ ਵਿੱਚ
ਸ਼ੇਅਰਾਂ ਵਿੱਚ ਪਰੋ ਕੇ ਦੇਵੇ
ਖਿਆਲਾਂ ਦੀਆਂ ਸੁਗਾਤਾਂ ਨੀਰ।
(ਇੰਦਰਜੀਤ ਹਸਨਪੁਰੀ)
ਭਾਸ਼ਾ ਵਿਭਾਗ, ਪੰਜਾਬ ਦੁਆਰਾ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ’ ਨਾਲ ਵਿਦੇਸ਼ੀ ਸਾਹਿਤਕਾਰ ਵਜੋਂ ਸਨਮਾਨਤ ਕੇਸਰ ਸਿੰਘ ਨੀਰ ਕੈਲਗਰੀ ਦੇ ਸਾਹਿਤਕ ਹਲਕਿਆਂ ਦੀ ਨਾਮਵਰ ਹਸਤੀ ਹੈ। ਆਪਣੀਆਂ ਕਾਵਿਕ ਰਚਨਾਵਾਂ ਨਾਲ ਸਾਹਿਤਕ ਮੀਟਿੰਗਾਂ ਵਿੱਚ ਠੁੱਕ ਬੰਨ੍ਹ ਦੇ ਸ਼ਾਇਰ ਕੇਸਰ ਸਿੰਘ ਨੀਰ ਭੀੜ ਵਿੱਚੋਂ ਵੱਖਰਾ ਖੜੇ ਦਿਖਾਈ ਦਿੰਦਾ ਹੈ।
ਉਸ ਨੂੰ ਬਚਪਨ ਵਿੱਚ ਹੀ ਸ਼ਾਇਰੀ ਦੀ ਗੁੜ੍ਹਤੀ ਆਪਣੇ ਦਾਦਾ ਜੀ ਬਾਬੂ ਗੁਰਦਿੱਤ ਸਿੰਘ ਅਤੇ ਪਿਤਾ ਟਹਿਲ ਸਿੰਘ ਗੁਰਦੀਪ ਤੋਂ ਮਿਲ ਗਈ ਸੀ ਜੋ ਕਿ ਖ਼ੁਦ ਸਾਹਿਤ ਰਸੀਆ- ਗੀਤਾਂ ਅਤੇ ਕਵਿਤਾਵਾਂ ਦੇ ਰਚੇਤਾ ਸਨ। ਕਾਵਿਕ ਘਰੇਲੂ ਮਾਹੌਲ ਨੇ ਉਸ ਨੂੰ ਬਚਪਨ ਵਿੱਚ ਹੀ ਕਵਿਤਾਵਾਂ ਪੜ੍ਹਨ ਅਤੇ ਲਿਖਣ ਦੀ ਚੇਟਕ ਲਾ ਦਿੱਤੀ। ਅੱਠਵੀਂ ਵਿੱਚ ਪੜ੍ਹਦਿਆਂ ਉਹ ਧਾਰਮਿਕ ਕਵਿਤਾਵਾਂ ਲਿਖਣ ਲਗ ਪਿਆ ਸੀ। ਸਕੂਲ ਦੀ ਸਟੇਜ ’ਤੇ ਆਪਣੀਆਂ ਲਿਖੀਆਂ ਕਵਿਤਾਵਾਂ ਸੁਣਾਉਂਦਿਆਂ ਆਪਣੇ ਅਧਿਆਪਕਾਂ, ਖਾਸ ਤੌਰ ’ਤੇ ਆਪਣੇ ਹੈਡਮਾਸਟਰ ਗੁਰਨਾਮ ਸਿੰਘ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਉਹ ਉਸ ਨੂੰ ਹੋਰ ਸਟੇਜਾਂ ਅਤੇ ਕਾਨਫਰੰਸਾਂ ਵਿੱਚ ਲੈ ਕੇ ਜਾਂਦੇ ਜਿੱਥੇ ਉਹ ਆਪਣੀਆਂ ਅਤੇ ਹੋਰ ਕਵੀਆਂ (ਵਿਧਾਤਾ ਸਿੰਘ ਤੀਰ, ਪ੍ਰੋ. ਮੋਹਨ ਸਿੰਘ ਤੇ ਬਾਬੂ ਫਿਰੋਜ਼ਦੀਨ ਸ਼ਰਫ਼) ਦੀਆਂ ਰਚਨਾਵਾਂ ਬੁਲੰਦ ਅਵਾਜ਼ ਵਿੱਚ ਗਾਉਂਦਾ। ਇਸ ਤਰ੍ਹਾਂ ਉਹ ਸਕੂਲੀ ਪੜ੍ਹਾਈ ਦੌਰਾਨ ਹੀ ਸ਼ਾਇਰ ਵਜੋਂ ਜਾਣਿਆ ਜਾਣ ਲੱਗ ਪਿਆ। ਉਸ ਦੇ ਇਸੇ ਵਖਰੇਵੇਂ ਵਾਲੇ ਗੁਣਾਂ ਸਦਕਾ ਮਰੇੜੀ ਘਰੇਲੂ ਆਰਥਿਕ ਸਥਿਤੀ ਹੋਣ ਦੇ ਬਾਵਜੂਦ ਉਸ ਨੂੰ ਉਚੇਰੀ ਪੜ੍ਹਾਈ ਦੇ ਮੌਕੇ ਮਿਲਦੇ ਗਏ ਅਤੇ ਉਸ ਨੇ ਨੌਕਰੀ ਵਾਲੀ ਜੱਦੋਜਹਿਦ ਦੇ ਨਾਲ ਨਾਲ ਪੜ੍ਹਾਈ ਵਾਲੀ ਜੱਦੋਜਹਿਦ ਨੂੰ ਸਰ ਕਰਦੇ ਐੱਮ.ਏ.ਬੀ.ਐਡ. ਪਾਸ ਕਰ ਅਧਿਆਪਨ ਦੇ ਕਿੱਤੇ ਵਿੱਚ ਮਾਣ ਹਾਸਲ ਕੀਤਾ।
