Winnipeg ਵਿੱਚ ਸੁਰੱਖਿਆ ਗਾਰਡਾਂ ਉੱਤੇ ਵਧੇ ਹਮਲੇ
ਪੜ੍ਹਾਈ ਦੇ ਖ਼ਰਚੇ ਅਤੇ ਘਰ ਦਾ ਸਹਾਰਾ ਬਣਨ ਲਈ ਕੰਮ ਕਰ ਰਹੇ ਪੰਜਾਬੀ ਨੌਜਵਾਨਾਂ ਦੇ ਮਨਾਂ ਵਿੱਚ ਡਿਊਟੀ ਦੌਰਾਨ ਜਾਨ ਦਾ ਅਣਕਿਹਾ ਡਰ
ਵਿੰਨੀਪੈਗ ਦੇ ਰਿਟੇਲ ਸਟੋਰਾਂ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਹੁਣ ਸਿਰਫ਼ ਦਰਵਾਜ਼ੇ ’ਤੇ ਖੜ੍ਹੇ ਰਹਿਣ ਦੀ ਡਿਊਟੀ ਨਹੀਂ ਰਹੀ। ਕੁਝ ਸਕਿੰਟਾਂ ਵਿੱਚ ਮਾਹੌਲ ਬਦਲ ਜਾਂਦਾ ਹੈ—ਬਹਿਸ ਹੁੰਦੀ ਹੈ, ਧੱਕਾ-ਮੁੱਕੀ ਹੁੰਦੀ ਹੈ ਅਤੇ ਅਗਲੇ ਹੀ ਪਲ ਕਿਸੇ ਦੇ ਹੱਥ ਵਿੱਚ ਚਾਕੂ ਹੁੰਦਾ ਹੈ। ਲੋਕਾਂ ਅਤੇ ਸਟੋਰਾਂ ਦੀ ਸੁਰੱਖਿਆ ਲਈ ਖੜ੍ਹੇ ਨੌਜਵਾਨ ਹੁਣ ਖ਼ੁਦ ਹਸਪਤਾਲਾਂ ਤੱਕ ਪਹੁੰਚ ਰਹੇ ਹਨ।
2026 ਵਿੱਚ ਵਿੰਨੀਪੈਗ ਅੰਦਰ ਸੁਰੱਖਿਆ ਗਾਰਡਾਂ ਉੱਤੇ ਧਾਰਦਾਰ ਹਥਿਆਰਾਂ ਨਾਲ ਹਮਲਿਆਂ ਦੀਆਂ ਘੱਟੋ-ਘੱਟ ਤਿੰਨ ਗੰਭੀਰ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। 28 ਅਗਸਤ ਨੂੰ ਸਾਰਜੰਟ ਐਵਿਨਿਊ ਦੇ 600 ਬਲਾਕ ਵਿੱਚ ਸਥਿਤ ਫ਼ਰੈਸ਼ਕੋ ਸਟੋਰ ਵਿੱਚ ਇੱਕ 24 ਸਾਲਾ ਗਾਰਡ ਨੂੰ ਛੁਰਾ ਮਾਰਿਆ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹਾਲਾਂਕਿ ਬਾਅਦ ਵਿੱਚ ਉਸ ਦੀ ਹਾਲਤ ਸਥਿਰ ਦੱਸੀ ਗਈ।
ਇਸ ਤੋਂ ਤਿੰਨ ਦਿਨ ਪਹਿਲਾਂ, 25 ਅਗਸਤ ਨੂੰ ਪੋਰਟੇਜ ਐਵਿਨਿਊ ਦੇ ਡਾਲਰਾਮਾ ਸਟੋਰ ਵਿੱਚ 22 ਸਾਲਾ ਗਾਰਡ ਨੇ ਕਥਿਤ ਚੋਰੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਤੇ ਧਾਰਦਾਰ ਹਥਿਆਰ ਨਾਲ ਜਾਨਲੇਵਾ ਹਮਲਾ ਹੋਇਆ। 30 ਜੂਨ ਨੂੰ ਵੈਸਟਮਿੰਸਟਰ ਐਵਿਨਿਊ ਦੇ ਇੱਕ ਕਾਰੋਬਾਰੀ ਅਦਾਰੇ ਵਿੱਚ ਆਪਸੀ ਝਗੜਾ ਸੁਲਝਾਉਣ ਲਈ ਦਖ਼ਲ ਦੇਣ ਵਾਲਾ ਗਾਰਡ ਵੀ ਛੁਰੇਬਾਜ਼ੀ ਦਾ ਸ਼ਿਕਾਰ ਬਣਿਆ।
