ਪਰਵਾਸੀ ਕਾਵਿ

ਪਰਵਾਸੀ ਕਾਵਿ

 

 

 

 

 

 

  

 

 

 

ਕਵਿੰਦਰ ‘ਚਾਂਦ’ ਕੈਨੇਡਾ

ਕਿੱਥੇ ਜਾਈਏ

ਅੰਦਰ ਰਹੀਏ, ਦਮ ਘੁੱਟਦਾ ਹੈ

ਬਾਹਰ  ਜਾਈਏ ਤਾਂ ਖ਼ਤਰਾ ਹੈ

ਸਾਨੂੰ  ਨਜ਼ਰਾਂ ਘੂਰਦੀਆਂ ਨੇ

ਸਾਨੂੰ ਸੜਕਾਂ  ਘੂਰਦੀਆਂ ਨੇ

ਹੋਰਾਂ ਉੱਪਰ  ਗ਼ਿਲਾ  ਹੈ ਕਾਹਦਾ

ਘਰ ਦੀਆਂ ਕੰਧਾਂ ਘੂਰਦੀਆਂ ਨੇ

ਕੀਹਤੋਂ  ਕੀਹਤੋਂ ਮੁੱਖ  ਛੁਪਾਈਏ

ਕਿੱਦਾਂ ਆਪਣੇ ਅੰਗ ਲੁਕਾਈਏ

ਕਿੱਥੇ ਜਾਈਏ ?

ਕੁੜੀਆਂ ਹੋਣਾ  ਖ਼ਤਰੇ  ਵਿਚ ਹੈ

ਕੁੜੀਆਂ ਜੰਮਣਾ ਖ਼ਤਰੇ ਵਿਚ ਹੈ

ਜੰਮਣ  ਪੀੜਾਂ  ਨੂੰ ਹੈ  ਖ਼ਤਰਾ

ਸਾਰਾ ਭਾਰਤ ਖ਼ਤਰੇ ਵਿਚ ਹੈ

ਹਰ ਮਰਿਆਦਾ ਖ਼ਤਰੇ ਵਿਚ ਹੈ 

ਰਾਮ ਪ੍ਰਭੂ ਦਾ ਮੰਦਰ ਹੈ ਪਰ 

ਅੱਜ ਦੀ ਸੀਤਾ ਖ਼ਤਰੇ ਵਿਚ ਹੈ

ਭਾਰਤ ਮਾਂ ਦੇ ਪੁੱਤਰਾਂ ਕੋਲੋਂ

ਭਾਰਤ ਮਾਤਾ ਖ਼ਤਰੇ ਵਿਚ ਹੈ

ਤੇਰੀ ਬੇਟੀ ਨੂੰ ਵੀ ਖ਼ਤਰੈ

ਮੇਰੀ ਵੀ ਤਾਂ ਖ਼ਤਰੇ ਵਿਚ ਹੈ

ਸਾਰੇ ਖ਼ਤਰੇ ਸਿਰ ’ਤੇ ਚਾਅ ਕੇ

ਕਿੱਦਾਂ ਮੁੜਕੇ ਮਾਵਾਂ ਕੁੱਖੀਂ

ਗਰਭ ਜੂਨ ਪੈ ਜਾਈਏ

ਕਿੱਥੇ ਜਾਈਏ?

ਜੀਅ ਕਰਦਾ ਏ ਸ਼ੀਸ਼ਾ ਤੱਕੀਏ

ਮਹਿੰਦੀ ਲਾਈਏ, ਸੁਰਮਾ ਪਾਈਏ

ਛੱਤ ’ਤੇ  ਖੜ੍ਹ  ਕੇ ਵਾਲ  ਸੁਕਾਈਏ

ਮਨ  ਮਰਜ਼ੀ  ਦੇ  ਲੀੜੇ ਪਾਈਏ

ਸਤਰੰਗੀ  ਇਕ  ਚੁੰਨੀ   ਲੈ  ਕੇ

ਕਿਉਂ ਨਾ ਅੰਬਰ ਤਕ ਉੱਡ ਜਾਈਏ

ਪਰ ਖ਼ਤਰੇ ਵਿਚ ਜੀਣਾ ਥੀਣਾ

ਹੱਸਣਾ, ਕੁੱਦਣਾ, ਨੱਚਣਾ, ਗਾਉਣਾ

ਏਥੇ  ਹਰ  ਨਾਰੀ  ਨੂੰ   ਖ਼ਤਰੈ

ਏਥੇ ਹਰ ਮੁਟਿਆਰ ਨੂੰ ਖ਼ਤਰੈ

ਬਾਲੜੀਆਂ ਦੀ ਖ਼ੈਰ ਮਨਾਉ

ਏਥੇ ਹਰ ਕੰਜਕ ਨੂੰ ਖ਼ਤਰੈ

ਕਿਹੜੇ ਭੋਰੇ ਜਾ ਪਈਏ ਤੇ

ਕਿਹੜੀ ਧਰਤ ਸਮਾਈਏ

ਨਿੱਕੀਆਂ ਨਿੱਕੀਆਂ ਕੁੜੀਆਂ ਲੈ ਕੇ

ਕਿਹੜੇ ਖੂਹ ਪੈ ਜਾਈਏ

ਕਿੱਥੇ ਜਾਈਏ ?