ਕੇਸਰ ਸਿੰਘ ਨੀਰ ਦਾ ਜਨਮ ਉਸ ਦੌਰ ਵਿੱਚ ਹੋਇਆ ਜਦੋਂ 1935 ਵਿੱਚ ਫਰਾਂਸ ਵਿੱਚ ‘ਪ੍ਰਗਤੀਸ਼ੀਲ ਲੇਖਕ ਸੰਘ’ ਬਣ ਚੁੱਕਾ ਸੀ ਅਤੇ ਉਦੋਂ ਕੁ ਹੀ 1936 ਵਿੱਚ ‘ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ’ ਦੀ ਸਥਾਪਨਾ ਹੋਈ। ਇਸ ਨੇ ਭਾਰਤੀ ਲੇਖਕਾਂ ਵਿੱਚ ਵਿਚਾਰਧਾਰਕ ਮੁੱਦੇ ਨੂੰ ਜਨਮ ਦਿੱਤਾ ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਰਮਸ਼ੀਲ ਹੈ। ਇਸ ਤਰ੍ਹਾਂ ਲੇਖਕ ਪ੍ਰਗਤੀਸ਼ੀਲ ਅਤੇ ਅਗਾਂਹਵਧੂ ਹੋਣ ਲੱਗੇ। ਉਸ ਸਮੇਂ 1933 ਵਿੱਚ ਨੀਰ ਨੇ ਅੱਖਾਂ ਖੋਲ੍ਹੀਆਂ, ਜੁਆਨ ਹੋਇਆ, ਕਲਮ ਫੜੀ ਅਤੇ ਉਸ ਦੀ ਕਲਮ ਵੀ ਇਸ ਦੇ ਨਾਲ ਨਾਲ ਜੁਆਨ ਹੁੰਦੀ ਗਈ।
ਉਸ ਦੀ ਲੇਖਣੀ ਦੀ ਸ਼ੁਰੂਆਤ ਧਾਰਮਿਕ ਕਵਿਤਾਵਾਂ ਨਾਲ ਹੋਈ ਸੀ। ਉਸ ਦੇ ਹੈੱਡਮਾਸਟਰ ਨੇ 1950 ਵਿੱਚ ਉਸ ਦੀਆਂ ਕਵਿਤਾਵਾਂ ਦਾ ਪੈਂਫਲੈੱਟ ‘ਪ੍ਰੀਤ ਪੁਕਾਰਾਂ’ ਛਪਵਾ ਕੇ ਅਤੇ ਸਕੂਲੀ ਬੱਚਿਆਂ ਵਿੱਚ ਵੰਡ ਕੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ। ਉਦੋਂ ਇਹ ਕੇਸਰ ਸਿੰਘ ‘ਪ੍ਰੀਤ’ ਨਾਂ ਹੇਠ ਲਿਖਦਾ ਸੀ ਜੋ ਕਿ ਬਾਅਦ ਵਿੱਚ ਕੇਸਰ ਸਿੰਘ ‘ਨੀਰ’ ਨਾਂ ਵਿੱਚ ਤਬਦੀਲ ਕਰ ਗਿਆ। ‘ਨੀਰ’ ਜੋ ਠੰਢੇ ਨਿਰਮਲ ਪਾਣੀ ਦੇ ਲਗਾਤਾਰ ਵਹਿੰਦੇ ਵਹਿਣ ਵਾਂਗ ਉਸ ਦੀ ਲੇਖਣੀ ਦੀ ਲਗਾਤਾਰਤਾ ਦਾ ਪ੍ਰਤੀਕ ਹੋ ਨਿੱਬੜਿਆ ਹੈ।
ਘਰ ਤੋਂ ਬਾਹਰ ਦੀ ਜ਼ਿੰਦਗੀ ਦੇ ਫੈਲਾਅ ਨੇ ਉਨ੍ਹਾਂ ਦੀ ਲੇਖਣੀ ਵਿੱਚ ਰੁਮਾਂਟਿਕ ਰੰਗ ਵੀ ਭਰਿਆ।
ਖੋ ਖੋ ਕੇ ਵਿੱਚ ਖਿਆਲਾਂ ਦੇ ਮੈਂ ਤੈਨੂੰ ਪਾਉਂਦਾ ਰਹਿੰਦਾ ਹਾਂ।
ਮੈਂ ਦਿਲ ਦੀ ਤਖਤੀ ’ਤੇ ਤੇਰੀ ਤਸਵੀਰ ਬਣਾਉਂਦਾ ਰਹਿੰਦਾ ਹਾਂ।
