DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਪਮਾਨ ਬੋਰਡ

ਕਹਾਣੀ ਹਿੰਦੂ ਕਾਲਜ ਵਜੀਦਪੁਰ 1960 ਵਿੱਚ ਸਥਾਨਕ ਹਿੰਦੂ ਹਾਈ ਸਕੂਲ ਨੂੰ ਉੱਚਾ ਵਿੱਦਿਅਕ ਦਰਜਾ ਦੇ ਕੇ ਹੋਂਦ ਵਿੱਚ ਆਇਆ ਸੀ। ਸਕੂਲ ਸੋਹਣੀ ਥਾਂ, ਖੁੱਲ੍ਹੀ ਜਗ੍ਹਾ ਤੇ ਸੜਕ ਕਿਨਾਰੇ ਉੱਪਰ ਸਥਿਤ ਸੀ। ਸਕੂਲ ਦੇ ਅੱਗੇ ਬਣੀਆਂ 15 ਦੁਕਾਨਾਂ ਇਸ ਲਈ ਸੋਹਣੀ...

  • fb
  • twitter
  • whatsapp
  • whatsapp
Advertisement

ਕਹਾਣੀ

ਹਿੰਦੂ ਕਾਲਜ ਵਜੀਦਪੁਰ 1960 ਵਿੱਚ ਸਥਾਨਕ ਹਿੰਦੂ ਹਾਈ ਸਕੂਲ ਨੂੰ ਉੱਚਾ ਵਿੱਦਿਅਕ ਦਰਜਾ ਦੇ ਕੇ ਹੋਂਦ ਵਿੱਚ ਆਇਆ ਸੀ। ਸਕੂਲ ਸੋਹਣੀ ਥਾਂ, ਖੁੱਲ੍ਹੀ ਜਗ੍ਹਾ ਤੇ ਸੜਕ ਕਿਨਾਰੇ ਉੱਪਰ ਸਥਿਤ ਸੀ। ਸਕੂਲ ਦੇ ਅੱਗੇ ਬਣੀਆਂ 15 ਦੁਕਾਨਾਂ ਇਸ ਲਈ ਸੋਹਣੀ ਆਮਦਨ ਦਾ ਸਾਧਨ ਸਨ। ਵੈਸੇ ਵੀ ਇਸ ਸਕੂਲ ਨੂੰ ਮੋਟੇ ਲਾਲੇ ਚਲਾਉਂਦੇ ਸਨ ਤੇ ਹੁਣ ਇਸ ਨੂੰ ਉੱਚਾ ਦਰਜਾ ਦੇਣ ਹਿੱਤ ਇਨ੍ਹਾਂ ਲਾਲਿਆਂ ਨੇ ਚੋਖਾ ਯੋਗਦਾਨ ਪਾਇਆ ਸੀ। ਦੋ ਤਿੰਨ ਸਾਲਾਂ ਵਿੱਚ ਹੀ ਇਸ ਦੇ ਨਾਲ ਲੱਗਦੀ ਹੋਰ ਨਵੀਂ ਇਮਾਰਤ ਬਣ ਗਈ ਸੀ।

Advertisement

ਆਮਦਨ ਦੇ ਚੰਗੇ ਸਾਧਨ ਹੋਣ ਕਰਕੇ ਸਾਇੰਸ ਅਤੇ ਆਰਟਸ ਕਾਲਜ ਬਣਨ ਜਾ ਰਿਹਾ ਸੀ। ਇਸ ਲਈ ਸਾਇੰਸ ਦੇ ਮੁੱਖ ਵਿਸ਼ਿਆਂ ਲਈ ਪ੍ਰਯੋਗਸ਼ਾਲਾਵਾਂ ਵੀ ਬਣਾ ਲਈਆਂ ਗਈਆਂ ਸਨ। ਵੱਡਾ ਲਾਭ ਇਹ ਹੋਇਆ ਕਿ ਉਦੋਂ ਵਜੀਦਪੁਰ ਦੇ ਹਲਕੇ ਦਾ ਐੱਮ.ਐੱਲ. ਏ. ਵੀ ਜਨਸੰਘ ਦਾ ਸੀ। ਜਨਸੰਘ ਸਰਕਾਰ ਚਲਾ ਰਹੀ ਸੀ ਤੇ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਸੀ। ਫਿਰ ਵੀ ਐੱਮ.ਐੱਲ.ਏ. ਹੋਣਾ ਉਨ੍ਹਾਂ ਸਾਲਾਂ ਵਿੱਚ ਮਾੜੇ ਮੋਟੇ ਕੰਮ ਕਰਵਾਉਣ ਵਿੱਚ ਸਹਾਈ ਹੋ ਜਾਂਦਾ ਸੀ। ਉਨ੍ਹਾਂ ਸਾਲਾਂ ਵਿੱਚ ਸੂਬੇ ਦੀ ਸਿਆਸਤ ਗੂੜ੍ਹੀ ਦੁਸ਼ਮਣੀ ਵਿੱਚ ਨਹੀਂ ਬਦਲੀ ਸੀ, ਜਿੰਨੀ ਅੱਜਕੱਲ੍ਹ ਹੈ। ਸ਼ਹਿਰਾਂ ਦੇ ਕੁਝ ਲਾਲੇ ਜਨਸੰਘ ਵਿੱਚ ਹੋਇਆ ਕਰਦੇ ਸਨ ਤੇ ਕੁਝ ਭਾਰਤੀ ਕਾਂਗਰਸ ਵਿੱਚ।

