ਕੈਨੇਡਾ ਵਾਸ

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ...

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ...

ਸ਼ਮੀਲ

ਮੇਰਾ ਇਕ ਦੋਸਤ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਕੈਨੇਡਾ ਦੇ ਸ਼ਹਿਰ ਐਡਮਿੰਟਨ ਆਇਆ। ਭਾਰਤ ਵਿਚ ਉਸਦੀ ਠੀਕ-ਠਾਕ ਨੌਕਰੀ ਸੀ। ਆਪਣੇ ਪ੍ਰੋਫੈਸ਼ਨ ਵਿਚ ਉਸਨੇ ਪਛਾਣ ਬਣਾਈ ਹੋਈ ਸੀ, ਪਰ ਕੋਈ ਕੈਨੇਡੀਅਨ ਸੁਪਨਾ ਉਸਨੂੰ ਕੈਨੇਡਾ ਲੈ ਆਇਆ। ਇੱਥੇ ਆਉਣ ਤੋਂ ਬਾਅਦ ਕੈਨੇਡਾ ਦੀ ਜ਼ਿੰਦਗੀ ਉਸ ਤਰ੍ਹਾਂ ਦੀ ਨਹੀਂ ਮਿਲੀ, ਜਿਸ ਤਰ੍ਹਾਂ ਦੀ ਫ਼ਿਲਮਾਂ ਜਾਂ ਫੋਟੋਆਂ ਵਿਚ ਦਿਸਦੀ ਹੈ। ਸੈਟਲ ਹੋਣਾ ਮੁਸ਼ਕਲ ਸੀ। ਗੁਜ਼ਾਰੇ ਲਈ ਵੀ ਦੋ ਦੋ ਨੌਕਰੀਆਂ ਕਰਨੀਆਂ ਪੈਂਦੀਆਂ। ਉਸ ਨੂੰ ਲੱਗਦਾ ਕਿ ਮੈਂ ਪ੍ਰੋਫੈਸ਼ਨਲ ਹਾਂ ਅਤੇ ਇੱਥੇ ਸਧਾਰਨ ਲੇਬਰ ਜੌਬ ਕਰਦਾ ਹਾਂ। ਉਸਦੇ ਸਵੈਮਾਣ ਨੂੰ ਝਟਕਾ ਲੱਗਿਆ। ਅੰਦਰ ਟੁੱਟਭੱਜ ਹੋ ਰਹੀ ਸੀ। ਆਉਣ ਤੋਂ ਪਹਿਲਾਂ ਸੋਚਦਾ ਸੀ ਕਿ ਕੈਨੇਡਾ ਵਿਚ ਵੀ ਆਪਣੇ ਹੀ ਪ੍ਰੋਫੈਸ਼ਨ ਵਿਚ ਨੌਕਰੀ ਮਿਲ ਜਾਵੇਗੀ, ਪਰ ਇੱਥੇ ਪਹੁੰਚਣ ਤੋਂ ਬਾਅਦ ਉਸਨੂੰ ਮਹਿਸੂਸ ਹੋਇਆ ਕਿ ਇਹ ਤਾਂ ਮੇਰਾ ਇਕ ਮਾਸੂਮ ਖਿਆਲ ਸੀ। ਉਸ ਨੂੰ ਲੱਗਣ ਲੱਗਿਆ ਕਿ ਉਸਦੇ ਆਪਣੇ ਪ੍ਰੋਫੈਸ਼ਨ ਵਿਚ ਇੱਥੇ ਨੌਕਰੀ ਲੱਭਣਾ ਲਗਭਗ ਅਸੰਭਵ ਹੈ। ਸਾਲ ਦੋ ਸਾਲ ਵਿਚ ਹੀ ਮਾਯੂਸ ਹੋ ਗਿਆ। ਬੱਚੇ ਅਜੇ ਛੋਟੇ ਸਨ। ਪਰਿਵਾਰ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਵਾਪਸ ਚੱਲਦੇ ਹਾਂ। ਦੋ ਕੁ ਸਾਲ ਬਾਅਦ ਵਾਪਸ ਮੁੜ ਗਿਆ।