ਰੀਝਾਂ ਦੀ ਦੇਵੀ ਰੀਝ ਪਵੇ ਪੁੱਗ ਜਾਵੇ ਆਸ ਪੁਜਾਰੀ ਦੀ
ਸਹਿ ਹੰਝੂ ਹਉਕੇ ਹਾਵਾਂ ਦੀ ਮੈਂ ਭੇਟ ਚੜ੍ਹਾਉਂਦਾ ਰਹਿੰਦਾ ਹਾਂ।
ਜ਼ਿੰਦਗੀ ਦੀ ਜੱਦੋਜਹਿਦ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਸਮਾਜਿਕ ਤਲਖ਼ੀਆਂ ਦੇ ਸੰਘਰਸ਼ ਦੇ ਅਨੁਭਵਾਂ ਨੇ ਸਮੇਂ ਦੇ ਨਾਲ ਕਾਵਿਕ ਲੇਖਣੀ ਵਿੱਚ ਵੀ ਮੋੜ ਲੈ ਆਂਦਾ। ਉਸ ਦੀਆਂ ਰਚਨਾਵਾਂ ਵਿੱਚ ਸਮਾਜਿਕ, ਪ੍ਰੋਗਰੈਸਿਵ ਅਤੇ ਇਨਕਲਾਬੀ ਵਿਚਾਰਾਂ ਦਾ ਪ੍ਰਗਟਾਅ ਆਪ ਮੁਹਾਰੇ ਹੋਣ ਲੱਗਾ:
ਅਜੇ ਸੰਸਾਰ ਇਹ ਜੋਕਾਂ ਦਾ ਹੈ, ਲੋਕਾਂ ਦਾ ਨਹੀਂ ਬਣਿਆ
ਅਸੀਂ ਤਾਂ ਲੋਚਦੇ ਹਾਂ ਬਣ ਜਾਏ ਸੰਸਾਰ ਲੋਕਾਂ ਦਾ।
ਅਨਿਆਂ ਵਿਰੁੱਧ ਅਤੇ ਆਪਣੇ ਹੱਕਾਂ ਲਈ ਲੜਨ ਦੀ ਸੋਚ ਨੇ ਜੇਲ੍ਹ ਯਾਤਰਾ ਵੀ ਕਰਵਾਈ। ਅਧਿਆਪਕ ਯੂਨੀਅਨ ਦੇ ਸਰਗਰਮ ਕਾਰਕੁੰਨ (ਜਗਰਾਉਂ ਦੇ ਬਲਾਕ ਪ੍ਰਧਾਨ) ਹੋਣ ਕਰਕੇ ਕੋਠਾਰੀ ਕਮਿਸ਼ਨ ਦੀਆਂ ਮੰਗਾਂ ਮਨਵਾਉਣ ਲਈ ਕੀਤੇ ਗਏ ਸੰਘਰਸ਼ ਦੌਰਾਨ ਉਸ ਨੂੰ 6-7 ਮਹੀਨੇ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪਈਆਂ। ਉਪਰੰਤ ‘ਬੇਰੁਜ਼ਗਾਰ ਅਧਿਆਪਕ ਯੂਨੀਅਨ’ ਦਾ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਦਾ ਸਮਰਥਨ ਕਰਦੇ ਦੋ ਮਹੀਨੇ ਦੀ ਜੇਲ੍ਹ ਯਾਤਰਾ ਕੀਤੀ। ਉਸ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਰਹਿੰਦਿਆਂ ਨਾਮਵਰ ਸ਼ਖ਼ਸੀਅਤਾਂ ਦਾ ਸਾਥ ਮਿਲਿਆ, ਪੜ੍ਹਨ ਲਈ ਕਮਿਊਨਿਜ਼ਮ ਵਿਚਾਰਧਾਰਾ ਦਾ ਸਾਹਿਤ ਮਿਲਿਆ ਅਤੇ ਪੜ੍ਹਨ ਲਈ ਸਮਾਂ ਵੀ ਮਿਲਿਆ। ਜਿਸ ਕਾਰਨ ਲੇਖਣੀ ਵਿੱਚ ਵਿਚਾਰਧਾਰਕ ਤਬਦੀਲੀ ਆਈ ਅਤੇ ਉਸ ਦੀ ਲੇਖਣੀ ਸੁਹਜਾਤਮਕ ਸਮਾਜ ਦੀ ਸਥਾਪਤੀ ਦੀ ਪ੍ਰਕਿਰਿਆ ਨਾਲ ਜੁੜ ਗਈ। ਉਸ ਦੀ ਸ਼ਾਇਰੀ ਸਮਾਜਿਕ ਪਿਆਰ ਦੀ ਗਾਥਾ ਨਾਲ ਵੀ ਜੁੜੀ ਹੈ, ਜਿਸ ਨੇ ਉਸ ਨੂੰ ਮੁਲਾਜ਼ਮ ਲਹਿਰ ਨਾਲ ਅਤੇ ਅਧਿਆਪਕ ਲਹਿਰ ਦੀ ਚੇਤਨ ਪ੍ਰਕਿਰਿਆ ਨਾਲ ਜੋੋੜਿਆ।
