
ਫ਼ੈਸਲਾਕੁਨ ਜੰਗ
ਕਵਿੰਦਰ ਚਾਂਦ
ਜੰਗ
ਫਿਲਹਾਲ ਟਲ ਗਈ ਹੈ
ਮੁੱਕੀ ਨਹੀਂ।
ਕਾਲੇ ਕਾਨੂੰਨ, ਮੋੜ ਲਏ ਗਏ ਨੇ
ਫ਼ਸਲਾਂ ਦੇ ਬਣਦੇ ਭਾਅ
ਕਾਨੂੰਨ ਵੀ ਬਣ ਸਕਦੇ ਨੇ।
ਸਾਡੇ ਲਈ ਬਣਦੇ
ਕਾਨੂੰਨ ਦੀ ਘਾੜਤ
ਤੁਹਾਡੇ ਹੱਥ ਹੈ
ਸਾਡੇ ਨਹੀਂ।
ਕਾਲੇ ਕਾਨੂੰਨ ਮੁੜ ਸਿਰਜੇ ਜਾ ਸਕਦੇ ਨੇ
ਫ਼ਸਲਾਂ ਦੇ ਭਾਅ
ਤੋੜ ਕੇ
ਮੁੜ ਥੋਪੇ ਜਾ ਸਕਦੇ ਨੇ।
ਅਸੀਂ ਹੁਣ ਵਾਰ ਵਾਰ
ਮੋਰਚੇ ਨਹੀਂ ਲਾਵਾਂਗੇ
ਸਾਡੀਆਂ ਆਉਂਦੀਆਂ ਨਸਲਾਂ
ਧਰਨਿਆਂ ਉੱਤੇ ਨਹੀਂ ਬੈਠਣਗੀਆਂ।
ਜੰਗ ਜਾਰੀ ਰਹੇਗੀ
ਆਪਣੇ ਕਾਨੂੰਨ ਆਪ ਘੜਨ ਤੱਕ
ਇਸ ਯੋਗ ਹੋਣ ਤੱਕ।
ਫ਼ੈਸਲਾਕੁਨ ਜੰਗ
ਜਾਰੀ ਰੱਖਾਂਗੇ
ਫ਼ੈਸਲਾਕੁਨ ਜਿੱਤ ਤੱਕ।
ਸੰਪਰਕ-604-761-4504
ਅੱਗ
ਸੁਰਿੰਦਰ ਗੀਤ
ਏਧਰ ਅੱਗਾਂ
ਓਧਰ ਅੱਗਾ
ਚਾਰ-ਚੁਫੇਰੇ ਅੱਗਾਂ
ਇਨ੍ਹਾਂ ਅੱਗਾਂ ਨੂੰ ਕਿੰਝ ਤੱਕਣ
ਸਾਡੀਆਂ ਬਲਦੀਆਂ ਅੱਖਾਂ।
ਇੱਕ ਦਿਨ
ਮੈਂ ਇੱਕ ਅੱਗ ਨੂੰ ਪੁੱਛਿਆ
ਕੌਣ ਹੈਂ ਤੂੰ
ਕਿੱਥੋਂ ਆਈ
ਕਿੱਥੇ ਜਾਣਾ
ਕੀ ਹੈ ਤੇਰਾ
ਤਾਣਾ ਬਾਣਾ
ਅੱਗ ਆਖਦੀ
ਮੈਂ ਅੱਗ ਅੜਿਆ
ਮੈਂ ਹਾਂ
ਭੁੱਖ ਦੇ ਢਿੱਡ ’ਚੋਂ ਜੰਮਦੀ
ਜਿਉਂ ਜਿਉਂ
ਭੁੱਖ ਦੀ ਪੀੜਾ ਵਧਦੀ
ਤਿਉਂ ਤਿਉਂ ਮੈਂ ਵੀ
ਜਾਵਾਂ ਪਲਦੀ
ਅਤਿ ਵੇਲੇ ਮੈਂ
ਪਵਾਂ ਕੁਰਾਹੇ
ਧਨਵਾਨਾਂ
ਜਾਂ ਰਾਜਨੀਤੀ ਦੇ
ਚੜ੍ਹ ਜਾਂ ਢਾਹੇ
ਆਪਣੇ ਸ਼ਾਹੀ ਮਹਿਲੀਂ ਬਹਿ ਕੇ
ਮੇਰਾ ਨੇ ਉਹ ਬਟਨ ਦਬਾਉਂਦੇ
ਪੁੱਠੇ ਸਿੱਧੇ
ਕੰਮ ਕਰਾਉਂਦੇ
ਮਨ-ਮਰਜ਼ੀ ਦਾ
ਨਾਚ ਨਚਾਉਂਦੇ
ਨਿਰਦੋਸ਼ਾਂ ਦੇ
ਘਰ ਜਲਾਉਂਦੇ
ਜਿਸਮਾਂ ਦਾ
ਮਲਬਾ ਬਣਵਾਉਂਦੇ
ਮਾਨਵਤਾ ਦਾ ਘਾਣ ਕਰਾਉਂਦੇ
ਤੇ ਮੈਨੂੰ
ਦੋਸ਼ੀ ਠਹਿਰਾਉਂਦੇ
ਜਦ ਮੈਂ
ਬੇਕਾਬੂ ਹੋ ਜਾਵਾਂ
ਫਿਰ ਮੈਨੂੰ ਉਹ
ਦੇਣ ਦਵਾ
ਅੱਗ ਦੇ ਉੱਤੇ
ਅੱਗ ਛਿੜਕ ਕੇ
ਰੋਗ ਮੇਰੇ ਦਾ
ਕਰਨ ਉਪਾਅ।
ਜਿਉਂ ਜਿਉਂ
ਮੈਨੂੰ ਦਾਰੂ ਦਿੰਦੇ