Advertisement

ਇਹ ਇਲਾਕਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਦਾਇਰੇ ਵਿੱਚ ਪੈਂਦਾ ਸੀ। ਐੱਮ.ਐੱਲ.ਏ. ਯੂਨੀਵਰਸਿਟੀ ਦਾ ਸੈਨੇਟ ਮੈਂਬਰ ਵੀ ਸੀ ਤੇ ਯੂਨੀਵਰਸਿਟੀ ਵਿੱਚ ਉਸ ਦੀ ਚੱਲਦੀ ਵੀ ਚੰਗੀ ਸੀ। ਇਸ ਲਈ ਇਸ ਕਾਲਜ ਨੂੰ ਮਾਨਤਾ ਸ਼ੁਰੂ ਤੋਂ ਮਿਲ ਗਈ। ਇਸ ਸਮੇਂ ਸਾਇੰਸ ਦੀ ਪੜ੍ਹਾਈ ਦੇ ਘੱਟ ਸਾਧਨ ਸਨ। ਨੇੜੇ ਦੇ ਦੋ ਕਾਲਜ ਆਰਟਸ ਕਾਲਜ ਹੀ ਸਨ। ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚ ਬੱਚਿਆਂ ਦੇ ਮਾਪੇ ਸਾਇੰਸ ਅਤੇ ਕਾਮਰਸ ਦੀ ਪੜ੍ਹਾਈ ਪ੍ਰਤੀ ਹੁਣ ਕਾਫ਼ੀ ਗੰਭੀਰ ਹੋ ਗਏ ਸਨ ਕਿਉਂਕਿ ਉਦੋਂ ਪੰਜਾਬ ਵਿੱਚ ਇੰਜਨੀਅਰਿੰਗ ਤੇ ਮੈਡੀਕਲ ਲਾਈਨ ਵੱਲ ਵਧਣ ਦਾ ਮਾਪਿਆਂ ਵਿੱਚ ਕਾਫ਼ੀ ਰੁਝਾਨ ਪਾਇਆ ਜਾਣ ਲੱਗ ਪਿਆ ਸੀ। ਸੋ ਪੰਜਾਬ ਵਿੱਚ ਇਨ੍ਹਾਂ ਪੜ੍ਹਾਈਆਂ ਵਿੱਚ ਜੇ ਦਾਖਲਾ ਨਾ ਮਿਲਦਾ ਤਾਂ ਉਹ ਦੂਸਰੇ ਸੂਬਿਆਂ ਦੇ ਕਾਲਜ ਵਿੱਚ ਵਾਧੂ ਪੈਸੇ ਦੇ ਕੇ ਦਾਖਲਾ ਲੈਣ ਲੱਗ ਪਏ। ਬਾਕੀ ਅਨਪੜ੍ਹ ਤੇ ਅਰਧ ਪੜ੍ਹੇ ਲਿਖੇ ਮਾਪੇ ਆਪਣੇ ਬੱਚਿਆਂ ਨੂੰ ਆਰਟਸ ਦੀ ਪੜ੍ਹਾਈ ਕਰਵਾਉਂਦੇ ਸਨ। ਬਹੁਤੇ ਪੇਂਡੂ ਲੋਕਾਂ ਨੂੰ ਬਸ ਏਹੀ ਸਮਝ ਹੁੰਦੀ ਸੀ ਕਿ ਉਨ੍ਹਾਂ ਦਾ ਬੱਚਾ ਸਿਰਫ਼ ਤੇਰਵੀਂ ਜਾਂ ਚੌਧਵੀਂ ਵਿੱਚ ਪੜ੍ਹਦਾ ਦਿਖੇ ਤਾਂ ਕਿ ਕੋਈ ਟੱਬਰ ਇੰਗਲੈਂਡ ਜਾਂ ਕੈਨੇਡਾ ਤੋਂ ਉਸ ਨੂੰ ਵਿਆਹ ਕੇ ਲੈ ਜਾਵੇ। ਬਾਹਰਲਿਆਂ ਲਈ ਤੇਰਵੀਂ ਤੇ ਚੌਧਵੀਂ ਜਮਾਤ ਬਹੁਤ ਉੱਚੀ ਪੜ੍ਹਾਈ ਹੁੰਦੀ ਸੀ।

ਪੰਜਾਬ ਵਿੱਚੋਂ ਪੇਂਡੂ ਅਨਪੜ੍ਹ ਲੋਕ ਕਰੀਬ 1960 ਵਿੱਚ ਇੰਗਲੈਂਡ ਵੱਲ ਜਾਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਦੀ ਪਹਿਲੀ ਪੁਸ਼ਤ ਪੰਜਾਬ ਵਿੱਚ ਆ ਕੇ ਰਿਸ਼ਤੇ ਕਰਵਾਉਣ ਲਈ ਮੰਨ ਜਾਂਦੀ ਸੀ ਕਿਉਂਕਿ ਇਹ ਪੁਸ਼ਤ ਨਾ ਅਨਪੜ੍ਹ ਦੀ ਕੈਟੇਗਰੀ ਵਿੱਚ ਆਉਂਦੀ ਸੀ ਤੇ ਨਾ ਹੀ ਪੜ੍ਹੇ ਲਿਖਿਆਂ ਦੇ। ਮਾਪਿਆਂ ਨੂੰ ਵੱਡੇ ਵੱਡੇ ਘਰ ਮੱਲਣ ਦਾ ਚਾਅ ਹੁੰਦਾ ਸੀ। ਬਾਹਰੋਂ ਆਇਆ ਵਿਆਹ ਦੇ ਕਾਬਲ ਲੜਕਾ/ਲੜਕੀ ਪੂਰੇ ਖਾਂਦੇ ਪੀਂਦੇ ਘਰ ਵਿੱਚ ਵਿਆਹਿਆ ਜਾਂਦਾ। ਇੰਜ ਅਪਮਾਨਤ ਵੀ ਸਨਮਾਨਿਤ ਹੋ ਜਾਂਦਾ ਸੀ ਕਿਉਂਕਿ ਉਸ ’ਤੇ ਇੰਗਲੈਂਡ/ ਕੈਨੇਡਾ ਦੀ ਮੋਹਰ ਲੱਗੀ ਹੁੰਦੀ ਸੀ। ਇਸ ਪ੍ਰਕਾਰ ਅਜਿਹੇ ਕੇਸ ਜ਼ਿਆਦਾ ਪੜ੍ਹਿਆਂ ਦੀ ਕੀਮਤ ਵਿਆਹ ਦੀ ਮਾਰਕੀਟ ਵਿੱਚ ਘਟਾ ਦਿਆ ਕਰਦੇ ਸਨ। ਇਸ ਪ੍ਰਕਾਰ ਇਨ੍ਹਾਂ ਸਾਲਾਂ ਵਿੱਚ ਅਨੇਕਾਂ ਬੇਜੋੜ ਰਿਸ਼ਤੇ ਹੋਏ ਸਨ। ਪਿੰਡਾਂ ਦੇ ਬੀ.ਏ./ਐੱਮ.ਏ. ਪਾਸ ਮੁੰਡੇ ਕੁੜੀਆਂ ਬਾਹਰ ਜਾਣ ਨੂੰ ਲਾਟਰੀ ਨਿਕਲਣ ਦੇ ਸਮਾਨ ਸਮਝਦੇ ਹੁੰਦੇ ਸਨ। ਇਸ ਪ੍ਰਕਾਰ ਵਜੀਦਪੁਰ ਦਾ ਕਾਲਜ ਦੋਹਾਂ ਸ਼ਹਿਰੀ ਤੇ ਪੇਂਡੂ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਸੀ।

