ਗੁਰਚਰਨ ਕੌਰ ਥਿੰਦ
‘ਮੇਲੇ ਵਿਚ ਚੱਲ ਮੇਰੇ ਨਾਲ ਕੁੜੇ…ਹੋ ਹੋਅ…ਹੋ ਹੋਅ…’ ਮੇਲੇ ਦਾ ਨਾਂ ਜ਼ਿਹਨ ਵਿਚ ਆਉਂਦਿਆਂ ਹੀ ਪੰਜਾਬੀ ਗਾਇਕ ਆਸਾ ਸਿੰਘ ਮਸਤਾਨਾ ਦੇ ਬੋਲਾਂ ਦੀ ਵਿਲੱਖਣ ਹੇਕ ਬੁਲਾਉਂਦੀ ਪ੍ਰਤੀਤ ਹੁੰਦੀ ਹੈ। ਮਨ ਹੀ ਮਨ ਇਹ ਗੀਤ ਸੁਣਕੇ ਮੈਂ ਵੀ ਪਹੁੰਚ ਗਈ ਕੈਲਗਰੀ ਦੇ ਸਟੈਂਪੀਡ ਮੇਲੇ ਵਿਚ ਜੋ ਧਰਤੀ ’ਤੇ ਖੁੱਲ੍ਹੇ ਵਿਚ ਲੱਗਣ ਵਾਲਾ ਸਭ ਤੋਂ ਵੱਡਾ ਮੇਲਾ ਹੈ। ਦੇਸ਼ ਵਿਦੇਸ਼ ਦੇ ਬੱਚਿਆਂ, ਨੌਜੁਆਨਾਂ, ਬਜ਼ੁਰਗਾਂ, ਮਰਦਾਂ ਤੇ ਔਰਤਾਂ ਨੂੰ ਇਸ ਵਿਚ ਸ਼ਾਮਲ ਹੋਣ ਅਤੇ ਕਾਓ ਬੁਆਏਜ਼ ਤੇ ਮੂਲ-ਨਿਵਾਸੀਆਂ ਦੇ ਸੱਭਿਆਚਾਰਕ ਪ੍ਰਦਰਸ਼ਨ ਦਾ ਆਨੰਦ ਮਾਣਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਇਹ ਮੇਲਾ ਹਰ ਸਾਲ ਜੁਲਾਈ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ ਪੂਰੇ ਦਸ ਦਿਨ ਤਕ ਲੱਗਦਾ ਆ ਰਿਹਾ ਹੈ। ਜੇਕਰ ਪਹਿਲਾ ਸ਼ੁੱਕਰਵਾਰ ‘ਕੈਨੇਡਾ ਡੇ’ ਹੋਵੇ ਜਾਂ ਇਸ ਤੋਂ ਪਹਿਲਾ ਦਿਨ ਵੀਰਵਾਰ ‘ਕੈਨੇਡਾ ਡੇ’ ਭਾਵ ਇਕ ਜੁਲਾਈ ਦਾ ਦਿਨ ਹੋਵੇ ਤਾਂ ਇਹ ਮੇਲਾ ਜੁਲਾਈ ਦੇ ਦੂਸਰੇ ਸ਼ੁੱਕਰਵਾਰ ਸ਼ੁਰੂ ਹੋ ਕੇ ਅਗਲੇ ਦਸ ਦਿਨ ਤਕ ਹੁੰਦਾ ਹੈ। ਜਿਵੇਂ ਇਸ ਤਰ੍ਹਾਂ ਹੋਇਆ।
ਇਸ ਮੇਲੇ ਦੀਆਂ ਜੜ੍ਹਾਂ 1886 ਵਿਚ ਕੈਲਗਰੀ ਵਿਖੇ ਜ਼ਿਲ੍ਹਾ ਐਗਰੀਕਲਚਰ ਸੁਸਾਇਟੀ ਵੱਲੋਂ ਲਗਾਏ ਗਏ ਪਹਿਲੇ ਖੇਤੀਬਾੜੀ ਦੇ ਪ੍ਰਦਰਸ਼ਨ ਨਾਲ ਜਾ ਜੁੜਦੀਆਂ ਹਨ। ਉਂਜ 1912 ਵਿਚ ਅਮਰੀਕਾ ਤੋਂ ਆਏ ‘ਗੇ ਵੀਡਿਕ’ ਨਾਂ ਦੇ ਕਾਓ ਬੁਆਏ ਨੇ ਇਸ ਖੇਤੀਬਾੜੀ ਪ੍ਰਦਰਸ਼ਨ ਦੇ ਨਾਲ ਪਹਿਲਾ ‘ਰੋਡੀਓ ਸ਼ੋਅ’ ਕਰਵਾਇਆ ਅਤੇ ਇਸ ਮੇਲੇ ਨੂੰ ਉਤਸਵ ਵਜੋਂ ਮਨਾਇਆ ਜਿਸ ਨੂੰ ‘ਸਟੈਂਪੀਡ’ ਦਾ ਨਾਂ ਦਿੱਤਾ। 