ਪਰ ਦੋ ਸਾਲ ਕੈਨੇਡਾ ਵਿਚ ਰਹਿੰਦਿਆਂ ਪਿੱਛੇ ਰਹਿ ਗਏ ਭਾਰਤ ਬਾਰੇ ਜੋ ਸੋਚਦਾ ਸੀ, ਉਹ ਵੀ ਉਸਦਾ ਇਕ ਰੁਮਾਂਟਿਕ ਖਿਆਲ ਹੀ ਸੀ। ਜਦੋਂ ਵਾਪਸ ਭਾਰਤ ਆਇਆ ਤਾਂ ਭਾਰਤ ਅਸਲ ਵਿਚ ਉਹ ਨਹੀਂ ਸੀ, ਜੋ ਉਸਦੇ ਖਿਆਲਾਂ ਵਿਚ ਸੀ। ਹੁਣ ਉਸ ਨੂੰ ਭਾਰਤ ਦੀ ਗੰਦਗੀ ਚੁਭਦੀ। ਸੜਕਾਂ ਦੀ ਟਰੈਫਿਕ ਤੰਗ ਕਰਦੀ। ਬਾਥਰੂਮਾਂ ਵਿਚ ਜਾ ਕੇ ਲੱਗਦਾ ਜਿਵੇਂ ਨਰਕ ਵਿਚ ਆ ਗਿਆ ਹੋਵੇ। ਭਾਰਤ ਦੇ ਸਰਕਾਰੀ ਦਫ਼ਤਰਾਂ ਦੇ ਬਾਬੂਆਂ ਦਾ ਭੱਦਾ ਵਿਵਹਾਰ ਤੰਗ ਕਰਨ ਲੱਗਾ। ਉਸਨੇ ਦੋ ਸਾਲ ਵਿਚ ਇਕ ਅਲੱਗ ਦੁਨੀਆਂ ਦੇਖ ਲਈ ਸੀ। ਉਸਦਾ ਮਨ ਫੇਰ ਡੋਲਣ ਲੱਗ ਪਿਆ। ਸੋਚਦਾ ਕਿ ਕਿਤੇ ਮੈਂ ਗ਼ਲਤੀ ਤਾਂ ਨਹੀਂ ਕਰ ਲਈ। ਉੱਤੋਂ ਆਲਾ ਦੁਆਲਾ, ਰਿਸ਼ਤੇਦਾਰ, ਦੋਸਤ ਮਿੱਤਰ ਵੀ ਸਮਝਦੇ ਕਿ ਦੁਨੀਆਂ ਬਾਹਰ ਜਾਣ ਲਈ ਹਰ ਪੁੱਠਾ ਸਿੱਧਾ ਕੰਮ ਕਰਨ ਵਾਸਤੇ ਤਿਆਰ ਹੁੰਦੀ ਹੈ ਅਤੇ ਇਹ ਛੱਡ ਕੇ ਵਾਪਸ ਆ ਗਿਆ ਹੈ। ਲੋਕਾਂ ਦੇ ਸੁਆਲਾਂ ਦੇ ਜਵਾਬ ਦੇਣੇ ਉਸ ਲਈ ਮੁਸ਼ਕਲ ਹੋ ਗਏ। ਇਕ ਦਿਨ ਫ਼ੈਸਲਾ ਕਰ ਲਿਆ ਕਿ ਵਾਪਸ ਕੈਨੇਡਾ ਹੀ ਚੱਲਦੇ ਹਾਂ। ਇਸ ਵਾਰ ਅਲੱਗ ਤਰੀਕੇ ਨਾਲ ਪਲੈਨ ਕਰਾਂਗੇ। ਨਾਲੇ ਉਸ ਨੂੰ ਲੱਗਦਾ ਕਿ ਅਸਲ ਵਿਚ ਭਾਰਤ ਰਹਿਣਾ ਹੁਣ ਔਖਾ ਹੈ। ਕੈਨੇਡਾ ਦੀ ਔਖਿਆਈ ਭਾਰਤ ਦੀ ਇਸ ਗੰਦਗੀ ਨਾਲੋਂ ਤਾਂ ਠੀਕ ਹੀ ਹੋਵੇਗੀ। ਇਸ ਤਰ੍ਹਾਂ ਦੀ ਦੁਬਿਧਾ, ਮਨ ਦੀਆਂ ਉਲਝਣਾਂ, ਸੁਆਲਾਂ ਨਾਲ ਜੂਝਦਾ ਹੋਇਆ ਉਹ ਫੇਰ ਕੈਨੇਡਾ ਜਾਣ ਲਈ ਤਿਆਰ ਹੋ ਗਿਆ। ਇਸ ਵਾਰ ਸੋਚਿਆ ਕਿ ਦੁਬਾਰਾ ਐਡਮਿੰਟਨ ਨਹੀਂ ਜਾਵਾਂਗੇ; ਪਹਿਲਾਂ ਮੈਂ ਗ਼ਲਤੀ ਕਰ ਲਈ। ਹੁਣ ਕਿਸੇ ਵੱਡੇ ਸ਼ਹਿਰ ਜਾਵਾਂਗੇ ਤਾਂ ਜੋ ਕੰਮ ਸੌਖਾ ਮਿਲ ਜਾਏ। ਸੋ ਇਸ ਵਾਰ ਉਸ ਨੇ ਵੈਨਕੂਵਰ ਜਾਣ ਦਾ ਫ਼ੈਸਲਾ ਕੀਤਾ।

ਭਾਰਤ ਤੋਂ ਵਾਪਸ ਵੈਨਕੂਵਰ ਏਅਰਪੋਰਟ ਉਤਰੇ ਤਾਂ ਇਹ ਦੁਨੀਆਂ ਭਾਰਤ ਦੇ ਮੁਕਾਬਲੇ ਬਹੁਤ ਖ਼ੂਬਸੂਰਤ ਲੱਗੀ। ਹਰ ਪਾਸੇ ਸਫ਼ਾਈ, ਟਰੈਫਿਕ ਦਾ ਅਨੁਸ਼ਾਸਨ, ਸਾਫ਼ ਸੁਥਰੇ ਬਾਥਰੂਮ, ਸਾਫ਼ ਵਾਤਾਵਰਣ। ਸੋਚਦਾ ਸੀ ਕਿ ਹੁਣ ਇੱਥੇ ਟਿਕ ਜਾਣਾ ਹੈ। ਥੋੜ੍ਹੇ ਤੰਗ ਹੋ ਲਾਵਾਂਗੇ, ਪਰ ਇੱਥੇ ਜੀਅ ਲਾ ਕੇ ਕੰਮ ਕਰਾਂਗੇ। ਕੰਮ ਲੱਭਣਾ ਸ਼ੁਰੂ ਕਰ ਦਿੱਤਾ। ਬੱਚੇ ਸਕੂਲ ਜਾਣ ਲੱਗੇ। ਬੱਚੇ ਖ਼ੁਸ਼ ਸਨ, ਪਰ ਕੰਮ ਲੱਭਣ ਵਿਚ ਦਿੱਕਤ ਆ ਰਹੀ ਸੀ। ਫਾਰਮਾਂ ਵਿਚ ਕੰਮ ਮਿਲਦਾ ਸੀ, ਕਦੇ ਕਿਸੇ ਸਟੋਰ ’ਤੇ ਕੰਮ ਮਿਲਦਾ ਸੀ; ਜਾਂ ਉਹ ਟੈਕਸੀ ਚਲਾ ਸਕਦਾ ਸੀ, ਪਰ ਇਨ੍ਹਾਂ ਕੰਮਾਂ ਲਈ ਉਹ ਤਿਆਰ ਨਹੀਂ ਸੀ। ਉਹ ਸੋਚਦਾ ਕਿ ਜੇ ਐਨਾ ਪੜ੍ਹ ਲਿਖ ਕੇ ਅਤੇ ਐਨਾ ਪ੍ਰੋਫੈਸ਼ਲ ਤਜਰਬਾ ਲੈ ਕੇ ਵੀ ਇਹੀ ਕੰਮ ਕਰਨੇ ਨੇ ਤਾਂ ਕੀ ਫਾਇਦਾ। ਮੈਂ ਬਾਕੀਆਂ ਦੀ ਤਰ੍ਹਾਂ ਇਨ੍ਹਾਂ ਕੰਮਾਂ ਵਿਚ ਨਹੀਂ ਫਸਣਾ। ਮਿਹਨਤ ਕਰਕੇ ਆਪਣੀ ਯੋਗਤਾ ਵਾਲਾ ਕੰਮ ਲੱਭ ਲਵਾਂਗਾ। ਗੁਜ਼ਾਰੇ ਲਈ ਥੋੜ੍ਹਾ ਕੰਮ ਕਰਦਾ, ਪਰ ਨਾਲੋਂ ਨਾਲ ਆਪਣੀ ਯੋਗਤਾ ਵਾਲੇ ਕੰਮ ਦੀ ਤਲਾਸ਼ ਜਾਰੀ ਰੱਖੀ। ਪਰ ਕਿਸਮਤ ਨੇ ਇਸ ਵਾਰ ਵੀ ਸਾਥ ਨਾ ਦਿੱਤਾ। ਉਸ ਅੰਦਰ ਇਸ ਤਰ੍ਹਾਂ ਦੀ ਮਾਯੂਸੀ ਭਰਨੀ ਸ਼ੁਰੂ ਹੋ ਗਈ ਕਿ ਇਸ ਵਾਰ ਉਸ ਨੂੰ ਕੈਨੇਡਾ ਪਹਿਲਾਂ ਨਾਲੋਂ ਵੀ ਬੁਰਾ ਲੱਗਣ ਲੱਗ ਪਿਆ। ਪਰ ਹੁਣ ਵਾਪਸ ਮੁੜਨ ਦਾ ਫ਼ੈਸਲਾ ਐਨਾ ਆਸਾਨ ਨਹੀਂ ਸੀ। ਇਨ੍ਹਾਂ ਦੋ ਕੁ ਸਾਲਾਂ ਵਿਚ ਬੱਚਿਆਂ ਨੇ ਸਕੂਲਾਂ ਵਿਚ ਮਨ ਲਾ ਲਿਆ ਸੀ। ਇਸ ਵਾਰ ਵਾਪਸ ਮੁੜਨ ਦਾ ਫ਼ੈਸਲਾ ਇਕੱਲਾ ਉਸਦਾ ਜਾਂ ਬੀਵੀ ਦਾ ਨਹੀਂ ਸੀ ਹੋ ਸਕਦਾ। ਹੌਲੀ ਹੌਲੀ ਉਸਨੇ ਬੱਚਿਆਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਭਾਰਤ ਦੀ ਰੁਮਾਂਟਿਕ ਤਸਵੀਰ ਦੁਬਾਰਾ ਬੱਚਿਆਂ ਅੱਗੇ ਪੇਸ਼ ਕਰਨੀ ਸ਼ੁਰੂ ਕੀਤੀ, ਜੋ ਬੌਲੀਵੁੱਡ ’ਚੋਂ ਦਿਸਦੀ ਹੈ। ਕਹਿੰਦਾ ਕਿ ਭਾਰਤ ਵਿਚ ਆਪਣਾ ਘਰ ਹੈ। ਮੇਰੇ ਪ੍ਰੋਫੈਸ਼ਨ ਵਿਚ ਕੰਮ ਮੈਨੂੰ ਉੱਥੇ ਵੀ ਮਿਲ ਜਾਣਾ ਹੈ। ਇਨ੍ਹਾਂ ਰੋਜ਼ ਦੀਆ ਤੰਗੀਆਂ ਤੋਂ ਆਪਾਂ ਬਚ ਜਾਵਾਂਗੇ। ਕਾਫ਼ੀ ਅੰਦਰੂਨੀ ਜੱਦੋਜਹਿਦ ਤੋਂ ਬਾਅਦ ਉਹ ਫੇਰ ਵਾਪਸ ਮੁੜਨ ਲਈ ਤਿਆਰ ਹੋ ਗਏ। ਬੱਚੇ ਰਾਜ਼ੀ ਨਹੀਂ ਸਨ, ਪਰ ਮਾਂ ਪਿਓ ਦੇ ਫ਼ੈਸਲੇ ਅੱਗੇ ਉਨ੍ਹਾਂ ਦਾ ਜ਼ੋਰ ਨਹੀਂ ਸੀ। ਫੇਰ ਵਾਪਸ ਮੁੜ ਆਏ।