ਕਿੱਥੇ ਜਾਈਏ?


ਗ.ਸ. ਨਕਸ਼ਦੀਪ ਪੰਜਕੋਹਾਂ

ਦੁਆ 

ਕੋਈ ਜੱਗੋਂ ਬਾਹਰੀ  ਗੱਲ  ਨਹੀਂ

ਤੇਰੀ ਬੇਵਫ਼ਾ ਹੋ ਜਾਣ ਦੀ!

ਦੁਆ ਹੈ ਕਿ ਤੈਨੂੰ ਵੀ ਸਜ਼ਾ ਮਿਲੇ

ਬੇਵਫ਼ਾਈ ਹੰਢਾਣ ਦੀ!

ਆਦਤ ਬਣੀ ਸਾਡੀ ਦੰਦਾਂ ਦੇ ਨਾਲ

ਹੁਣ ਲੋਹਾ ਚਬਾਣ  ਦੀ|

ਦੁਆ ਹੈ ਕਿ ਸਿੱਖੇਂ ਤੂੰ ਕਿਸੇ ਲਈ

ਕਦੇ ਆਪਾ  ਗਵਾਣ  ਦੀ|

ਦੁਆ ਹੈ ਕਿ ਤੂੰ  ਵੀ ਜਾਣੇ ਪੀੜ

ਧੋਖਾ ਹੰਢਾਣ ਦੀ|

ਦੁਆ ਕਿ ਤੈਨੂੰ ਆਵੇ ਜਾਚ ਬਚਨ

ਆਪਣੇ ਨਿਭਾਣ ਦੀ|

ਬੇਵਫ਼ਾਈ ’ਤੇ ਮਿਲੇ ਤੈਨੂੰ ਵੀ ਰਾਤ

ਸਾਰੀ ਰੋ ਰੋ ਲੰਘਾਣ ਦੀ !

ਦੁਆ ਇਹ ਨਹੀਂ ਕਿ ਤੂੰ ਭੁਗਤੇਂ

ਪੀੜ ਖੁਸ਼ੀ ਨੂੰ ਗਵਾਣ ਦੀ|

ਦੁਆ ਇਹੋ ਨਕਸ਼ਦੀਪ ਤੂੰ ਮਾਣੇ ਪੀੜ  

ਜੋ ਤੂੰ ਦਿੱਤੀ ਸਾਨੂੰ ਰੁਆਣ ਦੀ|

ਹੁਣ ਤੇ ਫੇਰ 

ਆਹ ਜੋ ਹੱਥਾਂ ਵਿਚੋਂ, 

ਹੌਲੀ ਕਿਰ ਰਿਹਾ ਏ ਵਕਤ

ਆ ਇਸ ਨੂੰ ਸੰਭਾਲ ਅਤੇ 

ਤੂੰ ਰਹਿ ਮੇਰੇ ਸਾਹਮਣੇ|

ਤੇਰੇ ਨਾਲ ਇਕ ਮਿਕ ਹੋਣ ਦਾ, 

ਮੈਨੂੰ ਲੱਗਿਆ ਜਨੂੰਨ

ਮੈਂ ਜ਼ਿੰਦਗੀ ਵਿਛਾ ਦਿੱਤੀ ਏ, 

ਤੂੰ ਵੇਖ ਤੇਰੇ ਸਾਹਮਣੇ!  

ਮੈਂ  ਉਸ ਕੱਲ੍ਹ ਨੂੰ, 

ਕੀ ਹੈ ਕਰਨਾ ਜੋ ਵੇਖੀ ਨਹੀਂ

ਮੈਂ ਤਾਂ ਇਹੋ ਆਖਾਂ ਕਿ ਮੈਨੂੰ, 

ਹੁਣ ਵਿਚ ਸਜਾ ਕੇ ਰੱਖ!

ਤੇਰੇ ਸੰਗ ਮੈਨੂੰ ਨਹੀਂ ਏ, 

ਕੋਈ ਡਰ ਤੂਫਾਨਾਂ ਦਾ ਜ਼ਰਾ

ਆਖਾਂ ਇਹੋ ਕਿ ਆਪਣੀ ਉਂਗਲੀ, 

ਮੈਨੂੰ ਫੜਾ ਕੇ ਰੱਖ !

ਬੜੀ ਜਰਖੇਜ਼ ਇਹ ਧਰਤੀ, 

ਜੋ ਸਾਨੂੰ ਰੱਖਦੀ ਏ ਉੱਪਰ 

ਇਸ ਉੱਤੇ ਹੀ ਰਹਿ ਤੂੰ, 

ਨਾ ਕਰ ਤਾਰਿਆਂ ਦੀਆਂ ਗੱਲਾਂ !

ਮੇਰੇ ਪਾਸ ਵਕਤ ਨਹੀਂ, 

ਫੁੱਲਾਂ ’ਚ ਲਪੇਟੇ ਲੀਡਰਾਂ ਲਈ

ਸੁਣਾ ਪਤੰਗੇ ਦੀ ਕਥਾ, 

ਨਾ ਕਰ ਡਰ ਦੇ ਮਾਰਿਆਂ ਦੀਆਂ ਗੱਲਾਂ !