1919 ਵਿਚ ਪਹਿਲੇ ਸੰਸਾਰ ਯੁੱਧ ਤੋਂ ਮੁੜੇ ਜੇਤੂ ਸਿਪਾਹੀਆਂ ਦੇ ਮਾਣ ਵਿਚ ਇਹ ਸਟੈਂਪੀਡ ਤਿਓਹਾਰ ਵਾਂਗ ਮਨਾਇਆ ਗਿਆ। ਆਖਰ ਇਹ ਉਤਸਵ 1923 ਵਿਚ ਸਾਲਾਨਾ ਤਿਓਹਾਰ ਬਣ ਗਿਆ ਜਦੋਂ ਇਸ ਵਿਚ ‘ਕੈਲਗਰੀ ਇੰਡਸਟਰੀਅਲ ਐਗਜੀਬਿਸ਼ਨ’ ਸ਼ਾਮਲ ਕਰ ਦਿੱਤਾ ਗਿਆ। ਹੁਣ ਇਹ ਦੁਨੀਆ ਦੇ ਸਭ ਤੋਂ ਵੱਧ ਪੈਸੇ ਜਿੱਤਣ ਵਾਲੇ ‘ਰੋਡੀਓਜ਼’ ਵਾਲਾ ਕੈਨੇਡਾ ਦਾ ਸਭ ਤੋਂ ਵੱਡਾ ਤਿਓਹਾਰ ਹੈ ਜਿਸ ਨੇ ਕੈਲਗਰੀ ਸ਼ਹਿਰ ਨੂੰ ਸੈਲਾਨੀਆਂ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਾ ਦਿੱਤਾ ਹੈ। ਕੈਲਗਰੀ ਨੂੰ ‘ਸਟੈਂਪੀਡ ਸਿਟੀ’ ਵੀ ਆਖਿਆ ਜਾਂਦਾ ਹੈ। ਕੈਲਗਰੀ ਦੀ ਸਥਾਨਕ ਫੁੱਟਬਾਲ ਟੀਮ ਨੂੰ ਪਿਆਰ ਨਾਲ ‘ਸਟੈਂਪੀਡਰਜ਼’ ਆਖਦੇ ਹਨ। ਅੱਜ ਵਾਲੇ ਮਹਾਂਨਗਰ ਦੀ ਦਿੱਖ ਵਾਲਾ ਕੈਲਗਰੀ ਸ਼ਹਿਰ ਕਦੇ ‘ਕਾਓਟਾਊਨ’ ਵਜੋਂ ਜਾਣਿਆ ਜਾਂਦਾ ਸੀ। ਇਸ ਦੇ ਚੁਫ਼ੇਰੇ ਪਸਰੇ ਵੱਡੇ ਵੱਡੇ ਫਾਰਮਾਂ ਅਤੇ ਰੈਂਚਾਂ ਦੇ ਮਾਲਕ ਤੇ ਕਾਮੇ ਵੱਡੇ ਵੱਡੇ ਹੈਟ ਪਾਈ ਇੱਥੇ ਘੁੰਮਦੇ ਇਸ ਨੂੰ ਗਾਵਾਂ ਤੇ ਮੱਝਾਂ ਸਾਂਭਣ ਵਾਲਿਆਂ ਵਾਲੀ ਦਿੱਖ ਦਿੰਦੇ ਸਨ।
ਸਟੈਂਪੀਡ ਦੌਰਾਨ ਸ਼ਹਿਰ ਵਿਚ ਪਾਰਟੀ ਵਾਲਾ ਮਾਹੌਲ ਹੁੰਦਾ ਹੈ। ਦਫ਼ਤਰਾਂ ਦੀਆਂ ਇਮਾਰਤਾਂ ਅਤੇ ਵੱਡੇ ਛੋਟੇ ਸਟੋਰਾਂ ਦੇ ਮੱਥੇ ਕਾਓ-ਬੁਆਏ ਥੀਮਜ਼ ਨਾਲ ਪੇਂਟ ਕੀਤੇ ਜਾਂਦੇ ਹਨ। ਮੇਲੇ ਦੀ ਸ਼ੁਰੂਆਤ ਪਰੇਡ ਨਾਲ ਹੁੰਦੀ ਹੈ। ਜਿਸ ਵਿਚ ਸ਼ਾਮਲ ਵੰਨ-ਸੁਵੰਨੀਆਂ ਝਾਕੀਆਂ, ਬੈਂਡ, ਵੱਖ ਵੱਖ ਦੇਸ਼ਾਂ ਤੇ ਭਾਈਚਾਰਿਆਂ ਦੀਆਂ ਆਪੋ ਆਪਣੀਆਂ ਸੱਭਿਆਚਾਰਕ ਝਾਕੀਆਂ, ਕਾਰੋਬਾਰੀ ਝਾਕੀਆਂ ਤੇ ਸਰਕਾਰੀ ਝਾਕੀਆਂ ਦੀ ਕਈ ਕਿਲੋਮੀਟਰ ਲੰਮੀ ਪਰੇਡ ਵੱਡੀ ਗਿਣਤੀ ਵਿਚ ਲੋਕ ਸੜਕ ਦੇ ਦੋਵੇਂ ਪਾਸੇ ਬੈਠ ਘੰਟਿਆਂ ਬੱਧੀ ਮੰਤਰ-ਮੁਗਧ ਹੋ ਵੇਖਦੇ ਹਨ। ਰਾਤ ਨੂੰ ਨਿਰਧਾਰਤ ਸਮੇਂ ’ਤੇ ਵੀਹ ਮਿੰਟ ਲਈ ਫਾਇਰਵਰਕਸ ਦਾ ਸ਼ੋਅ ਹੁੰਦਾ ਹੈ। ਲੋਕ ਕਾਓ-ਬੁਆਏ ਹੈਟ ਪਾਉਂਦੇ ਹਨ। ਥਾਂ ਥਾਂ ਪੈਨਕੇਕ ਅਤੇ ਬਾਰਬੀਕਿਯੂ ਲਗਾਏ ਜਾਂਦੇ ਹਨ। ਮੇਲੇ ਵਾਲੀ ਲੰਮੀ ਚੌੜੀ ਥਾਂ ’ਤੇ ਵੰਨ-ਸੁਵੰਨੇ ਪੰਘੂੜੇ, ਚੰਡੋਲ ਬੱਚਿਆਂ ਤੇ ਨੌਜੁਆਨਾਂ ਦੀ ਖਿੱਚ ਦਾ ਕੇਂਦਰ ਬਣਦੇ ਹਨ। ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਜਿੱਥੇ ਸ਼ੌਕੀਨ ਟਿਕਟ ਲੈ ਕੇ ਖੇਡਦੇ ਹਨ ਤੇ ਖੇਡ ਦੇ ਨਾਲ ਕੁਝ ਜਿੱਤ ਵੀ ਲੈਂਦੇ ਹਨ। ਠੰਢੇ-ਮਿੱਠੇ ਤੇ ਖਾਣ ਪੀਣ ਦੀਆਂ ਰੇਹੜੀਆਂ ਵਰਗੇ ਸਟਾਲਾਂ ਉੱਪਰ ਇੱਥੋਂ ਦਾ ਬੀਫ, ਪੋਰਕ ਤੇ ਹੋਰ ਤਲੀਆਂ ਖਾਣ ਵਾਲੀਆਂ ਚੀਜ਼ਾਂ ਨੱਕ ਵਿਚ ਜਲੂਣ ਛੇੜਦੀਆਂ ਹਨ। ਥਾਂ ਥਾਂ ਲੱਗੇ ਲੌਟਰੀ ਸਟਾਲ ਵੱਡੇ ਵੱਡੇ ਇਨਾਮਾਂ ਦਾ ਲਾਲਚ ਦੇ ਲੋਕਾਂ ਦੀਆਂ ਜੇਬਾਂ ਵਿਚੋਂ ਡਾਲਰ ਕਢਵਾਉਂਦੇ ਹਨ। ਇਕ ਬਹੁਤ ਵੱਡੇ ਹਾਲ ਵਿਚ ਖੇਤੀਬਾੜੀ ਦੇ ਤਰੀਕਿਆਂ ਦਾ, ਡੰਗਰਾਂ ਵੱਛਿਆਂ ਦਾ, ਮੁਰਗੀਆਂ ਤੇ ਅਜਿਹੇ ਹੋਰ ਕਈ ਪਾਲਤੂ ਜਾਨਵਰਾਂ ਦਾ, ਬੀਜਾਂ ਦਾ ਤੇ ਖਾਸ ਤੌਰ ’ਤੇ ਦਿਓ ਕੱਦ ਘੋੜਿਆਂ ਦਾ ਪ੍ਰਦਰਸ਼ਨ ਹੁੰਦਾ ਹੈ ਜੋ ਖੇਤੀ ਪ੍ਰੇਮੀਆਂ ਦਾ ਮਨਭਾਉਂਦਾ ਹੈ। ਗੀਤ ਸੰਗੀਤ ਦੇ ਭਾਂਤ-ਸੁਭਾਂਤੇ ਪ੍ਰੋਗਰਾਮਾਂ ਦੇ ਨਾਲ ਨਾਲ ਘੋੜਿਆਂ ਦੀਆਂ ਖੇਡਾਂ, ਜਿਨ੍ਹਾਂ ਨੂੰ ‘ਰੋਡੀਓਜ਼’ ਆਖਿਆ ਜਾਂਦਾ ਹੈ ਸਭ ਤੋਂ ਵੱਧ ਲੂੰਈਂ ਕੰਡੇ ਖੜ੍ਹੇ ਕਰਨ ਵਾਲੀਆਂ ਹੁੰਦੀਆਂ ਹਨ। ਇਹ ਵੱਡੀਆਂ ਇਨਾਮੀ ਖੇਡਾਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਡਾਲਰਾਂ ਦੇ ਇਨਾਮ ਜਿੱਤਣ ਵਾਲੀਆਂ ਖੇਡਾਂ ਹਨ, ਪਰ ਇਹ ਵੇਖਣ ਲਈ ਤਗੜਾ ਜਿਗਰਾ ਚਾਹੀਦਾ ਹੈ। ‘ਚੱਕ ਵੈਗਨ’ (ਘੋੜ-ਗੱਡੀਆਂ) ਦੌੜਾਂ ਤਾਂ ਕਈ ਵਾਰ ਘੋੜਿਆਂ ਲਈ ਜਾਨ-ਲੇਵਾ ਬਣ ਜਾਂਦੀਆਂ ਹਨ। ਤਾਂ ਹੀ ਜਾਨਵਰਾਂ ਦੀ ਭਲਾਈ ਅਤੇ ਜਾਨਵਰਾਂ ਦੇ ਹੱਕਾਂ ਦੀ ਰਾਖੀ ਦੀਆਂ ਜਥੇਬੰਦੀਆਂ ਇਨ੍ਹਾਂ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ। ਇਸ ਸਾਲ ਦੀ ਸਟੈਂਪੀਡ ਵਿਚ ਇਸ ਖੇਡ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਤੁਸੀਂ ਕਈ ਥਾਵਾਂ ’ਤੇ ਸੁੱਕੇ ਘਾਹ ਦੀਆਂ ਮਸ਼ੀਨਾਂ ਨਾਲ ਬਣਾਈਆਂ ਗਈਆਂ ਵੱਡੀਆਂ ਵੱਡੀਆਂ ਪੰਡਾਂ ਦੇ ਬੜੇ ਕਰੀਨੇ ਨਾਲ ਸਜਾਏ ਗਏ ਢੇਰ ਵੇਖੋਗੇ। ਇਹ ਘਾਹ ਲੰਮੀਆਂ ਬਰਫ਼ਾਨੀ ਸਰਦੀਆਂ ਵਿਚ ਗਾਵਾਂ ਮੱਝਾਂ ਦੀ ਖੁਰਾਕ ਹੁੰਦੀ ਹੈ। ਅਲਬਰਟਾ ਸੂਬੇ ਵਿਚ ਘਾਹ ਉਗਾਉਣ ਦੇ ਵੱਡੇ ਵੱਡੇ ਫਾਰਮ ਹਨ। ਇਸ ਤੋਂ ਇਲਾਵਾ ਹੋਰ ਇੰਨਾ ਕੁਝ ਹੈ ਕਿ ਟਿਕਟ ਲੈ ਕੇ ਮੇਲਾ ਵੇਖੋ ਤਾਂ ਹੀ ਪਤਾ ਲੱਗਦਾ ਹੈ।
ਕੈਨੇਡਾ ਦੇ ਮੂਲ-ਨਿਵਾਸੀਆਂ ਦੇ ਸੱਭਿਆਚਾਰ ਨੂੰ ਵੇਖਣ ਜਾਓ ਤਾਂ ਆਪਣੇ ਪਿੰਡਾਂ ਵਰਗਾ ਦ੍ਰਿਸ਼ ਜਾਪਦਾ ਹੈ। ਅੱਡੇ ’ਤੇ ਅੱਧ-ਬੁਣੀ ਦਰੀ ਵੇਖ ਕੇ ਤਾਂ ਮੈਂ ਠੱਗੀ ਜਿਹੀ ਰਹਿ ਗਈ ਸੀ। ਹੱਥ ਨਾਲ ਬਣਾਈਆਂ ਤੇ ਮੋਤੀਆਂ ਸਿਤਾਰਿਆਂ ਨਾਲ ਸਜਾਈਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਮਨ ਮੋਹ ਲੈਂਦੀਆਂ ਹਨ। ਅਸਲ ਵਿਚ ਇਹ ਲੋਕ ਹਜ਼ਾਰਾਂ ਸਾਲ ਪਹਿਲਾਂ ਮੱਧ ਏਸ਼ੀਆ ਦੇ ਖਿੱਤੇ ਵਿਚੋਂ ਤੁਰਦੇ ਅਲਾਸਕਾ ਦੇ ਰਸਤੇ ਉੱਤਰੀ ਅਮਰੀਕਾ ਦੇ ਖਿੱਤੇ ਵਿਚ ਪਹੁੰਚੇ ਸਨ। ਜਦੋਂ ਅਲਾਸਕਾ ਨੂੰ ਜੋੜਨ ਵਾਲਾ ਬਰਫ਼ਾਨੀ ਪੁਲ ਕਿਸੇ ਕਾਰਨ ਤਹਿਸ ਨਹਿਸ ਹੋ ਗਿਆ ਤਾਂ ਇਹ ਲੋਕ ਬਾਕੀ ਦੁਨੀਆ ਨਾਲੋਂ ਅਲੱਗ ਥਲੱਗ ਹੋ ਗਏ ਜਿਸ ਕਾਰਨ ਅਖੌਤੀ ਨਵੀਨ ਵਿਕਾਸ ਤੋਂ ਵਿਰਵੇ ਰਹਿ ਗਏ। ਪਰ ਇਨ੍ਹਾਂ ਨੇ ਆਪਣਾ ਸੱਭਿਆਚਾਰ, ਬੋਲੀਆਂ ਤੇ ਰੀਤੀ ਰਿਵਾਜ ਸੰਭਾਲੇ ਹੋਏ ਹਨ। ਜਦੋਂ ਪੰਜ ਕੁ ਸੌ ਸਾਲ ਪਹਿਲਾਂ ਯੂਰੋਪੀਅਨ ਦੇਸ਼ਾਂ ਤੋਂ ਅਣਲੱਭੀਆਂ ਧਰਤੀਆਂ ਦੇ ਢੁੰਡਾਊ ਉੱਤਰੀ ਅਮਰੀਕਾ ਦੀ ਇਸ ਧਰਤੀ ’ਤੇ ਪਹੁੰਚੇ ਤਾਂ ਉਨ੍ਹਾਂ ਲਈ ਇਹ ਲੋਕ ਅਸੱਭਿਅਕ ਸਨ। ਇਨ੍ਹਾਂ ਨੂੰ ਸੱਭਿਅਕ ਬਣਾਉਣ ਦੇ ਨਾਂ ’ਤੇ ਖੋਲ੍ਹੇ ਗਏ ਰੈਜੀਡੈਂਸ਼ੀਅਲ ਸਕੂਲਾਂ ਵਿਚ ਜਿਸ ਢੰਗ ਨਾਲ ਇਨ੍ਹਾਂ ਦੀ ਨਸਲਕੁਸ਼ੀ ਕੀਤੀ ਗਈ ਉਸ ਦੇ ਸਬੂਤ ਅੱਜ ਅਣਪਛਾਤੇ ਸਕੂਲੀ ਬੱਚਿਆਂ ਦੀਆਂ ਹਜ਼ਾਰਾਂ ਕਬਰਾਂ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ। 2021 ਦੇ ਇਸ ਸਟੈਂਪੀਡ ਮੇਲੇ ਵਿਚ ਸ਼ਾਮਲ ਹੋਈ ਐਨੀ ਵੈਸਲੀ ਨਾਂ ਦੀ ਔਰਤ ਦਾ ਕਹਿਣਾ ਹੈ,“ਮੈਂ ਲਗਾਤਾਰ 72 ਸਾਲ ਤੋਂ ਇਸ ਮੇਲੇ ਵਿਚ ਆ ਰਹੀ ਹਾਂ। ਮੈਂ ਨਿੱਕੀ ਜਿਹੀ ਬੱਚੀ ਸੀ ਜਦੋਂ ਪਹਿਲੀ ਵਾਰ ਆਈ।” ਉਸ ਦਾ ਚਚੇਰਾ ਭਰਾ ਡੈਲਮਰ ਹੌਲੌਵੇ ਵੀ 60 ਸਾਲ ਤੋਂ ਮੇਲੇ ਵਿਚ ਸ਼ਾਮਲ ਹੋ ਰਿਹਾ ਹੈ। ਉਹ ਦੱਸਦਾ ਹੈ, “ਮੈਂ ਰੈਜੀਡੈਂਸ਼ੀਅਲ ਸਕੂਲ ਗਿਆ ਸੀ। ਐਨੀ ਵੀ ਗਈ ਸੀ। ਸਾਨੂੰ ਪਤਾ ਇਸ ਵਾਰ ਬਹੁਤ ਸਾਰੇ ਲੋਕ ਇਸ ਬਾਰੇ ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਹੋਣਗੇ। ਪਰ ਅਸੀਂ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਇਸ ਨਾਲ ਸਾਡੇ ਪੁਰਾਣੇ ਜ਼ਖ਼ਮ ਟੀਸਾਂ ਮਾਰਨ ਲੱਗ ਜਾਂਦੇ ਹਨ।” ਐਨੀ ਨੇ ਆਪਣੀ ਲੱਤ ਉੱਪਰ ਹੋਏ ਡੂੰਘੇ ਜ਼ਖ਼ਮ ਦੇ ਨਿਸ਼ਾਨ ਵਿਖਾਏ ਜੋ ਰੈਜੀਡੈਂਸ਼ੀਅਲ ਸਕੂਲ ਦੇ ਇਕ ਸਟਾਫ਼ ਵੱਲੋਂ ਉਸ ਨੂੰ ਦਿੱਤੇ ਗਏ ਸਨ। ਬੇਸ਼ੱਕ ਅਤੀਤ ਨੂੰ ਭੁਲਾਇਆ ਨਹੀਂ ਜਾ ਸਕਦਾ, ਪਰ ਅੱਖੋਂ ਪਰੋਖੇ ਕੀਤੇ ਬਗੈਰ ਜੀਵਿਆ ਵੀ ਨਹੀਂ ਜਾ ਸਕਦਾ। ਹੁਣ ਇਹ ਲੋਕ ਮੁੱਖ ਧਾਰਾ ਦਾ ਹਿੱਸਾ ਬਣ ਆਪਣੇ ਹੱਕਾਂ ਲਈ ਜਦੋਜਹਿਦ ਕਰ ਰਹੇ ਹਨ ਅਤੇ ਸਰਕਾਰ ਵੱਲੋਂ ਬੀਤੇ ਵਿਚ ਕੀਤੀਆਂ ਵਧੀਕੀਆਂ ਦੀ ਸਮੇਂ ਸਮੇਂ ਮੁਆਫ਼ੀ ਵੀ ਮੰਗੀ ਜਾਂਦੀ ਹੈ। ਸਟੈਂਪੀਡ ਮੇਲੇ ਵਿਚ ਇਨ੍ਹਾਂ ਦੇ ਟੱਪਰੀ-ਨੁਮਾ ਰਵਾਇਤੀ ਘਰ ਜਿਨ੍ਹਾਂ ਨੂੰ ‘ਟਿਪੀਜ਼’ ਆਖਿਆ ਜਾਂਦਾ ਹੈ, ਬਣਾਉਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਪ੍ਰਦਰਸ਼ਨ ਲਈ ਵੱਖ ਵੱਖ ਤਰ੍ਹਾਂ ਦੇ ਟਿਪੀਜ਼ ਬਣਾਏ ਹੁੰਦੇ ਹਨ ਜਿਨ੍ਹਾਂ ਦੇ ਕੋਲ ਜਾ ਕੇ ਅੰਦਰ ਝਾਤੀ ਮਾਰ ਕੇ ਅੰਦਰਲੀ ਬਣਤਰ ਤੇ ਸਜਾਵਟ ਵੇਖੀ ਜਾ ਸਕਦੀ ਹੈ। ਇਸ ਮੇਲੇ ਦੀ ਸਭ ਤੋਂ ਸ਼ਲਾਘਾਯੋਗ ਗੱਲ ਹੈ ਇਸ ਮੇਲੇ ਦੌਰਾਨ ਕੀਤਾ ਜਾਣ ਵਾਲਾ ਸਫ਼ਾਈ ਪ੍ਰਬੰਧ। ਇੰਨਾ ਵੱਡਾ ਇਕੱਠ ਹੋਣ ਦੇ ਬਾਵਜੂਦ ਸਫ਼ਾਈ ਵਿਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਹੁੰਦੀ। ਥਾਂ ਥਾਂ ਰੱਖੇ ਕੂੜੇਦਾਨ, ਗੰਦਗੀ ਦਾ ਕੋਈ ਪੁਰਜਾ ਜ਼ਮੀਨ ਉੱਪਰ ਸੁੱਟਣ ਦਾ ਮੌਕਾ ਹੀ ਨਹੀਂ ਦਿੰਦੇ। ਕਈ ਕਿਲੋਮੀਟਰ ਲੰਮੀ ਪਰੇਡ ਸਮੇਂ ਘੋੜਿਆਂ ਦੀ ਲਿੱਦ ਇੰਝ ਝਟਪਟ ਸਾਂਭ ਲੈਂਦੇ ਹਨ ਕਿ ਸੜਕ ਉੱਪਰ ਕਿਣਕਾ ਤਕ ਨਜ਼ਰ ਨਹੀਂ ਆਉਂਦਾ।