* ਜੇਲ੍ਹ ਵਿੱਚ ਲਿਖੀਆਂ ਰਚਨਾਵਾਂ ਦੀ ਵੰਨਗੀ:
ਚਰਚਾ ਅਸਾਡੇ ਸਿਦਕ ਦਾ ਹੁਣ ਆਮ ਹੋ ਗਿਆ
ਕਾਤਲ ਹੈ ਸਾਰੇ ਸ਼ਹਿਰ ਵਿੱਚ ਬਦਨਾਮ ਹੋ ਗਿਆ
ਜ਼ਬਰਾਂ ਭਲਾ ਕੀ ਰੋਕਣੇ ਸਿਦਕਾਂ ਦੇ ਕਾਫ਼ਲੇ
ਪ੍ਰਚੰਡ ਹੋਰ ਵੀ ਸਗੋਂ ਸੰਗਰਾਮ ਹੋ ਗਿਆ।
* ਅਸੀਂ ਹਾਂ ਪੱਤ ਸੁੱਕੇ ਰੁਲ਼ ਰਹੇ ਧਰਤੀ ’ਤੇ ਥਾਂ ਥਾਂ ’ਤੇ
ਇਕੱਠੇ ਹੋ ਬਲ਼ੇ ਤਾਂ ਜ਼ਬਰ ਦੀ ਲੰਕਾ ਜਲਾਵਾਂਗੇ।
ਨਹੀਂ ਹੈ ਗ਼ਮ ਸੜ ਰਹੇ ਹਾਂ ਜੇਲ੍ਹਾਂ ਦੇ ਹਨੇਰੇ ਵਿੱਚ
ਅਸੀਂ ਇਉਂ ਲਕਸ਼ ਦੇ ਦੀਵੇ ’ਚ ਹੀ ਚਰਬੀ ਜਲਾਵਾਂਗੇ।
* ਭਗਤ ਸਰਾਭੇ ਦੇ ਹਾਂ ਵਾਰਿਸ।
ਸਾਡੇ ਸਾਹਵੇਂ ਦੱਸੋ ਕਿਵੇਂ
ਟਿਕਣਗੀਆਂ ਇਹ ਰੇਤ ਦੀਆਂ ਦੀਵਾਰਾਂ।
* ਜੱਗ ਦੇ ਉੱਤੇ ਕੀ ਜ਼ਿੰਦਗਾਨੀ ਦੱਸੋ ਬੇਰੁਜ਼ਗਾਰਾਂ ਦੀ
ਆਸ ਦੀ ਖਾਤਰ ਥਾਂ ਥਾਂ ਰੁਲਦੇ ਹੀਰੇ ਲਾਲ ਜਵਾਹਰਾਂ ਦੀ।
ਇਸ ਸਮੇਂ ਦੀ ਗ਼ਜ਼ਲ ਵਿੱਚ ਵਿਅੰਗ ਵੀ ਰੂਪਮਾਨ ਹੈ:
* ਭਾਲਦਾਂ ਏ ਨੌਕਰੀ ਤੇ ਨਾਲ ਰੱਖਦਾਂ ਏ ਖ਼ੁਦੀ
ਕੰਮ ਦੀ ਇਹ ਚੀਜ਼ ਕਿੱਥੇ ਨੌਕਰੀ ਦੇ ਵਾਸਤੇ।
* ਪਹਿਲਾਂ ਨਿਆਂ ਦਾ ਵਾਸ ਸਚਾਈ ਦੇ ਕੋਲ ਸੀ।
ਹੁਣ ਹੈ ਨਿਆਂ ਦਾ ਵਾਸ ਗਵਾਹਾਂ ਦੇ ਕੋਲ ਕੋਲ।
ਇਹ ਵਿਅੰਗ ਅੱਜ ਵੀ ਓਨਾ ਹੀ ਸੱਚ ਅਤੇ ਪ੍ਰਤੱਖ ਹੈ। ਦੇਸ਼ ਵਿੱਚ ਅੱਜ ਵੀ ਬੇਰੁਜ਼ਗਾਰ ਨੌਕਰੀਆਂ ਭਾਲਦੇ ਉਨ੍ਹਾਂ ਜ਼ਹਿਮਤਾਂ ਵਿੱਚੋਂ ਲੰਘ ਰਹੇ ਹਨ। ਜੇਲ੍ਹ ਵਿੱਚ ਘਰ-ਪਰਿਵਾਰ ਦੀ ਤੜਪ ਤੇ ਵਿਯੋਗ ਉਸ ਦੀ ਲੇਖਣੀ ਵਿੱਚ ਮਾਨਵਵਾਦੀ ਸੋਚ ਵਾਂਗ ਰੂਪਮਾਨ ਹੋਏ।
* ਕਦੇ ਟਿਕਦਾ ਨਹੀਂ ਦਿਲ ਦਾ ਪਖੇਰੂ ਇੱਕ ਟਾਹਣੀ ’ਤੇ
ਕਦੇ ਮੈਂ ਰੀਝ ਬਣ ਜਾਵਾਂ ਕਦੇ ਅਰਮਾਨ ਹੋ ਜਾਵਾਂ।
* ਚਮਕਦਾ ਵੇਖਿਆ ਮੈਂ ਜੇਲ੍ਹ ਵਿੱਚ ਉਂਜ ਤਾਂ ਸੂਰਜ
ਹਰੇ ਖੇਤਾਂ ’ਚ ਸੂਰਜ ਦੇ ਨਜ਼ਾਰੇ ਹੋਰ ਹੁੰਦੇ ਹਨ।