ਭਾਰਤ ਵਿਚ ਇਕ ਵਾਰ ਫੇਰ ਉਹੀ ਕਹਾਣੀ ਦੁਹਰਾਈ ਗਈ। ਇਸ ਵਾਰ ਭਾਰਤ ਦਾ ਅਨੁਭਵ ਪਹਿਲਾਂ ਨਾਲੋਂ ਵੀ ਵੱਧ ਕੌੜਾ ਹੋ ਗਿਆ ਕਿਉਂਕਿ ਹੁਣ ਤਕ ਬੱਚੇ ਵੀ ਪਹਿਲਾਂ ਨਾਲੋਂ ਵੱਡੇ ਹੋ ਚੁੱਕੇ ਸਨ। ਉਨ੍ਹਾਂ ਨੂੰ ਸਾਰਾ ਕੁਝ ਹੀ ਬੁਰਾ ਲੱਗਦਾ। ਭਾਰਤ ਦੇ ਸਕੂਲਾਂ ਵਿਚ ਉਹ ਤੰਗ ਹੋ ਰਹੇ ਸਨ। ਬੱਚਿਆਂ ਨੂੰ ਪ੍ਰੇਸ਼ਾਨ ਹੁੰਦਾ ਦੇਖ ਕੇ ਉਹ ਸੋਚਦਾ ਕਿ ਮੈਂ ਆਪਣੇ ਲਈ ਬੱਚਿਆਂ ਨਾਲ ਜ਼ਿਆਦਤੀ ਕੀਤੀ ਹੈ। ਕਈ ਵਾਰ ਉਹ ਆਪਣੇ ਆਪ ਨੂੰ ਲਾਹਨਤਾਂ ਪਾਉਂਦਾ। ਇਸ ਵਾਰ ਆਲੇ ਦੁਆਲੇ ਦਾ ਸਾਹਮਣਾ ਕਰਨਾ ਵੀ ਬਹੁਤ ਮੁਸ਼ਕਲ ਹੋ ਗਿਆ ਸੀ। ਦੋਸਤਾਂ, ਰਿਸ਼ਤੇਦਾਰਾਂ ਵਿਚ ਅਜਿਹੇ ਲੋਕ ਬਹੁਤ ਹੋ ਗਏ ਸਨ, ਜਿਹੜੇ ਕਹਿੰਦੇ, ‘ਦੇਖਿਆ, ਅਸੀਂ ਤੈਨੂੰ ਕੀ ਕਿਹਾ ਸੀ’। ਲੋਕਾਂ ਸਾਹਮਣੇ ਆਪਣੀ ਗ਼ਲਤੀ ਮੰਨਣਾ ਮੁਸ਼ਕਲ ਲੱਗਦਾ। ਬੱਚਿਆਂ ਅੱਗੇ ਵੀ ਆਪਣੀ ਗ਼ਲਤੀ ਮੰਨਣਾ ਔਖਾ ਲੱਗਦਾ। ਇਕ ਸਟੇਜ ਅਜਿਹੀ ਆ ਗਈ ਕਿ ਉਹ ਚਾਰੇ ਪਾਸਿਓਂ ਘਿਰ ਗਿਆ। ਇਸ ਸਟੇਜ ’ਤੇ ਆ ਕੇ ਉਸਨੇ ਆਪਣੇ ਆਪ ਨੂੰ, ਆਪਣੇ ਸੁਪਨਿਆਂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ। ਫ਼ੈਸਲਾ ਕੀਤਾ ਕਿ ਹੁਣ ਜ਼ਿੰਦਗੀ ਆਪਣੇ ਲਈ ਨਹੀਂ, ਬੱਚਿਆਂ ਲਈ ਪਲੈਨ ਕਰਨੀ ਪੈਣੀ ਹੈ। ਇਸ ਵੇਲੇ ਤਕ ਜੋ ਕੁਝ ਕੋਲ ਸੀ, ਖ਼ਰਚਿਆ ਜਾ ਚੁੱਕਾ ਸੀ। ਜੋ ਮਕਾਨ ਕੈਨੇਡਾ ਜਾਣ ਤੋਂ ਪਹਿਲਾਂ ਦਾ ਬਣਾਇਆ ਸੀ, ਉਹ ਵੇਚਣ ਦਾ ਫ਼ੈਸਲਾ ਕਰ ਲਿਆ।