­ਦਿਨ ਰਾਤ ਉਮਰ ਦੇ, 

ਮਨਫ਼ੀ ਹੁੰਦੇ ਰਹਿਣਗੇ ਇਸ ਤਰ੍ਹਾਂ|

ਚਾਦਰ ਨਾ ਪਾ ਦਿਨ ’ਤੇ ਤੂੰ, 

ਐਵੇਂ ਹਨੇਰਿਆਂ ਦੀ ਵੇ ਸੱਜਣਾ

ਲਹੂ ਦੇ ਕੇ ਲਈ ਆਜ਼ਾਦੀ ਜਿਨ੍ਹਾਂ, 

ਉਹ ਇਹ ਸਹਿਣਗੇ ਕਿਸ ਤਰ੍ਹਾਂ ?

ਅਣਸੱਦੀ ਬੇਕਿਰਕੀ ਜੰਗ ਹੈ,

ਇਹ ਤਾਂ ਮੌਤ ਅਤੇ ਜ਼ਿੰਦਗੀ ਦੀ

ਵਾਹਦਿਆਂ ਬਾਹਨਿਆਂ ਪਿੱਛੇ, 

ਤੂੰ ਐਵੇਂ ਛੁਪ ਛੁਪ ਕੇ ਨਾ ਵੇਖ|

ਉੱਕਰਿਆ ਪਿਆ ਏ ਤਾਰੀਖ ਦੇ, 

ਪੰਨੇ ਪੰਨੇ ਉੱਤੇ ਇਹ ਸੱਚ  ਕਿ

ਹੱਕ ਲਿਆ ਗਿਆ ਸੀਸ ਤਲੀ ਧਰ, 

ਨਾ ਤੂੰ ਇੰਜ ਝੁਕ ਝੁਕ ਕੇ ਵੇਖ!

ਯਾਦ ਵੀ ਨਹੀਂ ਰਹਿਣਾ ਕਿਸੇ, 

ਜੋ ਇਹ ਟਿਮਕਣਿਆਂ ਦਾ ਵਿਖਾਵਾ,

ਹਨੇਰੇ ਨੇ ਕੀ ਰਹਿਣਾ ਉੱਥੇ, 

ਜਿੱਥੇ ਸੂਰਜਾਂ ਦਾ ਪਹਿਰਾ ਹੋਵੇ  !

ਧਾਰ ਲਿਆ ਮਨ ਜਿਨ੍ਹਾਂ ਨੇ, 

ਆਪਣੀ ਮੰਜ਼ਿਲ ਨੂੰ ਪਾ ਲੈਣ ਲਈ,

ਪਾਰ ਕਰ ਜਾਂਦੇ ਨਕਸ਼ਦੀਪ ਉਹ, 

ਪਾਣੀ ਕਿੰਨਾ ਵੀ ਗਹਿਰਾ ਹੋਵੇ !

 

ਅਹਿਸਾਸ  

ਅਸੀਂ ਤਾਂ ਲਾਈਂ ਸੀ ਕਿਸ਼ਤੀ ਏਧਰ, 

ਸਮਝਕੇ ਇਹ ਕਿ ਦਰਿਆ ਹੈ ਇਹ!

ਪਾਣੀ ਦਾ ਵਹਾ ਦੱਸਦਾ ਏ ਇਸ ਦਾ ਕਿ, 

ਤੰਗਦਿਲੀ ਨਾਲ ਭਰਿਆ ਹੈ ਇਹ !

ਸਿਰਫ਼ ਨੁਕਸ ਭਾਲ਼ਦੇ ਰਹੇ ਉਹ ਸਾਡੇ, 

ਅਸੀਂ ਬੜਾ ਦੁੱਖ ਜਰਿਆ ਹੈ ਇਹ !

ਰਿਹਾ ਨੇਹੁੰ  ਦੀ ਪਿਆਸ ’ਚ ਤੜਫਦਾ ਮਨ, 

ਦੱਸੋ ਕਦੋਂ  ਭਰਿਆ ਹੈ ਇਹ ?

ਆਪਣੇ ਸੂਰਜਾਂ ਨੂੰ ਢੱਕ ਕੇ ਬੈਠਗੇ, 

ਆਪੇ ਨੇਰ੍ਹਾਂ ਰਾਹਾਂ ’ਚ ਕਰਿਆ ਹੈ ਇਹ!

ਹਰ ਕੋਈ ਅਖਵਾਵੇ ਤਾਰੂ ਸਮੁੰਦਰ ਦਾ, 

ਪਰ ਕੋਈ ਕੋਈ ਤਰਿਆ ਹੈ ਇਹ !

ਨਕਸ਼ਦੀਪ ਮਾਰਦਾ ਰਿਹਾ ਸਾਰੀ ਉਮਰ, 

ਪਰ ਕਦੋਂ ਮਨ ਮਰਿਆ ਹੈ ਇਹ ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All