ਜੇਲ੍ਹ ਵਿੱਚ ਮਿਲਣ ਆਈ ਬੇਟੀ ਸਮੇਤ ਸਾਰੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਨੂੰ ਮੁਖਾਤਬ ਹੋ ਲਿਖੀ ‘ਮੁਲਾਕਾਤ’ ਨਜ਼ਮ ਯਥਾਰਥ ਦੇ ਰੂਬਰੂ ਹੈ:
ਮੈਂ ਤੇ ਮੇਰੇ ਸਾਥੀ ਅਤੇ ਮੇਰੀਆਂ ਭੈਣਾਂ
ਜੇਲ੍ਹਾਂ ਦੇ ਇਸ ਜ਼ਾਬਰ ਨ੍ਹੇਰੇ ਅੰਦਰ
ਤੇਰੇ ਵਰਗੇ ਬੱਚਿਆਂ ਖਾਤਰ ਚਾਨਣ ਲੱਭਣ ਆਏ ਹਾਂ।
ਇੰਜ ‘ਨੀਰ’ ਨੇ ਆਪਣੇ ਆਦਰਸ਼ਾਂ ਅਤੇ ਨੀਤੀਆਂ ਦੀ ਪੂਰਤੀ ਹਿੱਤ ਹਾਕਮ ਸ਼੍ਰੇਣੀ ਦੀਆਂ ਵਧੀਕੀਆਂ ਅਤੇ ਅਸਾਵੀਆਂ ਮਾਰੂ ਨੀਤੀਆਂ ਪ੍ਰਤੀ ਆਪਣੀਆਂ ਕਵਿਤਾਵਾਂ ਗ਼ਜ਼ਲਾਂ ਰਾਹੀਂ ਵਿਦਰੋਹੀ ਆਵਾਜ਼ ਉੱਚੀ ਕੀਤੀ ਅਤੇ ਜੇਲ੍ਹ ਕੱਟੀ।
ਹੋਰਾਂ ਵਾਂਗ ਆਪਣੇ ਚੰਗੇਰੇ ਭਵਿੱਖ ਲਈ, ਜਦੋਂ ਉਸ ਦੀ ਬੇਟੀ ਨੇ ਸਪਾਂਸਰ ਕੀਤਾ ਤਾਂ ‘ਨੀਰ’ ਹੁਰੀਂ ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਕੈਨੇਡਾ ਆ ਵੱਸੇ। ਵਿਦੇਸ਼ੀ ਧਰਤੀ ’ਤੇ ਆ ਕਈ ਪ੍ਰਕਾਰ ਦੀਆਂ ਦੁਸ਼ਵਾਰੀਆਂ ਨਾਲ ਬਾਵਸਤਾ ਹੋਣਾ ਪਿਆ ਹੋਵੇਗਾ, ਪਰ ਉਸ ਨੇ ਆਪਣੀ ਲੇਖਣੀ ਨਾਲ ਸਮਝੌਤਾ ਨਹੀਂ ਕੀਤਾ। ਕਾਵਿ-ਰਚਨਾ ਹਮੇਸ਼ਾਂ ਉਨ੍ਹਾਂ ਦੇ ਅੰਗ-ਸੰਗ ਰਹੀ। ਹੁਣ ਉਸ ਵਿੱਚ ਪਿੱਛੇ ਰਹਿ ਗਏ ਘਰ, ਪਰਿਵਾਰ, ਦੇਸ਼ ਦੀ ਮਿੱਟੀ ਦਾ ਵਿਯੋਗ ਅਤੇ ਇੱਥੋਂ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਤਲਖ਼ ਅਨੁਭਵਾਂ ਦੀ ਸੋਚ ਵੀ ਸ਼ਾਮਲ ਹੋ ਗਈ:
* ਯਾਦ ਕਰਕੇ ਦੇਸ਼ ਦੇ ਸਰਘੀ, ਸਵੇਰੇ ਖ਼ਤ ਲਿਖੇ।
ਯਾਦ ਕਰਕੇ ਆਪਣੇ ਕੋਠੇ, ਬਨੇਰੇ ਖ਼ਤ ਲਿਖੇ।
ਦੇਸ਼ ਦੀ ਮਿੱਟੀ ਜਦ ਵੀ ਯਾਦ ਆਈ ਹੈ ਕਦੇ
ਓਸ ਵੇਲੇ ਦੇਸ਼ ਮੇਰੇ, ਨਾਮ ਤੇਰੇ ਖ਼ਤ ਲਿਖੇ।
* ਕਿਸੇ ਕੋਲ ਨਹੀਂ ਹੈ ਵਿਹਲ ਇੱਥੇ ਕੰਨ ਖੁਰਕਣ ਦੀ
ਦਿਨੇ ਰਾਤ ਰੁਝੇਵੇਂ ਵਿੱਚ ਸਾਰੇ ਯਾਰ ਦੇਖੇ ਨੇ।
ਅਸਾਡੇ ਖ਼ੂਨ ਦੇ ਰਿਸ਼ਤੇ, ਅਸਾਡੇ ਸਾਕ ਆਂਦਰ ਦੇ
ਬੇਗਾਨੀ ਧਰਤੀ ਉੱਤੇ ਪਹੁੰਚ ਖੱਜਲ ਖ਼ੁਆਰ ਦੇਖੇ ਨੇ।