ਨਵੇਂ ਨਵੇਂ ਕਾਲਜ ਵਿੱਚ ਸਿਆਸਤ ਨੇ ਅਜੇ ਕੋਈ ਦਸਤਕ ਨਹੀਂ ਦਿੱਤੀ ਸੀ। ਹੌਲੀ ਹੌਲੀ ਨਕਸਲਵਾੜੀ ਲਹਿਰ ਜ਼ਰੂਰ ਚੱਲਣੀ ਸ਼ੁਰੂ ਹੋ ਗਈ ਸੀ। ਇਸ ਵੱਲ ਪੇਂਡੂ ਵਿਦਿਆਰਥੀ ਥੋੜ੍ਹੇ ਥੋੜ੍ਹੇ ਆਕਰਸ਼ਕ ਜ਼ਰੂਰ ਹੋ ਜਾਂਦੇ ਸਨ, ਪਰ ਸ਼ਹਿਰੀ ਨਹੀਂ। ਕਾਲਜ ਦਾ ਪ੍ਰਿੰਸੀਪਲ ਵੀ ਸੁਭਾਸ਼ ਚੰਦਰ ਨਵਾਂ ਨਵਾਂ ਬਣ ਕੇ ਆਇਆ ਸੀ। ਵੈਸੇ ਵੀ ਵੀਹ ਸਾਲ ਉਹ ਕਿਸੇ ਸ਼ਹਿਰੀ ਕਾਲਜ ਵਿੱਚ ਰਸਾਇਣ ਵਿਗਿਆਨ ਦਾ ਪ੍ਰੋਫੈਸਰ ਰਿਹਾ ਸੀ। ਕਾਲਜ ਵਿੱਚ ਅਠਾਰਾਂ ਪ੍ਰੋਫੈਸਰ ਸਨ। ਸਾਰੇ ਬੜੇ ਮਿਹਨਤੀ ਸਨ। ਬਹੁਤੇ ਨਵੇਂ ਨਵੇਂ ਐੱਮ. ਏ. ਤੇ ਐੱਮ.ਐੱਸਸੀ. ਪਾਸ ਕਰਕੇ ਆਏ ਹੋਏ ਸਨ। ਟਰੇਡ ਯੂਨੀਅਨ ਵਾਦ ਤੋਂ ਦੂਰ ਸਨ। ਕਈ ਅਜੇ ਕੱਚੇ ਹੀ ਸਨ। ਕਾਲਜ ਕਮੇਟੀ ਕੋਲ ਕਾਫ਼ੀ ਤਾਕਤ ਵੀ ਹੁੰਦੀ ਸੀ। ਜਦ ਚਾਹੇ ਉਹ ਅਧਿਆਪਕਾਂ ਨੂੰ ਬਦਲ ਵੀ ਸਕਦੀ ਸੀ। ਯੂਨੀਵਰਸਿਟੀ ਦੀ ਸੈਨੇਟ ਕਮੇਟੀ ਦੀ ਚੋਣ ਲੜਨ ਦਾ ਭੂਤ ਅਜੇ ਕਿਸੇ ’ਤੇ ਸਵਾਰ ਨਹੀਂ ਹੋਇਆ ਸੀ। ਲਾ ਪਾ ਕੇ ਇੰਝ ਕਿਹਾ ਜਾ ਸਕਦਾ ਹੈ ਕਿ ਪੜ੍ਹਨ ਪੜ੍ਹਾਉਣ ਦਾ ਮਾਹੌਲ ਬਹੁਤ ਹੀ ਵਧੀਆ ਸੀ।

1972 ਵਿੱਚ ਵਿਗਿਆਨ ਦੀ ਬੀ. ਐੱਸਸੀ. ਆਨਰਜ਼ ਦੀ ਕਲਾਸ ਵੀ ਸ਼ੁਰੂ ਹੋ ਗਈ ਸੀ। ਇਸ ਜਮਾਤ ਵਿੱਚ ਦਸ ਵਿਦਿਆਰਥੀ ਸਨ। ਇਨ੍ਹਾਂ ਵਿੱਚ ਸੱਤ ਲੜਕੇ ਤੇ ਤਿੰਨ ਲੜਕੀਆਂ ਸਨ। ਇਨ੍ਹਾਂ ਵਿੱਚ ਪੰਜ ਵਜੀਦਪੁਰ ਦੇ ਲੋਕਲ, ਦੋ ਨੇੜੇ ਦੇ ਪਿੰਡਾਂ ਸਲੇਮਪੁਰ ਤੇ ਬਰਸਾਲਪੁਰ ਤੋਂ ਆਉਂਦੇ ਸਨ। ਆਨਰਜ਼ ਦੀ ਜਮਾਤ ਨੂੰ ਤਿੰਨ ਪ੍ਰੋਫੈਸਰ ਪੜ੍ਹਾਉਂਦੇ ਸਨ। ਇੱਕ ਦੂਜੇ ਤੋਂ ਵੱਧ ਮਿਹਨਤੀ ਸਨ। ਇਨ੍ਹਾਂ ਵਿੱਚੋਂ ਇੱਕ ਮੈਡਮ ਰੇਨੂੰ, ਪ੍ਰੋਫੈਸਰ ਸ਼ਾਰਦਾ ਤੇ ਪ੍ਰੋਫੈਸਰ ਸੇਠੀ ਸਨ। ਸਾਰਿਆਂ ਨੇ ਮਿਹਨਤ ਦੱਬ ਕੇ ਕਰਵਾਈ। ਸਮੇਂ ਸਿਰ ਸਿਲੇਬਸ ਪੂਰਾ ਕਰਵਾ ਕੇ ਦੁਹਰਾਈ ਵੀ ਕਰਵਾ ਦਿੱਤੀ ਗਈ। ਵਿਦਿਆਰਥੀਆਂ ਨੇ ਵੀ ਪੂਰੀ ਤਿਆਰੀ ਨਾਲ ਪੜ੍ਹਾਈ ਕੀਤੀ। ਕਾਲਜ ਦੀ ਲਾਇਬ੍ਰੇਰੀ ਵਿੱਚ ਚੰਗੀਆਂ ਪੁਸਤਕਾਂ ਦੀ ਕੋਈ ਘਾਟ ਨਹੀਂ ਸੀ। ਲਾਇਬ੍ਰੇਰੀਅਨ ਲਖਨਪਾਲ ਬੜਾ ਮਿਹਨਤੀ ਸੀ। ਉਹ ਬੱਚਿਆਂ ਨੂੰ ਪੁਸਤਕਾਂ ਲੱਭ ਕੇ ਦੇਣ ਲਈ ਹਮੇਸ਼ਾਂ ਤਤਪਰ ਰਹਿੰਦਾ। ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਵੀ ਉਪਕਰਣਾਂ ਨਾਲ ਭਰਪੂਰ ਸਨ।

ਕਾਲਜ ਦੇ ਪ੍ਰਿੰਸੀਪਲ ਸੁਭਾਸ਼ ਚੰਦਰ ਦਾ ਪੂਰਾ ਜ਼ੋਰ ਲੱਗਿਆ ਰਹਿੰਦਾ ਸੀ ਕਿ ਇਲਾਕੇ ਵਿੱਚ ਕਾਲਜ ਦਾ ਨਾਮ ਸਿਰ ਕੱਢ ਹੋਵੇ। ਇੰਜ ਕਰਨ ਦਾ ਤਰੀਕਾ ਇਹ ਹੀ ਸੀ ਕਿ ਸ਼ੁਰੂ ਦੇ ਸਾਲਾਂ ਵਿੱਚ ਇੱਕ ਅੱਧਾ ਵਿਦਿਆਰਥੀ ਮੈਰਿਟ ਲਿਸਟ ਵਿੱਚ ਆ ਜਾਵੇ। ਕੋਸ਼ਿਸ਼ ਇਹ ਵੀ ਸੀ ਕਿ ਖੇਡਾਂ ਵਿੱਚ ਵੀ ਨਾਮਣਾ ਖੱਟਿਆ ਜਾਵੇ। ਖੇਡਾਂ ਦਾ ਪ੍ਰੋਫੈਸਰ ਡੀ. ਪੀ. ਈ. ਹਰਪਾਲ ਸਿੰਘ ਇੱਕ ਜੱਟ ਪ੍ਰੋਫੈਸਰ ਸੀ ਤੇ ਉਹ ਇਕੱਲਾ ਪੱਗੜੀਧਾਰੀ ਸੀ। ਹੈਰਾਨੀ ਇਹ ਸੀ ਕਾਲਜ ਦੇ ਪੰਜਾਬੀ ਪ੍ਰੋਫੈਸਰ ਹਿੰਦੂ ਪਿਛੋਕੜ ਦੇ ਸਨ। ਪ੍ਰੋਫੈਸਰ ਲੂਥਰਾ ਸੀਨੀਅਰ ਕਲਾਸਾਂ ਨੂੰ ਪੜ੍ਹਾਉਂਦਾ ਸੀ ਅਤੇ ਮੈਡਮ ਮਨੋਚਾ ਜੂਨੀਅਰ ਕਲਾਸਾਂ ਨੂੰ। ਕਾਲਜ ਖੇਡਾਂ ਦੇ ਖੇਤਰ ਵਿੱਚ ਪੰਜ ਸਾਲਾਂ ਵਿੱਚ ਦੋ ਮੱਲਾਂ ਮਾਰ ਚੁੱਕਾ ਸੀ। ਭਾਰ ਚੁੱਕਣ ਵਾਲਾ ਇੱਕ ਲੜਕਾ ਯੂਨੀਵਰਸਿਟੀ ਤੱਕ ਪਹੁੰਚ ਚੁੱਕਾ ਸੀ ਤੇ ਟੇਬਲ ਟੈਨਿਸ ਵਿੱਚ ਵੀ ਲੜਕੀਆਂ ਦੀ ਟੀਮ ਇੰਟਰ ਯੂਨੀਵਰਸਿਟੀ ਟਰਾਫੀ ਜਿੱਤ ਚੁੱਕੀ ਸੀ। ਲੜਕੀਆਂ ਦੀਆਂ ਖੇਡਾਂ ਲਈ ਸੁਧਾ ਮੈਡਮ ਆਰਜ਼ੀ ਲੈਕਚਰਾਰ ਸੀ।

ਆਨਰਜ਼ ਦੀ ਜਮਾਤ ਨੂੰ ਪੂਰੀ ਮਿਹਨਤ ਕਰਵਾਈ ਜਾ ਰਹੀ ਸੀ। ਲੜਕੇ ਜਗਮੀਤ ਢਿੱਲੋਂ ਤੇ ਲੜਕੀ ਵੰਦਨਾ ਵਰਮਾ ਵਿੱਚ ਫਸਵਾਂ ਮੁਕਾਬਲਾ ਚੱਲਦਾ ਰਹਿੰਦਾ ਸੀ। ਘਰੇਲੂ ਪ੍ਰੀਖਿਆਵਾਂ ਵਿੱਚ ਇਹ ਦੋਵੇਂ ਹੋਣਹਾਰ ਵਿਦਿਆਰਥੀ 90 ਪ੍ਰਤੀਸ਼ਤ ਤੱਕ ਨੰਬਰ ਲੈ ਚੁੱਕੇ ਸਨ। ਹੁਣ ਸਾਲਾਨਾ ਪ੍ਰੀਖਿਆਵਾਂ ਨੇੜੇ ਹੀ ਸਨ। ਫਰਵਰੀ ਮਹੀਨੇ ਵਿੱਚ ਇਸ ਕਲਾਸ ਨੂੰ ਪਰਖਣ ਹਿੱਤ ਪ੍ਰਿੰਸੀਪਲ ਖੁਦ ਅਕਸਰ ਪੀਰੀਅਡ ਲਾ ਹੀ ਲੈਂਦਾ ਸੀ। ਵਾਧੂ ਕੋਚਿੰਗ ਬੜੀ ਬਾਰੀਕੀ ਨਾਲ ਚੱਲ ਰਹੀ ਸੀ। ਸਾਲਾਨਾ ਇਮਤਿਹਾਨ ਬੜੇ ਖੁਸ਼ਗਵਾਰ ਮਾਹੌਲ ਵਿੱਚ ਸ਼ੁਰੂ ਹੋਏ। ਜਗਮੀਤ ਤੇ ਵੰਦਨਾ ਨੇ ਬੜੀ ਮਿਹਨਤ ਨਾਲ ਇਮਤਿਹਾਨ ਦੇਣ ਹਿੱਤ ਕੋਈ ਕਸਰ ਨਾ ਛੱਡੀ। ਪਿਛਲੇ ਪੰਜ ਸਾਲਾਂ ਵਿੱਚ ਕਾਲਜ ਨੇ ਬਹੁਤ ਮੱਲਾਂ ਮਾਰੀਆਂ। ਇੱਕ ਲੜਕਾ ਬੀ. ਏ. ਆਨਰਜ਼ ਦੀ ਅੰਗਰੇਜ਼ੀ ਪ੍ਰੀਖਿਆ ਵਿੱਚ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਆਇਆ ਸੀ। ਟੇਬਲ ਟੈਨਿਸ ਵਿੱਚ ਵੀ ਲੜਕੀਆਂ ਦੀ ਟੀਮ ਨੇ ਚੈਂਪੀਅਨਸ਼ਿਪ ਜਿੱਤੀ ਸੀ।

ਕਾਲਜ ਵਿੱਚ ਇਮਾਰਤ ਉਸਾਰੀ ਦਾ ਕੰਮ ਵੀ ਨਾਲੋਂ ਨਾਲ ਚੱਲਦਾ ਰਹਿੰਦਾ ਸੀ। ਮੋਟੇ ਲਾਲੇ ਤੇ ਚੰਦ ਕੁ ਜ਼ਮੀਨਾਂ ਵਾਲੇ ਕਾਂਗਰਸੀ ਜੱਟ ਮਦਦ ਕਰੀ ਜਾ ਰਹੇ ਸਨ। ਇਲਾਕੇ ਦੇ ਇੱਕ ਓਲੰਪੀਅਨ ਦੀ ਯਾਦ ਵਿੱਚ ਖੇਡ ਸਟੇਡੀਅਮ ਉਸਾਰਿਆ ਜਾ ਰਿਹਾ ਸੀ। ਕਾਲਜ ਦਾ ਪ੍ਰਿੰਸੀਪਲ ਸੁਭਾਸ਼ ਚੰਦਰ ਸਿਰਫ਼ ਮਿਹਨਤੀ ਹੀ ਨਹੀਂ ਸੀ ਸਗੋਂ ਇਮਾਨਦਾਰ ਵੀ ਸੀ। ਪੂਰੇ ਇਲਾਕੇ ਵਿੱਚ ਕਾਲਜ ਦੀ ਬੱਲੇ ਬੱਲੇ ਹੋਈ ਪਈ ਸੀ। ਇਸ ਬੱਲੇ ਬੱਲੇ ਨੇ ਵਿਦਿਆਰਥੀਆਂ ਦੀ ਨਫ਼ਰੀ ਵਧਾਉਣ ਵਿੱਚ ਠੋਸ ਭੂਮਿਕਾ ਨਿਭਾਈ ਸੀ। ਅਪਰੈਲ ਤੇ ਮਈ ਮਹੀਨਿਆਂ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਗਏ ਸਨ। ਕਾਲਜ ਦੇ ਪ੍ਰਿੰਸੀਪਲ ਤੇ ਸਟਾਫ ਹੈਰਾਨੀ ਭਰੀ ਖੁਸ਼ੀ ਵਿੱਚ ਸਨ ਕਿ ਉਨ੍ਹਾਂ ਦਾ ਵਿਦਿਆਰਥੀ ਜਗਮੀਤ ਢਿੱਲੋਂ ਸਾਰੀ ਯੂਨੀਵਰਸਿਟੀ ਵਿੱਚੋਂ ਅੱਵਲ ਆਇਆ ਤੇ ਵੰਦਨਾ ਮੈਰਿਟ ਲਿਸਟ ਵਿੱਚ ਪੰਦਰਵੇਂ ਸਥਾਨ ’ਤੇ ਸੀ। ਖੁਸ਼ੀ ਵਿੱਚ ਪ੍ਰਿੰਸੀਪਲ ਨੇ ਛੁੱਟੀਆਂ ਵਿੱਚ ਸਟਾਫ ਮੀਟਿੰਗ ਸੱਦ ਲਈ ਤੇ ਜਗਮੀਤ ਤੇ ਵੰਦਨਾ ਨੂੰ ਵੀ ਸੱਦ ਕੇ ਪਾਰਟੀ ਕੀਤੀ। ਪ੍ਰਿੰਸੀਪਲ ਸਾਹਿਬ ਨੇ ਲੈਕਚਰ ਵਿੱਚ ਦੋਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਟਾਫ ਦੀ ਪ੍ਰਸ਼ੰਸਾ ਕੀਤੀ।

ਇਲਾਕੇ ਵਿੱਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਨਵੇਂ ਦਾਖਲਿਆਂ ਦੇ ਪ੍ਰਚਾਰ ਕਰਨ ਦੀ ਪਿੰਡਾਂ ਵਿੱਚ ਕੋਈ ਲੋੜ ਨਾ ਪਈ। ਸ਼ਾਨਦਾਰ ਨਤੀਜੇ ਹੀ ਇਸ਼ਤਿਹਾਰ ਬਣ ਗਏ ਸਨ। ਸਾਹਬ ਨੇ ਕਾਲਜ ਦਫ਼ਤਰ ਦੇ ਸੁਪਰਡੈਂਟ ਬੇਦੀ ਨੂੰ ਹਦਾਇਤ ਕੀਤੀ ਕਿ ਜਗਮੀਤ ਢਿੱਲੋਂ ਤੇ ਵੰਦਨਾ ਦੇ ਨਾਮ ਕਾਲਜ ਸਨਮਾਨ ਬੋਰਡ ’ਤੇ ਲਿਖ ਕੇ ਸਾਹਮਣੇ ਪ੍ਰਾਪਤੀਆਂ ਦਰਜ ਕੀਤੀਆਂ ਜਾਣ। ਦੂਜੇ ਦਿਨ ਪੇਂਟਰ ਆਇਆ ਤੇ ਦੋਹਾਂ ਦੇ ਨਾਮ ਬੋਰਡ ਉੱਤੇ ਲਿਖ ਦਿੱਤੇ ਗਏ। ਜਗਮੀਤ ਦਾ ਨਾਮ ਬੋਰਡ ਦੇ ਸਿਖ਼ਰ ’ਤੇ ਸਜ ਗਿਆ।

ਇਹ ਦੋਵੇਂ ਵਿਦਿਆਰਥੀ ਐੱਮ. ਐੱਸਸੀ. ਕਰਨ ਲਈ ਚੰਡੀਗੜ੍ਹ ਜਾ ਦਾਖਲ ਹੋਏ। ਉਨ੍ਹਾਂ ਦਿਨਾਂ ਵਿੱਚ ਚੰਡੀਗੜ੍ਹ ਪੰਜਾਬ, ਹਰਿਆਣਾ ਹਿਮਾਚਲ ਲਈ ਇੱਕ ਉੱਚ ਵਿੱਦਿਆ ਦਾ ਕੇਂਦਰ ਸੀ। ਪੰਜਾਬ ਵਿੱਚ ਦੋ ਯੂਨੀਵਰਸਿਟੀਆਂ ਹੋਰ ਜ਼ਰੂਰ ਸਨ, ਪਰ ਉਹ ਨਵੀਆਂ ਹੋਣ ਕਰਕੇ ਵਿਦਿਆਰਥੀਆਂ ਦਾ ਰੁਝਾਨ ਉਨ੍ਹਾਂ ਵੱਲ ਘੱਟ ਹੀ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਿੱਲੀ ਤੱਕ ਦੇ ਵਿਦਿਆਰਥੀਆਂ ਪੜ੍ਹਨ ਆਉਂਦੇ ਸਨ। ਐੱਮ. ਐੱਸਸੀ. ਜਮਾਤ ਵਿੱਚ 150 ਸੀਟਾਂ ਹੋਇਆ ਕਰਦੀਆਂ ਸਨ। ਇਹ ਨਫ਼ਰੀ ਪੂਰੀ ਕਰਨ ਲਈ ਤਿੰਨ ਸੂਬਿਆਂ ਤੇ ਚੌਥੇ ਦਿੱਲੀ ਤੱਕ ਦੇ ਹੁਸ਼ਿਆਰ ਤੋਂ ਹੁਸ਼ਿਆਰ ਵਿਦਿਆਰਥੀ ਪੜ੍ਹਨ ਆਇਆ ਕਰਦੇ ਸਨ। ਇੱਥੇ ਪੇਂਡੂ ਵਿਦਿਆਰਥੀਆਂ ਨੂੰ ਇੱਕ ਦੋ ਮਨੋਵਿਗਿਆਨਕ ਝਟਕੇ ਜ਼ਰੂਰ ਲੱਗਦੇ ਸਨ। ਪੇਂਡੂ ਵਿਦਿਆਰਥੀ ਬਹੁਤ ਮਿਹਨਤੀ ਸਨ। ਅੰਗਰੇਜ਼ੀ ਬੋਲ ਚਾਲ ਵਿੱਚ ਉਹ ਸ਼ਹਿਰੀ ਵਿਦਿਆਰਥੀਆਂ ਤੋਂ ਪਿੱਛੇ ਰਹਿ ਜਾਇਆ ਕਰਦੇ ਸਨ। ਪਹਿਰਾਵੇ ਵਿੱਚ ਵੀ ਪੇਂਡੂ ਪਰੰਪਰਾਗਤ ਤੇ ਪੱਛੜੇ ਲੱਗਿਆ ਕਰਦੇ ਸਨ। ਸ਼ਹਿਰੀ ਅਤਿ ਦਰਜੇ ਦੇ ਮਾਡਰਨ, ਪਰ ਪੇਂਡੂ ਵੇਖਣ ਪਰਖਣ ਵਿੱਚ ਸਾਧਾਰਨ ਸਨ।