ਫੇਰ ਉਹ ਤੀਸਰੀ ਵਾਰ ਕੈਨੇਡਾ ਵਾਪਸ ਆਇਆ। ਇਸ ਵਾਰ ਇਸ ਤਰ੍ਹਾਂ ਆਇਆ ਹੈ ਕਿ ਵਾਪਸ ਮੁੜਨ ਦੀ ਹੁਣ ਗੁੰਜਾਇਸ਼ ਨਹੀ ਸੀ। ਜੋ ਚਾਰ ਪੈਸੇ ਕੋਲ ਸਨ, ਉਹ ਖ਼ਰਚ ਹੋ ਚੁੱਕੇ ਹਨ। ਬੱਚੇ ਹੁਣ ਵੱਡੇ ਹਨ। ਹੁਣ ਆਪਣੀ ਮਰਜ਼ੀ ਜ਼ੋਰ ਨਾਲ ਦੱਸਦੇ। ਉਸ ਨੇ ਵੀ ਹੁਣ ਆਪਣੇ ਮਨ ਨੂੰ ਸਮਝਾ ਲਿਆ ਹੈ ਕਿ ਅਗਲੀ ਜ਼ਿੰਦਗੀ ਹੁਣ ਮੇਰੇ ਲਈ ਨਹੀਂ ਹੈ, ਬਲਕਿ ਬੱਚਿਆਂ ਲਈ ਹੈ। ਆਪਣੇ ਕਰੀਅਰ ਦੇ ਸੁਪਨੇ ਹੁਣ ਉਸਨੇ ਛੱਡ ਦਿੱਤੇ ਹਨ ਅਤੇ ਬੱਚਿਆਂ ਦੇ ਸੁਪਨਿਆਂ ਵਿਚ ਹੀ ਆਪਣੇ ਸੁਪਨੇ ਦੇਖਦਾ। ਪਿਛਲੇ ਪੰਜ ਸੱਤ ਸਾਲ ਤੋਂ ਹੁਣ ਉਹ ਟੋਰਾਂਟੋ ਖੇਤਰ ਵਿਚ ਹੈ ਅਤੇ ਕਈ ਤਰ੍ਹਾਂ ਦੇ ਕੰਮਾਂ ਨਾਲ ਗੱਡੀ ਤੋਰ ਰਿਹਾ ਹੈ। ਮਨ ਦੀ ਜਿਸ ਅਵਸਥਾ ਵਿਚ ਉਹ ਹੁਣ ਆਇਆ ਹੈ, ਕਈ ਇਮੀਗਰੰਟ ਪਹਿਲੇ ਦੋ-ਤਿੰਨ ਸਾਲਾਂ ਵਿਚ ਹੀ ਆ ਜਾਂਦੇ ਹਨ ਅਤੇ ਮਨ ਮਾਰਕੇ ਕੰਮ ਕਰਦੇ ਹਨ। ਇਕ ਦਿਨ ਉਸਦੇ ਮਨ ਦੀ ਕਸ਼ਮਕਸ਼ ਬਾਰੇ ਉਸ ਨਾਲ ਮੇਰੀ ਗੱਲ ਹੋ ਰਹੀ ਸੀ। ਮੈਂ ਕਿਹਾ ਕਿ ਪਹਿਲੀ ਵਾਰ ਹੀ ਤੇਰੇ ਕੋਲ ਪਿੱਛੇ ਮੁੜਨ ਦੀ ਗੁੰਜਾਇਸ਼ ਨਾ ਹੁੰਦੀ ਜਾਂ ਤੇਰੇ ਅੰਦਰ ਪਿੱਛੇ ਦੀ ਝੂਠੀ ਆਸ ਨਾ ਹੁੰਦੀ ਤਾਂ ਪਹਿਲੀ ਵਾਰ ਹੀ ਤੂੰ ਇੱਥੇ ਟਿਕ ਜਾਣਾ ਸੀ। ਬਹੁਤੇ ਪਹਿਲੇ ਦੋ ਚਾਰ ਸਾਲਾਂ ਵਿਚ ਹੀ ਇਹ ਗੱਲ ਆਪਣੇ ਆਪ ਨੂੰ ਸਮਝਾ ਲੈਂਦੇ ਹਨ, ਜਿਸ ਲਈ ਤੈਨੂੰ ਭਾਰਤ ਦੋ ਵਾਰ ਵਾਪਸ ਮੁੜਨਾ ਪਿਆ। ਇਕ ਲਿਹਾਜ਼ ਨਾਲ ਉਹ ਲੋਕ ਚੰਗੇ ਵੀ ਰਹਿੰਦੇ ਹਨ। ਹੁਣ ਉਹ ਸ਼ਾਂਤ ਹੈ। ਜੀਵਨ ਦੀ ਹਕੀਕਤ ਨਾਲ ਸਮਝੌਤਾ ਕਰ ਚੁੱਕਾ ਹੈ।