ਇਸ ਮੇਲੇ ਦਾ ਨਾਂ ਹੀ ਸਟੈਂਪੀਡ ਹੈ ਭਾਵ ਭੀੜ-ਭੜੱਕਾ ਜਾਂ ਭਗਦੜ। ਸੱਚਮੁੱਚ ਪੂਰੇ ਦਸ ਦਿਨ ਇੱਥੇ ਅੰਤਾਂ ਦੀ ਭੀੜ ਹੁੰਦੀ ਹੈ। ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਭੀੜ। ਮੋਢੇ ਨਾਲ ਮੋਢਾ ਖਹਿੰਦਾ ਹੈ। ਕਈ ਥਾਈਂ ਇੰਨੀ ਭੀੜ ਕਿ ਤਿਲ ਮਾਰਿਆ ਭੁੰਜੇ ਨਹੀਂ ਡਿੱਗਦਾ। ਕਹਿੰਦੇ ਹਨ ਕਿ 2019 ਦੇ ਸਟੈਂਪੀਡ ਵਿਚ ਦੁਨੀਆ ਦੇ ਵੱਖ ਵੱਖ ਦੇਸ਼ਾਂ ਅਤੇ ਖ਼ਾਸ ਕਰਕੇ ਉੱਤਰੀ ਅਮਰੀਕਾ ਦੇ ਖਿੱਤੇ ਵਿਚੋਂ 40 ਲੱਖ ਦੇ ਕਰੀਬ ਲੋਕ ਮੇਲਾ ਵੇਖਣ ਆਏ ਸਨ ਅਤੇ ਅਲਬਰਟਾ ਨੂੰ 540 ਮਿਲੀਅਨ ਡਾਲਰ ਦੀ ਕਮਾਈ ਹੋਈ ਸੀ। ਇਸ ਪ੍ਰੋਗਰਾਮ ਨਾਲ ਜਿੱਥੇ ਵੱਡੀ ਗਿਣਤੀ ਵਿਚ ਸੈਲਾਨੀਆਂ ਦੇ ਆਉਣ ਨਾਲ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਲਾਭ ਪਹੁੰਚਦਾ ਹੈ, ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਨੌਕਰੀਆਂ ਪੈਦਾ ਹੁੰਦੀਆਂ ਹਨ। ਹਜ਼ਾਰਾਂ ਵਾਲੰਟੀਅਰ ਕੰਮ ਕਰਦੇ ਹਨ। ਇਕ ਸਦੀ ਤੋਂ ਵੀ ਵੱਧ ਸਾਲਾਂ ਤੋਂ ਇਹ ਮੇਲਾ ਹਰ ਸਾਲ ਲੱਗਦਾ ਆ ਰਿਹਾ ਹੈ। ਭਾਵੇਂ 2013 ਵਿਚ ਮੇਲੇ ਤੋਂ ਦੋ ਹਫ਼ਤੇ ਪਹਿਲਾਂ ਕੈਲਗਰੀ ਸ਼ਹਿਰ ਦੇ ਐਨ ਵਿਚਕਾਰੋਂ ਲੰਘਦੇ ‘ਬੋ ਰਿਵਰ’ ਵਿਚ ਹੜ੍ਹ ਆਉਣ ਕਾਰਨ ਦਰਿਆ ਦੇ ਆਸ-ਪਾਸ ਦੇ ਘਰਾਂ ਦੇ ਨਾਲ ਨਾਲ ਸਟੈਂਪੀਡ ਦੀਆਂ ਗਰਾਊਂਡਾਂ ਦਾ ਬੜਾ ਨੁਕਸਾਨ ਹੋ ਗਿਆ ਸੀ, ਪਰ ਜੰਗੀ ਪੱਧਰ ’ਤੇ ਸਫ਼ਾਈ ਕਰਕੇ ਇਹ ਮੇਲਾ ਸਮੇਂ ਸਿਰ ਸ਼ੁਰੂ ਕਰਕੇ ਕਾਮਯਾਬੀ ਨਾਲ ਸਪੰਨ ਕਰ ਦਿੱਤਾ ਸੀ। ਪਰ ਕੋਵਿਡ-19 ਦੀ ਮਹਾਮਾਰੀ ਕਾਰਨ 2020 ਦੇ ਸਟੈਂਪੀਡ ਨੂੰ ਕੈਂਸਲ ਕਰਨਾ ਪਿਆ ਸੀ। ਸਰੀਰਕ ਦੂਰੀ ਦੀਆਂ ਹਦਾਇਤਾਂ ਕਾਰਨ ਪੈਦਾ ਹੋਈ ਲੌਕਡਾਊਨ ਵਰਗੀ ਸਥਿਤੀ ਦੇ ਬਾਵਜੂਦ ਨਿਰਧਾਰਤ ਦਿਨ ’ਤੇ ਫਾਇਰਵਰਕਸ ਸ਼ੋਅ ਹੋਇਆ ਜਿਸ ਦਾ ਲੋਕਾਂ ਨੇ ਟੀ.