ਇਹ ਕੇਵਲ ਅਪਰਾਧਾਂ ਦੀਆਂ ਖ਼ਬਰਾਂ ਨਹੀਂ ਹਨ। ਇਹ ਉਨ੍ਹਾਂ ਪਰਿਵਾਰਾਂ ਦੀ ਚਿੰਤਾ ਹੈ ਜਿਨ੍ਹਾਂ ਦੇ ਪੁੱਤਰ-ਧੀਆਂ ਰੋਜ਼ ਵਰਦੀ ਪਾ ਕੇ ਕੰਮ ’ਤੇ ਜਾਂਦੇ ਹਨ। ਕੈਨੇਡਾ ਦੀਆਂ ਵੱਡੀਆਂ ਰਿਟੇਲ ਚੇਨਾਂ ਵਿੱਚ ਪੰਜਾਬੀ ਨੌਜਵਾਨ ਵੱਡੀ ਗਿਣਤੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ ਹਨ। ਬਹੁਤਿਆਂ ਲਈ ਇਹ ਕੈਨੇਡਾ ਵਿੱਚ ਪਹਿਲੀ ਨੌਕਰੀ ਹੁੰਦੀ ਹੈ ਜੋ ਕਿ ਫ਼ੀਸ ਭਰਨ, ਕਿਰਾਇਆ ਦੇਣ ਅਤੇ ਘਰ ਵਾਲਿਆਂ ਦਾ ਸਹਾਰਾ ਬਣਨ ਦਾ ਸਾਧਨ ਬਣਦੀ ਹੈ। ਪਰ ਹੁਣ ਡਿਊਟੀ ਨਾਲ ਇੱਕ ਅਣਕਿਹਾ ਡਰ ਵੀ ਜੁੜ ਗਿਆ ਹੈ ਕਿ ਸਾਹਮਣੇ ਖੜ੍ਹਾ ਵਿਅਕਤੀ ਬਹਿਸ ਕਰੇਗਾ ਜਾਂ ਹਮਲਾ?
ਸਭ ਤੋਂ ਵੱਡਾ ਸਵਾਲ ਮੈਨੀਟੋਬਾ ਦੀ ਸਿਖਲਾਈ ਪ੍ਰਣਾਲੀ ਉੱਤੇ ਹੈ। ਗਾਰਡ ਬਣਨ ਲਈ ਮੌਜੂਦਾ 40 ਘੰਟਿਆਂ ਦੀ ਟਰੇਨਿੰਗ ਅਤੇ ਇੱਕ ਆਮ ਪ੍ਰੀਖਿਆ ਅੱਜ ਦੇ ਹਿੰਸਕ ਮਾਹੌਲ ਲਈ ਨਾਕਾਫ਼ੀ ਦਿਖਾਈ ਦਿੰਦੀ ਹੈ। ਗਾਰਡਾਂ ਨੂੰ ਸਿਰਫ਼ ਕਾਨੂੰਨ ਜਾਂ ਰਿਪੋਰਟ ਲਿਖਣੀ ਨਹੀਂ ਸਿਖਾਈ ਜਾਣੀ ਚਾਹੀਦੀ ਸਗੋਂ ਉਨ੍ਹਾਂ ਨੂੰ ਖ਼ਤਰੇ ਦੇ ਸੰਕੇਤ ਪਛਾਣਨ, ਤਣਾਅ ਭਰੇ ਹਾਲਾਤ ਨੂੰ ਠੰਢਾ ਕਰਨ ਅਤੇ ਸਭ ਤੋਂ ਅਹਿਮ, ਸਮੇਂ ਸਿਰ ਪਿੱਛੇ ਹਟ ਕੇ ਪੁਲੀਸ ਬੁਲਾਉਣ ਦੀ ਵਿਹਾਰਕ ਸਿਖਲਾਈ ਮਿਲਣੀ ਚਾਹੀਦੀ ਹੈ।
ਨਿਆਂ ਮੰਤਰੀ ਮੈਟ ਵੈੱਬ ਨੇ ਟਰੇਨਿੰਗ ਪਾਠਕ੍ਰਮ, ਟਕਰਾਅ-ਰੋਕੂ ਸਿਖਲਾਈ ਅਤੇ ਟਰੇਨਰਾਂ ਨੂੰ ਅੱਪਡੇਟ ਕਰਨ ਦੇ ਸੰਕੇਤ ਦਿੱਤੇ ਹਨ। ਹੁਣ ਇਸ਼ਾਰਿਆਂ ਤੋਂ ਅੱਗੇ ਵਧ ਕੇ ਕਾਰਵਾਈ ਦੀ ਲੋੜ ਹੈ। ਸੁਰੱਖਿਆ ਗਾਰਡਾਂ ਦਾ ਕੰਮ ਦੂਜਿਆਂ ਦੀ ਰੱਖਿਆ ਕਰਨਾ ਹੈ ਪਰ ਪ੍ਰਣਾਲੀ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੇ ਯੋਗ ਵੀ ਬਣਾਏ।