ਇਸ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਜ਼ਿਆਦਾ ਨਹੀਂ ਹੋਣਗੀਆਂ, ਕਿਉਂਕਿ ਵਾਰ ਵਾਰ ਇਸ ਤਰ੍ਹਾਂ ਵਾਪਸ ਜਾਣ ਅਤੇ ਫੇਰ ਮੁੜਨ ਦੀ ਹਿੰਮਤ ਅਤੇ ਗੁੰਜਾਇਸ਼ ਹਰ ਕਿਸੇ ਵਿਚ ਨਹੀਂ ਹੁੰਦੀ। ਪਰ ਮਨ ਦੀ ਜਿਸ ਅਵਸਥਾ ਵਿਚੋਂ ਸਾਡਾ ਇਹ ਦੋਸਤ ਲੰਘਿਆ, ਉਸ ’ਚੋਂ ਬਹੁਤ ਸਾਰੇ ਲੰਘਦੇ ਹਨ। ਉਨ੍ਹਾਂ ਦੀ ਬਹੁਤ ਵੱਡੀ ਗਿਣਤੀ ਹੈ। ਅਸਲ ਵਿਚ ਅਜਿਹੇ ਲੋਕਾਂ ਦੀ ਗਿਣਤੀ ਥੋੜ੍ਹੀ ਹੈ, ਜਿਨ੍ਹਾਂ ਦਾ ਆਉਣ ਸਾਰ ਇੱਥੇ ਮਨ ਲੱਗ ਜਾਂਦਾ ਹੈ ਅਤੇ ਜਿਹੜੇ ਤੁਰੰਤ ਫ਼ੈਸਲਾ ਕਰ ਲੈਂਦੇ ਹਨ ਕਿ ਹੁਣ ਵਾਪਸ ਨਹੀਂ ਜਾਣਾ। ਦਲਿਤ ਵਰਗ ਨਾਲ ਸਬੰਧਿਤ ਕੁਝ ਲੋਕ ਅਤੇ ਔਰਤਾਂ ਦਾ ਇਕ ਹਿੱਸਾ ਜ਼ਰੂਰ ਇਸ ਤਰ੍ਹਾਂ ਦੀ ਅਵਸਥਾ ਵਿਚ ਛੇਤੀ ਪਹੁੰਚ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਭਾਰਤ ਵਿਚ ਬਹੁਤ ਜ਼ਲਾਲਤ ਭੋਗੀ ਹੁੰਦੀ ਹੈ, ਪਰ ਸੈਟਲ ਹੋਣ ਦੇ ਸੰਘਰਸ਼ ਤੋਂ ਉਹ ਵੀ ਮੁਕਤ ਨਹੀਂ।