* ਕੌਣ ਕਹਿੰਦੇ ਦੇਸ਼ ਮੇਰਾ ਮੈਨੂੰ ਪਿਆਰਾ ਨਹੀਂ।
ਕੀ ਕਰਾਂ ਜਦ ਰਿਜ਼ਕ ਦਾ ਓਥੇ ਕੋਈ ਚਾਰਾ ਨਹੀਂ।
* ਨਾ ਘਰ ਇਹ ਆਪਣਾ ਜਾਪੇ,
ਨਾ ਏਥੋਂ ਦੇਸ਼ ਮੁੜ ਹੋਵੇ।
ਹੈ ਕੋਂਹਦਾ ਦਿਨੇ ਰਾਤੀਂ,
ਇਸੇ ਅਹਿਸਾਸ ਦਾ ਮੌਸਮ।
ਕਾਵਿ ਸਿਰਜਨਾ ਬਾਰੇ ਨੀਰ ਦਾ ਕਹਿਣਾ ਹੈ, ‘ਕਵੀ ਇੱਕ ਸਮਾਜਿਕ ਜੀਵ ਹੈ। ਸੱਚਾ ਲੇਖਕ ਜਿੱਥੇ ਜ਼ੁਲਮ ਹੁੰਦਾ ਹੈ, ਉਹ ਉਹਦੀ ਗੱਲ ਜ਼ਰੂਰ ਕਰੇਗਾ। ਜੋ ਲੋਕਾਂ ਦਾ ਕਲਿਆਣਕਾਰੀ ਸਾਹਿਤ ਨਹੀਂ ਰਚਦਾ, ਉਹ ਸਾਹਿਤਕਾਰ ਨਹੀਂ ਗਿਣਿਆ ਜਾਂਦਾ। ਉਸੇ ਸਾਹਿਤਕਾਰ ਨੂੰ ਚੰਗਾ ਕਹਿੰਦੇ ਹਾਂ ਜਿਨ੍ਹਾਂ ਨੇ ਸਮਾਜ ਨੂੰ ਸੁਧਾਰਨ ਲਈ, ਚੰਗਾ ਬਣਾਉਣ ਲਈ ਲਿਖਿਆ ਹੋਵੇ। ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਨਾਨਕ ਸਿੰਘ ਹੁਰਾਂ ਦੀ ਲੇਖਣੀ ਸੁਧਾਰਵਾਦੀ ਸੀ।”
ਆਪਣੇ ਕਾਵਿ ਰਚਨਾ ਦੇ ਲੰਮੇ ਸਫ਼ਰ ਵਿੱਚ ਨੀਰ ਨੇ 1960 ਤੋਂ ਲੈ ਕੇ 2019 ਤੱਕ ਦੇ ਆਪਣੇ ਲੇਖਣੀ ਦੇ ਪੰਧ ਵਿੱਚ ਕਸਕਾਂ (ਕਾਵਿ-ਸੰਗ੍ਰਿਹ) (1960), ਗ਼ਮ ਨਹੀਂ (ਕਾਵਿ-ਸੰਗ੍ਰਿਹ) 1981, ਕਿਰਨਾਂ ਦੇ ਬੋਲ (ਗ਼ਜ਼ਲ ਸੰਗ੍ਰਿਹ) 1989, ਅਣਵਗੇ ਅੱਥਰੂ (ਗ਼ਜ਼ਲ-ਸੰਗ੍ਰਿਹ) 1996, ਨੈਣਾਂ ਦੇ ਮੋਤੀ (ਕਾਵਿ-ਸੰਗ੍ਰਿਹ), ਚਾਰੇ ਪੁਸਤਕਾਂ ਇੱਕ ਜਿਲਦ ’ਚ (2006), ਆਰ ਦੀਆਂ ਤੇ ਪਾਰ ਦੀਆਂ (ਕਾਵਿ-ਸੰਗ੍ਰਿਹ) 2010, ਮਹਿਕ ਪੀੜਾਂ ਦੀ (ਗ਼ਜ਼ਲ-ਸੰਗ੍ਰਿਹ) 2019 ਨਾਂ ਨਾਲ ਕੁੱਲ ਸੱਤ ਕਿਤਾਬਾਂ ਪਾਠਕਾਂ ਦੇ ਰੂਬਰੂ ਕੀਤੀਆਂ ਹਨ। ਉਸ ਦੀਆਂ ਬੱਚਿਆਂ ਲਈ ਗੀਤਾਂ ਦੀਆਂ ਪੰਜ ਬਾਲ-ਪੁਸਤਕਾਂ ਵੀ ਜ਼ਿਕਰਯੋਗ ਹਨ।
ਨੀਰ ਦੀ ਲੇਖਣੀ ਦੀ ਪਹਿਲੀ ਪਸੰਦ ‘ਗ਼ਜ਼ਲ’ ਰਹੀ ਹੈ। ਉਹ ਪ੍ਰਿੰਸੀਪਲ ਤਖ਼ਤ ਸਿੰਘ ਦੇ ਗ਼ਜ਼ਲ ਸਕੂਲ ਦੇ ਗੁੜ੍ਹੇ ਹੋਏ ਗ਼ਜ਼ਲਗੋ ਹਨ, ਪਰ ਗ਼ਜ਼ਲਾਂ ਦੇ ਨਾਲ ਉਸ ਨੇ ਗੀਤ, ਕਵਿਤਾਵਾਂ, ਰੁਬਾਈਆਂ ਅਤੇ ਚੁਬਰਗੇ ਵੀ ਲਿਖੇ ਹਨ। ਉਹ ਦੱਸਦਾ ਹੈ ਕਿ ਚੁਬਰਗਾ ਚਾਰ ਪੰਕਤੀਆਂ ਦਾ ਹੁੰਦਾ ਹੈ। ਰੁਬਾਈ ਦੇ ਕੁਝ ਖਾਸ ਵਜ਼ਨ ਹੁੰਦੇ ਹਨ, ਪਰ ਚੁਬਰਗੇ ਦਾ ਕੋਈ ਵਜ਼ਨ ਨਹੀਂ ਹੁੰਦਾ ਹੈ। ਜਿਵੇਂ:
* ਕਦ ਤੀਕ ਆਸ ’ਤੇ ਨਿਰਬਾਹ ਕਰੇ ਕੋਈ।
ਕਦ ਤੀਕ ਮੇਲ-ਚਿਣਗ ਨੂੰ, ਠੰਢਾ ਕਰੇ ਕੋਈ।
ਸੁਪਨੇ ਸਦਾ ਹੀ ਮੇਲ ਦੇ ਆਉਂਦੇ ਨੇ ਰਾਂਗਲੇ
ਸੁਪਨਾ ਅਸਾਡਾ ਸੱਚ ਵੀ ਬਣਿਆ ਕਰੇ ਕੋਈ।
* ਅਰਥੀ ਮੇਰੀ ਨੂੰ ਆ ਕੇ ਮੋਢਾ ਲਾਓ ਦੋਸਤੋ!
ਇਉਂ ਪਿਆਰ ਇਹ ਅੰਤਲਾ ਪੁਗਾਓ ਦੋਸਤੋ!
ਮੈਂ ਉਮਰ ਭਰ ਮੁਸਕਰਾਂਦਾ ਰਿਹਾ ਹਾਂ
ਅਰਥੀ ਉਠਾ ਕੇ ਮੁਸਕਰਾਓ ਦੋਸਤੋ!
ਨੀਰ ਨੇ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਤੇ ਆਰਥਿਕ ਪਾੜੇ ’ਤੇ ਆਧਾਰਿਤ ਕਾਵਿ-ਰਚਨਾਵਾਂ ਦੇ ਨਾਲ ਨਾਲ, ਸਮੇਂ ਸਮੇਂ ਵਾਪਰੇ ਖੂਨੀ-ਕਾਡਾਂ ਬਾਰੇ ਅਤੀ ਸੰਵੇਦਨਸ਼ੀਲ ਕਾਵਿ-ਰਚਨਾਵਾਂ ਲਿਖੀਆਂ ਹਨ। ਮਨੁੱਖੀ ਵੇਦਨਾ ਨੂੰ ਆਪਣੀ ਸੰਵੇਦਨਾ ਵਿੱਚ ਢਾਲ ਕਾਵਿਮਈ ਰੂਪ ਦੇਣ ਵਿੱਚ ਉਹ ਨਿਪੁੰਨ ਹੈ:
* ਇਹ ਕੇਹੇ ਦਿਨ ਆਏ ਨੀਂ ਜਿੰਦੇ ਮੇਰੀਏ!
ਧਰਤ ਲਹੂ ਨਾਲ ਨ੍ਹਾਏ ਨੀਂ ਜਿੰਦੇ ਮੇਰੀਏ।
ਮਾਵਾਂ, ਭੈਣਾਂ, ਰੋ ਰੋ ਕੇ ਹੀ ਪਾਗਲ ਹੋਈਆਂ
ਪੁੱਤਰ ਵੀਰ ਗਵਾਏ ਨੀਂ ਜਿੰਦੇ ਮੇਰੀਏ।
* ਦੌਰ ਕੈਸਾ ਰਾਕਟਾਂ ਤੇ ਐਟਮਾਂ ਦਾ ਆ ਗਿਆ
ਹੋ ਗਿਆ ਏ ਰਾਗਣੀ ਤੋਂ ਬੰਸਰੀ ਦਾ ਫਾਸਲਾ।
* ਬਾਗ਼ ਦਾ ਫੁੱਲ ਹੀ ਹੁਣ ਖਾਰ ਹੁੰਦਾ ਜਾ ਰਿਹਾ।
ਦੇਖ ਕੈਸਾ ਅੱਜ ਦਾ ਸੰਸਾਰ ਹੁੰਦਾ ਜਾ ਰਿਹਾ।
ਚੰਦ ਦੀ ਵੀ ਸੈਰ ਕਰ ਆਇਆ ਹੈ ਆਦਮੀ
ਧਰਤ ਉੱਤੇ ਫੇਰ ਵੀ ਬੀਮਾਰ ਹੁੰਦਾ ਜਾ ਰਿਹਾ।
ਨੀਰ ਦੇ ਸ਼ੇਅਰਾਂ ਵਿੱਚ ਸ਼ਬਦਾਂ ਦਾ ਦੁਹਰਾਓ ਸ਼ੇਅਰ ਦੇ ਅਰਥਾਂ ਦੇ ਨਾਲ ਸ਼ੇਅਰ ਦੀ ਖ਼ੂਬਸੂਰਤੀ ਨੂੰ ਚਾਰ ਚੰਦ ਲਾਉਂਦਾ ਹੈ ਜੋ ਕਿ ਪੜ੍ਹਨ ਵਾਲੇ ਨੂੰ ਦੂਹਰਾ ਆਨੰਦ ਦਿੰਦਾ ਹੈ।
* ਤੜਪਣ ਦੇ ਅੰਦਰ ਜੀਵਨ ਏਂ,