ਜਗਮੀਤ ਪੱਗੜੀਧਾਰੀ ਹੀ ਰਿਹਾ। ਇੰਜ ਰੱਖਣ ਵਿੱਚ ਉਸ ਦੇ ਹੋਸਟਲ ਵਾਰਡਨ ਨੇ ਖਾਸ ਭੂਮਿਕਾ ਨਿਭਾਈ। ਵੰਦਨਾ ਮਾਹੌਲ ਮੁਤਾਬਕ ਜਲਦੀ ਢਲ ਗਈ। ਉਹ ਵਜੀਦਪੁਰ ਦੇ ਮੋਟੇ ਲਾਲਿਆਂ ਦੀ ਕੁੜੀ ਸੀ। ਘਰ ਵਿੱਚ ਪਹਿਲਾਂ ਹੀ ਪੜ੍ਹਾਈ ਦਾ ਮਾਹੌਲ ਸੀ। ਭਰਾ ਬੈਂਕ ਮੈਨੇਜਰ ਸੀ ਤੇ ਭੈਣ ਵਿਆਹ ਤੋਂ ਬਾਅਦ ਵੱਡੇ ਸ਼ਹਿਰ ਦੇ ਇੱਕ ਕਾਲਜ ਵਿੱਚ ਅੰਗਰੇਜ਼ੀ ਦੀ ਲੈਕਚਰਾਰ ਲੱਗ ਗਈ ਸੀ। ਜਗਮੀਤ ਮੱਧਵਰਗੀ ਜੱਟ ਸਿੱਖ ਪਰਿਵਾਰ ਵਿੱਚੋਂ ਸੀ। ਬਾਪੂ ਹਾਈ ਸਕੂਲ ਵਿੱਚ ਸਾਇੰਸ ਅਧਿਆਪਕ ਤੇ ਮਾਂ ਘਰੇਲੂ ਔਰਤ ਸੀ। ਥੋੜ੍ਹੀ ਜਿਹੀ ਜ਼ਮੀਨ ਸੀ। ਉਹ ਵੀ ਮਾਮਲੇ ’ਤੇ ਦਿੱਤੀ ਹੋਈ ਸੀ। ਪਿੰਡ ਵਿੱਚ ਬਿਜਲੀ ਵੀ ਉਦੋਂ ਕੁ ਹੀ ਪਹੁੰਚੀ ਸੀ ਜਦੋਂ ਜਗਮੀਤ ਨੇ ਬੀ. ਐੱਸਸੀ. ਕੀਤੀ ਸੀ। ਬਾਪੂ ਦੀ ਨਿੱਜੀ ਕੋਚਿੰਗ ਸਦਕਾ ਹੀ ਉਹ ਸਿਖਰਲੇ ਦਰਜੇ ਦਾ ਲਾਇਕ ਵਿਦਿਆਰਥੀ ਬਣਿਆ। ਐੱਮ. ਐੱਸਸੀ. ਵਿੱਚ ਉਹ 95 ਫੀਸਦੀ ਨੰਬਰ ਲੈਣ ਵਿੱਚ ਸਫਲ ਹੋ ਗਿਆ ਸੀ ਤੇ ਵੰਦਨਾ 85 ਫੀਸਦੀ ’ਤੇ ਸੀ। ਭਾਵੇਂ ਅੱਗੇ ਦੋਵਾਂ ਦੀ ਪ੍ਰਸ਼ਾਸਨਿਕ ਪ੍ਰੀਖਿਆਵਾਂ ਦੇਣ ਦੀ ਕੋਸ਼ਿਸ਼ ਸੀ, ਪਰ ਦੋਹਾਂ ਨੇ ਕਾਲਜ ਲੈਕਚਰਾਰਸ਼ਿਪ ਬਣਨ ਦੀਆਂ ਕੋਸ਼ਿਸ਼ਾਂ ਵੀ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ।

ਜੂਨ ਦੇ ਮਹੀਨੇ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਵਜੀਦਪੁਰ ਦੇ ਹਿੰਦੂ ਕਾਲਜ ਨੇ ਦੋ ਪੋਸਟਾਂ ਭਰਨ ਲਈ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਰਸਾਇਣ ਵਿਗਿਆਨ ਦੀ ਪੋਸਟ ਵੀ ਸੀ। ਸੁਭਾਵਿਕ ਹੀ ਸੀ ਕਿ ਦੋਵੇਂ ਜਗਮੀਤ ਤੇ ਵੰਦਨਾ ਆਪਣੇ ਇਸ ਪੁਰਾਣੇ ਕਾਲਜ ਵਿੱਚ ਲੈਕਚਰਾਰ ਲਈ ਅਪਲਾਈ ਕਰਦੇ। ਦੋਹਾਂ ਨੇ ਆਪਣਾ ਡੇਟਾ ਲਗਾ ਕੇ ਸਮੇਂ ਸਿਰ ਅਪਲਾਈ ਕਰ ਦਿੱਤਾ। ਇਹ ਪੋਸਟ ਭਰਨ ਲਈ ਕਾਲਜ ਕਮੇਟੀ ਦੀ ਮੀਟਿੰਗ ਹੋਈ। ਚੋਣ ਪੈਨਲ ਵਿੱਚ ਇੱਕ ਯੂਨੀਵਰਸਿਟੀ ਦਾ ਨੁਮਾਇੰਦਾ ਤੇ ਇੱਕ ਵਿਸ਼ਾ ਮਾਹਿਰ ਵੀ ਸ਼ਾਮਲ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਸੀ। ਪਰ ਆਖਰੀ ਫੈਸਲਾ ਕਾਲਜ ਕਮੇਟੀ ਤੇ ਪ੍ਰਿੰਸੀਪਲ ਨੇ ਕਰਨਾ ਹੁੰਦਾ ਸੀ। ਇਸ ਪੋਸਟ ਲਈ ਇੰਟਰਵਿਊ ਦੇਣ ਵਾਸਤੇ 15 ਉਮੀਦਵਾਰ ਹਾਜ਼ਰ ਹੋਏ। ਇਨ੍ਹਾਂ ਵਿੱਚੋਂ ਨੰਬਰਾਂ ਪੱਖੋਂ, ਵਰਤਾਰੇ ਪੱਖੋਂ ਤੇ ਸਮਾਜ ਵਿੱਚ ਵਿਚਰਨ ਪੱਖੋਂ ਜਗਮੀਤ ਹੀ ਸਭ ਤੋਂ ਉੱਪਰ ਸੀ। ਉਸ ਨੂੰ ਪੂਰੀ ਉਮੀਦ ਸੀ ਕਿ ਉਸ ਦੀ ਚੋਣ ਹੋ ਜਾਵੇਗੀ, ਪਰ ਜਦ ਸੁਪਰਡੈਂਟ ਨੇ ਨਤੀਜਾ ਸੁਣਾਇਆ ਤਾਂ ਜਗਮੀਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਚੋਣ ਵੰਦਨਾ ਦੀ ਕਰ ਲਈ ਗਈ।