ਵੀ. ’ਤੇ ਆਨੰਦ ਮਾਣਿਆ ਅਤੇ ਕਈ ਥਾਈਂ ਡਰਾਈਵੇਜ਼ ’ਤੇ ਲੋਕਾਂ ਨੂੰ ਪੈਨਕੇਕ ਅਤੇ ਹੋਰ ਖਾਣ ਵਾਲੇ ਸੁਆਦੀ ਪਦਾਰਥ ਦਿੱਤੇ ਗਏ।
ਇਸ ਸਾਲ ਦੇ ਸ਼ੁਰੂ ਵਿਚ ਵੀ ਬੇਸ਼ੱਕ ਕੋਵਿਡ ਕਾਰਨ ਸਥਿਤੀ ਗੰਭੀਰ ਪ੍ਰਤੀਤ ਹੁੰਦੀ ਸੀ, ਪਰ ਇਸ ਬਿਮਾਰੀ ਤੋਂ ਬਚਾਓ ਦੀ ਵੈਕਸੀਨੇਸ਼ਨ ਲੱਗਣੀ ਸ਼ੁਰੂ ਹੋ ਜਾਣ ਕਰਕੇ ਸਰਕਾਰ ਵੱਲੋਂ ਸਟੈਂਪੀਡ ਮੇਲੇ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ। ਹਾਲਾਂਕਿ ਮੇਲੇ ਦੀ ਸਫਲਤਾ ਮੇਲੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚੇ ਲੋਕਾਂ ਕਰਕੇ ਹੀ ਮੰਨੀ ਜਾਂਦੀ ਹੈ, ਪਰ ਇਸ ਵਾਰ ਇਸ ਮਾਪਦੰਡ ਨੂੰ ਅੱਖੋਂ ਪਰੋਖੇ ਕਰਕੇ ਕੋਵਿਡ ’ਤੇ ਕਾਬੂ ਰੱਖਣ ਨੂੰ ਮਾਪਦੰਡ ਮਿੱਥ ਲਿਆ ਗਿਆ ਜਾਪਦਾ ਸੀ। ਇਸ ਸਾਲ ਦੇ ਸਟੈਂਪੀਡ ਵਿਚ ਰਾਜਨੀਤਕ ਨੇਤਾਵਾਂ ਦੀ ਖਾਸੀ ਹਲਚਲ ਵੇਖਣ ਵਿਚ ਆਈ ਹੈ। ਕੇਂਦਰ ਤੇ ਪ੍ਰਾਂਤ ਦੇ ਨੇਤਾਵਾਂ ਲਈ ਫੰਡ ਇਕੱਠੇ ਕਰਨ ਦਾ ਸਮਾਂ ਸੀ ਅਤੇ ਅਕਤੂਬਰ ਵਿਚ ਹੋਣ ਵਾਲੀ ਸ਼ਹਿਰ ਦੀ ਕੌਂਸਲ ਦੀ ਚੋਣ ਵੀ ਐਨ ਸਿਰ ’ਤੇ ਹੈ। ਸੋ ਜੇ ਇਸ ਨੂੰ ‘ਰਾਜਨੀਤਕ ਸਟੈਂਪੀਡ’ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਗੇੜਾ ਲਾ ਗਏ ਚਾਹੇ ਉਹ ਸਟੈਂਪੀਡ ਤੋਂ ਦੋ ਦਿਨ ਪਹਿਲਾਂ ਆਏ ਸਨ। ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਐਰਿਨ ਓ ਟੂਲੇ ਨੇ ਤਾਂ ਘੰਟਾ ਭਰ ਆਪਣੇ ਹੱਥਾਂ ਨਾਲ ਪੈਨਕੇਕ ਬਣਾ ਕੇ ਲੋਕਾਂ ਨੂੰ ਖੁਆਏ।
ਸੰਪਰਕ: 403-402-9635