ਵਾਸ਼ਿੰਗਟਨ, 22 ਨਵੰਬਰ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭਾਰਤੀ-ਅਮਰੀਕੀ ਮਾਲਾ ਅਡੀਗਾ ਨੂੰ ਆਪਣੀ ਪਤਨੀ ਜਿੱਲ ਦੀ ਨੀਤੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਦੇਸ਼ ਦੀ ਅਗਲੀ ਪ੍ਰਥਮ ਮਹਿਲਾ ਬਣਨ ਜਾ ਰਹੀ ਜਿੱਲ ਦਾ ਧਿਆਨ ਖ਼ਾਸ ਤੌਰ ’ਤੇ ਸਿੱਖਿਆ ’ਤੇ ਕੇਂਦਰਿਤ ਹੈ, ਇਸ ਵਾਸਤੇ ਸਿੱਖਿਆ ਸਬੰਧੀ ਨੀਤੀ ਦੇ ਸਬੰਧ ਵਿੱਚ ਤਜਰਬੇਕਾਰ ਮਾਲਾ ਅਡੀਗਾ ਨੂੰ ਊਸ ਦੀ ਨੀਤੀ ਨਿਰਦੇਸ਼ਕ ਲਗਾਇਆ ਗਿਆ ਹੈ।
ਬਾਇਡਨ ਦੀ 2020 ਮੁਹਿੰਮ ਲਈ ਅਡੀਗਾ ਸੀਨੀਅਰ ਨੀਤੀ ਸਲਾਹਕਾਰ ਅਤੇ ਜਿੱਲ ਦੀ ਸੀਨੀਅਰ ਸਲਾਹਕਾਰ ਸੀ। ਅਡੀਗਾ ਨੇ ਪਹਿਲਾਂ ਬਾਇਡਨ ਫਾਊਂਡੇਸ਼ਨ ਲਈ ਊਚੇਰੀ ਸਿੱਖਿਆ ਤੇ ਫ਼ੌਜੀ ਪਰਿਵਾਰਾਂ ਦੇ ਮਾਮਲਿਆਂ ਸਬੰਧੀ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਹੈ।
ਊਸ ਤੋਂ ਪਹਿਲਾਂ, ਓਬਾਮਾ ਪ੍ਰਸ਼ਾਸਨ ਦੌਰਾਨ ਅਡੀਗਾ ਸਿੱਖਿਆ ਤੇ ਸਭਿਆਚਾਰਕ ਮਾਮਲਿਆਂ ਬਾਰੇ ਬਿਊਰੋ ਵਿੱਚ ਅਕਾਦਮਿਕ ਮਾਮਲਿਆਂ ਲਈ ਵਿਦੇਸ਼ ਮੰਤਰਾਲੇ ਵਿੱਚ ਊਪ ਸਹਾਇਕ ਸਕੱਤਰ ਸੀ ਅਤੇ ਊਸ ਨੇ ਵਿਦੇਸ਼ ਮੰਤਰਾਲੇ ਦੇ ਗਲੋਬਲ ਵਿਮੈਨਜ਼ ਇਸ਼ੂਜ਼ ਦੇ ਦਫ਼ਤਰ ’ਚ ਸਟਾਫ਼ ਦੇ ਮੁਖੀ ਵਜੋਂ ਵੀ ਕੰਮ ਕੀਤਾ ਹੈ ਅਤੇ ਵਿਸ਼ੇਸ਼ ਦੂਤ ਦੇ ਸੀਨੀਅਰ ਸਲਾਹਕਾਰ ਦੀ ਜ਼ਿੰਮੇਵਾਰੀ ਵੀ ਨਿਭਾਈ ਹੈ। ਸੀਐੱਐੱਨ ਨੇ ਆਪਣੀ ਇਕ ਰਿਪੋਰਟ ’ਚ ਕਿਹਾ, ‘‘ਮਾਲਾ ਅਡੀਗਾ ਅਮਰੀਕਾ ਦੀ ਅਗਲੀ ਪ੍ਰਥਮ ਮਹਿਲਾ ਜਿੱਲ ਬਾਇਡਨ ਦੀ ਨੀਤੀ ਨਿਰਦੇਸ਼ਕ ਹੋਵੇਗੀ।’’ -ਪੀਟੀਆਈ
ਕਰਨਾਟਕ ’ਚ ਪਿੰਡ ਕੱਕੂਣਜੇ ਦਾ ਹੈ ਮਾਲਾ ਦਾ ਪਿਛੋਕੜ
ਮੰਗਲੌਰ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਪਣੀ ਪਤਨੀ ਤੇ ਅਮਰੀਕਾ ਦੀ ਅਗਲੀ ਪਹਿਲੀ ਮਹਿਲਾ ਜਿੱਲ ਬਾਇਡਨ ਦੀ ਨੀਤੀ ਸਲਾਹਕਾਰ ਨਿਯੁਕਤ ਕੀਤੀ ਗਈ ਭਾਰਤੀ-ਅਮਰੀਕੀ ਮਾਲਾ ਅਡੀਗਾ ਦਾ ਪਿਛੋਕੜ ਕਰਨਾਟਕ ਦੇ ਜ਼ਿਲ੍ਹਾ ਊਡੁੱਪੀ ਦੀ ਤਹਿਸੀਲ ਕੁੰਡਾਪੁਰ ’ਚ ਪੈਂਦੇ ਪਿੰਡ ਕੱਕੂਣਜੇ ਦਾ ਹੈ। ਊਹ ਕੇ ਸੂਰਿਆਨਾਰਾਇਣ ਅਡੀਗਾ ਜੋ ਅਣਵੰਡੇ ਕੰਨੜ ਜ਼ਿਲ੍ਹੇ ਦੇ ਨਿੱਜੀ ਖੇਤਰ ਦੇ ਕਰਨਾਟਕ ਬੈਂਕ ਲਿਮਿਟਡ ਦੇ ਸੰਸਥਾਪਕ ਸਨ, ਦੇ ਪਰਿਵਾਰ ’ਚੋਂ ਹੈ। ਇਸ ਤੋਂ ਇਲਾਵਾ ਅਰਵਿੰਦ ਅਡੀਗਾ ਜਿਨ੍ਹਾਂ ਨੇ ਸਾਲ 2008 ’ਚ ਦਿ ਮੈਨ ਬੁੱਕਰ ਦਾ ਖ਼ਿਤਾਬ ਜਿੱਤਿਆ ਸੀ, ਵੀ ਇਸੇ ਪਰਿਵਾਰ ਤੋਂ ਹਨ। -ਪੀਟੀਆਈ