ਤਿਉਂ ਮੈਂ ਵਧਦੀ ਹੀ ਜਾਂਦੀ
ਅੱਗ ਹਾਂ ਅੜਿਆ
ਅੱਜ ਤੱਕ ਕਿਸਨੇ
ਅੱਗ ਨੂੰ ਅੱਗ ਨਾਲ
ਕਾਬੂ ਕਰਿਆ
ਮੇਰਾ ਤਾਂ ਬਸ
ਇੱਕੋ ਦਾਰੂ
ਮੈਂ ਤਾਂ
ਭੁੱਖ ਦੇ ਢਿੱਡੋਂ ਜੰਮਦੀ
ਮੈਂ ਤਾਂ ਕੇਵਲ
ਰੋਟੀ ਮੰਗਦੀ।
ਮਜ਼ਦੂਰ ਔਰਤ ਦਾ ਦਰਦ
ਜਸਵੰਤ ਗਿੱਲ ਸਮਾਲਸਰ
ਜਸਵੰਤ ਗਿੱਲ ਸਮਾਲਸਰ
ਸਾਡੇ ਤਵਿਆਂ ਉੱਤੇ
ਇਕੱਲੀ ਰੋਟੀ ਹੀ ਨਹੀਂ ਪੱਕਦੀ
ਸਗੋਂ ਰੋਟੀ ਨਾਲ ਪੱਕਦੇ ਨੇ
ਸਾਡੇ ਚਾਅ, ਸੁਪਨੇ ਤੇ ਰੀਝਾਂ
ਅਸੀਂ ਜਦ ਕਦੇ ਸਾਲਾਂ ਬੱਧੀ
ਫਟੇ ਬੁੱਲ੍ਹਾਂ ’ਤੇ
ਸੁਰਖੀ ਲਾਉਨੀਆਂ
ਤਾਂ ਉਸ ਦੀ ਚੀਸ
ਦਿਲ ਦੇ ਭਰੇ ਜ਼ਖ਼ਮ
ਮਰ ਚੁੱਕੀਆਂ ਖਹਾਇਸ਼ਾਂ
ਨੂੰ ਉਧੇੜ ਕੇ ਰੱਖ ਦਿੰਦੀ ਐ।
ਇੱਕ ਹੀ ਸੂਟ ਨਾਲ
ਕਈ-ਕਈ ਸਾਲ
ਮਰਨੇ, ਵਿਆਹ ਤੇ ਤਿਉਹਾਰ
ਵੇਖ ਲੈਨੀਆਂ
ਸੂਟਾਂ ਦੀ ਫਿੱਕੀ ਪਈ ਚਮਕ ’ਚੋਂ
ਸਾਡਾ ਪਸੀਨਾ ਦਿਸਦੈ।
ਸਾਡੇ ਬੰਦਿਆਂ ਦੀ ਉਮਰ
ਕਰਵਾਚੌਥ ਨਾਲ
ਲੰਮੀ ਨਹੀਂ ਹੁੰਦੀ
ਜਦੋਂ ਅਸੀਂ ਉਨ੍ਹਾਂ ਦੇ
ਮੋਢੇ ਨਾਲ ਮੋਢਾ ਜੋੜ
ਕੰਮ ਕਰਦੀਆਂ
ਕਬੀਲਦਾਰੀ ਦਾ ਭਾਰ
ਵੰਡਾਉਨੀਆਂ
ਤਾਂ ਪੂਰਾ ਪਰਿਵਾਰ ਵਧਦਾ ਫੁਲਦਾ।
ਅਸੀਂ ਮਜ਼ਦੂਰ ਔਰਤਾਂ
ਜਣੇਪੇ ਤੋਂ ਵੀ ਜ਼ਿਆਦਾ ਦਰਦ
ਜ਼ਿੰਦਗੀ ਜਿਉਣ ਲਈ
ਹੰਢਾਉਂਦੀਆਂ।
ਪਰ ਸਾਡਾ ਦਰਦ, ਸਾਡੇ ਹੱਕ
ਪਿੰਡ ਦੇ ਆਪੇ ਬਣੇ ਚੌਧਰੀਆਂ
ਧਨਾਢਾਂ ਤੇ ਸਰਦਾਰਾਂ ਵੱਲੋਂ
ਮਜ਼ਦੂਰਾਂ ਦੇ ਬਾਈਕਾਟ ਦੀਆਂ
ਗੁਰੂ ਘਰਾਂ ਵਿੱਚੋਂ ਆਉਂਦੀਆਂ
ਆਵਾਜ਼ਾਂ ਹੇਠ
ਦਫ਼ਨ ਹੋ ਦਮ ਤੋੜ ਦਿੰਦੀਆਂ।
ਅਸੀਂ ਉਨ੍ਹਾਂ ਦਾ
ਮਾਤਮ ਮਨਾਉਂਦੇ
ਦੁੱਖਾਂ ਦੀ ਚੜ੍ਹੀ ਹਰ ਰਾਤ ਨੂੰ
ਨਵੇਂ ਸੂਰਜ ਦੇ ਚੜ੍ਹਨ ਦੀ
ਉਡੀਕ ਕਰਦੀਆਂ।
ਸਾਡੇ ਤਵਿਆਂ ’ਤੇ
’ਕੱਲੀ ਰੋਟੀ ਨਹੀਂ ਪੱਕਦੀ
ਸਗੋਂ ਰੋਟੀ ਨਾਲ ਪੱਕਦੀ ਹੈ ਜ਼ਿੰਦਗੀ।
ਸੰਪਰਕ: 97804-51878
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