ਸਾਰੇ ਕੰਮ ਨਿਬੇੜਕੇ ਇਕ ਦਿਨ ਵਾਪਸ ਪਿੰਡ ਮੁੜਨਾ ਇਹ ਪਰਵਾਸੀ ਪੰਜਾਬੀਆਂ ਦੀ ਇਕ ਦੱਬੀ ਹੋਈ ਤਾਂਘ ਰਹੀ ਹੈ। ਜਿਹੜੇ ਲੋਕ ਸ਼ੁਰੂ ਵਿਚ ਆਏ, ਉਹ ਤਾਂ ਆਏ ਹੀ ਇਸ ਸੋਚ ਨਾਲ ਸਨ ਕਿ ਇਕ ਦਿਨ ਪੈਸੇ ਕਮਾਕੇ ਵਾਪਸ ਮੁੜ ਜਾਵਾਂਗੇ। ਇਹੀ ਵਜ੍ਹਾ ਸੀ ਕਿ ਪਹਿਲੀਆਂ ਪੀੜ੍ਹੀਆਂ ਦੇ ਪਰਵਾਸੀ ਆਪਣਾ ਸਾਰਾ ਪੈਸਾ ਭਾਰਤ ਭੇਜਦੇ, ਪਿੰਡ ਵਿਚ ਵੱਡਾ ਘਰ ਬਣਾਉਂਦੇ ਜਾਂ ਹੋਰ ਜ਼ਮੀਨ ਜਾਇਦਾਦ ਖ਼ਰੀਦਦੇ। ਉਨ੍ਹਾਂ ਦਾ ਸੁਪਨਾ ਹੁੰਦਾ ਸੀ ਕਿ ਜਦੋਂ ਸਾਰਾ ਕੁਝ ਸੈੱਟ ਹੋ ਗਿਆ, ਫੇਰ ਵਾਪਸ ਚੱਲਾਂਗੇ। ਪਰ ਇਹ ਉਨ੍ਹਾਂ ਦਾ ਇਕ ਮਾਸੂਮ ਖਿਆਲ ਹੀ ਸਾਬਤ ਹੋਇਆ। ਕਈਆਂ ਨੇ ਇਸੇ ਉਮੀਦ ਤੇ ਸਾਰੀ ਉਮਰ ਲੰਘਾ ਦਿੱਤੀ। ਕੁਝ ਸਾਲ ਸੈੱਟ ਹੁੰਦਿਆਂ ਲੰਘ ਗਏ, ਫੇਰ ਬੱਚਿਆਂ ਦੇ ਵਿਆਹ ਕਰਨ ਵਿਚ ਲੰਘ ਗਏ ਅਤੇ ਉਸ ਤੋਂ ਬਾਅਦ ਮੁੜਨ ਜੋਗੇ ਨਾ ਰਹੇ।