ਫਿਰ ਅੰਦਰਲਾ ਭੇਤ ਬਾਹਰ ਆਇਆ ਕਿ ਇਸ ਕਾਲਜ ਨੇ ਹਿੰਦੂ ਉਮੀਦਵਾਰ ਨੂੰ ਪਹਿਲ ਦੇਣੀ ਸੀ। ਜਦ ਜਗਮੀਤ ਐੱਮ. ਐੱਸਸੀ. ਵਿੱਚ ਪੂਰੀ ਯੂਨੀਵਰਸਿਟੀ ਵਿੱਚੋਂ ਅਵੱਲ ਆਇਆ ਸੀ ਤਾਂ ਉਦੋਂ ਪ੍ਰਿੰਸੀਪਲ ਨੇ ਕਿਹਾ ਸੀ, ‘‘ਜਗਮੀਤ ਢਿੱਲੋਂ ਨੇ ਸਾਰੇ ਪੰਜਾਬ ਵਿੱਚ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਨੂੰ ਕਾਲਜ ਵੱਲੋਂ ਸਨਮਾਨ ਪੱਤਰ ਦਿੱਤਾ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਟਾਫ ਅੰਤਾਂ ਦੀ ਮਿਹਨਤ ਕਰਵਾਉਂਦਾ ਹੋਇਆ ਸਫਲਤਾ ਲਈ ਦਰਵਾਜ਼ੇ ਖੋਲ੍ਹਦਾ ਹੈ, ਪਰ ਅੰਦਰ ਵਿਦਿਆਰਥੀ ਨੇ ਹੀ ਵੜਨਾ ਹੁੰਦਾ ਹੈ।’’

ਇੱਥੇ ਵਰਨਣਯੋਗ ਹੈ ਕਿ ਇਸ ਹਿੰਦੂ ਕਾਲਜ ਵਿੱਚ ਰਸਾਇਣਕ ਵਿਗਿਆਨ ਦੀਆਂ ਅਸਾਮੀਆਂ ’ਤੇ ਪਹਿਲਾਂ ਹੀ ਔਰਤਾਂ ਲੈਕਚਰਾਰ ਹੋਣ ਕਰਕੇ ਇਸ ਵਿਸ਼ੇ ਦੀ ਤੀਸਰੀ ਖਾਲੀ ਆਸਾਮੀ ਉੱਪਰ ਮਰਦ ਲੈਕਚਰਾਰ ਰੱਖਣਾ ਬਣਦਾ ਸੀ। ਜਿਸ ਲਈ ਯੋਗ ਉਮੀਦਵਾਰ ਜਗਮੀਤ ਹੀ ਸੀ।, ਪਰ ਸਿੱਖ ਸਰਦਾਰ ਹੋਣ ਕਰਕੇ ਜਗਮੀਤ ਨੂੰ ਪਾਸੇ ਕਰਦਿਆਂ ਔਰਤ (ਵੰਦਨਾ) ਨੂੰ ਹੀ ਭਰਤੀ ਕਰ ਲਿਆ ਗਿਆ ਸੀ। ਸੋ ਇਹ ਭਰਤੀ ਧਾਰਮਿਕ ਕੱਟੜਤਾ ਦੀ ਸੌੜੀ ਸੋਚ ਨੂੰ ਉਜਾਗਰ ਕਰਦੀ ਸੀ। ਜਗਮੀਤ ਨੂੰ ਦੇਸ਼ ਵਿੱਚ ਧਰਮ ਦੇ ਨਾਮ ਉਤੇ ਇਸ ਭੇਦਭਾਵ ਦਾ ਵੱਡਾ ਦੁੱਖ ਲੱਗਿਆ। ਜਦ ਉਹ ਸਟਾਫ ਰੂਮ ਵਿੱਚੋਂ ਬਾਹਰ ਨਿਕਲਣ ਲੱਗਾ ਤਾਂ ਉਸ ਦੀ ਕਾਲਜ ਦੀ ਕੰਧ ਨਾਲ ਲੱਗੇ ਉਸ ਸਨਮਾਨ ਬੋਰਡ ’ਤੇ ਨਜ਼ਰ ਪਈ ਜਿਸ ਦੇ ਉਤੇ ਯੂਨੀਵਰਸਿਟੀ ਵਿੱਚੋਂ ਅੱਵਲ ਵਿਦਿਆਰਥੀ ਵਜੋਂ ਉਸ ਦਾ ਨਾਮ ਲਿਖਿਆ ਹੋਇਆ ਸੀ। ਹੁਣ ਇਹ ਸਨਮਾਨ ਬੋਰਡ ਉਸ ਨੂੰ ਅਪਮਾਨ ਬੋਰਡ ਮਹਿਸੂਸ ਹੋ ਰਿਹਾ ਸੀ। ਜਿਸ ਕਾਲਜ ਦੀ ਪ੍ਰਸਿੱਧੀ ਨੂੰ ਉਸ ਨੇ ਯੂਨੀਵਰਸਿਟੀ ਵਿੱਚੋਂ ਅੱਵਲ ਰਹਿ ਕੇ ਚਾਰ ਚੰਨ ਲਾਏ ਸਨ, ਹੁਣ ਉਸ ਨੂੰ ਕਾਲਜ ਨੈਤਿਕਤਾ ਦੇ ਦੂਸਰੇ ਤੀਹਰੇ ਮਿਆਰਾਂ ਦਾ ਅੱਡਾ ਅਤੇ ਧਰਮ ਦੇ ਠੇਕੇਦਾਰਾਂ ਦੀ ਨਿੱਜੀ ਜਾਇਦਾਦ ਬਣਿਆ ਮਹਿਸੂਸ ਹੋਇਆ।

ਸੰਪਰਕ: 0437641033

Advertisement
×