ਤਾਹੀਂ ਤੇ ਉਸਦੀ ਪੀੜਾ ਥੀਂ,
ਲੂੰ ਲੂੰ ਤੜਪਾਈ ਬੈਠੇ ਹਾਂ,
ਜੀਵਨ ਗਰਮਾਈ ਬੈਠੇ ਹਾਂ।
* ਦੋਸਤੀ ਪਾਲ਼ੀ ਨਾ ਭਾਵੇਂ ਦੋਸਤਾਂ
ਮੈਂ ਉਨ੍ਹਾਂ ਦੀ ਪੀੜ ਵੀ ਪਾਲ਼ੀ ਗਿਆ।
ਗੁਰੂ ਤੇਗ ਬਹਾਦਰ ਜੀ ਦੇ 300ਵੇਂ ਸ਼ਹੀਦੀ ਦਿਹਾੜੇ ’ਤੇ ਇੱਕ ਮੁਸ਼ਾਇਰੇ ਵਿੱਚ ਨੀਰ ਦਾ ਆਪਣੇ ਗ਼ਜ਼ਲ-ਗੁਰੂ ਪ੍ਰਿੰਸੀਪਲ ਤਖ਼ਤ ਸਿੰਘ ਹੁਰਾਂ ਨਾਲ ਹਿੱਸਾ ਲੈਣ ਦਾ ਸਬੱਬ ਬਣ ਗਿਆ। ਪਹਿਲਾਂ ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਵਾਰੀ ਆਈ। ਉਨ੍ਹਾਂ ਨੇ ਆਪਣੀ ਰਚਨਾ ਪੇਸ਼ ਕੀਤੀ। ਬਾਅਦ ਵਿੱਚ ਜਦੋਂ ਨੀਰ ਦੀ ਵਾਰੀ ਆਈ ਤਾਂ ਉਨ੍ਹਾਂ ਗ਼ਜ਼ਲ ਸੁਣਾਈ ਜਿਸ ਦੇ ਕੁਝ ਸ਼ੇਅਰ ਹਨ:
ਸੁਣੀ ਜੇ ਆਹ ਪੰਡਤਾਂ ਦੀ ਤਾਂ ਆਹ ਦਾ ਰੂਪ ਹੋ ਗਏ ਉਹ
ਉਹ ਫੜਕੇ ਬਾਂਹ ਸਿਰ ਦੇਂਦੇ ਤੁਰ ਜਾਇਆ ਨਹੀਂ ਕਰਦੇ।
ਉਹਨਾਂ ਨੂੰ ਮੌਤ ਵਿੱਚੋਂ ਜ਼ਿੰਦਗੀ ਦਾ ਨੂਰ ਹੈ ਦਿਸਦਾ
ਉਹ ਖ਼ੁਦ ਜਾਂਦੇ ਨੇ ਕਾਤਲ ਕੋਲ ਭੈਅ ਖਾਇਆ ਨਹੀਂ ਕਰਦੇ।
ਜੋ ਦੇ ਕੇ ਸੀਸ ਆਪਣਾ ਬਣੇ ਹਿੰਦ ਦੀ ਚਾਦਰ
ਅਜੇਹੇ ਮਰਦ ਮਰਕੇ ਵੀ ਮਰਿਆ ਨਹੀਂ ਕਰਦੇ।
ਸਾਡੀ ਲੋਕ ਬੋਲੀ ਹੈ:
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ
ਗਾਉਣ ਵਾਲੇ ਦਾ ਮੂੰਹ।
ਬੋਲੀ ਮੈਂ ਪਾਵਾਂ, ਨੱਚ ਗਿੱਧੇ ਵਿੱਚ ਤੂੰ।
ਸੋ ਜਿਵੇਂ ਨੱਚਣ ਵਾਲੇ ਨੱਚਣਾ ਨਹੀਂ ਛੱਡਦੇ ਤੇ ਗਾਉਣ ਵਾਲਾ ਗਾਉਣ ਬਗੈਰ ਨਹੀਂ ਰਹਿ ਸਕਦਾ, ਇੰਜ ਹੀ ਜਿੰਨਾ ਚਿਰ ਹੱਥ ਵਿੱਚ ਕਲਮ ਫੜਨ ਦੀ ਤਾਕਤ ਹੈ ਲੇਖਕ ਦੀ ਕਲਮ ਦੀ ਸਿਆਹੀ ਵੀ ਨਹੀਂ ਸੁੱਕਦੀ। ਉਹ ਜ਼ਿੰਦਗੀ ਦੇ ਨੌਵੇਂ ਦਹਾਕੇ ਵਿੱਚ ਹਨ, ਉਮੀਦ ਹੈ ਉਹ ਹੁਣ ਵੀ ਨਵਾਂ ਰਚ ਰਹੇ ਹੋਣਗੇ। ਜੋ ਜਲਦ ਹੀ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ।
ਸੰਪਰਕ: 403-402-9635
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