ਕੋਈ ਵੀ ਅਨੁਭਵ ਤੁਹਾਡੇ ਆਪਣੇ ਅਨੁਭਵ ਤੋਂ ਵੱਧ ਸੱਚਾ ਨਹੀਂ ਹੋ ਸਕਦਾ। ਤੁਸੀਂ ਦੂਜਿਆਂ ਬਾਰੇ ਕੱਚੀ ਗੱਲ ਕਰ ਸਕਦੇ ਹੋ, ਪਰ ਆਪਣੇ ਦਿਲ ਦੀ ਹਕੀਕਤ ਨੂੰ ਤੁਹਾਡੇ ਨਾਲੋਂ ਵੱਧ ਸ਼ਾਇਦ ਹੋਰ ਕੋਈ ਨਹੀਂ ਦੇਖ ਸਕਦਾ। ਸੋ ਮੈਂ ਆਪਣੇ ਅਨੁਭਵ ਨਾਲ ਇਸ ਗੱਲ ਨੂੰ ਖ਼ਤਮ ਕਰਾਂਗਾ। ਮੈਂ ਉਨ੍ਹਾਂ ਚੰਦ ਵਿਰਲੇ ਲੋਕਾਂ ਵਿਚੋਂ ਹੋਵਾਂਗਾ, ਜਿਨ੍ਹਾਂ ਨੇ ਕੈਨੇਡਾ ਪਰਵਾਸ ਕਰਨ ਤੋਂ ਬਾਅਦ ਕੋਈ ਦਿਨ ਵੀ ਆਪਣੇ ਪ੍ਰੋਫੈਸ਼ਨ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ। ਮੈਨੂੰ ਕਦੇ ਗੁਜ਼ਾਰੇ ਲਈ ਉਹ ਨੌਕਰੀਆਂ ਨਹੀਂ ਕਰਨੀਆਂ ਪਈਆਂ, ਜਿਹੜੀਆਂ ਬਹੁਤਿਆਂ ਨੂੰ ਕਰਨੀਆਂ ਪੈਂਦੀਆਂ ਹਨ। ਮੈਂ ਇੱਥੇ ਵੀ ਉਸੇ ਪ੍ਰੋਫੈਸ਼ਨ ਵਿਚ ਹਾਂ, ਜਿਸ ਵਿਚ ਆਪਣਾ ਜੀਵਨ ਕਰੀਬ ਨੱਬੇਵਿਆਂ ਦੇ ਮੱਧ ਵਿਚ ਭਾਰਤ ਵਿਚ ਸ਼ੁਰੂ ਕੀਤਾ ਸੀ। ਮੇਰੀ ਜ਼ਿੰਦਗੀ ਠੀਕ ਚੱਲ ਰਹੀ ਹੈ, ਪਰ ਇਹ ਸੱਚਾਈ ਹੈ ਕਿ ਮੇਰੇ ਅੰਦਰ ਵੀ ਇਹ ਤਾਂਘ ਹੈ ਕਿ ਇਕ ਦਿਨ ਇੱਥੋਂ ਵਾਪਸ ਚਲੇ ਜਾਵਾਂ। ਮਨ ਵਿਚ ਆਉਂਦਾ ਹੈ ਕਿ ਜਦੋਂ ਜ਼ਿੰਮੇਵਾਰੀਆਂ, ਮਜਬੂਰੀਆਂ ਤੋਂ ਮੁਕਤ ਹੋ ਗਿਆ ਤਾਂ ਭਾਰਤ ਜਾ ਕੇ ਰਹਾਂ। ਭਾਰਤ ਰਹਿਣਾ ਸੌਖਾ ਹੈ ਜਾਂ ਔਖਾ, ਉਹ ਇਕ ਵੱਖਰੀ ਗੱਲ ਹੈ। ਮੈਂ ਗੱਲ ਦਿਲ ਦੀ ਤਾਂਘ ਦੀ ਕਰ ਰਿਹਾ ਹਾਂ। ਇਸ ਤਾਂਘ ਦੇ ਬਾਵਜੂਦ ਵੀ ਜੇ ਮੈਂ ਨਹੀਂ ਜਾ ਰਿਹਾ ਜਾਂ ਹੋਰ ਬਹੁਤ ਸਾਰੇ ਨਹੀਂ ਜਾ ਸਕਦੇ ਤਾਂ ਉਹ ਮਜਬੂਰੀ ਹੈ ਜਾਂ ਸਾਡੇ ਜੀਵਨ ਦੀ ਹਕੀਕਤ ਹੈ, ਜਿਸ ਨੂੰ ਮੰਨਣ ਲਈ ਅਸੀਂ ਤਿਆਰ ਨਹੀਂ ਹੁੰਦੇ। ਸੁਰਜੀਤ ਪਾਤਰ ਨੇ ਕਈ ਦਹਾਕੇ ਪਹਿਲਾਂ ਇਹ ਨਜ਼ਮ ਲਿਖੀ ਸੀ। ਇਹ ਨਜ਼ਮ ਉਨ੍ਹਾਂ ਲਈ ਸੀ, ਜਿਹੜੇ ਕਿਸੇ ਵੇਲੇ ਨਕਸਲੀ ਲਹਿਰ ਦੌਰਾਨ ਸਮਾਜ ਬਦਲਣ ਦਾ ਸੁਪਨਾ ਲੈ ਕੇ ਘਰਾਂ ਵਿਚੋਂ ਨਿਕਲੇ ਸਨ, ਪਰ ਸਮਾਜ ਨਹੀਂ ਬਦਲ ਸਕਿਆ। ਅਸੀਂ ਪਰਵਾਸੀ ਲੋਕ ਸਮਾਜ ਬਦਲਣ ਲਈ ਨਹੀਂ, ਆਪਣੀ ਜ਼ਿੰਦਗੀ ਬਦਲਣ ਲਈ ਘਰਾਂ ’ਚੋਂ ਨਿਕਲੇ ਸਾਂ। ਇੱਥੇ ਹਾਰ ਜਾਂ ਜਿੱਤ ਦਾ ਸੁਆਲ ਨਹੀਂ ਹੈ, ਪਰ ਵਾਪਸ ਮੁੜਨਾ ਹੁਣ ਸਾਡੇ ਲਈ ਵੀ ਉਸੇ ਤਰ੍ਹਾਂ ਮੁਸ਼ਕਲ ਹੈ, ਜਿਸ ਤਰ੍ਹਾਂ ਪਾਤਰ ਦੀ ਕਵਿਤਾ ਦੇ ਉਨ੍ਹਾਂ ਪਾਤਰਾਂ ਲਈ ਸੀ:

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ

ਕੌਣ ਪਹਿਚਾਣੇਗਾ ਸਾਨੂੰ

ਜਦੋਂ ਚਾਚੀ ਇਸਰੀ

ਸਿਰ ਪਲੋਸੇਗੀ ਅਸੀਸਾਂ ਨਾਲ

ਕਿਸ ਤਰ੍ਹਾਂ ਦੱਸਾਂਗਾ ਮੈਂ

ਏਸ ਸਿਰ ਵਿਚ ਕਿਸ ਤਰ੍ਹਾਂ ਦੇ ਛੁਪੇ ਹੋਏ ਨੇ ਖਿਆਲ

ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ

ਬਹੁਤ ਰਹਿ ਜਾਵਾਂਗਾ ’ਕੱਲਾ

ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ

ਕੌਣ ਪਹਿਚਾਣੇਗਾ ਸਾਨੂੰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All